Breaking News
Home / Punjab / ਪਿਛਲੇ 9 ਸਾਲਾਂ ‘ਚ ਬਿਜਲੀ ਉਤਪਾਦਨ 99.84 ਫੀਸਦੀ ਵਧਾਇਆ : ਸੁਖਬੀਰ

ਪਿਛਲੇ 9 ਸਾਲਾਂ ‘ਚ ਬਿਜਲੀ ਉਤਪਾਦਨ 99.84 ਫੀਸਦੀ ਵਧਾਇਆ : ਸੁਖਬੀਰ

ਚੰਡੀਗੜ੍ਹ, 30 ਸਤੰਬਰ (ਚ.ਨ.ਸ.): ਇਸ ਸਮੇਂ ਪੰਜਾਬ ਵਿਚ ਬਿਜਲੀ ਉਤਪਾਦਨ ਸਾਲ 2007 ਦੇ ਮੁਕਾਬਲੇ ਤਕਰੀਬਨ ਦੁੱਗਣਾ ਹੋ ਰਿਹਾ ਹੈ ਜਿਸ ਸਦਕਾ ਪੰਜਾਬ ਵਾਧੂ ਬਿਜਲੀ ਵਾਲੇ ਸੂਬੇ ਦੇ ਤੌਰ ‘ਤੇ ਦੇਸ਼ ਭਰ ਵਿਚ ਮੋਹਰੀ ਰਾਜ ਬਣ ਗਿਆ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ 9 ਸਾਲ ਪਹਿਲਾਂ ਜਦੋਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸੇਵਾ ਸੰਭਾਲੀ ਸੀ ਤਾਂ ਬਿਜਲੀ ਦਾ ਉਤਪਾਦਨ 6201 ਮੈਗਾਵਾਟ ਸੀ ਜੋ ਕਿ ਮੌਜੂਦਾ ਸਰਕਾਰ ਦੌਰਾਨ ਵੱਧ ਕੇ 12392 ਮੈਗਾਵਾਟ ਹੋ ਗਿਆ ਹੈ ਜੋ ਕਿ 99.84 ਫੀਸਦੀ ਵਾਧਾ ਬਣਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿਚ ਬਿਜਲੀ ਦੀ ਮੰਗ ਆਮ ਤੌਰ ‘ਤੇ 9000 ਮੈਗਾਵਾਟ ਤੋਂ ਲੈ ਕੇ 11,500 ਮੈਗਾਵਾਟ (ਉੱਚ ਪੱਧਰੀ ਮੰਗ) ਰਹਿੰਦੀ ਹੈ। ਇਸ ਹਿਸਾਬ ਨਾਲ ਪੰਜਾਬ ਵਿਚ ਬਿਜਲੀ ਦਾ ਉਤਪਾਦਨ ਬਿਜਲੀ ਦੀ ਮੰਗ ਤੋਂ 37.69 ਫੀਸਦੀ ਵਧੇਰੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਕਾਂਗਰਸ ਸਰਕਾਰ ਦੌਰਾਨ 2002-07 ਵਿੱਚ ਬਿਜਲੀ ਉਤਪਾਦਨ ਵਧਾਉਣ ਲਈ 4937 ਕਰੋੜ ਰੁਪਏ ਖਰਚੇ ਗਏ ਸਨ ਅਤੇ ਬਿਜਲੀ ਸਪਲਾਈ ਦੇ ਢਾਂਚੇ ਦਾ ਵਿਕਾਸ ਕਰਨ ਲਈ 2544 ਕਰੋੜ ਰੁਪਏ ਖਰਚ ਕੀਤੇ ਗਏ ਸਨ। ਵਿਕਾਸ ਲਈ ਬਿਜਲੀ ਦੀ ਮਹੱਤਤਾ ਨੂੰ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜ ਕਾਲ 2007-15 ਦੌਰਾਨ ਬਿਜਲੀ ਉਤਪਾਦਨ ਵਧਾਉਣ ਲਈ ਕਰੀਬ 30000 ਕਰੋੜ ਰੁਪਏ ਅਤੇ ਬਿਜਲੀ ਸਪਲਾਈ ਢਾਂਚੇ ਦੇ ਵਿਕਾਸ ਉੱਪਰ 12,309 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।  ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਸਮੇਂ ਦੀ ਗਤੀ ਨਾਲ ਕਦਮ ਮਿਲਾਉਂਦਿਆਂ ਬਿਜਲੀ ਉਤਪਾਦਨ ਦੇ ਖੇਤਰ ਵਿਚ ਪੰਜਾਬ ਸਰਕਾਰ ਨੇ ਇੱਕ ਨਵਾਂ ਅਧਿਆਏ ਲਿਖਿਆ ਹੈ। ਹੁਣ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨਵਿਆਉਣਯੋਗ ਊਰਜਾ ਉਤਪਾਦਨ ਵੱਲ ਜ਼ੋਰ ਦੇ ਰਹੀ ਹੈ। ਸੂਰਜੀ ਊਰਜਾ ਤੋਂ ਬਿਜਲੀ ਬਣਾਉਣ ਵਿਚ ਪੰਜਾਬ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਇਸ ਨਾਲ ਜਿੱਥੇ ਸਸਤਾ ਬਿਜਲੀ
ਉਤਪਾਦਨ ਹੋ ਰਿਹਾ ਹੈ ਉੱਥੇ ਹੀ ਸਾਡਾ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ।
ਉਨ੍ਹਾਂ ਦੱਸਿਆ ਕਿ ਪੰਜਾਬ ਦੁਨੀਆਂ ਦਾ ਇਕੋ-ਇਕ ਅਜਿਹਾ ਸੂਬਾ ਬਣ ਚੁੱਕਿਆ ਹੈ ਜਿੱਥੇ ਬਿਆਸ ਵਿਚ ਦੁਨੀਆ ਦੀ ਸਭ ਤੋਂ ਵੱਡੀ ਸੋਲਰ ਛੱਤ ਦੀ ਸਥਾਪਨਾ ਕੀਤੀ ਗਈ ਹੈ ਅਤੇ ਬੀਤੇ ਕੱਲ੍ਹ ਹੀ 31.5 ਮੈਗਾਵਾਟ ਦੀ ਸਮਰੱਥਾ ਵਾਲੇ ਇਕੋ ਤਾਂ ਲਗਾਏ ਗਏ ਸਭ ਤੋਂ ਵੱਡੇ ਸੋਲਰ ਪਲਾਂਟ ਦਾ ਵੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਕਲਾਂ ਵਿਖੇ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ‘ਚ 470 ਮੈਗਾਵਾਟ ਸੋਲਰ ਬਿਜਲੀ ਪੈਦਾ ਹੋ ਰਹੀ ਹੈ ਅਤੇ ਲੱਗਭਗ 500 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ ਜੋ ਕਿ 2017 ਵਿਚ ਮੁਕੰਮਲ ਹੋ ਜਾਣਗੇ।ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਸਦਕਾ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਸ. ਬਾਦਲ ਨੇ ਦੱਸਿਆ ਕਿ ਘਰੇਲੂ, ਕਿਸਾਨੀ ਅਤੇ ਕਾਰੋਬਾਰੀ ਬਿਜਲੀ ਸਪਲਾਈ ਵਿਚ ਅੰਤਾਂ ਦਾ ਸੁਧਾਰ ਹੋਇਆ ਹੈ। ਗੁਆਂਢੀ ਸੂਬਿਆਂ ਵਿਚ ਜਿੱਥੇ ਹਾਲੇ ਵੀ ਲੰਬੇ-ਲੰਬੇ ਬਿਜਲੀ ਕੱਟ ਲੱਗਦੇ ਹਨ ਉੱਥੇ ਹੀ ਪੰਜਾਬ ਸਰਕਾਰ ਨੇ ਸੂਬੇ ਵਿਚ ਘਰੇਲੂ ਅਤੇ ਖੇਤੀ ਖੇਤਰ ਨੂੰ 24 ਘੰਟੇ ਬਿਜਲੀ ਦੀ ਪੂਰਤੀ ਯਕੀਨੀ ਬਣਾਉਣ ਲਈ ਦੋਨਾਂ ਖੇਤਰਾਂ ਦੇ ਫ਼ੀਡਰ ਵੀ ਵੱਖ ਕਰ ਦਿੱਤੇ ਹਨ। 2008-12 ਦੌਰਾਨ ਪੂਰੇ ਕੀਤੇ ਗਏ ਇਸ ਪ੍ਰਾਜੈਕਟ ਉਪਰ 11,540 ਲੱਖ ਰੁਪਏ ਖ਼ਰਚ ਕੀਤੇ ਗਏ।
ਬਿਜਲੀ ਸਬੰਧੀ ਇਕ ਹੋਰ ਅਹਿਮ ਪੱਖ ਵੱਲ ਧਿਆਨ ਦਿਵਾਉਂਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਬਿਜਲੀ ਸਪਲਾਈ ਲਈ ਇੱਕ ਢਾਂਚਾ ਕੰਮ ਕਰਦਾ ਹੈ ਜਿਸ ਨੂੰ ਪ੍ਰਸਾਰ ਅਤੇ ਵੰਡ (ਟ੍ਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ) ਆਖਦੇ ਹਨ। ਇਸ ਦਾ ਕੰਮ ਬਿਜਲੀ ਨੂੰ ਵੱਖ-ਵੱਖ ਇਲਾਕਿਆਂ ਵਿਚ ਪਹੁੰਚਾਉਣਾ ਹੁੰਦਾ ਹੈ। ਇਸ ਦੌਰਾਨ ਕਾਫੀ ਸਾਰੀ ਬਿਜਲੀ ਦਾ ਨੁਕਸਾਨ ਵੀ ਹੋ ਜਾਂਦਾ ਹੈ ਜਿਸ ਨੂੰ ਕਿ ਬਿਜਲੀ ਦਾ ਘਾਟਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਹ ਘਾਟਾ 31 ਮਾਰਚ 2007 ਨੂੰ ਕੁੱਲ ਬਿਜਲੀ ਪੂਰਤੀ ਦਾ 22.53 ਫੀਸਦੀ ਸੀ ਜੋ ਕਿ ਮੌਜੂਦਾ ਸਰਕਾਰ ਦੇ ਕਾਰਜ ਕਾਲ ਵਿਚ 31 ਮਾਰਚ 2015 ਨੂੰ ਕੇਵਲ 15.19 ਫੀਸਦੀ ਰਹਿ ਗਿਆ ਹੈ ਜੋ ਕਿ ਪੂਰੇ ਭਾਰਤ ਵਿਚ ਪੰਜਾਬ ਨੂੰ ਸਭ ਤੋਂ ਵਧੀਆ ਪ੍ਰਸਾਰ ਅਤੇ ਵੰਡ ਵਾਲੇ ਸੂਬਿਆਂ ਦੀ ਕਤਾਰ ਵਿਚ ਸ਼ਾਮਿਲ ਕਰਦਾ ਹੈ। ਮੌਜੂਦਾ ਸਮੇਂ ਬਿਜਲੀ ਸਪਲਾਈ ਦੌਰਾਨ ਬਿਜਲੀ ਦਾ ਨੁਕਸਾਨ 7 ਫੀਸਦੀ ਤੋਂ ਵੀ ਜ਼ਿਆਦਾ ਘੱਟ ਗਿਆ ਹੈ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *