Breaking News
Home / Punjab / ਪੰਜਾਬ ਕੈਬਨਿਟ ਵੱਲੋਂ ਕਈ ਅਹਿਮ ਫ਼ੈਸਲੇ ਵਿਧਾਨ ਸਭਾ ਦਾ 13ਵਾਂ ਇਜਲਾਸ 8 ਸਤੰਬਰ ਤੋਂ

ਪੰਜਾਬ ਕੈਬਨਿਟ ਵੱਲੋਂ ਕਈ ਅਹਿਮ ਫ਼ੈਸਲੇ ਵਿਧਾਨ ਸਭਾ ਦਾ 13ਵਾਂ ਇਜਲਾਸ 8 ਸਤੰਬਰ ਤੋਂ

ਚੰਡੀਗੜ੍ਹ, 29 ਅਗਸਤ, (ਚ.ਨ.ਸ.) : ਪੰਜਾਬ ਮੰਤਰੀ ਮੰਡਲ ਨੇ 14ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਸਮਾਗਮ 8 ਤੋਂ 14 ਸਤੰਬਰ, 2016 ਤੱਕ ਸੱਦੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।  ਇਸ ਸਬੰਧੀ ਫੈਸਲਾ ਅੱਜ ਸਵੇਰੇ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਦਾ ਸਮਾਗਮ 8 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਸ਼ਰਧਾਂਜਲੀਆਂ ਨਾਲ ਸ਼ੁਰੂ ਹੋਵੇਗਾ ਅਤੇ ਇਹ 14 ਸਤੰਬਰ ਨੂੰ ਖਤਮ ਹੋਵੇਗਾ। ਸੂਬੇ ਵਿਚ ਤਕਨੀਕੀ ਸਿੱਖਿਆ ਅਤੇ ਹੁਨਰ ਸਿਖਲਾਈ ਨੂੰ ਬੜ੍ਹਾਵਾ ਦੇਣ ਲਈ ਮੰਤਰੀ ਮੰਡਲ ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ (ਉਦਯੋਗਿਕ ਸਿਖਲਾਈ ਵਿੰਗ) ਵਿਚ ਸੈਂਟਰ ਆਫ ਐਕਸੀਲੈਂਸ ਸਕੀਮ ਹੇਠ ਠੇਕੇ ‘ਤੇ ਭਰਤੀ ਕੀਤੇ ਸਰਵਿਸ ਪ੍ਰੋਵਾਈਡਿੰਗ ਟਰੇਨਰਜ਼ ਦੀਆਂ 198 ਅਸਾਮੀਆਂ ਨੂੰ ਬਤੌਰ ਕਰਾਫਟ ਇੰਸਟ੍ਰਕਟਰ ਵਜੋਂ ਨਿਯਮਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕਰਾਫਟ ਇੰਸਟ੍ਰਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਨੋਟੀਫਾਈ ਰੂਲਾਂ ਅਧੀਨ ਨਿਅੰਤਰਿਤ ਹੋਣਗੇ। ਇਸ ਫੈਸਲੇ ਦੇ ਨਤੀਜੇ ਵਜੋਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਤਕਰੀਬਨ 4000 ਵਾਧੂ ਸੀਟਾਂ ਪੈਦਾ ਕਰਨ ਦੀ ਸਮਰਥਾ ਹੋਵੇਗੀ ਜਿਸ ਨਾਲ ਸੂਬੇ ਵਿਚ ਹੁਨਰ ਸਿਖਲਾਈ ਨੂੰ ਬੜ੍ਹਾਵਾ ਮਿਲੇਗਾ। ਮੰਤਰੀ ਮੰਡਲ ਨੇ ਪੰਜਾਬ ਕੋਆਪਰੇਟਿਵ (ਗਰੁੱਪ-ਬੀ) ਸਰਵਿਸ ਰੂਲਜ, 2016 ਦੇ ਅਨੁਲੱਗ-ਏ ਵਿਚ ਸੋਧ ਕਰਕੇ ਸਹਿਕਾਰੀ ਵਿਭਾਗ ਵਿਚ ਸੀਨੀਅਰ ਸਹਾਇਕਾਂ ਦੀਆਂ ਤਿੰਨ ਅਸਾਮੀਆਂ ਦਾ ਸਮਰਪਣ ਕਰਕੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਤਿੰਨ ਅਸਾਮੀਆਂ ਪੈਦਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਵਿਭਾਗ ਦੇ ਕੰਮ-ਕਾਜ ਵਿਚ ਕੁਸ਼ਲਤਾ ਆਵੇਗੀ ਅਤੇ ਸਟੈਨੋਟਾਈਪਿਸਟਾਂ/ਜੂਨੀਅਰ ਸਕੇਲ ਸਟੈਨੋਟਾਈਪਿਸਟਾਂ ਦੀ ਪਦਉਨੱਤੀ ਦੇ ਮੌਕੇ ਪੈਦਾ ਹੋਣਗੇ। ਸੂਬੇ ਵਿਚ ਖੇਡ ਸਰਗਰਮੀਆਂ ਨੂੰ ਬੜ੍ਹਾਵਾ ਦੇਣ ਲਈ ਮੰਤਰੀ ਮੰਡਲ ਨੇ ਉਨ੍ਹਾਂ ਖਿਡਾਰੀਆਂ ਦੀ ਉਮਰ ਦੀ ਉਪਰਲੀ ਹੱਦ ਵਿਚ ਤਿੰਨ ਸਾਲ ਦੀ ਢਿੱਲ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਮੈਡਲ ਪ੍ਰਾਪਤ ਕੀਤੇ ਹਨ ਅਤੇ ਪੰਜਾਬ ਪੁਲਿਸ ਵਿਚ ਭਰਤੀ ਹੋਣਾ ਚਾਹੁੰਦੇ ਹਨ। ਇਸ ਵੇਲੇ ਪੁਲਿਸ ਵਿਚ ਡਿਪਟੀ ਸੁਪਰਡੈਂਟ ਵਜੋਂ ਭਰਤੀ ਲਈ ਉਮਰ ਦੀ ਹੱਦ 28 ਸਾਲ ਅਤੇ ਸਬ-ਇੰਸਪੈਕਟਰ ਅਤੇ ਕਾਂਸਟੇਬਲ ਲਈ 25 ਸਾਲ ਹੈ। ਇਸੇ ਤਰ੍ਹਾਂ ਹੀ ਮੰਤਰੀ ਮੰਡਲ ਨੇ ਓਲੰਪਿਕ-2012 ਤੋਂ ਪਹਿਲਾਂ ਦੇ ਟੂਰਨਾਮੈਂਟਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਪੰਜਾਬ ਪੁਲਿਸ ਵਿਚ ਭਰਤੀ ਲਈ ਯੋਗ ਮੰਨਣ ਦਾ ਫੈਸਲਾ ਕੀਤਾ ਹੈ।
ਮੰਤਰੀ ਮੰਡਲ ਨੇ ਸਾਬਕਾ ਫੌਜੀਆਂ ਨੂੰ ਸਰਕਾਰੀ ਨੌਕਰੀਆਂ ਵਿਚ 13 ਫੀਸਦੀ ਰਿਜ਼ਰਵੇਸ਼ਨ ਦੇਣ ਦੀ ਨੀਤੀ ਦੇ ਸਨਮੁੱਖ ਪੰਜਾਬ ਹੋਮਗਾਰਡ ਅਤੇ ਸਿਵਲ ਰੱਖਿਆ ਵਿਭਾਗ ਵਿਚ ਉਨ੍ਹਾਂ ਦੀਆਂ ਬਣਦੀਆਂ ਅਸਾਮੀਆਂ ਦਾ ਵੱਖ-ਵੱਖ ਕਾਡਰਾਂ ਵਿਚ ਬੈਕਲਾਗ ਪੂਰਾ ਕਰਨ ਲਈ ਕਲਰਕ ਦੀਆਂ 11, ਕਾਰਪੋਰਲ ਇੰਸਟ੍ਰਕਟਰਾਂ ਦੀਆਂ 2 ਅਤੇ ਦਰਜਾ ਚਾਰ ਦੀਆਂ ਇੱਕ ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੁੱਲ 14 ਅਸਾਮੀਆਂ ਭਰਨ ਨਾਲ ਸਰਕਾਰੀ ਖਜ਼ਾਨੇ ਉਤੇ ਸਾਲਾਨਾ 17.19 ਲੱਖ ਰੁਪਏ ਬੋਝ ਪਵੇਗਾ ਜਿਸ ਵਿਚੋਂ 75 ਫੀਸਦੀ ਰਾਜ ਸਰਕਾਰ ਅਤੇ 25 ਫੀਸਦੀ ਭਾਰਤ ਸਰਕਾਰ ਦਾ ਹਿੱਸਾ ਹੋਵੇਗਾ। ਇਸ ਫੈਸਲੇ ਨਾਲ ਵਿਭਾਗ ਨੂੰ ਤਜਰਬੇਕਾਰ ਅਤੇ ਅਨੁਸ਼ਾਸਤ ਕਰਮਚਾਰੀ ਉਪਲਬੱਧ ਹੋਣ ਤੋਂ ਇਲਾਵਾ ਸਾਬਕਾ ਫੌਜੀਆਂ ਨੂੰ ਵੀ ਮੁੜ ਰੁਜ਼ਗਾਰ ਦਾ ਮੌਕਾ ਪ੍ਰਾਪਤ ਹੋਵੇਗਾ।
ਮੰਤਰੀ ਮੰਡਲ ਨੇ 14ਵੇਂ ਵਿੱਤ ਕਮਿਸ਼ਨ ਤੋਂ ਪ੍ਰਾਪਤ ਵਿਕਾਸ ਗ੍ਰਾਂਟਾਂ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਵੰਡਣ ਲਈ ਕਾਰਜਬਾਅਦ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਪੰਚਾਇਤਾਂ ਚੌਥੇ ਪੰਜਾਬ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵਿਚ ਸਫਲ ਹੋ ਸਕਣ।
ਜੰਡਿਆਲਾ ਗੁਰੂ ਦੇ ਆਮ ਲੋਕਾਂ ਨੂੰ ਦਰਪੇਸ਼ ਅਸੁਵਿਧਾਵਾਂ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ ਜੰਡਿਆਲਾ ਗੁਰੂ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਇਸ ਵੇਲੇ ਜੰਡਿਆਲਾ ਗੁਰੂ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦਾ ਹੈ ਅਤੇ ਇਸ ਦੇ ਵਸਿੰਦਿਆਂ ਨੂੰ ਮਾਲ ਕੰਮਾਂ ਲਈ ਅੰਮ੍ਰਿਤਸਰ-1 ਵਿਚ ਸਥਿਤ ਸਬ-ਡਵੀਜ਼ਨ/ਤਹਿਸੀਲ ਵਿਚ ਜਾਣਾ ਪੈਂਦਾ ਹੈ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *