Breaking News
Home / India / ਕੈਪ. ਅਮਰਿੰਦਰ ਸਿੰਘ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

ਕੈਪ. ਅਮਰਿੰਦਰ ਸਿੰਘ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

ਪਟਨਾ ਸਾਹਿਬ, 3 ਜਨਵਰੀ (ਚ.ਨ.ਸ.): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਭਾਗ ਲੈਣ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਮੈਂ ਇੱਥੇ ਦਸਮੇਸ਼ ਪਿਤਾ ਦੀ ਜਨਮ ਧਰਤੀ ਨੂੰ ਸਿਜਦਾ ਕਰਨ ਲਈ ਆਇਆ ਹਾਂ।” ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਗਾਂਧੀ ਮੈਦਾਨ ਦੇ ਮੁੱਖ ਪੰਡਾਲ ‘ਚ ਵੱਡੀ ਗਿਣਤੀ ‘ਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਇੱਥੇ ਸਿਆਸੀ ਗੱਲਾਂ ਕਰਨ ਲਈ ਨਹੀਂ ਆਏ, ਸਗੋਂ ਇਸ ਪਵਿੱਤਰ ਧਰਤੀ ‘ਤੇ ਨਤਮਸਤਕ ਹੋਣ ਲਈ ਆਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਪਰਿਵਾਰ ਪ੍ਰਤੀ ਉਨ੍ਹਾਂ ਦੇ ਪਰਿਵਾਰ ‘ਚ ਬਹੁਤ ਵੱਡੀ ਸ਼ਰਧਾ ਹੈ ਅਤੇ ਬਹੁਤ ਪੁਰਾਤਨ ਸਬੰਧ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਲੋਂ ਪਰਿਵਾਰ ਦੇ ਵੱਡੇ-ਵਡੇਰਿਆਂ ਨੂੰ ਦੋ ਵਾਰ ਹੁਕਮਨਾਮੇ ਜਾਰੀ ਕੀਤੇ ਗਏ, ਨਾਲ ਵਿਸ਼ੇਸ਼ ਤੌਰ ‘ਤੇ
ਨਿਸ਼ਾਨ ਸਾਹਿਬ ਅਤੇ 11-11 ਸ਼ਸਤਰਾਂ ਦੀ ਬਖਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ 22 ਸ਼ਸਤਰ ਅੱਜ ਵੀ ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਮੌਜੂਦ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮਾਗਮਾਂ ਦੇ ਸਾਰੇ ਪ੍ਰਬੰਧ ਕਮਾਲ ਦੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਸਮਾਗਮ ‘ਚ ਅਜਿਹੇ ਪ੍ਰਬੰਧ ਨਹੀਂ ਦੇਖੇ। ਉਨ੍ਹਾਂ ਕਿਹਾ ਕਿ ਨਿਤਿਸ਼ ਕੁਮਾਰ ਨੇ ਗੁਰੂ ਸਾਹਿਬ ਦੇ ਸ਼ਰਧਾਲੂਆਂ, ਸੰਗਤਾਂ ਅਤੇ ਖਾਸ ਕਰਕੇ ਪੰਜਾਬ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਸਮੂਹ ਸੰਗਤਾਂ ਨੂੰ 350ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਭ ਦੇ ਉੱਤੇ ਬਖਸ਼ਿਸ਼ ਕਰਨ ਅਤੇ ਆਪਣੇ ਆਸ਼ੀਰਵਾਦ ਨਾਲ ਨਿਵਾਜਣ। ਇਸ ਉਪਰੰਤ ਕੈਪਟਨ ਨੇ ਸ੍ਰੀ ਪਟਨਾ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਦਿਆਂ ਸੰਗਤਾਂ ਨੂੰ ਲੰਗਰ ਵਰਤਾਇਆ ਅਤੇ ਬਾਅਦ ‘ਚ ਖੁਦ ਵੀ ਲੰਗਰ ਛਕਿਆ। ਇਸ ਮੌਕੇ ਕੈਪਟਨ ਦੇ ਨਾਲ ਬਿਹਾਰ ਦੇ ਕੋ-ਆਪਰੇਟਿਵ ਮੰਤਰੀ ਅਵਧੇਸ਼ ਕੁਮਾਰ, ਸਿੱਖਿਆ ਮੰਤਰੀ ਅਸ਼ੋਕ ਚੌਧਰੀ, ਸਾਬਕਾ ਕੇਂਦਰੀ ਮੰਤਰੀ ਸ਼ਕੀਲ ਅਹਿਮਦ, ਬਿਹਾਰ ਟੂਰਿਜ਼ਮ ਦੀ ਪ੍ਰਿੰਸੀਪਲ ਸਕੱਤਰ ਮੈਡਮ ਹਰਜੋਤ ਕੌਰ, ਬਿਹਾਰ ਦੇ ਮਾਲ ਮੰਤਰੀ ਮਦਨ ਮੋਹਨ, ਪੰਜਾਬ ਦੀ ਕਾਂਗਰਸ ਆਗੂ ਆਸ਼ਾ ਕੁਮਾਰੀ ਅਤੇ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ ਵੀ ਮੌਜੂਦ ਸਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *