Breaking News
Home / Culture / ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਸਿਆਸਤ

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਸਿਆਸਤ

ਦਰਸ਼ਨ ਸਿੰਘ ਦਰਸ਼ਕ
===============

ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਨ੍ਹਾਂ ਖ਼ੁਦਕੁਸ਼ੀਆਂ ਨੂੰ ਲੈ ਕੇ ਸਿਆਸਤ ਵੀ ਬਹੁਤ ਜ਼ਿਆਦਾ ਗਰਮ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨਾਂ ਦੀਆਂ ਹਮਦਰਦ ਬਣ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਰ੍ਹਾਂ-ਤਰ੍ਹਾਂ ਦੇ ਭਰੋਸੇ ਦੇ ਰਹੀਆਂ ਹਨ। ਇਹ ਮਾਮਲਾ ਪਿਛਲੇ ਦਿਨੀਂ ਸੰਸਦ ਵਿੱਚ ਵੀ ਗੂੰਜਿਆ ਅਤੇ ਉਥੇ ਇਹ ਵੀ ਦੱਸਿਆ ਗਿਆ ਕਿ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਸਭ ਤੋਂ ਜ਼ਿਆਦਾ ਕਿਸਾਨ ਆਪਣੀ ਜਾਨ ਦੇ ਰਹੇ ਹਨ।
ਵਿਰੋਧੀ ਧਿਰਾਂ ਕਿਸਾਨਾਂ ਦੀ ਇਸ ਹਾਲਤ ਲਈ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਦੋਸ਼ੀ ਠਹਿਰਾ ਰਹੀਆਂ ਹਨ ਜਦਕਿ ਅਕਾਲੀ ਦਲ ਇਸ ਸਭ ਦਾ ਠੀਕਰਾ ਕੇਂਦਰ ਦੀਆਂ ਨੀਤੀਆਂ ਸਿਰ ਭੰਨ੍ਹ ਰਿਹਾ ਹੈ। ਇਸ ਮੁੱਦੇ ਉਤੇ ਜਿਹੜੀ ਸਿਆਸਤ ਹੋ ਰਹੀ ਹੈ, ਉਹ ਇਕ ਸੁਭਾਵਿਕ ਗੱਲ ਹੈ ਕਿਉਂਕਿ ਹਰ ਰੋਜ਼ ਅਖਬਾਰਾਂ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖਬਰਾਂ ਛਪ ਰਹੀਆਂ ਹਨ। ਪਰ ਇਸ ਦੇ ਨਾਲ-ਨਾਲ ਇਹ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿ ਕਿਸਾਨ ਸਿਰਫ ਕਰਜ਼ੇ ਦੇ ਬੋਝ ਕਾਰਨ ਹੀ ਮਰ ਰਹੇ ਹਨ ਜਾਂ ਇਸ ਪਿਛੇ ਕੋਈ ਹੋਰ ਵੀ ਕਾਰਨ ਹਨ। ਇਹ ਕਰਜ਼ਾ ਸਿਰਫ ਖੇਤੀਬਾੜੀ ਕਾਰਨ ਹੀ ਚੜ੍ਹਿਆ ਹੈ ਜਾਂ ਇਸ ਪਿਛੇ ਹੋਰ ਵੀ ਕਾਰਨ ਹਨ।
ਸਭ ਤੋਂ ਪਹਿਲਾਂ ਇਹ ਦੱਸਣ ਦੀ ਲੋੜ ਹੈ ਕਿ ਪੂਰੇ ਪੰਜਾਬ ਵਿੱਚ ਕਿਸਾਨ ਖ਼ੁਦਕਸ਼ੀਆਂ ਨਹੀਂ ਕਰ ਰਹੇ। ਜ਼ਿਆਦਾਤਰ ਕਿਸਾਨ ਆਪਣੀ ਜਾਨ ਮਾਲਵਾ ਇਲਾਕੇ ਵਿੱਚ ਹੀ ਗਵਾ ਰਹੇ ਹਨ ਅਤੇ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ‘ਪਹਿਲ’ ਨਾਮਕ ਇਕ ਸੰਸਥਾ ਨੇ ਜਿਹੜੇ ਅੰਕੜੇ ਦਿੱਤੇ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਡੇਢ ਦਹਾਕੇ ਵਿੱਚ ਮਾਨਸਾ ਜ਼ਿਲ੍ਹੇ ਵਿੱਚ 1334 ਕਿਸਾਨਾਂ ਨੇ ਜਾਨ ਦਿੱਤੀ ਜਦਕਿ ਦੂਜੇ ਸਥਾਨ ‘ਤੇ ਲੁਧਿਆਣਾ ਜ਼ਿਲ੍ਹਾ ਆਉਂਦਾ ਹੈ ਜਿਥੇ 668 ਕਿਸਾਨਾਂ ਵੱਲੋਂ ਆਤਮਹੱਤਿਆ ਕੀਤੀ ਗਈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 2000 ਤੋਂ 2010 ਜਿਹੜੀ ਖੁਦਕੁਸ਼ੀਆਂ ਦੀ ਗਣਨਾ ਕਰਵਾਈ ਉਸ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਦੌਰਾਨ 3954 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਮਾਝੇ ਅਤੇ ਦੁਆਬੇ ਖੇਤਰ ਵਿੱਚ ਕਿਸਾਨਾਂ ਨੇ ਜੇਕਰ ਖੁਦਕੁਸ਼ੀਆਂ ਕੀਤੀਆਂ ਹਨ, ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਸਿਰਫ ਮਾਲਵਾ ਖੇਤਰ ਦਾ ਕੁਝ ਹਿੱਸਾ ਹੀ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਇਹ ਠੀਕ ਹੈ ਕਿ ਪਿਛਲੇ ਸਾਲ ਨਰਮੇ ਨੂੰ ਚਿੱਟੇ ਮੱਛਰ ਨੇ ਤਬਾਹ ਕਰ ਦਿੱਤਾ ਕਿਉਂਕਿ ਜਿਹੜੀਆਂ ਛਿੜਕਾ ਲਈ ਦਵਾਈਆਂ ਉਪਲਭਧ ਸਨ, ਉਨ੍ਹਾਂ ਨੇ ਉਸ ‘ਤੇ ਅਸਰ ਹੀ ਨਹੀਂ ਕੀਤਾ। ਇਸ ਲਈ ਕਿਸਾਨਾਂ ਨੂੰ ਭਾਰੀ ਧੱਕਾ ਲੱਗਿਆ ਅਤੇ ਕਰਜ਼ਾ ਵੀ ਚੜ੍ਹ ਗਿਆ ਤੇ ਪਿਛਲਾ ਕਰਜ਼ਾ ਉਤਰਿਆ ਵੀ ਨਹੀਂ। ਇਸ ਕਾਰਨ ਕੁਝ ਕਿਸਾਨਾਂ ਨੇ ਮਾਨਸਿਕ ਤੌਰ ‘ਤੇ ਤੰਗ ਆ ਕੇ ਆਪਣੀ ਜਾਨ ਗਵਾ ਲਈ।  ਲੇਕਿਨ ਖੇਤੀਬਾੜੀ ਦੇ ਕਾਰਨ ਕਰਜ਼ਾ ਇਕ ਪਹਿਲੂ ਹੋ ਸਕਦਾ ਹੈ ਪਰ ਨਾਲ-ਨਾਲ ਇਹ ਵੀ ਸੱਚ ਹੈ ਕਿ ਦਿਖਾਵੇ ਲਈ ਵੀ ਕਿਸਾਨਾਂ ਦੁਆਰਾ ਬਹੁਤ ਸਾਰਾ ਕਰਜ਼ਾ ਲਿਆ ਜਾਂਦਾ ਹੈ। ਜਿਨ੍ਹਾਂ ਕਿਸਾਨਾਂ ਨੂੰ ਟਰੈਕਟਰ ਟਰਾਲੀ ਦੀ ਲੋੜ ਨਹੀਂ ਉਨ੍ਹਾਂ ਦੁਆਰਾ ਵੀ ਸ਼ਰੀਕੇ ਵਿੱਚ ਨੱਕ ਰੱਖਣ ਲਈ ਟਰੈਕਟਰ ਲਏ ਜਾਂਦੇ ਹਨ। ਜੇਕਰ ਗੁਆਂਢੀ ਨੇ ਕੋਠੀ ਖੜ੍ਹੀ ਕਰ ਲਈ ਤਾਂ ਆਪ ਵੀ ਓਨੀ ਹੀ ਸ਼ਾਨਦਾਰ ਕੋਠੀ ਪਾਉਣੀ ਹੈ। ਦੋ ਦਹਾਕੇ ਪਹਿਲਾਂ ਕੁੜੀਆਂ-ਮੁੰਡਿਆਂ ਦੇ ਵਿਆਹ ਘਰ ਵਿੱਚ ਹੀ ਕਨਾਤਾਂ-ਟੈਂਟ ਲਗਾ ਲਏ ਜਾਂਦੇ ਸਨ ਪਰ ਹੁਣ ਮੈਰਿਜ ਪੈਲਸਾਂ ਵਿੱਚ ਸ਼ਾਨਦਾਰ ਵਿਆਹ ਕੀਤੇ ਜਾਂਦੇ ਹਨ। ਸਿਰਫ ਸ਼ਾਨਦਾਰ ਵਿਆਹ ਨਹੀਂ ਕੀਤੇ ਜਾਂਦੇ ਬਲਕਿ ਦਹੇਜ ਵਿੱਚ ਧੀਆਂ ਨੂੰ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਬਦਲੇ ਵਿੱਚ ਪੁੱਤਾਂ ਲਈ ਲਗਜ਼ਰੀ ਗੱਡੀਆਂ ਦੀ ਮੰਗ ਵੀ ਕੀਤੀ ਜਾਂਦੀ ਹੈ। ਇਸ ਦੇ ਲਈ ਕਿਸਾਨਾਂ ਦੁਆਰਾ ਵੱਡੇ-ਵੱਡੇ ਕਰਜ਼ੇ ਵੀ ਲਏ ਜਾਂਦੇ ਹਨ। ਕਿਸਾਨਾਂ ਦੁਆਰਾ ਇਹ ਕਰਜ਼ੇ ਹੁਣ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਵੀ ਚੁੱਕੇ ਜਾ ਰਹੇ ਹਨ। ਪਿਛਲੇ ਦਿਨੀਂ ਇਕ ਕਿਸਾਨ ਨੇ ਕਚਹਿਰੀ ਅੱਗੇ ਆਤਮ ਹੱਤਿਆ ਇਸ ਲਈ ਕੀਤੀ ਕਿਉਂਕਿ ਉਸ ਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ ਅਤੇ ਹੁਣ ਕਰਜ਼ਾ ਲੈਣ ਵਾਲਾ ਪੈਸੇ ਦੀ ਇਵਜ ਵਿੱਚ ਉਸ ਤੋਂ ਜ਼ਮੀਨ ਮੰਗ ਰਿਹਾ ਸੀ।
ਇਕ ਮਹੱਤਵਪੂਰਨ ਸਵਾਲ ਇਹ ਵੀ ਹੈ ਕਿ ਜ਼ਿਆਦਾਤਰ ਜੱਟ ਹੀ ਖ਼ੁਦਕੁਸ਼ੀਆਂ ਕਿਉਂ ਕਰ ਰਹੇ ਹਨ? ਸੂਬੇ ਵਿੱਚ ਹੋਰ ਕੌਮਾਂ ਵੀ ਖੇਤੀਬਾੜੀ ਕਰ ਰਹੀਆਂ ਹਨ। ਸੈਣੀ ਅਤੇ ਕੰਬੋਜ ਬਰਾਦਰੀ ਦੁਆਰਾ ਵੀ ਖੇਤੀਬਾੜੀ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਕੋਲ ਜੱਟਾਂ ਜਿੰਨੀਆਂ ਜ਼ਮੀਨਾਂ ਵੀ ਨਹੀਂ ਹਨ। ਅਸਲ ਵਿੱਚ ਇਹ ਆਪ ਮਿਹਨਤਾਂ ਕਰਦੇ ਹਨ। ਥੋੜ੍ਹੀ ਜ਼ਮੀਨ ਤੋਂ ਹੀ ਭਰਪੂਰ ਉਤਪਾਦਨ ਕਰ ਕੇ ਆਪਣਾ ਚੰਗਾ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਬਰਾਦਰੀਆਂ ਦੁਆਰਾ ਖੇਤੀਬਾੜੀ ਦੇ ਲਈ ਵੱਡੇ ਕਰਜ਼ੇ ਨਹੀਂ ਲਏ ਜਾਂਦੇ ਅਤੇ ਨਾ ਹੀ ਦਿਖਾਵੇ ਲਈ ਕਰਜ਼ੇ ਚੁੱਕੇ ਜਾਂਦੇ ਹਨ।  ਸੂਬੇ ਵਿੱਚ ਹੋਰ ਕਮਜ਼ੋਰ ਬਰਾਦਰੀਆਂ ਵੀ ਹਨ। ਉਨ੍ਹਾਂ ਦੇ ਸਿਰ ਵੀ ਕਰਜ਼ੇ ਹਨ ਪਰ ਫਿਰ ਉਨ੍ਹਾਂ ਦੁਆਰਾ ਸੰਘਰਸ਼ ਜਾਰੀ ਰਹਿੰਦਾ ਹੈ। ਖੇਤ ਮਜ਼ਦੂਰ ਤਾਂ ਸਦੀਆਂ ਤੋਂ ਸੀਰੀ ਤੇ ਸਾਂਝੀ ਰਲਦੇ ਆ ਰਹੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਉਹ ਕਿਸਾਨਾਂ ਦੇ ਕਰਜ਼ਾਈ ਰਹੇ ਹਨ ਪਰ ਉਨ੍ਹਾਂ ਨੇ ਕਦੇ ਵੀ ਦਿਲ ਨਹੀਂ ਛੱਡਿਆ। ਜੇਕਰ ਖੇਤ ਮਜ਼ਦੂਰ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰਨ ਲੱਗ ਜਾਂਦੇ ਤਾਂ ਸ਼ਾਇਦ ਹੀ ਕੋਈ ਮਜ਼ਦੂਰ ਖੇਤਾਂ ਵਿੱਚ ਕੰਮ ਕਰਨ ਨੂੰ ਮਿਲਦਾ।
ਹੋ ਸਕਦਾ ਹੈ ਕਿ ਇਹ ਸੋਚ ਗਲਤ ਵੀ ਹੋਵੇ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਜੱਟਾਂ ਦੀਆਂ ਖ਼ੁਦਕੁਸ਼ੀਆਂ ਲਈ ਪੰਜਾਬੀ ਗਾਇਕੀ ਵੀ ਜ਼ਿੰਮੇਵਾਰ ਹੈ। ਜ਼ਿਆਦਾਤਰ ਗੀਤਾਂ ਵਿੱਚ ਜੱਟਾਂ ਹੱਥ ਰਿਵਾਲਵਰ, ਬੰਦੂਕਾਂ ਸੁਣਨ ਨੂੰ ਮਿਲਦੀਆਂ ਹਨ। ਵਿਦੇਸ਼ੀ ਕਾਰਾਂ ਦਾ ਜ਼ਿਕਰ ਹੁੰਦਾ ਹੈ। ਕੋਠੀਆਂ, ਚੰਡੀਗੜ੍ਹ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਹਨ। ਇਸ ਕਾਰਨ ਪੁੱਤ ਤਾਂ ਸਫੇਦਪੋਸ਼ ਬਣ ਗਏ ਹਨ ਅਤੇ ਟੌਹਰ ਨਾਲ ਲੰਡੀ ਜੀਪ ‘ਤੇ ਸ਼ਹਿਰਾਂ ਵਿੱਚ ਘੁੰਮਦੇ ਹਨ ਅਤੇ ਬਾਪੂ ਨੱਕੇ ਮੋੜਦਾ ਰਹਿੰਦਾ ਹੈ। ਇਹ ਟੌਹਰ ਵੀ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਰਹੀ ਹੈ।
ਆਤਮ ਹੱਤਿਆਵਾਂ ਕਰਜ਼ਾ ਮੁਕਤ ਹੋਣ ਦਾ ਕੋਈ ਰਸਤਾ ਨਹੀਂ ਹੈ। ਇਹ ਮਾਨਸਿਕਤਾ ਤਾਂ ਆੜਤੀਆਂ ਅਤੇ ਕਿਸਾਨਾਂ ਵਿਚਾਲੇ ਵੱਡਾ ਪਾੜਾ ਵੀ ਪੈਦਾ ਕਰ ਰਹੀ ਹੈ ਕਿਉਂਕਿ ਆੜਤੀਆਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਉਸ ਦੁਆਰਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਰਕਮ ਵਾਪਸ ਆਉਣੀ ਹੀ ਨਹੀਂ। ਇਸ ਲਈ ਹੁਣ ਆੜਤੀ ਵੀ ਕਿਸਾਨਾਂ ਨੂੰ ਫਸਲ ਤੋਂ ਪਹਿਲਾਂ ਪੈਸਾ ਦੇਣ ਤੋਂ ਕੰਨੀ ਕਤਰਾ ਰਹੇ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਮੁੱਦੇ ਉਤੇ ਸਿਆਸਤ ਨਹੀਂ ਹੋਣੀ ਚਾਹੀਦੀ ਬਲਕਿ ਇਸ ਸਮੱਸਿਆ ਦੇ ਹੱਲ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਜਿਹੜੀਆਂ ਕਿਸਾਨ ਯੂਨੀਅਨਾਂ ਕਿਸਾਨਾਂ ਦੇ ਹਿੱਤਾਂ ਲਈ ਲੜ ਰਹੀਆਂ ਹਨ, ਉਹ ਵਧੀਆ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਇਹ ਗੱਲ ਵੀ ਜੱਟਾਂ ਨੂੰ ਸਮਝਾਉਣੀ ਚਾਹੀਦੀ ਹੈ ਕਿ ਉਹ ਚਾਦਰ ਵੇਖ ਹੀ ਪੈਰ ਪਸਾਰਨ। ਦਿਖਾਵੇ ਲਈ ਕਰਜ਼ਾ ਲੈਣ ਤੋਂ ਬਚਣ। ਜੱਟਾਂ ਨੂੰ ਇਕ ਬਹਾਦਰ ਕੌਮ ਮੰਨਿਆ ਜਾਂਦਾ ਹੈ, ਆਤਮਹੱਤਿਆ ਤਾਂ ਇਸ ਬੁਜ਼ਦਿਲੀ ਦਾ ਸਬੂਤ ਹੈ। ਆਤਮਹੱਤਿਆ ਕਰ ਕੇ ਕਿਸਾਨ ਨਾ ਸਿਰਫ ਆਪਣੇ ਪਰਿਵਾਰ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੇ ਬਲਕਿ ਆਪਣੀ ਅਗਲੀ ਪੀੜ੍ਹੀ ਨੂੰ ਕਰਜ਼ੇ ਬੋਝ ਹੇਠ ਛੱਡ ਕੇ ਉਸ ਦੀ ਸੋਚ ਨੂੰ ਡਰਪੋਕ ਬਣਾ ਦਿੰਦੇ ਹਨ।
ਮੋਬਾਇਲ : 98555-08918

About admin

Check Also

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ …

Leave a Reply

Your email address will not be published. Required fields are marked *