ਸਜ਼ਾ ਰੱਦ ਕਰਨ ਤੋਂ ਕੀਤਾ ਇਨਕਾਰ
ਨਵੀਂ ਦਿੱਲੀ 17 ਜਨਵਰੀ (ਚ.ਨ.ਸ) : ਸੁਪਰੀਮ ਕੋਰਟ ਨੇ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਕੋਈ ਰਾਹਤ ਨਾ ਦਿੰਦੇ ਹੋਏ ਉਨ੍ਹਾਂ ਵੱਲੋਂ ਆਪਣੀ ਧੀ ਦੇ ਕਤਲ ਮਾਮਲੇ ‘ਚ ਸਜ਼ਾ ਰੱਦ ਕਰਨ ਲਈ ਪਾਈ ਅਪੀਲ ਖਾਰਜ ਕਰ ਦਿੱਤੀ ਹੈ। ਚਾਰ ਫਰਵਰੀ ਨੂੰ ਪੈਣ ਵਾਲੀਆਂ ਪੰਜਾਬ ਵਿਧਾਨ ਸਭਾ ਵੋਟਾਂ ਦੇ ਮੱਦੇਨਜ਼ਰ ਜਸਟਿਸ ਏ.ਕੇ. ਗੋਇਲ ਤੇ ਲਲਿਤ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਨੇ ਵੀ ਬੀਬੀ ਜਗੀਰ ਕੌਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਤੇ ਰਾਹਤ ਲਈ ਜਗੀਰ ਕੌਰ ਸੁਪਰੀਮ ਕੋਰਟ ਪਹੁੰਚੀ ਸੀ ਪਰ ਸਰਬ ਉੱਚ ਅਦਾਲਤ ਨੇ ਵੀ ਫੈਸਲਾ ਜਗੀਰ ਕੌਰ ਦੇ ਹੱਕ ਵਿੱਚ ਨਹੀਂ ਸੁਣਾਇਆ। ਇਸ ਫੈਸਲੇ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਵਿਧਾਨ ਸਭਾ ਚੋਣ ਲੜਨ ਦੇ ਮੁਕਾਬਲੇ ਤੋਂ ਪੂਰੀ ਤਰ੍ਹਾਂ ਆਊਟ ਹੋ ਗਈ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਲਈ ਨਾਮਜ਼ਦਗੀਆਂ ਭਰਨ ਦਾ ਕੱਲ੍ਹ ਯਾਨੀ 18 ਜਨਵਰੀ ਆਖਰੀ ਦਿਨ ਹੈ। ਸੁੱਚਾ ਸਿੰਘ ਲੰਗਾਹ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਮਿਲਣ ਵਾਂਗ ਬੀਬੀ ਜਗੀਰ ਕੌਰ ਨੂੰ ਵੀ ਸ਼ਾਇਦ ਰਾਹਤ ਮਿਲਣ ਦੀ ਆਸ ਸੀ ਪਰ ਮਾਮਲੇ ਦੋਵਾਂ ਦੇ ਵੱਖ-ਵੱਖ ਹਨ। ਸੁੱਚਾ ਸਿੰਘ ਲੰਗਾਹ ਦਾ ਕੇਸ ਇੱਕ ਤਰ੍ਹਾਂ ਨਾਲ ਸਿਆਸੀ ਰੰਜਿਸ਼ ਦਾ ਮਾਮਲਾ ਹੈ ਤੇ ਬੀਬੀ ਜਗੀਰ ਕੌਰ ਦਾ ਕਤਲ ਦਾ ਮਾਮਲਾ ਲਿਹਾਜ਼ਾ ਬੀਬੀ ਨੂੰ ਰਾਹਤ ਮਿਲਣੀ ਮੁਸ਼ਕਿਲ ਸੀ।