Breaking News
Home / Punjab / ਪੰਜਾਬ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਸ਼ੁਰੂ ਬਾਦਲ, ਸੁਖਬੀਰ ਬਾਦਲ ਤੇ ਮਜੀਠੀਆ ਵੱਲੋਂ ਕਾਗਜ਼ ਦਾਖਲ

ਪੰਜਾਬ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਸ਼ੁਰੂ ਬਾਦਲ, ਸੁਖਬੀਰ ਬਾਦਲ ਤੇ ਮਜੀਠੀਆ ਵੱਲੋਂ ਕਾਗਜ਼ ਦਾਖਲ

ਮਲੋਟ, 12 ਜਨਵਰੀ (ਆਰਤੀ ਕਮਲ) : ਪੰਜਾਬ ‘ਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਚੋਣਾਂ ਨੂੰ ਮੁੱਖ ਰੱਖਦਿਆਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਨਾਮਜ਼ਦਗੀਆਂ ਦੇ ਅੱਜ ਦੂਜੇ ਦਿਨ ਵੀਰਵਾਰ ਨੂੰ ਕਾਗਜ਼ ਦਾਖਲ ਕਰ ਕੇ ਬਾਦਲ ਪਰਿਵਾਰ ਨੇ ਖਾਤਾ ਖੋਲ੍ਹਿਆ। ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ। ਨਾਮਜ਼ਦਗੀ ਪੱਤਰ ਭਰਨ ਸਮੇਂ ਮੁੱਖ ਮੰਤਰੀ ਬਾਦਲ ਨਾਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵੱਡੀ ਗਿਣਤੀ ‘ਚ ਅਕਾਲੀ ਆਗੂ ਮੌਜੂਦ ਸਨ।
ਸੁਖਬੀਰ ਸਿੰਘ ਨੇ ਵੀ ਭਰਿਆ ਨਾਮਜ਼ਦਗੀ ਪੱਤਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਅਦ ਦੁਪਹਿਰ ਰਿਟਰਨਿੰਗ ਅਫਸਰ ਸ਼੍ਰੀ ਅਵਿਕੇਸ਼ ਗੁਪਤਾ ਦੇ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਮੌਕੇ ਉਨ੍ਹਾਂ ਨਾਲ ਕੈਬਿਨੇਟ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਤੌਰ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਵਿਧਾਇਕ ਅਹੁਦੇ ਦੀ ਚੋਣ ਲਈ ਉਮੀਦਵਾਰ 11 ਜਨਵਰੀ ਤੋਂ 18 ਜਨਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੇ ਅੱਜ ਪਹਿਲੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਇਸੇ ਦੌਰਾਨ ਮਜੀਠਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਅਦ ਦੁਪਹਿਰ ਮਜੀਠਾ ਵਿਖੇ ਰਿਟਰਨਿੰਗ ਅਫ਼ਸਰ ਸ: ਦਮਨਜੀਤ ਸਿੰਘ ਮਾਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਰੋਡ ਸ਼ੋਅ ਨੂੰ ਕੁੱਝ ਸਮੇਂ ਲਈ ਵਿਚਾਲੇ ਛੱਡ ਕੇ ਨਾਮਜ਼ਦਗੀ ਭਰਨ ਆਏ ਸ: ਮਜੀਠੀਆ ਨੇ ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਲਕਾ ਮਜੀਠਾ ਵਾਸੀਆਂ ਨੇ ਅਕਾਲੀ ਭਾਜਪਾ ਨੂੰ ਪਿਛਲੀਆਂ ਚੋਣਾਂ ਦੌਰਾਨ ਵੀ ਵੱਡੀ ਜਿੱਤ ਦਿਵਾਈ ਹੈ। ਇਸ ਵਾਰ ਵੀ ਉਹ ਲੋਕਾਂ ਦੇ ਅਸ਼ੀਰਵਾਦ ਨਾਲ ਆਏ ਹਨ ਤੇ ਆਸ ਹੈ ਕਿ ਲੋਕ ਉਸ ਵੱਲੋਂ ਕਰਾਏ ਗਏ ਵਿਕਾਸ ਕਾਰਜਾਂ, ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਪੰਜਾਬ ਦੀ ਤਰੱਕੀ ਖੁਸ਼ਹਾਲੀ ਲਈ ਉਸ ਨੂੰ ਅਤੇ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਵਾ ਕੇ ਗੱਠਜੋੜ ਦੀ ਮੁੜ ਸਰਕਾਰ ਲਿਆਉਣ ਕੇ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਮੁੱਖ ਮੰਤਰੀ ਬਣਾਉਣਗੇ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *