Breaking News
Home / Punjab / ਨੌਜਵਾਨਾਂ ਨੂੰ ਕਿੱਤਾ ਸ਼ੁਰੂ ਕਰਨ ਲਈ ਵਿਆਜ ਮੁਕਤ ਕਰਜ਼ੇ ਦੇਵਾਂਗੇ: ਸੁਖਬੀਰ

ਨੌਜਵਾਨਾਂ ਨੂੰ ਕਿੱਤਾ ਸ਼ੁਰੂ ਕਰਨ ਲਈ ਵਿਆਜ ਮੁਕਤ ਕਰਜ਼ੇ ਦੇਵਾਂਗੇ: ਸੁਖਬੀਰ

ਝੋਰੜ (ਮਲੋਟ), 27 ਦਸੰਬਰ (ਆਰਤੀ ਕਮਲ) : ਸੂਬੇ ਦੇ ਨੌਜਵਾਨਾਂ ਨੂੰ ਅਜੋਕੇ ਸਮੇਂ ਦਾ ਹਾਣੀ ਬਣਾਉਣ ਲਈ ਤਕਨੀਕੀ ਪੱਖ ਤੋਂ ਹੁਨਰਮੰਦ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰੇਕ 5 ਪਿੰਡਾਂ ਪਿੱਛੇ ਇੱਕ ਹੁਨਰ ਸਿਖਲਾਈ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਅਗਲੇ 5 ਸਾਲਾਂ ਦੌਰਾਨ ਸੂਬੇ ਦੇ 10 ਲੱਖ ਤੋਂ ਵੱਧ ਨੌਜਵਾਨਾਂ ਨੂੰ ਉੱਚ ਪੱਧਰ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾ ਇਹ ਜਾਣਕਾਰੀ ਵੀ ਦਿੱਤੀ ਕਿ ਇਨ੍ਹਾਂ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ੇ ਬਿਨ੍ਹਾਂ ਵਿਆਜ ਤੋਂ ਦਿੱਤੇ ਜਾਣਗੇ ਤਾਂ ਜੋ ਉਹ ਆਪਣਾ ਕਿੱਤਾ ਸ਼ੁਰੂ ਕਰ ਸਕਣ।
ਮਲੋਟ ਹਲਕੇ ਦੇ ਸੰਗਤ ਦਰਸ਼ਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 5 ਸਾਲਾਂ ਦੌਰਾਨ ਸੂਬੇ ਦੇ ਸਾਰੇ 12 ਹਜ਼ਾਰ ਪਿੰਡਾਂ ਨੂੰ ਸੀਸੀ ਫਲੋਰਿੰਗ, ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ ਆਦਿ ਦੀਆਂ ਸੁਵਿਧਾਵਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਸ਼ਹਿਰੀ ਤਰਜ਼ ‘ਤੇ ਵਿਕਸਿਤ ਕੀਤਾ ਜਾਵੇਗਾ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੁੱਡਾ ਵਲੋਂ ਪਿੰਡਾਂ ਵਿੱਚ ਸਥਾਪਿਤ ਕੀਤੀਆਂ ਜਾਣ ਵਾਲੀਆਂ ਕਾਲੋਨੀਆਂ ਵਿੱਚ ਗਰੀਬ ਵਰਗ ਦੇ ਲੋਕਾਂ ਲਈ 5 ਲੱਖ ਮਕਾਨਾਂ ਦੀ ਉਸਾਰੀ ਕੀਤੀ ਜਾਵੇਗੀ। ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੇ ਵੱਡੇ ਲੋਕ ਲੁਭਾਊ ਵਾਅਦੇ ਕਰਨ ਨਾਲ ਕੋਈ ਲਾਭ ਨਹੀਂ ਹੋਣਾ ਕਿਉਂਜੋ ਪੰਜਾਬ ਦੇ ਲੋਕ ਕਾਂਗਰਸ ਦੇ ਇਨ੍ਹਾਂ ਝੂਠੇ ਵਾਅਦਿਆਂ ਪਿੱਛੇ ਛੁਪਿਆ ਸੱਚ ਵੇਖ ਚੁੱਕੇ ਹਨ ਜਿਸ ਕਾਰਨ ਕਾਂਗਰਸ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਮੁੱਖ ਮੰਤਰੀ ਬਣਨ ਦੀਆਂ ਕੈਪਟਨ ਦੀਆਂ ਆਸਾਂ ‘ਤੇ ਪਾਣੀ ਫਿਰ ਜਾਵੇਗਾ। ਪੰਜਾਬ ਕਾਂਗਰਸ ਪ੍ਰਧਾਨ ਵਲੋਂ ਸੁਚੱਜੇ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਝੂਠੇ ਦੱਸਦੇ ਹੋਏ ਸ. ਬਾਦਲ ਨੇ ਇਹ ਪੁੱਛਿਆ ਕਿ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਕਿਉਂ ਸੁਚੱਜਾ ਪ੍ਰਸ਼ਾਸਨ ਨਹੀਂ ਦੇ ਸਕਿਆ। ਕੈਪਟਨ ਅਮਰਿੰਦਰ ਨੂੰ ਖੁਦ ਸਭ ਤੋਂ ਵੱਡਾ ਮਾਫੀਆ ਗਰਦਾਨਦੇ ਹੋਏ ਸ. ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਦੇ ਕਾਰਜਕਾਲ ਵਿੱਚ ਇੱਕ ਤੋਂ ਬਾਅਦ ਇੱਕ ਘੁਟਾਲੇ ਸਾਹਮਣੇ ਆਏ, ਉਸ ਤੋਂ ਇਹ ਸਾਫ਼ ਪਤਾ ਚਲਦਾ ਹੈ ਕਿ ਕੈਪਟਨ ਅਤੇ ਉਸਦੀ ਜੁੰਡਲੀ ਸਿਰਫ਼ ਪੰਜਾਬ ਨੂੰ ਲੁੱਟ ਕੇ ਆਪਣਾ ਘਰ ਭਰਨ ਵਿੱਚ ਹੀ ਰੁੱਝੀ ਹੋਈ ਸੀ।’ਆਪ’ ਨੂੰ ਕਰੜੇ ਹੱਥੀਂ ਲੈਂਦੇ ਹੋਏ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਰ ਧਾਰਮਿਕ ਲੋਕਾਂ ਦੀ ਜੁੰਡਲੀ ਹੈ  ਜਿਨ੍ਹਾਂ ਨੂੰ ਸੁਬੇ ਦੀਆਂ ਮਹਾਨ ਧਾਰਮਿਕ ਅਤੇ ਸੱਭਿਆਚਾਰਕ ਰਵਾਇਤਾਂ ਅਤੇ ਵਿਰਸੇ ਬਾਰੇ ਕੁੱਝ ਵੀ ਗਿਆਨ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕੋ-ਇੱਕ ਲੋਕ ਪੱਖੀ ਸਰਕਾਰ ਦੱਸਦੇ ਹੋਏ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਗਰੀਬਾਂ ਅਤੇ ਕਮਜ਼ੋਰ ਵਰਗਾਂ ਤੋਂ ਇਲਾਵਾ ਵਪਾਰੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਕਿਸਾਨਾਂ ਤੇ ਵਪਾਰੀਆਂ ਲਈ ਮੁਫ਼ਤ ਸਿਹਤ ਬੀਮਾ, ਐਸ ਸੀ-ਬੀ ਸੀ ਵਰਗ ਲਈ 200 ਯੂਨਿਟ ਮੁਫ਼ਤ ਬਿਜਲੀ, ਕਿਸਾਨਾਂ ਲਈ ਮੁਫ਼ਤ ਬਿਜਲੀ ਅਤੇ ਇਸ ਖੇਤਰ ਵਿਚਲੀ ਸੇਮ ਦੀ ਸਮੱਸਿਆ ਨੂੰ ਹੱਲ ਕਰਨਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਗਵਾਹੀ ਭਰਦੇ ਹਨ।
ਉੱਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੁਲੀਸ ਵਲੋਂ ਕਪੁਰਥਲਾ ਤੇਜ਼ਾਬ ਹਮਲਾ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਮਲੋਟ ਹਲਕੇ ਦੇ 52 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 12 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਬਾਕੀ ਦੀਆਂ ਟਿਕਟਾਂ ਦਾ ਐਲਾਨ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ।
ਇਸ ਮੌਕੇ ਵਿਧਾਇਕ ਅਤੇ ਮਲੋਟ ਤੋਂ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ, ਪੰਜਾਬ ਐਗਰੋ ਦੇ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕੋਆਰਡੀਨੇਟਰ ਅਵਤਾਰ ਸਿੰਘ ਵਣਵਾਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਬਸੰਤ ਸਿੰਘ ਕੰਗ, ਮੁਕਤਸਰ ਐਮ ਸੀ ਦੇ ਸਾਬਕਾ ਪ੍ਰਧਾਨ ਮਿੱਤ ਸਿੰਘ ਬਰਾੜ, ਮਹਿਲਾ ਕਮਿਸ਼ਨ ਦੀ ਮੈਂਬਰ ਵੀਰਪਾਲ ਕੌਰ ਤਰਮਾਲਾ, ਹੀਰਾ ਸਿੰਘ ਚੜ੍ਹੇਵਾਨ ਅਤੇ ਨਵਤੇਜ ਸਿੰਘ ਕਾਉਣੀ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਨਿੱਪੀ ਔਲਖ, ਜਗਤਾਰ ਸਿੰਘ ਬਰਾੜ ਅਤੇ ਰੌਬਿਨ ਭਾਗਸਰ ਆਦਿ ਵੀ ਮੌਜੂਦ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *