Breaking News
Home / India / 70ਵੇਂ ਅਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਲਲਕਾਰਿਆ ਅਸੀਂ ਟਲਣਾ ਨਹੀਂ, ਟਕਰਾਉਣਾ ਜਾਣਦੇ ਹਾਂ : ਮੋਦੀ

70ਵੇਂ ਅਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਲਲਕਾਰਿਆ ਅਸੀਂ ਟਲਣਾ ਨਹੀਂ, ਟਕਰਾਉਣਾ ਜਾਣਦੇ ਹਾਂ : ਮੋਦੀ

ਨਵੀਂ ਦਿੱਲੀ, 16 ਅਗਸਤ, (ਚ.ਨ.ਸ.) :  ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸੁਰੱਖਿਆ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਲਲਕਾਰਦਿਆਂ ਲਾਲ ਕਿਲ੍ਹੇ ਦੀ ਫਸੀਲ ਤੋਂ ਸਪੱਸ਼ਟ ਰੂਪ ‘ਚ ਕਿਹਾ ਕਿ ਅਸੀਂ ਟਲਣਾ ਨਹੀਂ ਟਕਰਾਉਣਾ ਵੀ ਜਾਣਦੇ ਹਾਂ। ਸ਼੍ਰੀ ਮੋਦੀ ਭਾਰਤ ਦੀ ਆਜ਼ਾਦੀ  ਦੀ 70ਵੀਂ ਵਰ੍ਹੇਗੰਢ ਮੌਕੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਉਪਰੰਤ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੈਂ ਆਜ਼ਾਦੀ ਦੇ ਇਸ ਖਾਸ ਮੌਕੇ ‘ਤੇ ਦੇਸ਼ ‘ਚ ਰਹਿਣ ਵਾਲੇ 125 ਕਰੋੜ ਲੋਕਾਂ ਅਤੇ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਵਧਾਈਆਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਦੇਸ਼ ਦੀ ਇਹ ਮਾਨਵੀ ਊਰਜਾ ਆਉਣ ਵਾਲੇ ਸਮੇਂ ‘ਚ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ‘ਚ ਸਹਾਇਕ ਹੋਵੇਗੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਅਣਥੱਕ ਯਤਨਾਂ ਦਾ ਸਦਕਾ ਹੀ ਹੈ ਕਿ ਅਸੀਂ ਅੱਜ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ। ਹਰ ਭਾਰਤੀ ਨੇ ਦੇਸ਼ ਲਈ ਕੰਮ ਕੀਤਾ ਹੈ ਅਤੇ ਉਸ ਦੇ ਯੋਗਦਾਨ ਨਾਲ ਹੀ ਸਾਨੂੰ ਆਜ਼ਾਦੀ ਹਾਸਲ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਗਰੀਬੀ ਅਤੇ ਸਾਨੂੰ ਆਪਸ ‘ਚ ਉਲਝਣ ਦੀ ਬਜਾਏ ਗਰੀਬੀ ਨਾਲ ਲੜਨਾ ਪਵੇਗਾ ਤਾਂ ਹੀ ਦੇਸ਼ ਵਿਕਾਸ ਦੇ ਰਾਹ ‘ਤੇ ਵਧ ਸਕੇਗਾ। ਉਨ੍ਹਾਂ ਕਿਹਾ ਕਿ ਜੇ ਮੱਧਮ ਵਰਗ ਦਾ ਵਿਅਕਤੀ ਫਲੈਟ ਲੈਣਾ ਚਾਹੁੰਦਾ ਹੈ ਤਾਂ ਉਹ ਬਿਲਡਰਾਂ ਦੇ ਚੱਕਰ ‘ਚ ਫਸ ਜਾਂਦਾ ਹੈ ਅਤੇ ਉਸ ਨੂੰ ਸਮੇਂ ਸਿਰ ਮਕਾਨ ਨਹੀਂ ਮਿਲਦਾ। ਅਸੀਂ ਰੀਅਲ ਅਸਟੇਟ ਬਿੱਲ ਲਿਆ ਕੇ ਬਿਲਡਰਾਂ ਨੂੰ ਨੱਥ ਪਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਦੇਸ਼ ‘ਚ ਸੁਰੱਖਿਆ ਫੋਰਸਾਂ ਅਤੇ ਪੁਲਿਸ ਦੇ 33 ਹਜ਼ਾਰ ਤੋਂ ਵਧ ਲੋਕਾਂ ਨੂੰ ਬਲੀਦਾਨ ਦੇਣਾ ਪਿਆ। ਅੱਜ ਦੇ ਮੌਕੇ ‘ਤੇ ਅਸੀਂ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਾਂ। ਫੌਜ ਦੇ ਜਵਾਨਾਂ ਲਈ ਅਸੀਂ
ਇੱਕ ਰੈਂਕ ਇੱਕ ਪੈਨਸ਼ਨ ਨੂੰ ਲਾਗੂ ਕੀਤਾ ਹੈ। ਦੇਸ਼ ‘ਚ ਔਰਤਾਂ ਲਈ ਰਾਤ ਨੂੰ ਕੰਮ ਕਰਨਾ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਆਦਮੀ ਅਤੇ ਔਰਤ ‘ਚ ਕੋਈ ਭੇਦਭਾਵ ਨਾ ਰਹੇ। ਦੁਕਾਨਦਾਰਾਂ ਅਤੇ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਹਰ ਦਿਨ ਪੈਦਾ ਹੋ ਰਹੇ ਹਨ। ਇਹ ਸਮੇਂ ਦੀ ਮੰਗ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਅਤੇ ਦੇਸ਼ ਦਾ ਕਲਿਆਣ ਹੋਵੇ। ਭਾਰਤ ਨੌਜਵਾਨਾਂ ਦਾ ਦੇਸ਼ ਹੈ, ਜਿੱਥੇ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਹੈ। ਉਨ੍ਹਾਂ ਕਿਹਾ ਕਿ ਹਰ ਸ਼ਹਿਰੀ ਨੂੰ ਇਕਜੁਟ ਹੋ ਕੇ ਕੰਮ ਕਰਨਾ ਪਵੇਗਾ। ਸਮਾਜ ਦੀ ਮਜ਼ਬੂਤੀ ਬਗੈਰ ਹਿੰਦੁਸਤਾਨ ਮਜ਼ਬੂਤ ਨਹੀਂ ਹੋ ਸਕਦਾ। ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ। ਦੇਸ਼ ਜੇਕਰ ਵਿਤਕਰੇਬਾਜ਼ੀ ਦਾ ਸ਼ਿਕਾਰ ਹੋ ਜਾਵੇਗਾ ਤਾਂ ਵਿਕਾਸ ਨਹੀਂ ਹੋ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਇੰਦਰਧਨੁਸ਼ ਟੀਕਾਕਰਣ ਦੀ ਸ਼ੁਰੂਆਤ ਕੀਤੀ ਤਾਂ ਜੋ ਬੱਚਿਆਂ ਦੀ ਸਿਹਤ ਯਕੀਨੀ ਬਣਾਈ ਜਾ ਸਕੇ। ਅਸੀਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਲਈ ਸੁਕੰਨਿਆ ਯੋਜਨਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਜਵਲਾ ਯੋਜਨਾ ਅਧੀਨ 50 ਲੱਖ ਗਰੀਬ ਪਰਿਵਾਰਾਂ ਨੂੰ ਗੈਸ ਮੁਹੱਈਆ ਕਰਵਾ ਦਿੱਤੀ ਗਈ ਹੈ। ਸਾਡੀ ਕੋਸ਼ਿਸ਼ 5 ਕਰੋੜ ਪਰਿਵਾਰਾਂ ਤੱਕ ਰਸੋਈ ਗੈਸ ਪਹੁੰਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰੇਲਵੇ ਪ੍ਰਾਜੈਕਟਾਂ ਦੀ ਮਨਜ਼ੂਰੀ ਨੂੰ ਦੋ-ਦੋ ਸਾਲ ਲੱਗ ਜਾਂਦੇ ਸਨ ਪਰ ਹੁਣ ਇਹ ਕੰਮ 3 ਤੋਂ 6 ਮਹੀਨਿਆਂ ‘ਚ ਹੋ ਜਾਂਦਾ ਹੈ। ਅਸੀਂ ਸਿਰ ਝੁਕਾ ਕੇ ਪਿਛਲੀ ਸਰਕਾਰ ਦੇ 100 ਤੋਂ ਵਧ ਪ੍ਰਾਜੈਕਟਾਂ ‘ਤੇ ਅੱਗੇ ਕੰਮ ਸ਼ੁਰੂ ਕੀਤਾ। ਇਸ ਨਾਲ ਦੇਸ਼ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਤੇ ਤੁਹਾਡੀ ਸਰਕਾਰ ਦੇ ਹੰਕਾਰ ਨਾਲ ਦੇਸ਼ ਦਾ ਵਿਕਾਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਰੇਲਵੇ ਦੇ ਮੁਸਫਰਾਂ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਯਕੀਨੀ ਬਣਾਉਣ ਦੀ ਦਿਸ਼ਾ ‘ਚ ਸਰਕਾਰ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਮਿਆਦ ‘ਚ ਪਸਾਰ ਦਰ 10 ਫੀਸਦੀ ਨੂੰ ਵੀ ਪਾਰ ਕਰ ਗਈ ਪਰ ਸਾਡੀ ਸਰਕਾਰ ਨੇ ਇਸ ਨੂੰ 6 ਫੀਸਦੀ ਤੋਂ ਅੱਗੇ ਨਹੀਂ ਜਾਣ ਦਿੱਤਾ। ਇਸ ਦੇ ਬਾਵਜੂਦ ਦੋ ਸਾਲ ਦੇਸ਼ ‘ਚ ‘ਕਾਲ ਦੀ ਸਥਿਤੀ ਰਹੀ। ਇਸ ਕਾਰਨ ਕੁਝ ਮੁਸ਼ਕਲਾਂ ਆਈਆਂ। ਅਸੀਂ ਮਹਿੰਗਾਈ ਨੂੰ ਰੋਕਣ ਦੇ ਯਤਨ ਕੀਤੇ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀ ਖਰੀਦ ਦੇ ਮਾਮਲੇ ‘ਚ ਸਰਕਾਰ ਨੇ 20000 ਕਰੋੜ ਰੁਪਏ ਬਚਾਏ ਹਨ। ਦੇਸ਼ ‘ਚ ਦੋ ਕਰੋੜ ਤੋਂ ਵਧ ਪਖਾਨੇ ਬਣ ਚੁੱਕੇ ਹਨ। ਸਰਕਾਰ ਆਮ ਜੀਵਨ ‘ਚ ਤਬਦੀਲੀ ਲਿਆਉਣ ਲਈ ਕੰਮ ਕਰ ਰਹੀ ਹੈ। ਦੇਸ਼ ਦੇ 18 ਹਜ਼ਾਰ ਪਿੰਡ ਬਿਜਲੀ ਤੋਂ ਵਾਂਝੇ ਸਨ, ਜਿਨ੍ਹਾਂ ‘ਚੋਂ 10 ਹਜ਼ਾਰ ਤੱਕ ਬਿਜਲੀ ਪਹੁੰਚਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸੂਰਜੀ ਊਰਜਾ ਦੇ ਮਾਮਲੇ ‘ਚ 118 ਫੀਸਦੀ ਦਾ ਵਾਧਾ ਕੀਤਾ ਹੈ। ਦੇਸ਼ ‘ਚ ਸੜਕਾਂ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਤੀਜੀ ਅਤੇ ਚੌਥੀ ਸ਼੍ਰੇਣੀ ਦੀਆਂ ਨੌਕਰੀਆਂ ਦੇ ਮਾਮਲੇ ‘ਚ 9 ਹਜ਼ਾਰ ਅਹੁਦਿਆਂ ਲਈ ਇੰਟਰਵਿਊ ਦਾ ਕੰਮ ਖ਼ਤਮ ਕਰ ਦਿੱਤਾ ਗਿਆ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *