Breaking News
Home / Punjab / ਪੰਜਾਬ ਨੇ ਡਾ. ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ‘ਚ ਲਾਗੂ ਕੀਤਾ : ਸੁਖਬੀਰ

ਪੰਜਾਬ ਨੇ ਡਾ. ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ‘ਚ ਲਾਗੂ ਕੀਤਾ : ਸੁਖਬੀਰ

ਵਿਸ਼ਵ ਕਬੱਡੀ ਕੱਪ-2016 ਦਾ ਨਾਂ ‘ਡਾ. ਅੰਬੇਦਕਰ ਵਿਸ਼ਵ ਕਬੱਡੀ ਕੱਪ’ ਰੱਖਣ ਦਾ ਐਲਾਨ
ਅੰਮ੍ਰਿਤਸਰ, 23 ਸਤੰਬਰ (ਗੁਰਦਿਆਲ ਸਿੰਘ): ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਵਲ ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ 125ਵੀਂ ਵਰ੍ਹੇਗੰਢ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਛੇ ਰਾਸ਼ਟਰੀ ਸੈਮੀਨਾਰਾਂ ਦੀ ਲੜੀ ਦੇ ਚੌਥੇ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਖਚਾਖੱਚ ਭਰੇ ਦਸਮੇਸ਼ ਆਡੀਟੋਰੀਅਮ ਵਿਚ ‘ਭਾਰਤੀ ਸੰਵਿਧਾਨ ਦੇ ਪਿਤਾਮਾ-ਡਾ. ਬੀ. ਆਰ ਅੰਬੇਦਕਰ’ ਵਿਸ਼ੇ ‘ਤੇ ਕਰਵਾਏ ਗਏ ਇਸ ਰਾਸ਼ਟਰੀ ਸੈਮੀਨਾਰ ਮੌਕੇ ਡਾ. ਅੰਬੇਦਕਰ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਕਿ ਨਵੰਬਰ ਵਿਚ ਹੋ ਰਹੇ ਵਿਸ਼ਵ ਕਬੱਡੀ ਕੱਪ ਦਾ ਨਾਂਅ ‘ਡਾ. ਅੰਬੇਦਕਰ ਵਿਸ਼ਵ ਕਬੱਡੀ ਕੱਪ’ ਹੋਵੇਗਾ ਅਤੇ ਪੰਜਾਬ ਵਿਚ ਖੋਲ੍ਹੀਆਂ ਜਾ ਰਹੀਆਂ ਮੁਫ਼ਤ ਦਵਾਈਆਂ ਦੀਆਂ 2600 ਦੁਕਾਨਾਂ ਵੀ ਡਾ. ਅੰਬੇਦਕਰ ਦੇ ਨਾਂਅ ‘ਤੇ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਬੰਧੀ ਵਿਸ਼ਾ ਲਾਜ਼ਮੀ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਸੋਚ ਨੂੰ ਅਪਣਾ ਕੇ ਆਪਣਾ ਚਰਿੱਤਰ ਨਿਰਮਾਣ ਕਰ ਸਕਣ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਨਾਲ ਰਹਿੰਦੇ ਹਨ ਅਤੇ ਇਥੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਮਾਹੌਲ
ਖ਼ਰਾਬ ਹੋਣ ‘ਤੇ ਵੀ ਇਥੇ ਕਿਧਰੇ ਦੰਗੇ-ਫਸਾਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਆਪਣਾ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਜਿਥੇ ਵਿਸ਼ਵ ਪੱਧਰੀ ਯਾਦਗਾਰਾਂ ਦੀ ਉਸਾਰੀ ਕਰਵਾਈ ਹੈ, ਉਥੇ ਧਾਰਮਿਕ ਸਥਾਨਾਂ ਨੂੰ ਖ਼ੂਬਸੂਰਤ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਹਨ, ਜਿਨ੍ਹਾਂ ਵਿਚ ਰਾਮਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦਗਾਰ, ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਯਾਦਗਾਰ ਅਤੇ ਦੁਰਗਿਆਣਾ ਮੰਦਿਰ ਦੇ ਸੁੰਦਰੀਕਰਨ ਆਦਿ ਦੇ ਕੰਮ ਸ਼ਾਮਿਲ ਹਨ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਦੀ ਆਬਾਦੀ 31.6 ਫੀਸਦੀ ਹੈ ਜਦਕਿ ਸਮੁੱਚੇ ਭਾਰਤ ਵਿਚ ਕੇਵਲ 16 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗ਼ਰੀਬ ਤੇ ਕਮਜ਼ੋਰ ਵਰਗ ਲਈ ਆਟਾ-ਦਾਲ ਸਕੀਮ, ਸ਼ਗਨ ਸਕੀਮ, ਮਕਾਨਾਂ ਅਤੇ ਫਲੱਸ਼ਾਂ ਦੀ ਉਸਾਰੀ, ਫਜ਼ੀਫਾ ਸਕੀਮਾਂ, ਮੁਫ਼ਤ ਕਿਤਾਬਾਂ, ਮੁਫ਼ਤ ਬਿਜਲੀ, ਹੁਨਰ ਵਿਕਾਸ ਲਈ ਮੁਫ਼ਤ ਤਕਨੀਕੀ ਸਿੱਖਿਆ ਅਤੇ ਟ੍ਰੇਨਿੰਗ, ਬੱਚੀਆਂ ਦੀ ਮੁਫ਼ਤ ਪੜ੍ਹਾਈ ਆਦਿ ਵਰਗੀਆਂ ਅਨੇਕਾਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਧਰਮਸ਼ਾਲਾ ਅਤੇ ਸ਼ਹਿਰਾਂ ਵਿਚ ਡਾ. ਅੰਬੇਦਕਰ ਭਵਨਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਅਨੁਸੂਚਿਤ ਜਾਤੀਆਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਪ੍ਰੋਟੈਕਸ਼ਨ ਸੈੱਲਾਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 2006-7 ਵਿਚ ਐਸ. ਸੀ. ਐਸ. ਟੀ ਸਕਾਲਰਸ਼ਿਪ ਦੀ ਜਿਹੜੀ ਰਾਸ਼ੀ ਕੇਵਲ 13 ਕਰੋੜ ਰੁਪਏ ਸੀ ਉਹ ਹੁਣ ਵੱਧ ਕੇ 600 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਅਤੇ ਪਹਿਲਾਂ ਜਿਥੇ ਇਥੋਂ ਦੇ ਵਿਦਿਆਰਥੀ ਬਾਹਰਲੇ ਰਾਜਾਂ ਵਿਚ ਪੜ੍ਹਨ ਲਈ ਜਾਂਦੇ ਸਨ, ਹੁਣ ਬਾਹਰਲੇ ਸੂਬਿਆਂ ਦੇ ਵਿਦਿਆਰਥੀ ਇਥੇ ਪੜ੍ਹਨ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਈ. ਆਈ. ਟੀ. ਰੋਪੜ, ਆਈ. ਆਈ. ਐਮ ਅੰਮ੍ਰਿਤਸਰ, ਏਮਜ਼ ਬਠਿੰਡਾ ਅਤੇ ਇੰਡੀਅਨ ਸਕੂਲ ਆਫ ਬਿਜ਼ਨੈਸ ਮੁਹਾਲੀ ਆਦਿ ਨਾਲ ਇਥੋਂ ਦੀ ਸਿੱਖਿਆ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਈ ਹੈ। ਗੁਰੂ ਨਗਰੀ ਅੰਮ੍ਰਿਤਸਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੰਤ ਤੱਕ ਇਥੇ ਸਾਰੇ ਵਿਕਾਸ ਪ੍ਰਾਜੈਕਟ ਮੁਕੰਮਲ ਹੋਣ ਨਾਲ ਇਹ ਬਹੁਤ ਹੀ ਖ਼ੂਬਸੂਰਤ ਸ਼ਹਿਰ ਬਣ ਕੇ ਅੰਤਰਰਾਸ਼ਟਰੀ ਟੂਰਿਜ਼ਮ ਹੱਬ ਵਜੋਂ ਜਾਣਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਸਾਨੂੰ ਡਾ. ਅੰਬੇਦਕਰ ਜੀ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ ਹੈ ਅਤੇ ਪੰਜਾਬ ਇਸ ਸਬੰਧੀ ਇਕ ਰੋਲ ਮਾਡਲ ਬਣੇਗਾ।
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਡਾ. ਕਿਰਨ ਬੇਦੀ ਨੇ ਇਸ ਮੌਕੇ ਕਿਹਾ ਕਿ ਜੇਕਰ ਅਸੀਂ ਥੋੜ੍ਹੇ ਜਿਹੇ ਵੀ ਡਾ. ਅੰਬੇਦਕਰ ਵਰਗੇ ਬਣ ਜਾਈਏ ਤਾਂ ਦੇਸ਼ ਬਦਲ ਸਕਦਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਸਾਨੂੰ ਆਪਣੇ ਗੁਰੂਆਂ, ਸੰਤਾਂ ਅਤੇ ਮਹਾਨ ਸ਼ਖਸੀਅਤਾਂ ਦੀ ਜ਼ਿੰਦਗੀ ਤੋਂ ਸੇਧ ਲੈ ਕੇ ਆਪਣਾ ਚਰਿੱਤਰ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਦੇਸ਼ ਦੀ ਵਾਗਡੋਰ ਉਨ੍ਹਾਂ ਦੇ ਹੱਥ ਹੈ ਅਤੇ ਉਨ੍ਹਾਂ ਨੂੰ ਫੇਸ ਬੁੱਕ ਆਦਿ ਤਿਆਗ ‘ਸੈਲਫ ਐਜੂਕੇਸ਼ਨ’ ਲੈਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਸਮਾਂ ਗਿਆਨ ਹਾਸਲ ਕਰਨ ਅਤੇ ਖੇਡਾਂ ਵਿਚ ਲਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਕਾਨੂੰਨ ਦੀ ਪਾਲਣਾ ਕਰਨੀ, ਵਾਅਦਾ ਨਿਭਾਉਣਾ ਅਤੇ ਸਵੈ-ਵਿਸ਼ਵਾਸ ਬਹੁਤ ਹੀ ਜ਼ਰੂਰੀ ਚੀਜ਼ਾਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ‘ਸਵੱਛ ਭਾਰਤ’ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਗਰੀਬਾਂ ਤੇ ਪੱਛੜੇ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਅੰਬੇਦਕਰ ਅਤੇ ਉਨ੍ਹਾਂ ਦੀ ਮਹਾਨ ਦੇਣ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਡਾ. ਅੰਬੇਦਕਰ ਦੀ ਵਿਚਾਰਧਾਰਾ 70 ਸਾਲ ਪਹਿਲਾਂ ਵੀ ਕਾਰਗਰ ਸੀ ਅਤੇ ਅੱਜ ਵੀ ਕਾਰਗਰ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵਿੰਭਿਨਤਾ ਨਾਲ ਭਰੇ ਮੁਲਕ ਦਾ ਸੰਵਿਧਾਨ ਤਿਆਰ ਕਰਨਾ ਬਹੁਤ ਵੱਡਾ ਕੰਮ ਸੀ, ਜੋ ਡਾ ਅੰਬੇਦਕਰ ਨੇ ਕਰ ਵਿਖਾਇਆ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਮਹਾਨ ਵਿਦਵਾਨ, ਸਮਾਜ ਸੁਧਾਰਕ, ਰਾਜਨੀਤੀਵਾਨ, ਕਾਨੂੰਨਦਾਨ, ਸੰਵਿਧਾਨ ਨਿਰਮਾਤਾ, ਦੂਰਅੰਦੇਸ਼ ਅਤੇ ਅਧਿਕਾਰਾਂ ਦੇ ਚੈਂਪੀਅਨ ਸਨ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨੇ ਕੇਵਲ ਦਲਿਤਾਂ ਬਾਰੇ ਹੀ ਨਹੀਂ ਸੋਚਿਆ ਸਗੋਂ ਸਾਰੀ ਮਨੁੱਖਤਾ ਅਤੇ ਸਰਬ ਸਾਂਝੀਵਾਲਤਾ ਬਾਰੇ ਸੋਚਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ ਸੋਚ ਨੂੰ ਸਮਕਾਲੀ ਨਹੀਂ ਸਮਝ ਸਕੇ ਅਤੇ ਉਨ੍ਹਾਂ ਦੀ 1955 ਵਿਚ ਮੱਧ ਪ੍ਰਦੇਸ਼ ਅਤੇ ਬਿਹਾਰ ਨੂੰ ਦੋ ਭਾਗਾਂ ਵਿਚ ਵੰਡਣ ਦੀ ਗੱਲ ਨੂੰ 50 ਸਾਲ ਬਾਅਦ ਅਮਲੀ ਜਾਮਾ ਪਹਿਨਾਉਣਾ ਪਿਆ। ਭਾਰਤ ਦੇ ਸਾਬਕਾ ਚੀਫ ਜਸਟਿਸ ਕੇ. ਜੀ ਬਾਲਾਕ੍ਰਿਸ਼ਨਨ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਦਕਰ ਇਕ ਹਰਫਨਮੌਲਾ ਵਿਅਕਤੀ ਸਨ, ਜਿਨ੍ਹਾਂ ਨੇ ਲੋਕਤੰਤਰ ਅਤੇ ਸਮਾਨਤਾ ਵਾਲਾ ਸੰਵਿਧਾਨ ਰਚ ਕੇ ਇਕ ਮਹਾਨ ਕੰਮ ਕੀਤਾ। ਮੈਂਬਰ ਪਾਰਲੀਮੈਂਟ ਸ੍ਰੀ ਸ਼ਵੇਤ ਮਲਿਕ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਦਕਰ ਨੇ ਸਮਾਨਤਾ ਦਾ ਅਧਿਕਾਰ ਦਿਵਾ ਕੇ ਸਮਾਜ ਵਿਚੋਂ ਭੇਦਭਾਵ ਦਾ ਦਾਗ ਮਿਟਾ ਦਿੱਤਾ ਅਤੇ ਸਾਨੂੰ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਦਕਰ ਸਦਕਾ ਹੀ ਸਮਾਜ ਦੇ ਦੱਬੇ-ਕੁਚਲੇ ਲੋਕ ਅੱਜ ਸਨਮਾਨ ਦੀ ਜ਼ਿੰਦਗੀ ਬਸਰ ਕਰ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਅਜੈਬ ਸਿੰਘ ਬਰਾੜ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸੀਨੀਅਰ ਡਿਪਟੀ ਮੇਅਰ ਸ. ਅਵਤਾਰ ਸਿੰਘ ਟਰੱਕਾਂਵਾਲਾ, ਡਿਪਟੀ ਮੇਅਰ ਸ੍ਰੀ ਅਵਿਨਾਸ਼ ਜੌਲੀ, ਡਿਪਟੀ ਕਮਸ਼ਿਨਰ ਸ੍ਰੀ ਵਰੁਣ ਰੂਜਮ, ਕਮਿਸ਼ਨਰ ਪੁਲਿਸ ਸ. ਅਮਰ ਸਿੰਘ ਚਾਹਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਨ੍ਹਾਂ ਰਾਸ਼ਟਰੀ ਸੈਮੀਨਾਰਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਦੇ ਕਨਵੀਨਰ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਇਸ ਤੋਂ ਬਾਅਦ ਸੈਨੇਟ ਹਾਲ ‘ਚ ਹੋਏ ਸੈਮੀਨਾਰ ਦੌਰਾਨ ਦੇਸ਼ ਦੇ ਕੋਨੇ-ਕੋਨੇ ਵਿਚੋਂ ਪਹੁੰਚੇ ਵਿਦਵਾਨਾਂ ਨੇ ਡਾ. ਅੰਬੇਦਕਰ ‘ਤੇ ਆਪਣੇ ਪਰਚੇ ਪੜ੍ਹੇ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *