Breaking News
Home / India / ਜੇਤਲੀ ਵੱਲੋਂ ਆਰਥਿਕ ਸਰਵੇਖਣ ਪੇਸ਼ ਵਿਕਾਸ ਦਰ 6.75-7.50 ਫੀਸਦੀ ਰਹਿਣ ਦੀ ਸੰਭਾਵਨਾ ਪ੍ਰਗਟ

ਜੇਤਲੀ ਵੱਲੋਂ ਆਰਥਿਕ ਸਰਵੇਖਣ ਪੇਸ਼ ਵਿਕਾਸ ਦਰ 6.75-7.50 ਫੀਸਦੀ ਰਹਿਣ ਦੀ ਸੰਭਾਵਨਾ ਪ੍ਰਗਟ

ਨਵੀਂ ਦਿੱਲੀ, 31 ਜਨਵਰੀ (ਚ.ਨ.ਸ.) : ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਮੰਗਲਵਾਰ ਤੋਂ ਹੋ ਗਈ ਹੈ ਅਤੇ ਅੱਜ ਸੰਸਦ ‘ਚ ਵਿੱਤੀ ਸਾਲ 2017-18 ਦਾ ਆਰਥਿਕ ਸਰਵੇਖਣ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੇਸ਼ ਕੀਤਾ। ਇਸ ਮੁਤਾਬਕ ਵਿਆਜ ਦਰਾਂ ‘ਚ ਕਮੀ ਨਾਲ ਅਗਲੇ ਵਿੱਤੀ ਸਾਲ ‘ਚ ਵਿਕਾਸ ਦਰ ਵਧਣ ਦਾ ਅੰਦਾਜ਼ਾ ਲਾਇਆ ਗਿਆ ਹੈ। ਆਰਥਿਕ ਸਰਵੇ 2017-18 ‘ਚ ਦੇਸ਼ ਦੀ ਵਿਕਾਸ ਦਰ 6.75-7.50 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਉੱਥੇ ਹੀ 2016-17 ‘ਚ ਵਿਕਾਸ ਦਰ 7.1 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟ ਕੀਤਾ ਗਿਆ ਹੈ। ਸਰਵੇਖਣ ਮੁਤਾਬਕ ਮੌਜੂਦਾ ਵਿੱਤੀ ਸਾਲ ‘ਚ ਖੇਤੀਬਾੜੀ ਖੇਤਰ ਦੀ ਵਿਕਾਸ ਦਰ 4.1 ਫੀਸਦੀ ਰਹੇਗੀ, ਜੋ ਕਿ 2015-16 ‘ਚ 1.2 ਫੀਸਦੀ ਸੀ। ਆਰਥਿਕ ਸਰਵੇ ‘ਚ ਤਿੰਨ ਖੇਤਰ ਖਾਦ, ਸ਼ਹਿਰੀ ਹਵਾਬਾਜ਼ੀ, ਬੈਂਕਿੰਗ ਦੇ ਨਿਜੀਕਰਨ ਦੀ ਜ਼ਰੂਰਤ ਦੱਸੀ ਗਈ। ਸਰਵੇ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਨਕਦੀ ਦੀ ਕਮੀ ਅਪ੍ਰੈਲ ਤਕ ਖਤਮ ਹੋ ਸਕਦੀ ਹੈ।
ਵਿੱਤੀ ਸਾਲ 2016-17 ‘ਚ ਉਦਯੋਗ ਖੇਤਰ ਦੀ ਵਿਕਾਸ ਦਰ ਘੱਟ ਕੇ 5.2 ਫੀਸਦੀ ‘ਤੇ ਆਉਣ ਦਾ ਅੰਦਾਜ਼ਾ ਪ੍ਰਗਟ ਕੀਤਾ ਗਿਆ। ਪਿਛਲੇ ਵਿੱਤੀ ਸਾਲ ‘ਚ ਇਹ 7.4 ਫੀਸਦੀ ਸੀ। 2016-17 ਦੀ ਪਹਿਲੀ ਛਮਾਹੀ ‘ਚ ਚਾਲੂ ਖਾਤਾ ਘਾਟਾ ਘੱਟ ਹੋਇਆ ਅਤੇ ਕੁੱਲ ਘਰੇਲੂ ਉਤਪਾਦ ਦਾ 0.3 ਫੀਸਦੀ ਰਿਹਾ। ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਲਗਾਤਾਰ ਤੀਜੇ ਸਾਲ ਵੀ ਕਾਬੂ ‘ਚ ਰਹੀ। ਸਰਵੇ ‘ਚ ਮਜ਼ਦੂਰੀ ਅਤੇ ਟੈਕਸ ‘ਚ ਸੁਧਾਰ ਦੀ ਸਿਫਾਰਿਸ਼ ਕੀਤੀ ਗਈ ਹੈ। ਆਰਥਿਕ ਸਰਵੇ ਦੇਸ਼ ਦੀ ਆਰਥਿਕ ਹਾਲਤ ਦੀ ਅਧਿਕਾਰਤ ਰਿਪੋਰਟ ਹੈ, ਜਿਸ ‘ਚ ਦੇਸ਼ ਦੇ ਆਰਥਿਕ ਹਾਲਾਤ ਦਾ ਵੇਰਵਾ ਹੁੰਦਾ ਹੈ ਅਤੇ ਨਾਲ ਹੀ ਕੁਝ ਸਿਫਾਰਿਸ਼ਾਂ ਵੀ ਹੁੰਦੀਆਂ ਹਨ। ਹਾਲਾਂਕਿ ਇਨ੍ਹਾਂ ਸਿਫਾਰਿਸ਼ਾਂ ਨੂੰ ਮੰਨਣਾ ਜਾਂ ਨਾ ਮੰਨਣਾ ਸਰਕਾਰ ਦੀ ਮਰਜ਼ੀ ਹੁੰਦੀ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *