Breaking News
Home / Punjab / ‘ਆਪ’ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਇਆ

‘ਆਪ’ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਇਆ

ਚੰਡੀਗੜ੍ਹ, 26 ਅਗਸਤ, (ਚ.ਨ.ਸ.): ਸਟਿੰਗ ਆਪ੍ਰੇਸ਼ਨ ਤੋਂ ਬਾਅਦ ਵਿਵਾਦਾਂ ‘ਚ ਆਏ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ‘ਤੇ ਪਾਰਟੀ ਹਾਈ ਕਮਾਨ ਨੇ ਸਖਤ ਫੈਸਲਾ ਲੈਂਦੇ ਹੋਏ ਉਨ੍ਹਾਂ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਹੈ। ਇਹ ਫੈਸਲਾ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਨੂੰ ਪਾਰਟੀ ਵਿੱਚੋਂ ਨਹੀਂ ਕੱਢਿਆ ਗਿਆ।
ਇਸ ਸਬੰਧੀ ਹੋਰ ਮਿਲੀ ਜਾਣਕਾਰੀ ਅਨੁਸਾਰ ਅਜੇ ਪੰਜਾਬ ਲਈ ਨਵੇਂ ਕਨਵੀਨਰ ਬਾਰੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ,  ਉਥੇ ਹੀ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਪੰਜਾਬ ਦੇ ਸਹਿ ਇੰਚਰਾਜ ਜਰਨੈਲ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਹੈ। ਇਹ ਕਮੇਟੀ ਸੁੱਚਾ ਸਿੰਘ ਛੋਟੇਪੁਰ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕਰੇਗੀ। ਛੋਟੇਪੁਰ ‘ਤੇ ਪਾਰਟੀ ਫੰਡ ਦੇ ਨਾਮ ‘ਤੇ ਰਿਸ਼ਵਤ ਲੈਣ ਦਾ ਦੋਸ਼ ਹੈ। ਇਸ ਮਾਮਲੇ ਦਾ ਇਕ ਸ਼ੀਟਿੰਗ ਰਾਹੀਂ ਖੁਲਾਸਾ ਹੋਇਆ ਸੀ।
ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਪੀ.ਏ.ਸੀ. ਦੀ ਬੈਠਕ ਵਿਚ ਇਸ ਮਾਮਲੇ ‘ਤੇ ਚਰਚਾ ਹੋਈ ਸੀ। ਇਹ ਬੈਠਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ਸਥਾਨ ‘ਤੇ ਹੋਈ। ਇਸ ਵਿਚ ਛੋਟੇਪੁਰ ਦੇ ਸਟਿੰਗ ਮਾਮਲੇ ਬਾਰੇ ਚਰਚਾ ਹੋਈ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ‘ਚ ਉਨ੍ਹਾਂ ਨੂੰ ਪਾਰਟੀ ਦੇ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿਚ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪ੍ਰੋ. ਸਾਧੂ ਸਿੰਘ, ਸੰਜੇ ਸਿੰਘ, ਭਗਵੰਤ ਮਾਨ, ਦੁਰਗੇਸ਼ ਪਾਠਕ, ਆਸ਼ੂਤੋਸ਼, ਕੁਮਾਰ ਵਿਸ਼ਵਾਸ, ਦਲੀਪ ਪਾਂਡੇ, ਰਾਘਵ ਚੱਢਾ, ਅਸ਼ੀਸ਼ ਖੇਤਾਨ, ਮਨੀਸ਼ ਸੁਸ਼ੋਦੀਆਂ ਸਮੇਤ ਪਾਰਟੀ ਦੇ ਕਈ ਹੋਰ ਆਗੂ ਵੀ ਮੌਜੂਦ ਸਨ।
ਕਾਬਲੇਗੌਰ ਹੈ ਕਿ ਪਾਰਟੀ ਨੇ 21 ਨੇਤਾਵਾਂ ਦੇ ਹਸਤਾਖਰਾਂ ਵਾਲੀ ਚਿੱਠੀ ਜਿਸ ਵਿਚ
ਮੁੱਖ ਤੌਰ ‘ਤੇ ਭਗਵੰਤ ਮਾਨ, ਪ੍ਰੋ.ਸਾਧੂ ਸਿੰਘ, ਯਾਮਿਨੀ ਗੋਮਰ, ਐਚ.ਐਸ.ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਹਰਜੀਤ ਬੈਂਸ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਕਰਤਾਰ ਸਿੰਘ ਸੰਘਵੀਂ, ਗੁਰਪ੍ਰੀਤ ਸਿੰਘ ਘੁੱਗੀ, ਪ੍ਰੋ.ਬਲਜਿੰਦਰ ਕੌਰ, ਆਰ.ਆਰ. ਭਾਰਦਵਾਜ, ਕਰਨਵੀਰ ਸਿੰਘ ਟਿਵਾਣਾ, ਅਮਨ ਅਰੋੜਾ ਅਤੇ ਹੋਰ ਸ਼ਾਮਲ ਹਨ, ਰਾਹੀਂ ਹਾਈਕਮਾਨ ਨੂੰ ਬੇਨਤੀ ਕੀਤੀ ਕਿ ਛੋਟੇਪੁਰ ਦੇ ‘ਕੰਮਾਂ’ ਨੂੰ ਵੇਖਦਿਆਂ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਜਾਵੇ। ਹੁਣ ਚਰਚਾ ਹੈ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕਮਾਨ ਹਿੰਮਤ ਸਿੰਘ ਸ਼ੇਰਗਿੱਲ ਨੂੰ ਸੌਂਪੀ ਜਾ ਸਕਦਾ ਹੈ। ਇਸ ਬਾਰੇ ਫੈਸਲਾ ਅਜੇ ਨਹੀਂ ਕੀਤਾ ਗਿਆ। ਸ਼ੇਰਗਿੱਲ ਦਿੱਲੀ ਦੇ ਲੀਡਰਾਂ ਦੇ ਬੇਹੱਦ ਕਰੀਬੀ ਹਨ। ਪੜ੍ਹਿਆ-ਲਿਖਿਆ ਸਿੱਖ ਚਿਹਰਾ ਹੋਣ ਕਰਕੇ ਪਾਰਟੀ ਉਨ੍ਹਾਂ ਦੇ ਹੱਥ ਕਮਾਨ ਸੌਂਪਣ ਨੂੰ ਸਹੀ ਸਮਝਦੀ ਹੈ। ਇਸ ਤਰ੍ਹਾਂ ਪਾਰਟੀ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣਾ ਚਾਹੁੰਦੀ ਹੈ। ਇਸ ਨਾਲ ਇੱਤ ਤਾਂ ਪੰਜਾਬ ਇਕਾਈ ਅਸਿੱਧੇ ਰੂਪ ਵਿੱਚ ਦਿੱਲੀ ਆਲਾਕਮਾਨ ਹੇਠ ਹੀ ਰਹੇਗੀ। ਦੂਜਾ ਬਾਹਰੀ ਲੀਡਰਾਂ ਹੱਥ ਪੰਜਾਬ ਦੀ ਕਮਾਨ ਹੋਣ ਬਾਰੇ ਵਿਰੋਧੀਆਂ ਦੇ ਇਲਜ਼ਾਮਾਂ ਤੋਂ ਬਚਿਆ ਜਾ ਸਕੇਗਾ।

About admin

Check Also

ਮੌਸਮ ਵਿਭਾਗ ਦੀ ਚੇਤਾਵਨੀ

ਪੰਜਾਬ ਸਮੇਤ ਉੱਤਰੀ ਭਾਰਤ ‘ਚ ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਕਮਲਾ ਸ਼ਰਮਾ ================ …

Leave a Reply

Your email address will not be published. Required fields are marked *