Breaking News
Home / Punjab / ਸੰਗਠਿਤ ਅਪਰਾਧ ਦੇ ਟਾਕਰੇ ਲਈ ਬਣੇਗਾ ਐਸ.ਟੀ.ਐਫ.: ਸੁਖਬੀਰ

ਸੰਗਠਿਤ ਅਪਰਾਧ ਦੇ ਟਾਕਰੇ ਲਈ ਬਣੇਗਾ ਐਸ.ਟੀ.ਐਫ.: ਸੁਖਬੀਰ

ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ ਦਾ ਸਬ ਡਵੀਜ਼ਨ ਪੱਧਰ ‘ਤੇ ਵੱਖਰਾ ਕਾਡਰ ਹੋਵੇਗਾ

ਚੰਡੀਗੜ੍ਹ, 31 ਜੁਲਾਈ (ਚ.ਨ.ਸ.) :  ਪੁਲਿਸ ਜਾਂਚ ਦੇ ਤਰੀਕਿਆਂ ਵਿਚ ਹੋਰ ਆਧੁਨਿਕਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ (ਪੀਬੀਆਈ), ਜੋ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਦਿਮਾਗ ਦੀ ਉਪਜ ਹੈ, ਦਾ ਇਸ ਪੰਜਾਬ ਦਿਵਸ ਤੋਂ ਸਬ ਡਵੀਜ਼ਨ ਪੱਧਰ ‘ਤੇ ਜਲਦ ਹੀ ਵੱਖਰਾ ਕਾਡਰ ਸਥਾਪਿਤ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਅਹਿਮ ਐਲਾਨ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਇਸ ਬਾਰੇ ਸਹਿਮਤੀ ਦੇ ਦਿੱਤੀ ਗਈ ਹੈ ਅਤੇ 16035 ਅਸਾਮੀਆਂ ਪੰਜਾਬ ਪੁਲਿਸ ਵਿਚ ਭਰਤੀ ਕਰਨ ਨੂੰ ਵੀ ਹਰੀ ਝੰਡੀ ਮਿਲ ਗਈ ਹੈ, ਜਿਸ ਵਿਚੋਂ 5249 ਅਸਾਮੀਆਂ ਪੀਬੀਆਈ ਲਈ ਹੋਣਗੀਆਂ।
ਇੱਥੇ ਗ੍ਰਹਿ ਵਿਭਾਗ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸ. ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਦੱਸਿਆ ਕਿ ਸਬ ਡਵੀਜ਼ਨ ਪੱਧਰ ਅਤੇ ਹੈੱਡਕੁਆਟਰ ‘ਤੇ ਪੀਬੀਆਈ ਦਾ ਕਾਡਰ ਵੱਖ-ਵੱਖ ਹੋਵੇਗਾ ਅਤੇ ਇਸ ਸਬੰਧੀ ਉੱਪ ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਨੂੰ ਵੱਖ-ਵੱਖ ਵਿਸ਼ਿਆਂ ਵਿਚ ਮਾਹਿਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਲਈ ਸ਼ਰਤਾਂ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਕਾਨੂੰਨੀ ਮਾਮਲਿਆਂ ਦੇ ਮਾਹਿਰ, ਫੋਰੈਂਸਿਕ, ਆਈ.ਟੀ. ਅਤੇ ਵਿੱਤੀ ਮਾਮਲਿਆਂ ਆਦਿ ਵਿਚ ਮਾਹਿਰਾਂ ਦੀ ਭਰਤੀ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਹੈੱਕੁਆਟਰ ਪੱਧਰ ‘ਤੇ ਡਾਇਰੈਕਟਰ-ਕਮ-ਏਡੀਜੀਪੀ ਦੀ ਨਿਗਰਾਨੀ ਹੇਠ ਬਿਓਰੋ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਾ ਹੈ ਜਿਸ ਦਾ ਕਿ ਡੀਆਈਜੀ ਪੱਧਰ ਦਾ ਅਧਿਕਾਰੀ ਇੰਚਾਰਜ ਹੈ। ਇਸੇ ਤਰ੍ਹਾਂ ਜ਼ਿਲ੍ਹਿਆਂ ਵਿਚ ਐਸਐਸਪੀ ਅਤੇ ਕਮਿਸ਼ਨਰ ਆਫ ਪੁਲਿਸ ਇੰਚਾਰਜ ਦੀ ਡਿਊਟੀ ਨਿਭਾਉਣਗੇ ਜਦਕਿ ਡੀਐਸਪੀ (ਇਨਵੈਸਟੀਗੇਸ਼ਨ) ਸਬ ਡਵੀਜ਼ਨ ਪੱਧਰ ‘ਤੇ ਇੰਚਾਰਜ ਹੋਵੇਗਾ। ਸ. ਬਾਦਲ ਨੇ ਪੁਲਿਸ ਮੁਖੀ ਨੂੰ ਕਿਹਾ ਕਿ ਫੀਲਡ ਵਿਚ ਕਾਨੂੰਨੀ ਅਤੇ ਫੋਰੈਂਸਿਕ ਮਾਹਿਰ ਪੇਸ਼ੇਵਰਾਂ ਦੀ ਤੈਨਾਤੀ ਕੀਤੀ ਜਾਵੇ ਅਤੇ ਜਾਂਚ ਦੇ ਤਰੀਕਿਆਂ ਨੂੰ
ਪੂਰੀ ਤਰ੍ਹਾਂ ਨਾਲ ਆਧੁਨਿਕਤਾ ਨਾਲ ਜੋੜ ਕੇ ਸਮੇਂ ਦੇ ਹਾਣ ਦੇ ਯੰਤਰ ਮੁਹੱਈਆ ਕਰਵਾਏ ਜਾਣ ਤਾਂ ਜੋ ਖੂਨ ਅਤੇ ਹੱਥਾਂ ਦੀਆਂ ਲਕੀਰਾਂ ਦੇ ਨਮੂਨਿਆਂ ਨੂੰ ਇਕੱਠਾ ਕੀਤਾ ਜਾ ਸਕੇ।
ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਪੀਬੀਆਈ ਦੇ ਵੱਖੋ-ਵੱਖ ਜਾਂਚ ਯੂਨਿਟ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿਚ ਕਤਲਾਂ ਦੀ ਜਾਂਚ ਸਬੰਧੀ ਯੂਨਿਟ, ਔਰਤਾਂ ‘ਤੇ ਜ਼ੁਲਮਾਂ ਦੀ ਜਾਂਚ ਸਬੰਧੀ ਯੂਨਿਟ, ਬੱਚਿਆਂ ਸਬੰਧੀ ਯੂਨਿਟ, ਸਾਈਬਰ ਕ੍ਰਾਈਮ ਯੂਨਿਟ, ਆਰਧਿਕ ਅਪਰਾਧਾਂ ਸਬੰਧੀ ਯੂਨਿਟ, ਸਪੈਸ਼ਲ ਕ੍ਰਾਈਮ ਯੂਨਿਟ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਸਬੰਧੀ ਯੂਨਿਟ ਹੋਣਗੇ। ਉਨ੍ਹਾਂ ਦੱਸਿਆ ਕਿ ਕੁੱਲ 174 ਟੀਮਾਂ ਕਤਲਾਂ ਦੀ ਜਾਂਚ ਸਬੰਧੀ ਯੂਨਿਟ ਵਿਚ ਲਾਈਆਂ ਜਾਣਗੀਆਂ ਜਦਕਿ 152 ਟੀਮਾਂ ਔਰਤਾਂ ‘ਤੇ ਜ਼ੁਲਮਾਂ ਦੀ ਜਾਂਚ ਸਬੰਧੀ ਅਤੇ ਬੱਚਿਆਂ ਸਬੰਧੀ ਯੂਨਿਟ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ 150 ਟੀਮਾਂ ਸਾਈਬਰ ਕ੍ਰਾਈਮ ਯੂਨਿਟ ਵਿਚ ਲਾਈਆਂ ਜਾਣਗੀਆਂ।
ਹੋਰ ਜ਼ਿਆਦਾ ਜਾਣਕਾਰੀ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਸੰਗਠਿਤ ਅਪਰਾਧਾਂ ਨੂੰ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੀ ਵੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਕਾਡਰ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ 781 ਨਵੀਆਂ ਅਸਾਮੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 11 ਡੀਐਸਪੀ, 24 ਇੰਸਪੈਕਟਰ, 66 ਸਬ ਇੰਸਪੈਕਟਰ, 64 ਏਐਸਆਈ ਅਤੇ 116 ਹੈੱਡ ਕਾਂਸਟੇਬਲ ਅਤੇ 500 ਕਾਂਸਟੇਬਲ ਹੋਣਗੇ। ਉਨ੍ਹਾਂ ਗ੍ਰਹਿ ਵਿਭਾਗ ਨੂੰ ਕਿਹਾ ਕਿ ਇਸ ਕਾਡਰ ਵਿਚ ਭਰਤੀ ਲਈ ਸ਼ਰਤਾਂ ਤੈਅ ਕਰ ਲਈਆਂ ਜਾਣ ਇੰਟੈਲੀਜੈਂਸ ਅਧਿਕਾਰੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ ਅਤੇ ਆਈ.ਟੀ. ਦੀ ਡਿਗਰੀ ਬੀਐਸਸੀ/ਬੀ ਟੈੱਕ/ਬੀਈ/ਬੀਸੀਏ ਜਾਂ ਪੀਜੀਡੀਸੀਏ ਵੀ ਹੋਵੇ।
ਸ. ਬਾਦਲ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ, ਲਿਧਆਣਾ ਅਤੇ ਐਸਏਐਸ ਨਗਰ ਦੇ ਲੋਕਾਂ ਨੂੰ ਬੇਹਤਰ ਸੁਰੱਖਿਆ ਦੇਣ ਲਈ ਪੁਲਿਸ ਅਧਿਕਾਰੀਆਂ ਦੀਆਂ 4425 ਵਾਧੂ ਅਸਾਮੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਨ੍ਹਾਂ ਵਿਚ ਏਡੀਸੀਪੀ/ਐਸਪੀ, ਏਸੀਪੀ/ਡੀਐਸਪੀ, ਇੰਸਸਪੈਕਟਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ 4000 ਕਾਂਸਟੇਬਲਾਂ ਅਤੇ 750 ਕਾਂਸਟੇਬਲ ਡਰਾਈਵਰਾਂ ਦੀ ਭਰਤੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸ ਨਾਲ ਕਿ ਰੈਪਿਡ ਰੂਰਲ ਪੁਲਿਸ ਰਿਸਪਾਂਸ ਸਕੀਮ ਨੂੰ ਸੂਬੇ ਵਿਚ ਮਜ਼ਬੂਤੀ ਮਿਲੇਗੀ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਜਗਪਾਲ ਸਿੰਘ ਸੰਧੂ, ਮੁੱਖ ਸਕੱਤਰ ਵਿੱਤ ਡੀਪੀ ਰੈਡੀ, ਉੱਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਐਸ ਔਜਲਾ, ਡੀਜੀਪੀ ਸੁਰੇਸ਼ ਅਰੋੜਾ, ਏਜੀਡੀਪੀ ਪ੍ਰਬੰਧ ਦਿਨਕਰ ਗੁਪਤਾ, ਏਡੀਜੀਪੀ ਕਮ ਡਾਇਰੈਕਟਰ ਪੀਬੀਆਈ ਇਕਬਾਲ ਪ੍ਰੀਤ ਸਿੰਘ ਸਹੋਤਾ, ਆਈਜੀ ਹੈੱਡਕੁਆਟਰ ਗੌਰਵ ਯਾਦਵ, ਆਈ ਜੀ ਕ੍ਰਾਈਮ ਜੀ. ਨਾਗੇਸ਼ਵਰਾ ਰਾਓ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਮਨਵੇਸ਼ ਸਿੰਘ ਸਿੱਧੂ ਅਤੇ ਅਜੇ ਮਹਾਜਨ ਵੀ ਹਾਜ਼ਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *