Breaking News
Home / Politics / ਛਪਾਰ ਵਿਖੇ ਸਿਆਸੀ ਕਾਨਫਰੰਸਾਂ ਦਾ ਆਯੋਜਨ ਸੂਬੇ ਲਈ ਕਾਂਗਰਸ ਅਤੇ ਆਪ ਦਾ ਪਰਛਾਵਾਂ ਵੀ ਬੁਰਾ : ਮੁੱਖ ਮੰਤਰੀ

ਛਪਾਰ ਵਿਖੇ ਸਿਆਸੀ ਕਾਨਫਰੰਸਾਂ ਦਾ ਆਯੋਜਨ ਸੂਬੇ ਲਈ ਕਾਂਗਰਸ ਅਤੇ ਆਪ ਦਾ ਪਰਛਾਵਾਂ ਵੀ ਬੁਰਾ : ਮੁੱਖ ਮੰਤਰੀ

ਛਪਾਰ (ਲੁਧਿਆਣਾ), 16 ਸਤੰਬਰ, 16 ਸਤੰਬਰ (ਚ.ਨ.ਸ.) :   ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਗਰਦਾਨਦਿਆਂ ਕਿਹਾ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਪਰਛਾਵਾਂ ਵੀ ਸੂਬੇ ਲਈ ਚੰਗਾ ਨਹੀਂ ਹੈ। ਅੱਜ ਸਥਾਨਕ ਮੇਲਾ ਛਪਾਰ ਵਿਖੇ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਹਿੱਤਾਂ ਅਤੇ ਲੋਕਾਂ ਲਈ ਹਾਨੀਕਾਰਕ ਹਨ। ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਨੂੰ ਸੂਬੇ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਅਤੇ ਇਹ ਪੰਜਾਬ ਦੇ ਹਿੱਤਾਂ ਦੀਆਂ ਵੈਰੀ ਪਾਰਟੀਆਂ ਹਨ। ਸ੍ਰ. ਬਾਦਲ ਨੇ ਲੋਕਾਂ ਨੂੰ ਆਗਾਹ ਕੀਤਾ ਕਿ ਉਹ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ। ਸ੍ਰ. ਬਾਦਲ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਸੂਬੇ ਦੇ ਭਵਿੱਖ ਪ੍ਰਤੀ ਫੈਸਲਾਕੁੰਨ ਹੋਣਗੀਆਂ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਪੰਜਾਬ ਵਿਰੋਧੀ ਕਾਂਗਰਸ ਅਤੇ ਆਪ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਅਕਾਲੀ ਭਾਜਪਾ ਗਠਜੋੜ ਨੂੰ ਮੁੜ ਤੋਂ ਸੱਤਾ ਸੌਂਪੀ ਤਾਂ ਸੂਬੇ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਪਰ ਜੇਕਰ ਕਿਤੇ ਕਾਂਗਰਸ ਅਤੇ ਆਪ ਵਰਗੀਆਂ ਪਾਰਟੀਆਂ ਸੱਤ੍ਹਾ ਹਥਿਆਉਣ ਵਿੱਚ ਕਾਮਯਾਬ ਹੋ ਗਈਆਂ ਤਾਂ ਸੂਬੇ ਦੇ ਹਾਲਾਤ ਅਜਿਹੇ ਹੋ ਜਾਣਗੇ, ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਹੈ। ਸ੍ਰ. ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟ ਦਾ ਇਸਤੇਮਾਲ ਕਰਨ ਮੌਕੇ ਪੰਜਾਬ ਦੇ ਦੁਸ਼ਮਣ ਅਤੇ ਰਖ਼ਵਾਲਿਆਂ ਨੂੰ ਮੂਹਰੇ ਰੱਖ ਕੇ ਫੈਸਲਾ ਕਰਨ। ਉਨ੍ਹਾਂ ਲੋਕਾਂ ਨੂੰ ਕਾਂਗਰਸ ਦੇ ਸ਼ਰਾਰਤੀ ਕਿਰਦਾਰ ਬਾਰੇ ਯਾਦ ਕਰਾਉਂਦਿਆਂ ਦੱਸਿਆ ਕਿ ਇਸ ਪਾਰਟੀ ਨੇ ਸੂਬੇ ਦੇ ਲੋਕਾਂ ਦੇ ਸਮਾਜਿਕ, ਰਾਜਸੀ, ਆਰਥਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਹੁਣ ਤੱਕ ਦੀਆਂ ਕੇਂਦਰ ਸਰਕਾਰਾਂ ਨੇ ਜਾਣ ਬੁੱਝ ਕੇ ਸੂਬੇ ਨੂੰ ਪੰਜਾਬੀ ਬੋਲਦੇ ਇਲਾਕੇ ਅਤੇ ਰਾਜਧਾਨੀ ਚੰਡੀਗੜ੍ਹ ਨਹੀਂ ਦਿੱਤੇ ਜਦਕਿ ਸੂਬੇ ਦਾ ਪਾਣੀਆਂ ‘ਤੇ ਬਣਦਾ ਹੱਕ ਵੀ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੁਚੇਤ ਪੰਜਾਬੀ ਕਾਂਗਰਸ ਪਾਰਟੀ ਨੂੰ ਉਸ ਵੱਲੋਂ ਕੀਤੇ ਸਾਕਾ ਨੀਲਾ ਤਾਰਾ ਅਤੇ 1984 ਸਿੱਖ ਨਸਲਕੁਸ਼ੀ ਕਰਨ ਦੇ ਕਿਰਦਾਰ ਨੂੰ ਭੁੱਲ ਨਹੀਂ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਪਾਣੀਆਂ ਦੇ ਹੱਕ ਖੋਹਣ ਲਈ ਕਾਂਗਰਸ ਪਾਰਟੀ ਨੇ ਕੋਝੀ ਸਾਜਿਸ਼ ਰਚਦਿਆਂ ਸਤਲੁੱਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਸ਼ੁਰੂ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਸ ਨਹਿਰ ਦਾ ਨਿਰਮਾਣ ਸ਼ੁਰੂ ਕਰਾਉਣ ਪਿੱਛੇ ਇਕੋ ਮਕਸਦ ਸੀ ਕਿ ਪੰਜਾਬ ਨੂੰ ਉਸਦੇ ਕੁਦਰਤੀ ਸੋਮਿਆਂ ਤੋਂ ਵਾਂਝਾ ਕਰਨਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜ੍ਹੇ ਗਏ ਸੰਘਰਸ਼ ਵਿੱਚ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ, ਦੇਸ਼ ਨੂੰ ਖੁਰਾਕ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਦੇ ਬਾਵਜੂਦ ਸਮੇਂ-ਸਮੇਂ ਦੀਆਂ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।
ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਦਿਆਂ ਸ੍ਰ. ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਸਤਲੁੱਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਹਿੱਤਾਂ ਦੇ ਵਿਰੁਧ ਹਲਫ਼ਨਾਮਾ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ‘ਆਪ’ ਪੰਜਾਬ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਦ ਹਰਿਆਣਾ ਨਾਲ ਸੰਬੰਧ ਰੱਖਦਾ ਹੈ ਤਾਂ ਉਹ ਸੰਭਾਵੀਂ ਹੈ ਕਿ ਆਪਣੇ ਸੂਬੇ ਦੇ ਹੱਕ ਵਿੱਚ ਹੀ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਕਿਹਾ ਕਿ ਆਪ ਨੇਤਾ ਲੜਾਈ ਦੀ ਰਾਜਨੀਤੀ ਵਿੱਚ ਵਿਸ਼ਵਾਸ਼ ਰੱਖਦੇ ਹਨ। ਜੇਕਰ ਇਨ੍ਹਾਂ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲ ਗਿਆ ਤਾਂ ਕਿਸਾਨਾਂ ਦੀਆਂ ਜਿਣਸਾਂ ਮੰਡੀਆਂ ਵਿੱਚ ਰੁਲਿਆ ਕਰਨਗੀਆਂ ਅਤੇ ਇਨ੍ਹਾਂ ਦੀ ਸਰਕਾਰ ਕੇਂਦਰ ਸਰਕਾਰ ਨਾਲ ਲੜਾਈ ਵਿੱਚ ਹੀ ਉਲਝੀ ਰਹੇਗੀ।
ਮੁੱਖ ਮੰਤਰੀ ਨੇ ਹੋਰ ਕਿਹਾ ਕਿ ਆਪ ਪਾਰਟੀ ਤਾਸ਼ ਦੇ ਪੱਤਿਆਂ ਵਰਗੀ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰੀ ਤਰ੍ਹਾਂ ਖ਼ਿਲਰ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਨੇਤਾਵਾਂ ਦੇ ਨਾ ਤਾਂ ਕੋਈ ਕਿਰਦਾਰ ਹਨ ਅਤੇ ਨਾ ਹੀ ਕੋਈ ਵਿਚਾਰਧਾਰਾ। ਇਨ੍ਹਾਂ ਦਾ ਤਾਂ ਇੱਕਮਾਤਰ ਨਿਸ਼ਾਨਾ ਕਿਵੇਂ ਨਾ ਕਿਵੇਂ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਵਾਗਡੋਰ ਗੈਰ ਪੰਜਾਬੀ ਲੋਕਾਂ ਦੇ ਹੱਥਾਂ ਵਿੱਚ ਹੈ, ਜਿਹੜੇ ਦੇ ਪੰਜਾਬ ਦੇ ਨੇਤਾਵਾਂ ਨੂੰ ਵਰਤਣ ਉਪਰੰਤ ਪਾਰਟੀ ਵਿੱਚੋਂ ਕੱਢਣ ਦੀ ਨੀਤੀ ਵਿੱਚ ਵਿਸ਼ਵਾਸ਼ ਰੱਖਦੇ ਹਨ।
ਸ੍ਰ. ਬਾਦਲ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਣ ਲਈ ਪਿਛਲੇ 10 ਸਾਲਾਂ ਵਿੱਚ 50 ਹਜ਼ਾਰ ਕਰੋੜ ਰੁਪਏ ਦੀ ਮੁਫ਼ਤ ਬਿਜਲੀ ਲਗਾਤਾਰ ਦਿੱਤੀ ਜਾ ਰਹੀ ਹੈ। ਪੰਜਾਬ ਇਕੱਲਾ ਉਹ ਸੂਬਾ ਹੈ ਜਿੱਥੇ ਕਿ ਗਰੀਬ ਲੋਕਾਂ ਨੂੰ ਮੁਫ਼ਤ ਆਟਾ ਦਾਲ ਯੋਜਨਾ ਤਹਿਤ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਲੋਕਾਂ ਨੂੰ ਕੈਂਸਰ ਅਤੇ ਹੈਪੇਟਾਈਟਸ ਸੀ ਵਰਗੀਆਂ ਨਾ ਮੁਰਾਦ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਇਲਾਜ ਦੇਣ ਦੇ ਨਾਲ-ਨਾਲ ਹੋਰ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦੇ ਇਲਾਜ ਕਰਾਉਣ ਦੀ ਸਹਾਇਤਾ ਦੇ ਨਾਲ-ਨਾਲ ਪਰਿਵਾਰਕ ਮੈਂਬਰ ਦੇ ਮੁੱਖੀ ਦੀ ਦੁਰਘਟਨਾ ਵਿੱਚ ਮੌਤ ਜਾਂ ਅਪੰਗਤਾ ਹੋਣ ਦੀ ਸੂਰਤ ਵਿੱਚ 5 ਲੱਖ ਰੁਪਏ ਤੱਕ ਦੀ ਬੀਮੇ ਦੀ ਸਹੂਲਤ ਵੀ ਸ਼ੁਰੂ ਕੀਤੀ ਹੈ।
ਇਸ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਕਿਹਾ ਜਾਂਦਾ ਹੈ ਤਾਂ ਇਸ ‘ਤੇ ਕੋਈ ਇਤਰਾਜ਼ ਨਹੀਂ  ਹੈ ਕਿਉਂਕਿ ਇਹ ਮੋਹਾਲੀ ਦੀ ਧਰਤੀ ‘ਤੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਪੰਜਾਬ ਸਰਕਾਰ ਦਾ ਸਟੈਂਡ ਬਰਕਰਾਰ ਹੈ ਅਤੇ ਇਸ ਵਿੱਚ ਕੋਈ ਵੀ ਬਦਲਾਅ ਨਹੀਂ ਆ ਸਕਦਾ ਹੈ।
ਆਪ ਆਗੂਆਂ ਵੱਲੋਂ ਦਿੱਤੇ ਜਾ ਰਹੇ ਬੇਹੁਦਾ ਬਿਆਨਾਂ ‘ਤੇ ਬੋਲਦਿਆਂ ਸ੍ਰ. ਬਾਦਲ ਨੇ ਕਿਹਾ ਕਿ ਇਸ ਪਾਰਟੀ ਦੇ ਨੇਤਾ ਪੰਜਾਬ ਦੀਆਂ ਭੂਗੋਲਿਕ ਪ੍ਰਸਥਿਤੀਆਂ ਤੋਂ ਵਾਕਫ਼ ਨਹੀਂ ਹਨ। ਆਪ ਆਗੂਆਂ ਵੱਲੋਂ ਆਪਣੇ ਨੇਤਾਵਾਂ ਦੀ ਤੁਲਨਾ ਪੰਜ ਪਿਆਰੇ ਸਾਹਿਬਾਨ ਨਾਲ ਕਰਨ ਤੋਂ ਸਾਬਿਤ ਹੁੰਦਾ ਹੈ ਕਿ ਇਨ੍ਹਾਂ ਨੂੰ ਸਿੱਖ ਧਰਮ ਦੇ ਉੱਚ ਆਦਰਸ਼ਾਂ ਬਾਰੇ ਉੱਕਾ ਵੀ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਵੱਲੋਂ ਕਦੇ ਆਪਣੇ ਚੋਣ ਮੈਨੀਫੈਸਟੋ ‘ਤੇ ਸ੍ਰੀ ਦਰਬਾਰ ਸਾਹਿਬ ਨਾਲ ਝਾੜੂ ਦੀ ਤਸਵੀਰ ਲਗਾਈ ਜਾਂਦੀ ਹੈ ਅਤੇ ਕਦੇ ਕੁਝ ਕੀਤਾ ਜਾਂਦਾ ਹੈ, ਜਿਸ ਨਾਲ ਸਿੱਖਾਂ ਅਤੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਨਕਾਰਾਂ ਵੱਲੋਂ ਕੀਤੇ ਗਏ ਸ਼ਰਮਨਾਕ ਵਰਤਾਰੇ ਬਾਰੇ ਬੋਲਦਿਆਂ ਸ੍ਰ. ਬਾਦਲ ਨੇ ਕਿਹਾ ਕਿ ਕਾਂਗਰਸੀਆਂ ਨੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਨਿਰਾਦਰ ਕੀਤਾ ਹੈ। ਕਾਂਗਰਸੀ ਵਿਧਾਨਕਾਰਾਂ ਵੱਲੋਂ ਸਦਨ ਵਿੱਚ ਵਰਤੀ ਗੈਰ ਸੰਸਦੀ ਸ਼ਬਦਾਵਲੀ ਦੀ ਉਹ ਪੁਰਜ਼ੋਰ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਨਾਲ ਭਾਵੇਂਕਿ ਕਾਂਗਰਸੀਆਂ ਨੂੰ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਨ ਵਿੱਚ ਸੌਖ ਹੋਈ ਪਰ ਇਸ ਨਾਲ ਲੋਕਤੰਤਰੀ ਕਦਰਾਂ ਕੀਮਤਾਂ ਦਾ ਨਿਰਾਦਰ ਹੋਇਆ ਹੈ।
ਸ੍ਰ. ਬਾਦਲ ਨੇ ਕਿਹਾ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦੀ ਸਰਕਾਰ ਦੇ ਥੋੜੇ ਸਮੇਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਬਹੁਤ ਫਾਇਦਾ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਕਈ ਮਹੱਤਵਪੂਰਨ ਪ੍ਰੋਜੈਕਟ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਏਮਜ਼, ਆਈ. ਆਈ. ਐÎੱਮ., ਪੋਸਟ ਗਰੈਜੂਏਟ ਹੌਰਟੀਕਲਚਰ ਰਿਸਰਚ ਐਂਡ ਐਜੂਕੇਸ਼ਨਲ ਇੰਸਟੀਚਿਊਟ ਅਤੇ ਹੋਰ ਪ੍ਰਮੁੱਖ ਅਦਾਰੇ ਸ਼ਾਮਿਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸੂਬੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਹਲਕਾ ਜਗਰਾਉਂ ਦੇ ਵਿਧਾਇਕ ਸ੍ਰੀ ਐੱਸ. ਆਰ. ਕਲੇਰ ਅਤੇ ਸਾਬਕਾ ਮੰਤਰੀ ਸ੍ਰ. ਬਿਕਰਮਜੀਤ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ ਅਤੇ ਸ੍ਰ. ਬਾਦਲ ਦੀ ਸਰਕਾਰ ਵੱਲੋਂ ਕੀਤੇ ਗਏ ਸੂਬੇ ਦੇ ਵਿਕਾਸ ਅਤੇ ਲੋਕ ਪੱਖੀ ਨੀਤੀਆਂ ਤਿਆਰ ਕਰਕੇ ਲਾਗੂ ਕਰਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਸਾਬਕਾ ਸੰਸਦ ਮੈਂਬਰ ਸ੍ਰ. ਅਮਰੀਕ ਸਿੰਘ ਆਲੀਵਾਲ,  ਸਾਬਕਾ ਵਿਧਾਇਕ ਸ੍ਰ. ਜਗਜੀਵਨ ਸਿੰਘ ਖੀਰਨੀਆਂ, ਸ੍ਰ. ਜਗਜੀਤ ਸਿੰਘ ਤਲਵੰਡੀ, ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸ੍ਰ. ਚਰਨ ਸਿੰਘ ਆਲਮਗੀਰ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਸ੍ਰ. ਉਪਿੰਦਰਜੀਤ ਸਿੰਘ ਘੁੰਮਣ ਅਤੇ ਹੋਰ ਹਾਜ਼ਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *