Breaking News
Home / Punjab / ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ 4 ਨੂੰ

ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ 4 ਨੂੰ

ਪੰਜਾਬ ਚੋਣਾਂ 8 ਫਰਵਰੀ ਨੂੰ ਸੰਭਵ

ਯੂ.ਪੀ. ‘ਚ 7 ਜਦੋਂ ਕਿ ਬਾਕੀ ਸੂਬਿਆਂ ‘ਚ ਇਕ ਗੇੜ ‘ਚ ਪੈਣਗੀਆਂ ਵੋਟਾਂ

ਚੰਡੀਗੜ੍ਹ, 29 ਦਸੰਬਰ (ਚ.ਨ.ਸ.) : ਪੰਜਾਬ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਚਾਰ ਜਨਵਰੀ ਨੂੰ ਹੋ ਸਕਦਾ ਹੈ। ਇਸ ਹਿਸਾਬ ਨਾਲ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ 8 ਤੋਂ 12 ਫਰਵਰੀ ਵਿਚਾਲੇ ਚੋਣਾਂ ਹੋ ਸਕਦੀਆਂ ਹਨ। ਪੰਜਾਬ ਵਿੱਚ ਇੱਕੋ ਪੜਾਅ ਤਹਿਤ ਚੋਣਾਂ ਹੋਣਗੀਆਂ। ਕੇਂਦਰੀ ਚੋਣ ਕਮਿਸ਼ਨ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਇਸ ਬਾਰੇ ਚਿੱਠੀ ਲਿਖੀ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਚੋਣ ਪ੍ਰੋਗਰਾਮ ਦਾ ਐਲਾਨ ਹੁੰਦੇ ਸਾਰ ਚੋਣ ਜ਼ਾਬਤਾ ਲਾਗੂ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਕਮਿਸ਼ਨ ਨੇ ਕੈਬਨਿਟ ਸਕੱਤਰ ਤੋਂ ਇਲਾਵਾ ਚੋਣਾਂ ਵਾਲੇ ਸੂਬਿਆਂ ਪੰਜਾਬ, ਯੂਪੀ, ਉਤਰਾਖੰਡ, ਗੋਆ ਤੇ ਮਨੀਪੁਰ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖੇ ਹਨ। ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ ਇਨ੍ਹਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ 4 ਜਨਵਰੀ ਨੂੰ ਹੋ ਸਕਦਾ ਹੈ। ਯੂ.ਪੀ. ਨੂੰ ਛੱਡ ਕੇ ਬਾਕੀ ਰਾਜਾਂ ਵਿੱਚ ਇੱਕ ਦਿਨ ਵਿੱਚ ਵੋਟਾਂ ਪੈ ਸਕਦੀਆਂ ਹਨ। ਯੂ.ਪੀ. ਵਿਧਾਨ ਸਭਾ ਦਾ ਕਾਰਜਕਾਲ 27 ਮਈ ਨੂੰ ਸਮਾਪਤ ਹੋਣਾ ਹੈ ਜਦੋਂਕਿ ਬਾਕੀ ਰਾਜਾਂ ਦੀਆਂ ਅਸੈਂਬਲੀਆਂ ਦੀ ਮਿਆਦ ਮਾਰਚ ਤੱਕ ਹੈ। ਕਮਿਸ਼ਨ ਨੇ ਪੰਜਾਬ ਚੋਣਾਂ ਲਈ ਨੀਮ ਸੁਰੱਖਿਆ ਦਸਤਿਆਂ ਦੀਆਂ 50 ਕੰਪਨੀਆਂ ਵੀ ਅਲਾਟ ਕਰ ਦਿੱਤੀਆਂ ਹਨ। ਇਹ ਕੰਪਨੀਆਂ 5 ਜਨਵਰੀ ਤੋਂ ਤੁਰੰਤ ਬਾਅਦ ਸੂਬੇ ਵਿਚਲੀਆਂ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਵੀ ਕਰ ਦਿੱਤੀਆਂ ਜਾਣਗੀਆਂ। ਕੈਬਨਿਟ ਸਕੱਤਰ ਅਤੇ ਪੰਜਾਬ, ਉਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਨੀਪੁਰ ਦੇ ਮੁੱਖ ਸਕੱਤਰਾਂ ਨੂੰ ਭੇਜੇ ਪੱਤਰ ਵਿਚ ਕਮਿਸ਼ਨ ਨੇ ਪਹਿਲਾਂ ਜਾਰੀ ਕੀਤੇ ਆਪਣੇ ਨਿਰਦੇਸ਼ਾਂ ਨੂੰ ਮੁੜ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚੋਣ ਪ੍ਰੋਗਰਾਮ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਜ਼ਾਬਤਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਕਮਿਸ਼ਨ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਤੇ ਨਾ ਕੀਤੇ ਜਾਣ ਵਾਲੇ ਕਾਰਜਾਂ ਦੀ ਸੂਚੀ ਵਿਚ ਜਨਤਕ ਸਥਾਨਾਂ ਦੀ ਦੁਰਵਰਤੋਂ ਤੋਂ ਬਚਣਾ, ਪ੍ਰਚਾਰ ਲਈ ਸਰਕਾਰੀ ਵਾਹਨਾਂ ਦੇ ਇਸਤੇਮਾਲ ਤੋਂ ਬਚਣਾ, ਸੂਬਾ ਸਰਕਾਰ ਦੀਆਂ ਵੈਬਸਾਈਟਾਂ ਤੋਂ ਸਿਆਸੀ ਅਹੁਦੇਦਾਰਾਂ ਦੀਆਂ ਤਸਵੀਰਾਂ ਹਟਾਉਣਾ ਅਤੇ ਸੱਤਾਧਾਰੀ ਪਾਰਟੀ ਦੀ ਮਦਦ ਦੇ ਲਿਹਾਜ਼ ਨਾਲ ਇਸ਼ਤਿਹਾਰਾਂ ਲਈ ਸਰਕਾਰੀ ਪੈਸੇ ਦੀ ਵਰਤੋਂ ‘ਤੇ ਰੋਕ ਲਗਾਉਣਾ ਸ਼ਾਮਲ ਹੈ। ਚੋਣ ਕਮਿਸ਼ਨ ਨੇ ਸਿਆਸੀ ਦਲਾਂ ਤੋਂ ਇਲੈਕਟ੍ਰਾਨਿਕ ਮੀਡੀਆ ‘ਚ ਜਾਰੀ ਹੋਣ ਵਾਲੇ ਪ੍ਰਸਤਾਵਿਤ ਸਿਆਸੀ ਇਸ਼ਤਿਹਾਰਾਂ ਲਈ ਪੇਸ਼ਗੀ ਇਜਾਜ਼ਤ ਲਈ ਜ਼ਿਲ੍ਹਾ ਅਤੇ ਸੂਬਾ ਪੱਧਰੀ ਮੀਡੀਆ ਪ੍ਰਮਾਣਨ ਅਤੇ ਨਿਗਰਾਨੀ ਕਮੇਟੀਆਂ ਨਾਲ ਸੰਪਰਕ ਕਰਨ ਲਈ ਵੀ ਕਿਹਾ ਹੈ। ਚੋਣ ਕਮਿਸ਼ਨ ਵੱਲੋਂ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇ ਡੀਜੀਪੀ ਸਮੇਤ ਸਭ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਮੁਕੰਮਲ ਕੀਤਾ ਜਾ ਚੁੱਕਾ ਹੈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੱਲ੍ਹ ਸ੍ਰੀ ਵੀ ਕੇ ਸਿੰਘ ਮੁੱਖ ਚੋਣ ਅਫ਼ਸਰ ਪੰਜਾਬ ਨੇ ਵਿਧਾਨ ਸਭਾ ਚੋਣਾਂ-2017 ਦੀਆਂ ਵੋਟਾਂ ਵਾਲੇ ਦਿਨ ਤੋਂ 72 ਘੰਟੇ ਪਹਿਲਾਂ ਲਾਗੂ ਕੀਤੇ ਜਾਣ ਵਾਲੇ ਐਕਸ਼ਨ ਪਲਾਨ ਨੂੰ ਇਨ ਬਿਨ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਚੰਡੀਗੜ੍ਹ ‘ਚ ਚੋਣ ਤਿਆਰੀਆਂ ਸਬੰਧੀ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਕਰ ਤੇ ਅਬਕਾਰੀ ਅਤੇ ਇਨਕਮ ਟੈਕਸ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਦੀ
ਇੱਕ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਚੋਣਾਂ ਦੋਰਾਨ ਤੈਨਾਤ ਕੀਤਾ ਜਾਣ ਵਾਲਾ ਅਮਲਾ ਪੂਰੀ ਤਰ੍ਹਾਂ ਟ੍ਰੇਡ ਹੋਣਾ ਚਾਹੀਦਾ ਹੈ ਅਤੇ ਜਦੋਂ ਵੀ ਕੋਈ ਛਾਪੇ ਮਾਰੀ ਕਰਨੀ ਹੈ ਤਾਂ ਇਸ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਵੀ ਦੇਣੀ ਚਾਹੀਦੀ ਹੈ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *