Breaking News
Home / Punjab / ਮੁੱਖ ਮੰਤਰੀ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਪਾਕਿ ਨੂੰ ਸਬਕ ਸਿਖਾਉਣ ਲਈ ਸਰਜੀਕਲ ਆਪ੍ਰੇਸ਼ਨ ਸਮੇਂ ਦੀ ਜ਼ਰੂਰਤ ਸੀ : ਬਾਦਲ

ਮੁੱਖ ਮੰਤਰੀ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਪਾਕਿ ਨੂੰ ਸਬਕ ਸਿਖਾਉਣ ਲਈ ਸਰਜੀਕਲ ਆਪ੍ਰੇਸ਼ਨ ਸਮੇਂ ਦੀ ਜ਼ਰੂਰਤ ਸੀ : ਬਾਦਲ

ਫਾਜ਼ਿਲਕਾ/ਜਲਾਲਾਬਾਦ/ਫਿਰੋਜ਼ਪੁਰ, 3 ਅਕਤੂਬਰ (ਬਖਸ਼ੀਸ਼ ਸਿੰਘ/ਹਰਜੀਤ ਸਿੰਘ/ਤਿਵਾੜੀ) : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤੀ ਫ਼ੌਜ ਵੱਲੋਂ ਹਾਲ ਹੀ ਵਿਚ ਕੀਤੇ ਗਏ ਸਰਜੀਕਲ ਆਪ੍ਰੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਪ੍ਰੇਸ਼ਨ ਪਾਕਿਸਤਾਨ ਨੂੰ ਭਾਰਤ ਵਿਰੋਧੀ ਕਾਰਵਾਈਆਂ ਲਈ ਸਬਕ ਸਿਖਾਉਣ ਲਈ ਬਹੁਤ ਜ਼ਰੂਰੀ ਸੀ।
ਅੱਜ ਇੱਥੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਮੁੱਢ ਤੋਂ ਅਮਨ ਅਤੇ ਭਾਈਚਾਰਕ ਸਾਂਝ ਦਾ ਮੁੱਦਈ ਰਿਹਾ ਹੈ ਪਰ ਪਾਕਿਸਤਾਨ ਨੇ ਹਮੇਸ਼ਾ ਹੀ ਸਾਡੀ ਦਰਿਆਦਿਲੀ ਨੂੰ ਸਾਡੀ ਕਮਜ਼ੋਰੀ ਸਮਝਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰੀ ਨਰਿੰਦਰ ਮੋਦੀ ਸਮੇਂ ਭਾਰਤ ਦੇ ਪ੍ਰਧਾਨ ਮੰਤਰੀਆਂ ਨੇ ਪਾਕਿਸਤਾਨ ਵੱਲ ਹਮੇਸ਼ਾ ਹੀ ਦੋਸਤੀ ਦਾ ਹੱਥ ਵਧਾਇਆ ਹੈ ਪਰ ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਅਤੇ ਭਾਰਤੀ ਆਗੂਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਇਹ ਸਰਜੀਕਲ ਆਪ੍ਰੇਸ਼ਨ ਕਰਨਾ ਭਾਰਤ ਸਰਕਾਰ ਲਈ ਬਹੁਤ ਜ਼ਰੂਰੀ ਹੋ ਗਿਆ ਸੀ।  ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਲੇਰਾਨਾ ਤੇ ਸ਼ਾਨਦਾਰ ਕੰਮ ਦੀ ਮਿਸਾਲ ਦੁਨੀਆਂ ਭਰ ਵਿੱਚ ਹੋਰ ਕਿਤੇ ਨਹੀਂ ਮਿਲਦੀ ਹੈ। ਉਨਾਂ ਕਿਹਾ ਕਿ ਪਾਕਿਸਤਾਨ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ ਨੂੰ ਉਤਸ਼ਾਹਤ ਕਰਕੇ ਕਦੇ ਮੁੰਬਈ, ਕਦੇ ਸੰਸਦ ਭਵਨ ਅਤੇ ਭਾਰਤ ਦੇ ਹੋਰ ਹਿੱਸਿਆਂ ‘ਚ ਹਮਲੇ ਕਰਾਉਂਦਾ ਰਿਹਾ ਹੈ ਪਰ ਉੜੀ ਵਿਖੇ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਸਬਰ ਦਾ ਪਿਆਲਾ ਭਰ ਗਿਆ, ਜਿਸ ਕਾਰਨ ਮੋਦੀ ਨੇ ਇਸਦਾ ਢੁਕਵਾਂ ਜੁਆਬ ਦਿੰਦੇ ਹੋਏ ਪਾਕਿਸਤਾਨ ਵਿਚਾਲੇ ਅੱਤਵਾਦੀ ਟਿਕਾਣਿਆਂ ਨੂੰ ਢਹਿ-ਢੇਰੀ
ਕਰ ਦਿੱਤਾ ਜੋ ਕਿ ਕਾਬਲੇ ਤਰੀਫ ਹੈ।
ਸਰਹੱਦਾਂ ‘ਤੇ ਰਹਿੰਦੇ ਲੋਕਾਂ ਨੂੰ ਸੱਚੇ ਦੇਸ਼ ਭਗਤ ਕਹਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਤੀ ਦੇ ਉਹ ਪੁੱਤਰ ਹਨ, ਜਿੰਨਾਂ ਨੂੰ ਹਰ ਰੋਜ਼ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ । ਉਨਾਂ ਕਿਹਾ ਕਿ ਇੰਨਾਂ ਮੁਸ਼ਕਲਾਂ ਦੇ ਬਾਵਜੂਦ ਇੰਨਾਂ ਬਹਾਦਰ ਅਤੇ ਮਿਹਨਤੀ ਲੋਕਾਂ ਨੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਵੱਡਮੁਲਾ ਯੋਗਦਾਨ ਪਾਇਆ । ਸ. ਬਾਦਲ ਨੇ ਕਿਹਾ ਕਿ ਇਹ ਬਹਾਦਰ ਲੋਕ ਹਰ ਦਿਨ ਦੁਸ਼ਮਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਮਾਤਰਭੂਮੀ ਦੀ ਸੱਚੀ ਸੇਵਾ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਪੰਜਾਬ ਸੂਬਾ ਹੀ ਨਹੀਂ ਬਲਕਿ ਪੂਰਾ ਦੇਸ਼ ਇੰਨਾਂ ਦੀ ਮਿਸ਼ਾਲੀ ਹੌਂਸਲੇ ਅਤੇ ਦੇਸ਼ ਭਗਤੀ ਦਾ ਰਿਣੀ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਦੀ ਇਹ ਜਿੰਮੇਵਾਰੀ ਕਿ ਇੰਨਾਂ ਲੋਕਾਂ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇ, ਜੋ ਭਾਰਤ-ਪਾਕਿਸਤਾਨ ਦਰਮਿਆਨ ਬਣੇ ਤਨਾਅ ਤੋਂ ਬਾਅਦ ਆਪਣੇ ਘਰ ਬਾਹਰ ਛੱਡ ਕੇ ਆਏ ਹਨ। ਸ. ਬਾਦਲ ਨੇ ਕਿਹਾ ਕਿ ਉਹ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਰਾਹਤ ਕੈਂਪਾਂ ਵਿੱਚ ਲੋਕਾਂ ਨੂੰ ਉਪਲਬੱਧ ਕਰਵਾਈਆਂ ਸਹੂਲਤਾਂ ਅਤੇ ਪ੍ਰਬੰਧਾਂ ਦੀ ਨਿਗਰਾਨੀ ਰੱਖ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਸਲਾਹ ਤੋਂ ਬਾਅਦ ਸਰਹੱਦੀ ਖੇਤਰਾਂ ‘ਚ ਵਸੇ ਲੋਕਾਂ ਨੂੰ ਬਾਹਰ ਕੱਢ ਕੇ ਰਾਹਤ ਕੈਂਪ ਵਿੱਚ ਪਹੁੰਚਾਇਆ ਹੈ। ਉਨਾਂ ਕਿਹਾ ਕਿ ਲੋਕਾਂ ਦੇ ਜਾਨ ਅਤੇ ਮਾਲ ਦੇ ਵੱਡੇ ਨੁਕਸਾਨ ਤੋਂ ਬੱਚਣ ਲਈ ਅਜਿਹਾ ਕੀਤਾ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਇਸ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਅਤੇ ਉਨਾਂ ਦੀ ਸਹਾਇਤਾ ਕਰਨ ਵਿੱਚ ਕਿਸੇ ਵੀ ਤਰਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇੰਨਾਂ ਰਾਹਤ ਕੈਂਪਾਂ ਨੂੰ ਸਥਾਪਿਤ ਕਰਨ ਲਈ ਜ਼ਿਲਾ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਇਨਾਂ ਲੋਕਾਂ ਨੂੰ ਸੇਵਾਵਾਂ ਮੁਹਈਆ ਕਰਵਾਉਣ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਧੀਆ ਤਰੀਕੇ ਨਾਲ ਜਿੰਮੇਵਾਰੀ ਨਿਭਾਈ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਨਾਂ ਨੂੰ ਇਸ ਸਕੰਟ ਵਿਚੋਂ ਕੱਢਣ ਲਈ ਪੂਰਾ ਸਹਿਯੋਗ ਦੇਵੇਗੀ। ਸ. ਬਾਦਲ ਨੇ ਅੱਗੇ ਕਿਹਾ ਕਿ ਇਸ ਮੌਕੇ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸੂਬਾ ਸਰਕਾਰ ਸਰਹੱਦੀ ਖੇਤਰ ਦੇ ਬਹਾਦਰ ਲੋਕਾਂ ਦੀ ਸੇਵਾ ਲਈ ਪੂਰੀ ਤਰਾਂ ਵਚਨਬੱਧ ਹੈ।
ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਬਾਕੀ ਸੂਬਿਆਂ ਨਾਲੋਂ ਪੰਜਾਬ ਦੀਆਂ ਸਰਹੱਦਾਂ ਤੇ ਕੇਂਦਰ ਵੱਲੋਂ ਇਸ ਕਾਰਨ ਜ਼ਿਆਦਾ ਚੌਕਸੀ ਵਰਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਸਰਹੱਦੀ ਜ਼ਿਲਿਆਂ ਦੀ ਸੰਘਣੀ ਆਬਾਦੀ ਸਰਹੱਦ ਦੇ 10 ਕਿੱਲੋਮੀਟਰ ਦੇ ਘੇਰੇ ਵਿੱਚ ਵੱਸਦੀ ਹੈ। ਜਿਸ ਕਾਰਨ ਕੇਂਦਰ ਤੇ ਰਾਜ ਸਰਕਾਰ ਨੂੰ ਇੱਥੋਂ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੀ ਭਾਰੀ ਚਿੰਤਾ ਹੈ।
ਪਿੰਡ ਪ੍ਰਭਾਤ ਸਿੰਘ ਵਾਲਾ, ਪੱਕਾ ਚਿਸਤੀ ਤੇ ਜੱਟ ਵਾਲੀ ਦੇ ਸੰਤ ਕਬੀਰ ਕਾਲਜ ਵਿਚ ਬਣੇ ਰਾਹਤ ਕੇਂਦਰ ਵਿਚ ਸਰਹੱਦੀ ਲੋਕਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਸਰਹੱਦ ਤੇ ਅਸ਼ਾਂਤੀ ਫੈਲਾਉਣ ਵਾਲੀਆਂ ਕਿਸੇ ਵੀ ਤਰਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ। ਉਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਬੇਨਤੀ ਕਰਨਗੇ ਕਿ ਸਰਹੱਦੀ ਖੇਤਰਾਂ ਵਿਚੋਂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਇੱਥੋਂ ਦੇ ਨੌਜਵਾਨਾਂ ਦੀ  ਫ਼ੌਜ ਅਤੇ ਨੀਮ ਸੁਰੱਖਿਆ ਬਲਾਂ ਵਿੱਚ  ਵਿਸ਼ੇਸ਼ ਭਰਤੀ ਲਈ ਮੁਹਿੰਮ ਚਲਾਈ ਜਾਵੇ ਤਾਂ ਜੋ ਇਹ ਨੌਜਵਾਨ ਦੇਸ਼ ਦੀ ਸੇਵਾ ਵਿੱਚ ਹੋਰ ਯੋਗਦਾਨ ਪਾ ਸਕਣ।
ਮੁੱਖ ਮੰਤਰੀ ਨੇ ਸਰਹੱਦੀ ਕਿਸਾਨਾਂ ਦੀ ਮੰਗ ਤੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਰਾਜ ਸਰਕਾਰ ਨੇ ਝੋਨੇ ਦੀ ਖ਼ਰੀਦ ਲਿਫ਼ਟਿੰਗ ਅਤੇ ਅਦਾਇਗੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਕੰਮ ਵਿੱਚ ਕਿਸੇ ਤਰਾਂ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਰਹੱਦੀ ਖੇਤਰਾਂ ਵਿਚੋਂ ਖ਼ਰੀਦ ਦੀ ਨਿਗਰਾਨੀ ਲਈ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਝੌਨੇ ਦੀ ਲਿਫਟਿੰਗ ਤੇਜੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਪੰਜਾਬ ਦੇ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ ਨੇ ਮੁੱਖ ਮੰਤਰੀ ਨੂੰ ਸਥਾਨਕ ਲੋਕਾਂ ਦੀਆਂ ਮੁਸਕਿਲਾਂ ਅਤੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਬਾਰੇ  ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ: ਸਤਿੰਦਰਜੀਤ ਸਿੰਘ ਮੰਟਾ, ਸ: ਗੁਰਪਾਲ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਸੋਕ ਅਨੇਜਾ ਵਾਈਸ ਚੇਅਰਮੈਨ ਪੰਜਾਬ ਐਗਰੋ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਐਸ. ਕਰੁਣਾ ਰਾਜੂ, ਪ੍ਰਮੁੱਖ ਸਕੱਤਰ ਬਿਜਲੀ ਸ੍ਰੀ ਏ ਵੇਣੂ ਪ੍ਰਸਾਦ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸਾ ਕਾਲੀਆ, ਡੀਆਈਜੀ ਆਰ ਐਸ ਖੱਟੜਾ, ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ, ਸ: ਦਵਿੰਦਰ ਸਿੰਘ ਬੱਬਲ, ਸ੍ਰੀ ਵਿਨੋਦ ਬਜਾਜ, ਸ੍ਰੀ ਲਖਵਿੰਦਰ ਸਿੰਘ ਰੋਹੀਵਾਲਾ, ਬੀਬੀ ਵੀਰਪਾਲ ਕੌਰ ਤਰਮਾਲਾ ਮੈਂਬਰ ਇਸਤਰੀ ਅਕਾਲੀ ਦਲ, ਪਰਮਜੀਤ ਸਿੰਘ ਪੰਮਾ ਵੈਰੜ, ਆਦਿ ਹਾਜਰ ਸਨ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *