Breaking News
Home / Punjab / ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅਕਾਲੀ ਦਲ ਵੱਲੋਂ ਕਾਨਫਰੰਸ ਬਾਦਲ ਵੱਲੋਂ ਕਾਂਗਰਸ ਅਤੇ ‘ਆਪ’ ਦੇ ਪੰਜਾਬ ਤੇ ‘ਸਿੱਖ ਵਿਰੋਧੀ’ ਏਜੰਡੇ ਦੀ ਨਿਖੇਧੀ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅਕਾਲੀ ਦਲ ਵੱਲੋਂ ਕਾਨਫਰੰਸ ਬਾਦਲ ਵੱਲੋਂ ਕਾਂਗਰਸ ਅਤੇ ‘ਆਪ’ ਦੇ ਪੰਜਾਬ ਤੇ ‘ਸਿੱਖ ਵਿਰੋਧੀ’ ਏਜੰਡੇ ਦੀ ਨਿਖੇਧੀ

ਖਡੂਰ ਸਾਹਿਬ (ਤਰਨਤਾਰਨ),  21 ਸਤੰਬਰ (ਗੁਰਦਿਆਲ ਸਿੰਘ): ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਅਤੇ ਸਿੱਖ ਵਿਰੋਧੀ ਏਜੰਡੇ ਤੋਂ ਸੂਬਾ ਵਾਸੀਆਂ ਨੂੰ ਅਗਾਹ ਕਰਦਿਆਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੀ ਪੀੜੀ ਦੇ ਬਿਹਤਰ ਭਵਿੱਖ ਲਈ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਸੂਬੇ ਤੋਂ ਬਾਹਰ ਦਾ ਰਾਹ ਵਿਖਾਉਣ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਖਡੂਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਕਾਂਗਰਸ ਪਾਰਟੀ ਵਲੋਂ ਪੰਜਾਬ ਨਾਲ ਕੀਤੇ ਧਾਰਮਿਕ, ਆਰਥਿਕ ਅਤੇ ਸਮਾਜਿਕ ਧੱਕੇ ਨੂੰ ਭੁੱਲ੍ਹਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਇਤਿਹਾਸ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਕਿਸੇ ਦੇਸ਼ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੀ ਬਹਾਦਰ ਕੌਮ ਦੇ ਗੁਰਧਾਮਾਂ ਉਪਰ ਟੈਂਕਾਂ ਨਾਲ ਹਮਲੇ ਕਰਵਾਏ ਹੋਣ। ਉਨ੍ਹਾਂ ਕਿਹਾ ਕਿ ਇਹ ਕਾਰਾ ਸਿਰਫ ਕਾਂਗਰਸ ਵਲੋਂ ਕੀਤਾ ਗਿਆ ਕਿਉਂਕਿ ਇਹ ਪਾਰਟੀ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ 1984 ਵਿਚ ਦਿੱਲੀ ਸਿੱਖ ਕਤਲੇਆਮ ਦੇ ਜ਼ਖਮ ਅੱਜ ਤੱਕ ਵੀ ਅੱਲੇ ਹਨ ਅਤੇ ਸਿੱਖ ਕੌਮ ਨੇ ਕਾਂਗਰਸ ਪਾਰਟੀ ਨੂੰ ਮੁਆਫ ਨਹੀਂ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਜਿਵੇਂ ਕਾਂਗਰਸ ਸਰਕਾਰ ਵਲੋਂ ਪੰਜਾਬ ਅਤੇ ਸਿੱਖ ਵਿਰੋਧੀ ਨੀਤੀਆਂ ਅਪਣਾਈਆਂ ਗਈਆਂ ਹਨ, ਹੁਣ ਉਸੇ ਰਾਹ ‘ਤੇ ਨਵੀਂ ਬਣੀ ਆਮ ਆਦਮੀ ਪਾਰਟੀ ਚੱਲ ਰਹੀ ਹੇ।
ਲੋਕਾਂ ਨੂੰ ਅਗਾਹ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਸੂਬਾ ਵਾਸੀਆਂ ਨੂੰ ਬਚਣ ਦੀ ਲੋੜ ਹੈ ਕਿਉਂਕਿ ਇਹ ਦੋਵੇਂ ਪਾਰਟੀਆਂ ਰਾਜ ਨੂੰ ਤਬਾਹ ਕਰਨ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਇਕ ਵਾਰ ਫਿਰ ਤੋਂ ਸੂਬੇ ਨੂੰ ਕਾਲੇ ਦੌਰ ਵਿਚ ਧੱਕਣਾ ਚਾਹੁੰਦੀਆਂ ਹਨ ਜੋ ਕਿ ਹਰਗਿੱਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਅਤੇ ਸੂਬੇ ਦੇ ਬਿਹਤਰ ਭਵਿੱਖ ਲਈ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ।
ਮੁੱਖ ਮੰਤਰੀ ਸ. ਪਰਮਾਸ਼ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਲੋਕਾਂ ਵਲੋਂ ਸਮਰਥਣ ਦੇਣਾ ਅਮਨ ਅਤੇ ਪੰਜਾਬ ਦੀ
ਤਰੱਕੀ ਨੂੰ ਸਮਰਥਣ ਦੇਣਾ ਹੈ ਕਿਉਂਕਿ ਰਾਜ ਦਾ ਵਿਕਾਸ ਅਤੇ ਨੌਜਵਾਨੀ ਦਾ ਬਿਹਤਰ ਭਵਿੱਖ ਸਿਰਫ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ।
ਕਾਂਗਰਸ ਪਾਰਟੀ ਦੀ ਲੀਡਰਸ਼ਿਪ ‘ਤੇ ਵਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਪਾਰਲੀਮੈਂਟ ਵਿਚ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਚੰਡੀਗੜ੍ਹ ਅਤੇ ਹਰਿਆਣੇ ਦੇ ਪੰਜਾਬੀ ਬੋਲਦੇ ਇਲਾਕੇ ਵਾਪਸ ਕੀਤੇ ਜਾਣਗੇ ਪਰ ਕਾਂਗਰਸੀ ਆਗੂ ਇਨ੍ਹਾਂ ਸਭ ਵਾਅਦਿਆਂ ਤੋਂ ਮੁੱਕਰ ਗਏ ਹਨ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਜਦੋਂ ਇੰਦਰਾ ਗਾਂਧੀ ਨੂੰ ਪੰਜਾਬ ਦੇ ਪਾਣੀਆਂ ਨੂੰ ਖੋਹਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਦਾ ਟੱਕ ਲਗਾਇਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਖੁਸ਼ੀ ਵਿਚ ਲੱਡੂ ਵੰਡੇ ਸਨ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿਥੇ ਕੈਪਟਨ ਪੰਜਾਬ ਦੀ ਲੁੱਟ ਤੇ ਖੁਸ਼ ਹੋ ਰਹੇ ਸਨ ਉਥੇ ਦੂਜੇ ਪਾਸੇ ਅਕਾਲੀ ਦਲ ਨੇ ਮੋਰਚਾ ਲਗਾ ਕੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸਨ ਅਤੇ ਪਾਣੀਆਂ ਦੀ ਵੰਡ ਦਾ ਸਖਤ ਵਿਰੋਧ ਕੀਤਾ ਸੀ।
ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗੈਰ ਸਿਧਾਂਤਕ ਦੱਸਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਆਪ ਆਗੂਆਂ ਦੀ ਸੱਤਾ ਪ੍ਰਾਪਤੀ ਦੀ ਲਾਲਸਾ ਸਾਰਿਆਂ ਦੇ ਸਾਹਮਣੇ ਆ ਗਈ ਹੈ ਅਤੇ ਇਸ ਪਾਰਟੀ ਦੇ ਆਗੂ ਹੁਣ ਆਪਸ ਵਿਚ ਹੀ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਪਾਣੀ ਦੇ ਬੁਲਬੁਲੇ ਵਾਂਗ ਹੈ ਜੋ ਜਿਆਦਾ ਸਮਾਂ ਟਿਕਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਸਿਧਾਂਤਹੀਣ ਇਹ ਪਾਰਟੀ ਪੂਰੀ ਤਰ੍ਹਾਂ ਖਿੱਲਰ ਗਈ ਹੈ ਅਤੇ ਰਾਜ ਦੋ ਲੋਕਾਂ ਨੂੰ ਇਨ੍ਹਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਪਤਾ ਲੱਗ ਚੁੱਕਾ ਹੈ।
ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ ਦਿੱਤੀ ਹੈ ਅਤੇ ਕਿਸਾਨਾਂ ਦੇ ਟਿਊਬਵੈਲਾਂ ਦਾ 5 ਹਜ਼ਾਰ ਕਰੋੜ ਰੁਪਏ ਸਲਾਨਾ ਬਿਜਲੀ ਦਾ ਬਿੱਲ ਰਾਜ ਸਰਕਾਰ ਵਲੋਂ ਭਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕੋ ਇਕ ਰਾਜ ਹੈ ਜੋ ਗਰੀਬਾਂ ਨੂੰ ਸਸਤਾ ਆਟਾ ਦਾਲ ਯੋਜਨਾ ਦਾ ਲਾਭ ਦੇ ਰਿਹਾ ਹੈ। ਇਸਤੋਂ ਇਲਾਵਾ ਕੈਂਸਰ ਅਤੇ ਕਾਲਾ ਪੀਲੀਆ ਦੇ ਮਰੀਜਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ, ਛੋਟੇ ਵਪਾਰੀਆਂ, ਮਜਦੂਰਾਂ ਅਤੇ ਗਰੀਬਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਮੁਫਤ ਸਿਹਤ ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਬਿਨ੍ਹਾਂ ਵਿਆਜ ਕਰਜਾ ਵੀ ਰਾਜ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਭਲੀ ਭਾਂਤ ਜਾਣਦੇ ਹਨ ਕਿ ਪੰਜਾਬ ਦੇ ਲੋਕ ਆਪਣੀ ਮਾਂ ਪਾਰਟੀ ਨਾਲ ਧੋਖਾ ਕਰਨ ਵਾਲੇ ਆਗੂ ਨੂੰ ਕਦੇ ਵੀ ਪਸੰਦ ਨਹੀਂ ਕਰਦੇ ਇਸੇ ਕਰਕੇ ਸਿੱਧੂ ਪਾਰਟੀ ਬਣਾਉਣ ਤੋਂ ਭੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਤਾਂ ਆਪਣੇ ਸਿਆਸੀ ਗੁਰੂ ਅਰੁਣ ਜੇਤਲੀ ਨਾਲ ਵੀ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਜੋ ਮਰਜੀ ਕਹੀ ਜਾਣ ਪਰ ਲੋਕਾਂ ਵਿਚ ਉਸਦਾ ਕੋਈ ਅਧਾਰ ਨਹੀਂ ਹੈ। ਉੜੀ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਮੁੱਚੇ ਦੇਸ਼ ਨੂੰ ਅੱਤਵਾਦ ਵਿਰੁੱਧ ਇਕਜੁਟਤਾ ਨਾਲ ਲਾਮਬੰਦ ਹੋਣ ਦੀ ਲੋੜ ਹੈ।
ਮਾਨਯੋਗ ਸੁਪਰੀਮ ਕੋਰਟ ਵਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਦਿੱਤੇ ਫੈਸਲੇ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਆਉਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਸ੍ਰੋਮਣੀ ਕਮੇਟੀ ਦੇ ਨਵੇਂ ਹਾਉਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਉਸਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਨਵੇਂ ਹਾਊਸ ਦੀ ਮੀਟਿੰਗ ਬੁਲਾਈ ਜਾਵੇਗੀ।
ਇਸਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਰਫ ਬਾਦਲ ਸਰਕਾਰ ਨੇ ਹੀ ਧਾਰਮਿਕ ਸ਼ਹਿਰਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਇਨ੍ਹਾਂ ਸ਼ਹਿਰਾਂ ਵਿਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਨਗਰਾਂ ਦਾ ਵਿਕਾਸ ਤਾਂ ਕੀ ਕਰਨਾ ਸੀ ਬਲਕਿ ਉਸਨੇ ਤਾਂ ਪਵਿੱਤਰ ਸ਼ਹਿਰਾਂ ਵਿਚ ਆਉਣਾ ਵੀ ਮੁਨਾਸਿਬ ਨਹੀਂ ਸਮਝਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪਟਿਆਲੇ ਦੇ ਲੋਕਾਂ ਨੂੰ ਧੋਖਾ ਦਿੱਤਾ ਸੀ ਅਤੇ ਹੁਣ ਉਸਨੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਬਣਕੇ ਮਾਝੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਸੈਸ਼ਨ ਦੇ 231 ਦਿਨਾਂ ਵਿਚੋਂ ਕੇਵਲ 11 ਦਿਨ ਹਾਜ਼ਰੀ ਭਰੀ ਹੈ ਅਤੇ ਜਦਕਿ 13ਵੀਂ ਵਿਧਾਨ ਸਭਾ ਵਿਚ ਕੇਵਲ 12 ਦਿਨ ਅਤੇ 14ਵੀਂ ਵਿਧਾਨ ਸਭਾ ਵਿਚ ਕੇਵਲ 3 ਦਿਨ ਹੀ ਹਾਜ਼ਰ ਰਹੇ ਹਨ।  ਸ. ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਰਜਕਾਲ ਦੀ ਇਕ ਵੀ ਉਪਲੱਬਧੀ ਲੋਕਾਂ ਨੂੰ ਨਹੀਂ ਦਿਖਾ ਸਕਦਾ ਕਿਉਂਕਿ ਉਸਨੇ ਸਿਰਫ ਤਾਨਾਸ਼ਾਹ ਵਾਂਗ ਲੋਕਾਂ ‘ਤੇ ਰਾਜ ਹੀ ਕੀਤਾ ਸੀ।
ਕੈਬਟਿਨ ਮੰਤਰੀ ਸ. ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਟਿਕਟਾਂ ਦੀ ਖ੍ਰੀਦੋ ਫਰੋਖਤ ਦਾ ਮਾਮਲਾ ਸਾਹਮਣੇ ਆਉਣ ‘ਤੇ ਇਹ ਗੱਲ ਸਾਬਤ ਹੋ ਗਈ ਹੈ ਕਿ ਆਮ ਆਦਮੀ ਦੇ ਚਿਹਰੇ ਹੇਠ ਲੁਕੇ ਭ੍ਰਿਸ਼ਟ ਲੋਕ ਸੂਬੇ ਦੀ ਸੱਤਾ ਹਥਿਆਉਣ ਲਈ ਕੋਝੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਆਗੂਆਂ ਤੇ ਭ੍ਰਿਸ਼ਟਾਚਾਰ ਦੇ ਇਲਜਾਮ ਕਿਸੇ ਵਿਰੋਧੀ ਪਾਰਟੀ ਦੇ ਨਹੀਂ ਬਲਕਿ ਉਨ੍ਹਾਂ ਦੇ ਆਪਣੇ ਹੀ ਲੀਡਰਾਂ ਵਲੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਹਰ ਮੁਹਾਜ ‘ਤੇ ਫੇਲ ਸਾਬਤ ਹੋਈ ਹੈ ਅਤੇ ਉਥੋਂ ਦੀ ਜਨਤਾ ਹੁਣ ਕੇਜਰੀਵਾਲ ਨੂੰ ਜਿਤਾ ਕੇ ਪਛਤਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਆਗੂਆਂ ਦੇ ਸੱਚ ਸਾਹਮਣੇ ਆਉਣ ‘ਤੇ ਪੰਜਾਬੀਆਂ ਨੇ ਇਸ ਪਾਰਟੀ ਤੋਂ ਬਿਲਕੁਲ ਕਿਨਾਰਾ ਕਰ ਲਿਆ ਹੈ ਅਤੇ ਆਮ ਆਦਮੀ ਪਾਰਟੀ ਨੂੰ ਇਕ ਵੀ ਸੀਟ ਪੰਜਾਬ ਵਿਚੋਂ ਨਹੀਂ ਮਿਲੇਗੀ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸ. ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਲੋਕ ਸਭਾ ਨੇ ਕਿਹਾ ਕਿ ਪੰਜਾਬ ਦੇ ਲੋਕ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਤੋਂ ਅਕਾਲੀ ਦਲ-ਭਾਜਪਾ ਗਠਜੋੜ ਨੂੰ ਜਿਤਾ ਕੇ ਸ. ਪਰਕਾਸ਼ ਸਿੰਘ ਬਾਦਲ ਨੂੰ ਛੇਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਹਮੇਸ਼ਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਸ੍ਰੋਮਣੀ ਅਕਾਲੀ ਦਲ ਕੁਰਬਾਨੀਆਂ ਅਤੇ ਸੰਘਰਸ਼ਾਂ ਨਾਲ ਪੰਜਾਬੀ ਸੂਬਾ ਬਣਾਇਆ ਸੀ ਤਾਂ ਜੋ ਪੰਜਾਬ ਦੇ ਪੰਜਾਬੀ ਹੀ ਰਾਜ ਕਰ ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ, ਯੂ.ਪੀ. ਅਤੇ ਬਾਹਰਲੇ ਰਾਜਾਂ ਦੇ ਆਗੂ ਪੰਜਾਬ ‘ਤੇ ਰਾਜ ਕਰਨ ਦੇ ਸੁਫਨੇ ਭੁੱਲ ਜਾਣ ਕਿਉਂਕਿ ਪੰਜਾਬੀ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਖੁਦ ਕਰਨਾ ਜਾਣਦੇ ਹਨ।
ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਜ਼ਾਰਾਂ ਦੀ ਗਿਣਤੀ ‘ਚ ਆਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਸਾਥ ਹੀ ਅਕਾਲੀ ਦਲ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਜੋ ਪਿਆਰ ਲੋਕਾਂ ਨੇ ਸ੍ਰੋਮਣੀ ਅਕਾਲੀ ਦਲ ਨੂੰ ਦਿੱਤਾ ਹੈ ਇਸ ਲਈ ਉਹ ਸਦਾ ਰਿਣੀ ਰਹਿਣਗੇ। ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਵਿਧਾਇਕ ਬ੍ਰਹਮਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨਾਂ ਦੀ ਬਦੌਲਤ ਹਲਕੇ ਦਾ ਸਰਵਪੱਖੀ ਵਿਕਾਸ ਹੋਇਆ ਹੈ ਅਤੇ ਹਲਕੇ ਦੇ ਲੋਕਾਂ ਨੂੰ ਸਰਕਾਰ ਵਲੋਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਸੇਵਾਦਾਰ ਬਣਕੇ ਹਲਕੇ ਦੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ।
ਇਸ ਮੌਕੇ ‘ਤੇ ਰੈਲੀ ਨੂੰ ਸੰਬੋਧਨਿ ਕਰਦਿਆਂ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਦੇ ਟਿਊਬਵੈਲਾਂ ਦੇ ਬਿੱਲ ਲਗਾ ਕੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ ਸੀ ਅਤੇ ਕੈਪਟਨ ਦੇ ਇਸ ਧੋਖੇ ਨੂੰ ਰਾਜ ਦੇ ਲੋਕ ਅਜੇ ਤੱਕ ਭੁੱਲ੍ਹੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਹਨ ਜਿਨ੍ਹਾਂ ਨੇ ਹਰ ਵਰਗ ਲਈ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜਦਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਵਿਰੋਧੀ ਫੈਸਲੇ ਲੈਂਦਿਆਂ ਸਾਰੀਆਂ ਭਲਾਈ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਸੀ।
ਇਸ ਮੌਕੇ ‘ਤੇ ਸ. ਹਰਮੀਤ ਸਿੰਘ ਸੰਧੂ ਵਿਧਾਇਕ ਤਰਨਤਾਰਨ, ਪ੍ਰੋ. ਵਿਰਸਾ ਸਿੰਘ ਵਲਟੋਹਾ ਵਿਧਾਇਕ ਖੇਮਕਰਨ, ਸ. ਮਨਜੀਤ ਸਿੰਘ ਮੰਨਾ ਵਿਧਾਇਕ ਬਾਬਾ ਬਕਾਲਾ, ਸ੍ਰੀ ਕੁਮਾਰ ਅਮਿਤ ਸਪੈਸ਼ਨ ਪ੍ਰਿੰਸੀਪਲ ਸੈਕਟਰੀ ਟੂ ਸੀ.ਐਮ., ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਏ.ਕੇ. ਮਿੱਤਲ ਡੀ.ਆਈ.ਜੀ., ਐਸ.ਐਸ.ਪੀ. ਸ੍ਰੀ ਮਨਮੋਹਨ ਕੁਮਾਰ ਸ਼ਰਮਾ, ਸ. ਰਵਿੰਦਰ ਸਿੰਘ ਐਸ.ਡੀ.ਐਮ., ਸ. ਇਕਬਾਲ ਸਿੰਘ ਸੰਧੂ ਮੈਂਬਰ ਐਸ.ਐਸ. ਬੋਰਡ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਦਲਬੀਰ ਸਿੰਘ ਜਹਾਂਗੀਰ, ਸ. ਭਗਵੰਤ ਸਿੰਘ ਸਿਆਲਕਾ, ਚੇਅਰਮੈਨ ਸ. ਸੁਖਬੀਰ ਸਿੰਘ ਵਾਹਲਾ, ਭਾਈ ਮਨਜੀਤ ਸਿੰਘ, ਸ. ਰਮਨਦੀਪ ਸਿੰਘ ਭਰੋਵਾਲ ਆਦਿ ਹਾਜ਼ਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *