Breaking News
Home / Punjab / ਗੁ. ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ਹੀਦੀ ਜੋੜ ਮੇਲ ਸ਼ੁਰੂ

ਗੁ. ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ਹੀਦੀ ਜੋੜ ਮੇਲ ਸ਼ੁਰੂ

ਗੁ. ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ

ਸ੍ਰੀ ਫ਼ਤਿਹਗੜ੍ਹ ਸਾਹਿਬ, 25 ਦਸੰਬਰ (ਹਰਪੀ੍ਰਤ ਕੌਰ ਟਿਵਾਣਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਾਵਨ ਇਤਿਹਾਸਿਕ ਧਰਤੀ ‘ਤੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਰਧਾ ਨਾਲ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਇਸ ਮੌਕੇ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਕੀਤਾ ਗਿਆ। ਆਰੰਭਤਾ ਦੀ ਅਰਦਾਸ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਨੇ ਕੀਤੀ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਵਿਚ ਨਿਵੇਕਲੀ ਦਾਸਤਾਨ ਹੈ। ਸਾਹਿਬਜ਼ਾਦਿਆਂ ਦੀ ਹੱਕ-ਸੱਚ ਅਤੇ ਧਰਮ ਪ੍ਰਤੀ ਦ੍ਰਿੜ੍ਹਤਾ ਦੀ ਗੱਲ ਕਰਦਿਆਂ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ
ਕਿਹਾ ਕਿ ਛੋਟੇ-ਛੋਟੇ ਮਾਸੂਮ ਗੁਰੂ ਦੇ ਲਾਲਾਂ ਨੇ ਜਿਸ ਸਿਦਕਦਿਲੀ ਅਤੇ ਅਡੋਲਤਾ ਨਾਲ ਸ਼ਹਾਦਤ ਦਿੱਤੀ ਉਹ ਅਜੋਕੀ ਨੌਜਵਾਨੀ ਲਈ ਪ੍ਰੇਰਨਾ ਦਾ ਸੋਮਾ ਅਤੇ ਮਾਰਗ ਦਰਸ਼ਨ ਹੈ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ, ਜਿਸ ਵਿਚ ਰਾਗੀ ਸਿੰਘ ਅਤੇ ਕੌਮ ਦੇ ਵਿਦਵਾਨ ਕਥਾਵਾਚਕ ਅਤੇ ਢਾਡੀ-ਕਵੀਸ਼ਰ ਹਾਜ਼ਰੀਆਂ ਭਰਦੇ ਹਨ। ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਹਾਜ਼ਰੀਆਂ ਭਰ ਕੇ ਸਮੁੱਚੇ ਸਮਾਗਮਾਂ ਸਮੇਂ ਪ੍ਰੇਮ, ਸ਼ਰਧਾ, ਸਾਦਗੀ ਅਤੇ ਸੰਜਮ ਦਾ ਪ੍ਰਗਟਾਵਾ ਕਰਦਿਆਂ ਸਾਬਿਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੀ ਅਪੀਲ ਵੀ ਕੀਤੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਗੁਰਦੁਆਰਾ ਠੰਡਾ ਬੁਰਜ ਸਾਹਿਬ ਦੇ ਸਾਹਮਣੇ ਟੋਡਰ ਮੱਲ ਦੀਵਾਨ ਹਾਲ ਵਿਖੇ ਲਗਾਤਾਰ ਧਾਰਮਿਕ ਦੀਵਾਨ ਸਜਣਗੇ, ਜਿਸ ਵਿੱਚ ਪੰਥ ਦੇ ਕਥਾਕਾਰ, ਰਾਗੀ, ਢਾਡੀ ਤੇ ਕਵੀਸ਼ਰ ਅਤੇ ਪ੍ਰਚਾਰਕ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਜੋੜਨਗੇ। ਇਸੇ ਤਰ੍ਹਾਂ 27 ਦਸੰਬਰ ਨੂੰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਦੁਪਹਿਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸੰਪੰਨ ਹੋਵੇਗਾ। ਇਸ ਮੌਕੇ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰੀਆ ਤੇ ਬੀਬੀ ਸੁਰਜੀਤ ਕੌਰ, ਡਾ. ਪਰਮਜੀਤ ਸਿੰਘ ਸਰੋਆ ਐਡੀ. ਸਕੱਤਰ, ਸ. ਨੱਥਾ ਸਿੰਘ ਮੈਨੇਜਰ, ਸ. ਬਲਵਿੰਦਰ ਸਿੰਘ ਭਮਾਰਸੀ, ਕੇਵਲ ਸਿੰਘ ਐਡੀ. ਸਕੱਤਰ, ਹਰਜੀਤ ਸਿੰਘ ਮੀਤ ਸਕੱਤਰ, ਪਰਮਦੀਪ ਸਿੰਘ ਇੰਚਾਰਜ਼, ਇੰਦਰਦੀਪ ਸਿੰਘ ਬੇਦੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਟਾਫ ਅਤੇ ਸੰਗਤਾਂ ਸ਼ਾਮਲ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *