Breaking News
Home / Punjab / ‘ਆਪ’ ਮੁਖੀ ਵੱਲੋਂ ਚੰਡੀਗੜ੍ਹ ‘ਚ ਰਿਪੋਰਟ ਜਾਰੀ ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਘਟਨਾ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ : ਕੇਜਰੀਵਾਲ

‘ਆਪ’ ਮੁਖੀ ਵੱਲੋਂ ਚੰਡੀਗੜ੍ਹ ‘ਚ ਰਿਪੋਰਟ ਜਾਰੀ ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਘਟਨਾ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ : ਕੇਜਰੀਵਾਲ

ਚੰਡੀਗੜ੍ਹ, 2 ਫਰਵਰੀ (ਚ.ਨ.ਸ.) :  14 ਅਕਤੂਬਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਵਿੱਚ ਬੇਅਦਬੀ ਮਾਮਲੇ ਖਿਲਾਫ ਰੋਸ ਮਾਰਚ ਕਰ ਰਹੇ ਸਿੱਖਾਂ ਉਤੇ ਪੁਲਿਸ ਵੱਲੋਂ ਗੋਲੀ ਚਲਾਏ ਜਾਣ ਕਾਰਨ ਦੋ ਸਿੱਖਾਂ ਦੀ ਹੋਈ ਮੌਤ ਦੀ ਜਾਂਚ ਸਬੰਧੀ ਗਠਿਤ ਕੀਤੇ ਗਏ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਅੱਜ ਆਮ ਆਦਮੀ ਪਾਰਟੀ (ਆਪ) ਨੇ ਜਾਰੀ ਕਰ ਦਿੱਤੀ। ਰਿਪੋਰਟ, ਜਿਸ ਵਿਚ ਕਿ ਪੰਜਾਬ ਪੁਲਿਸ ਦੀ ਕਰੜੀ ਅਲੋਚਨਾ ਕੀਤੀ ਗਈ ਸੀ, ਨੂੰ ਪੰਜਾਬ ਸਰਕਾਰ ਨੇ ਦਬਾ ਕੇ ਰੱਖਿਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਐਚ.ਐਸ. ਫੂਲਕਾ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਜੋਰਾ ਸਿੰਘ ਕਮਿਸ਼ਨ ਨੇ ਅਕਾਲੀ ਦਲ ਭਾਜਪਾ ਸਰਕਾਰ ਦੇ ਖਿਲਾਫ ਸਖਤ ਇਲਜਾਮ ਲਗਾਏ ਸਨ, ਜਿਸ ਕਾਰਨ ਸਰਕਾਰ ਨੇ ਇਹ ਰਿਪੋਰਟ ਜਨਤਕ ਨਹੀਂ ਕੀਤੀ ਸੀ। ਕੇਜਰੀਵਾਲ ਨੇ ਕਿਹਾ ਕਿ ਕਮਿਸ਼ਨ ਨੇ ਸਾਫ ਤੌਰ ਉਤੇ ਬਾਦਲ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਪੰਜਾਬ ਵਿੱਚ ਹਿੰਸਾ ਫੈਲਾਉਣ ਲਈ ਇੱਕ ਵੱਡੀ ਸਾਜਿਸ਼ ਦਾ ਇਸ਼ਾਰਾ ਕੀਤਾ। ਉਨਾਂ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਵੱਲੋਂ ਪੁਲਿਸ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ, ਤਾਂ ਜੋ ਸੂਬੇ ਦੀ ਸ਼ਾਂਤੀ ਨੂੰ ਭੰਗ ਕੀਤਾ ਜਾ ਸਕੇ, ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਉਨਾਂ ਦੀ ਪਾਰਟੀ ਦੁਬਾਰਾ ਸੱਤਾ ਵਿੱਚ ਨਹੀਂ ਆਏਗੀ। ਕੇਜਰੀਵਾਲ ਨੇ ਕਿਹਾ ਕਿ ਉਹ ਸਭ ਧਰਮਾਂ ਦਾ ਆਦਰ ਕਰਦੇ ਹਨ। ਇਸ ਮੌਕੇ ਐਚ ਐਸ ਫੂਲਕਾ ਨੇ ਕਮਿਸ਼ਨ ਦੀ ਰਿਪੋਰਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੋ ਨੌਜਵਾਨ ਆਪਸੀ ਗੋਲੀਬਾਰੀ ਵਿੱਚ ਨਹੀਂ ਮਾਰੇ ਗਏ ਸਨ, ਜਿਵੇਂ ਕਿ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ। ਕਮਿਸ਼ਨ ਨੇ ਸਾਫ ਤੌਰ ਉਤੇ ਕਿਹਾ ਹੈ ਕਿ
ਦੋਵੇਂ ਨੌਜਵਾਨ ਬੈਠੇ ਹੋਏ ਸਨ ਅਤੇ ਉਨਾਂ ਉਤੇ ਲਗਭਗ ਇੱਕ ਗਜ ਦੀ ਦੂਰੀ ਤੋਂ ਗੋਲੀ ਮਾਰੀ ਗਈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੇ ਬਿਨਾਂ ਕੋਈ ਚੇਤਾਵਨੀ ਦਿੱਤਿਆਂ ਗੋਲੀ ਚਲਾਈ ਅਤੇ ਇਨਾਂ ਨੌਜਵਾਨਾਂ ਕੋਲ ਕੋਈ ਹਥਿਆਰ ਵਗੈਰਾ ਵੀ ਨਹੀਂ ਸੀ। ਫੂਲਕਾ ਨੇ ਕਿਹਾ ਕਿ ਕਮਿਸ਼ਨ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕੀ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਸਵੈ-ਰੱਖਿਆ ਲਈ ਸੀ? ਫੂਲਕਾ ਨੇ ਕਿਹਾ ਕਿ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਇਸਦਾ ਜਵਾਬ ਨਾਂਹਪੱਖੀ ਸੀ, ਜਿਸਦਾ ਮਤਲਬ ਹੈ ਕਿ ਗੋਲੀਬਾਰੀ ਬਿਨਾਂ ਕਿਸੇ ਕਾਰਨ ਦੇ ਕੀਤੀ ਗਈ। ਉਨਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਖਿਲਾਫ ਇਸ ਤੋਂ ਜਿਆਦਾ ਗੰਭੀਰ ਇਲਜਾਮ ਨਹੀਂ ਹੋ ਸਕਦਾ। ਫੂਲਕਾ ਨੇ ਕਿਹਾ ਕਿ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਜਿਕਰ ਕੀਤਾ ਗਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋਈ ਅਤੇ ਇਨਾਂ ਵਿੱਚ ਕੁੱਝ ਵੱਡੇ ਲੋਕ ਵੀ ਸ਼ਾਮਿਲ ਹਨ। ਫੂਲਕਾ ਨੇ ਕਿਹਾ ਕਿ ਸਰਕਾਰ ਵਿੱਚ ਵੱਡੇ ਬੰਦੇ ਤਾਂ ਕੇਵਲ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਹੀ ਹਨ। ਉਨਾਂ ਕਿਹਾ ਕਿ ਇਸ ਤੋਂ ਸਾਫ ਪਤਾ ਚਲਦਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲਿਸ ਗੋਲੀਬਾਰੀ ਵਿੱਚ ਬਾਦਲਾਂ ਦੀ ਸ਼ਮੂਲੀਅਤ ਹੈ। ਕੇਜਰੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਇੱਕ ਵੱਡਾ ਅਪਰਾਧੀ ਹੈ ਅਤੇ ਇਹ ਪੰਜਾਬ ਦੀ ਬਦਕਿਮਸਤੀ ਹੈ ਕਿ ਉਹ ਪੰਜਾਬ ਦਾ ਉਪ ਮੁੱਖ ਮੰਤਰੀ ਬਣਿਆ। ਕੇਜਰੀਵਾਲ ਨੇ ਉਸਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਅਤੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲਿਸ ਗੋਲੀਬਾਰੀ ਦੀ ਉਚ ਪੱਧਰੀ ਜਾਂਚ ਕਰਵਾਏਗੀ। ਕੇਜਰੀਵਾਲ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਜੋਰਾ ਸਿੰਘ ਕਮਿਸ਼ਨ ਉਨਾਂ ਦੀ ਹੀ ਸਰਕਾਰ ਵੱਲੋਂ ਗਠਿਤ ਕੀਤਾ ਗਿਆ ਸੀ ਅਤੇ ਫਿਰ ਕੀ ਕਾਰਣ ਸੀ ਕਿ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ ਸੀ। ਉਨਾਂ ਕਿਹਾ ਕਿ ਸਰਕਾਰ ਨੇ ਰਿਪੋਰਟ ਨੂੰ ਇਸ ਕਰਕੇ ਜਨਤਕ ਨਹੀਂ ਕੀਤਾ ਕਿਉਂਕਿ ਕਮਿਸ਼ਨ ਨੇ ਸਰਕਾਰ ਦੇ ਖਿਲਾਫ ਰਿਪੋਰਟ ਪੇਸ਼ ਕੀਤੀ ਸੀ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *