ਖਾਂਦੇ ਪੀਂਦੇ ਘਰਾਂ ਦੇ ਨੇ ਇਹ ਸ਼ਾਤਿਰ ਅਪਰਾਧੀ, ਵਿਦਿਆਰਥੀ ਜਥੇਬੰਦੀਆਂ ਨਾਲ ਸਬੰਧ ਰੱਖਦੇ ਨੇ ਇਹ ਗੈਂਗਸਟਰ, ਪੈਸੇ ਲੈ ਕੇ ਕਰਦੇ ਨੇ ਕਤਲ, ਫਿਰੌਤੀ ਲਈ ਬੱਚਿਆਂ ਨੂੰ ਕਰਦੇ ਨੇ ਅਗ਼ਵਾ, ਹਾਈਵੇ ‘ਤੇ ਕਰਦੇ ਨੇ ਡਕੈਤੀਆਂ, ਮਹਿੰਗੀਆਂ ਕਾਰਾਂ ਦੀ ਕਰਦੇ ਨੇ ਖੋਹ
ਦਰਸ਼ਨ ਸਿੰਘ ਦਰਸ਼ਕ
================
ਪਟਿਆਲਾ, 5 ਮਈ : ਪਟਿਆਲਾ ਦੇ ਮਸ਼ਹੂਰ ਵਪਾਰੀ ਅਮਿਤ ਗੁਪਤਾ ਦੀ ਬੇਟੀ ਨੂੰ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਸ਼ਹਿਰ ਵਾਸੀਆਂ ਦੇ ਮਨਾਂ ਅੰਦਰ ਦਹਿਸ਼ਤ ਪੈਦਾ ਕਰ ਦਿੱਤੀ ਹੈ ਕਿਉਂਕਿ ਸੂਬੇ ਵਿੱਚ ਅਜਿਹੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਗੈਂਗ ਕਤਲ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਉਨ੍ਹਾਂ ਦੁਆਰਾ ਡਕੈਤੀਆਂ ਕੀਤੀਆਂ ਜਾ ਰਹੀਆਂ ਹਨ, ਬੱਚਿਆਂ ਨੂੰ ਫਿਰੌਤੀ ਲਈ ਅਗਵਾ ਕੀਤਾ ਜਾ ਰਿਹਾ ਹੈ, ਪੈਸਾ ਲੈ ਕੇ ਕਤਲ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੁਆਰਾ ਜਾਇਦਾਦਾਂ ਉਤੇ ਕਬਜ਼ੇ ਕੀਤੇ ਜਾ ਰਹੇ ਹਨ। ਪਟਿਆਲਾ ਅਗਵਾ ਕਾਂਡ ਵਿੱਚ ਸ਼ਿਵਾਨੀ ਗੁਪਤਾ ਦੀ ਰਿਹਾਈ ਬਦਲੇ 50 ਲੱਖ ਦੀ ਫਿਰੌਤੀ ਦਿੱਤੇ ਜਾਣ ਦੀ ਵੀ ਚਰਚਾ ਹੈ। ਸੂਬੇ ਵਿੱਚ ਅਗਵਾ ਕਰਨ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ, ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਨਰਿੰਦਰ ਸਿੰਘ ਨਾਮਕ ਉਦਯੋਗਪਤੀ ਦੇ 14 ਸਾਲ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਰਿਹਾਈ ਦੇ ਬਦਲੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਦੋਂ ਪੁਲਿਸ ਨੇ ਫਿਰੌਤੀ ਨਾ ਦੇਣ ਦਿੱਤੀ ਤਾਂ ਉਸ ਬੱਚੇ ਨੂੰ ਮਾਰ ਦਿੱਤਾ ਗਿਆ ਸੀ। ਪਟਿਆਲਾ ਵਿੱਚ ਹੀ ਰੌਬਿਨ ਗੁਪਤਾ ਨਾਮਕ ਲੜਕੇ ਨੂੰ ਅਗਵਾ ਕੀਤਾ ਗਿਆ ਸੀ ਅਤੇ 2 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੁਲਿਸ ਨੇ ਇਨ੍ਹਾਂ ਅਗਵਾਕਾਰਾਂ ਦਾ ਪਤਾ ਲਗਾ ਲਿਆ ਸੀ, ਇਸ ਲਈ ਉਹ ਲੜਕੇ ਨੂੰ ਛੱਡ ਕੇ ਫਰਾਰ ਹੋ ਗਏ ਸਨ। ਅਜਿਹੀ ਹੀ ਇਕ ਹੋਰ ਘਟਨਾ ਢੈਪਈ ਦੇ ਸਾਬਕਾ ਸਰਪੰਚ ਨਾਲ ਵਾਪਰੀ ਜਿਸ ਨੂੰ ਅਗਵਾਕਾਰਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਛੁਡਾਉਣ ਦੇ ਬਦਲੇ ਵਿੱਚ ਉਸ ਦੇ ਪ੍ਰਵਾਸੀ ਭਰਾ ਨੂੰ 30 ਲੱਖ ਰੁਪਏ ਦੀ ਫਿਰੌਤੀ ਦੇਣੀ ਪਈ ਸੀ। ਬਾਅਦ ਵਿੱਚ ਪੁਲਿਸ ਨੇ ਇਨ੍ਹਾਂ ਅਗਵਾਕਾਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ।
ਅਸਲ ਵਿੱਚ ਪੰਜਾਬ ਵਿੱਚ ਗੈਂਗ ਵਾਰ, ਕਿਡਨੈਪਿੰਗ, ਫਿਰੌਤੀ, ਹਾਈਵੇ ‘ਤੇ ਖੋਹਾਂ ਦਾ ਇਕ ਨਵਾਂ ਰੁਝਾਨ ਚੱਲ ਪਿਆ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅਜਿਹੇ ਗਿਰੋਹ ਪਹਿਲਾਂ ਉਤਰ ਪ੍ਰਦੇਸ਼ ਜਾਂ ਬਿਹਾਰ ਵਿੱਚ ਸਰਗਰਮ ਹੋਇਆ ਕਰਕੇ ਸਨ ਪਰ ਹੁਣ ਪੰਜਾਬ ਵਿੱਚ ਲੱਗਭੱਗ 500 ਖੂੰਖਾਰ ਅਪਰਾਧੀਆਂ ਨੇ 70 ਦੇ ਕਰੀਬ ਗੈਂਗ ਬਣਾਏ ਹੋਏ ਹਨ ਜੋ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਆਪਣਾ ਸਿੱਕਾ ਚਲਾ ਰਹੇ ਹਨ। ਸੂਬੇ ਦੀ ਖੁਫੀਆ ਏਜੰਸੀਆਂ ਦੁਆਰਾ ਇਨ੍ਹਾਂ ਉਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਪਰ ਪੰਜਾਬ ਪੁਲਿਸ ਇਨ੍ਹਾਂ ਉਤੇ ਕਾਬੂ ਨਾ ਪਾ ਸਕੀ। ਇਨ੍ਹਾਂ ਗੈਂਗਜ਼ ਨੂੰ ਸਾਬਕਾ ਵਿਦਿਆਰਥੀ ਅਤੇ ਵੱਡੇ-ਵੱਡੇ ਲੈਂਡ ਲਾਰਡ ਚਲਾ ਰਹੇ ਹਨ ਜਿਨ੍ਹਾਂ ਦੇ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ। ਸਿਆਸੀ ਲੀਡਰ ਇਨ੍ਹਾਂ ਤੋਂ ਗੈਰ ਕਾਨੂੰਨੀ ਰੇਤੇ ਦਾ ਧੰਦਾ, ਨਸ਼ੀਲੇ ਪਦਾਰਥਾਂ ਦੀ ਤਰਕਰੀ ਅਤੇ ਜ਼ਮੀਨਾਂ ਉਤੇ ਕਬਜ਼ੇ ਕਰਵਾ ਰਹੇ ਹਨ। ਇਨ੍ਹਾਂ ਅਪਰਾਧੀਆਂ ਨੂੰ ਸਿਆਸਤਦਾਨਾਂ ਦਾ ਅਸ਼ੀਰਵਾਦ ਪ੍ਰਾਪਤ ਹੈ ਇਸ ਲਈ ਪੁਲਿਸ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕਰਦੀ। ਇਹੀ ਕਾਰਨ ਹੈ ਕਿ ਬਿਨਾਂ ਮਿਹਨਤ ਤੋਂ ਵੱਡੀਆਂ ਰਕਮਾਂ ਮਿਲਦੀਆਂ ਹਨ ਅਤੇ ਇਨ੍ਹਾਂ ਨੂੰ ਵੱਡੀ ਤਾਕਤ ਵੀ ਮਿਲ ਰਹੀ ਹੈ। ਪੁਲਿਸ ਨੇ ਕਈ ਗਿਰੋਹਾਂ ਨੂੰ ਖਤਮ ਵੀ ਕੀਤਾ ਹੈ ਪਰ ਹਾਲੇ ਵੀ ਬਹੁਤ ਸਾਰੇ ਗਿਰੋਹ ਸਰਗਰਮ ਹਨ। ਇਹ ਦੋਸ਼ ਲੱਗ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਦਿਆਰਥੀ ਵਿੰਗ ਵਿੱਚ ਵੱਡੀ ਗਿਣਤੀ ਵਿੱਚ ਅਪਰਾਧੀ ਸ਼ਾਮਿਲ ਹਨ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਥੇ ਇਕ ਪਾਸੇ ਉਹ ਗੈਂਗ ਹੁੰਦੇ ਹਨ ਜਿਨ੍ਹਾਂ ਨੂੰ ਸੱਤਾਧਾਰੀ ਪਾਰਟੀ ਦਾ ਸਮਰਥਨ ਮਿਲਿਆ ਹੁੰਦਾ ਹੈ ਤੇ ਦੂਜੇ ਪਾਸੇ ਉਹ ਹੁੰਦੇ ਹਨ ਜੋ ਸੱਤਾਧਾਰੀ ਪਾਰਟੀ ਦੇ ਖਿਲਾਫ ਹੁੰਦੇ ਹਨ। ਇਸੇ ਗੈਂਗਵਾਰ ਦੇ ਚਲਦਿਆਂ ਜਸਵਿੰਦਰ ਸਿੰਘ ਉਰਫ ਰੌਕੀ ਦਾ ਹਿਮਾਚਲ ਪ੍ਰਦੇਸ਼ ਦੇ ਪ੍ਰਵਾਣੂ ਵਿਖੇ ਜੈਪਾਲ ਸਿੰਘ ਦੇ ਗੈਂਗ ਦੇ ਬੰਦਿਆਂ ਨੇ ਕਤਲ ਕੀਤਾ। ਰੌਕੀ ਉਤੇ 30 ਦੇ ਕਰੀਬ ਕਤਲ, ਕਿਡਨੈਪਿੰਗ ਅਤੇ ਫਿਰੌਤੀ ਲੈਣ ਦੇ ਕੇਸ ਦਰਜ ਸਨ। ਅੰਮ੍ਰਿਤਸਰ ਵਿੱਚ ਕੁਝ ਦਿਨ ਇਕ ਗੈਂਗਸਟਰ ਨੂੰ ਮਾਰਿਆ ਗਿਆ ਜਿਸ ਨੇ ਪੁਲਿਸ ਦੇ ਭੂਮਿਕਾ ਉਤੇ ਪ੍ਰਸ਼ਨਚਿੰਨ੍ਹ ਲਗਾ ਦਿੱਤੇ। ਬੌਬੀ ਮਲਹੋਤਰਾ ਸੁਲਤਾਨ ਵਿੰਡ ਰੋਡ ‘ਤੇ ਪੁਲਿਸ ਠਾਣਾ ਡਵੀਜਨ ਬੀ ਕੋਲ ਹਰੀਆ ਗੈਂਗ ਦੇ ਲੋਕਾਂ ਨੇ ਮਾਰ ਦਿੱਤਾ। ਮਲਹੋਤਰਾ ਬਹੁਤ ਸਾਰੇ ਕੇਸਾਂ ਵਿੱਚ ਲੋੜੀਂਦਾ ਸੀ ਪਰ ਉਹ ਸ਼ਹਿਰ ਵਿੱਚ ਸ਼ਰੇਆਮ ਘੁੰਮਦਾ ਸੀ। ਪੁਲਿਸ ਰਿਪੋਰਟ ਅਨੁਸਾਰ ਇਸ ਸਮੇਂ ਮਾਲਵਾ ਖੇਤਰ ਵਿੱਚ ਜੈਪਾਲ, ਗੁਰਪ੍ਰੀਤ ਸੇਖੋਂ ਤੇ ਵਿੱਕੀ ਗੌਂਡਰ, ਲਾਂਰੰਸ ਬਿਸ਼ਨੋਈ ਤੇ ਕੁਲਬੀਰ ਨਰੂਆਣਾ ਦੇ ਗੈਂਗ ਮਸ਼ਹੂਰ ਹਨ। ਦੁਆਬਾ ਵਿੱਚ ਗੋਪੀ ਦਾਲੇਵਾਲੀਆ, ਦਲਜੀਤ ਭਾਨਾ ਤੇ ਪ੍ਰੇਮਾ ਲਾਹੌਰੀਆ ਮਸ਼ਹੂਰ ਗੈਂਗਸਟਰ ਹਨ। ਇਸੇ ਪ੍ਰਕਾਰ ਮਾਝਾ ਖੇਤਰ ਜੱਗੂ ਭਾਗਵਾਨਪੁਰੀਆ, ਭਿੰਦਾ ਸ਼ਾਦੀਪੁਰੀਆ ਦੇ ਗੈਂਗ ਪੂਰੀ ਤਰ੍ਹਾਂ ਸਰਗਰਮ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਅਪਰਾਧੀ ਖਾਂਦੇ ਪੀਂਦੇ ਘਰਾਂ ਦੇ ਵਾਰਸ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਤਾਂ ਜੇਲ੍ਹਾਂ ਵਿੱਚ ਵੀ ਡੱਕੇ ਹੋਏ ਹਨ ਪਰ ਫਿਰ ਵੀ ਉਥੇ ਬੈਠੇ ਹੀ ਕੋਈ ਵੀ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਸਮਰਥ ਹਨ। ਜੇਲ੍ਹਾਂ ਵਿੱਚ ਬੈਠ ਕੇ ਉਹ ਫੇਸਬੁੱਕ ਉਤੇ ਨੌਜਵਾਨ ਨੂੰ ਆਪਣੀਆਂ ਪੋਸਟਾਂ ਸ਼ੇਅਰ ਕਰਦੇ ਹਨ। ਇਕ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿੱਚ 100 ਦੇ ਕਰੀਬ ਅਜਿਹੇ ਅਪਰਾਧੀ ਘੁੰਮ ਰਹੇ ਹਨ ਜੋ ਪੁਲਿਸ ਅਤੇ ਸਿਆਸਤਦਾਨਾਂ ਦੀ ਛੱਤਰਛਾਇਆ ਹੇਠ ਫਿਰੌਤੀ ਲੈਣ ਅਤੇ ਜਾਇਦਾਦਾਂ ਉਤੇ ਕਬਜ਼ਾ ਕਰਨ ਦਾ ਕੰਮ ਕਰਦੇ ਹਨ। ਲੁਧਿਆਣਾ ਜ਼ਿਲ੍ਹੇ ਵਿੱਚ 70 ਦੇ ਕਰੀਬ ਗੈਂਗਸਟਰ ਦਨਦਨਾਉਂਦੇ ਘੁੰਮ ਰਹੇ ਹਨ ਅਤੇ ਮੁਹਾਲੀ ਵਿੱਚ ਵੀ 70 ਦੇ ਕਰੀਬ ਇਹ ਸ਼ਾਤਿਰ ਅਪਰਾਧੀ ਸਰਗਰਮ ਹਨ। ਇਹ ਅਪਰਾਧੀ ਕਾਰਾਂ ਖੋਹਣ, ਹਾਈਵੇ ‘ਤੇ ਡਕੈਤੀਆਂ ਕਰਨ, ਜਾਇਦਾਦਾਂ ਉਤੇ ਕਬਜ਼ਾ ਕਰਨ, ਫਿਰੌਤੀ ਲੈਣ ਤੋਂ ਇਲਾਵਾ ਕਰਜ਼ਾ ਵਸੂਲਣ ਦਾ ਕੰਮ ਵੀ ਕਰਦੇ ਹਨ।
ਗ੍ਰਹਿ ਰਾਜ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਰਾਜ ਸਭਾ ‘ਚ ਕੀਤਾ ਬਚਾਅ