Breaking News
Home / India / ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਲੋੜਵੰਦ ਸਿੱਖ ਵਿਦਿਆਰਥੀਆਂ ਦੀ ਸਹਾਇਤਾ ਲਈ ‘ਬਾਲਾ ਪ੍ਰੀਤਮ ਐਜੂਕੇਸ਼ਨ ਫੰਡ’ ਕਾਇਮ ਕਰਨ ਦਾ ਐਲਾਨ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਲੋੜਵੰਦ ਸਿੱਖ ਵਿਦਿਆਰਥੀਆਂ ਦੀ ਸਹਾਇਤਾ ਲਈ ‘ਬਾਲਾ ਪ੍ਰੀਤਮ ਐਜੂਕੇਸ਼ਨ ਫੰਡ’ ਕਾਇਮ ਕਰਨ ਦਾ ਐਲਾਨ

ਨਵੀਂ ਦਿੱਲੀ 28 ਜੁਲਾਈ (ਅੰਮ੍ਰਿਤਪਾਲ ਸਿੰਘ):ਲੋੜਵੰਦ ਸਿੱਖ ਵਿਦਿਆਰਥੀਆਂ ਦੀ ਵਿੱਦਿਅਕ ਸਹਾਇਤਾ ਲਈ ‘ਬਾਲਾ ਪ੍ਰੀਤਮ ਐਜੂਕੇਸ਼ਨ ਫੰਡ’ ਕਾਇਮ ਕਰਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ। 8ਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਹੋਏ ਮੁੱਖ ਸਮਾਗਮ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਗੱਲ ਦੀ ਜਾਣਕਾਰੀ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਗੁਰੂ ਸਾਹਿਬ ਨੂੰ ਛੋਟੀ ਉਮਰ ਵਿਚ ਗੁਰਤਾਗੱਦੀ ਮਿਲਣ ਦੇ ਬਾਵਜੂਦ ਗੁਰੂ ਸਾਹਿਬ ਜੀ ਦੀ ਕਾਬਲੀਅਤ ਅਤੇ ਦੂਰਅੰਦੇਸ਼ੀ ਸੋਚ ਨੂੰ ਜੀ.ਕੇ. ਨੇ ਬੇਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਉਣ ਵਾਲੀ ਸੰਗਤ ‘ਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਗੁਰੂ ਦਰਬਾਰ ਤੋਂ ਆਪਣੀ ਝੋਲੀ ਭਰ ਕੇ ਜਾਂਦੇ ਹਨ। ਸ਼ੰਕਾਵਾਦੀਆਂ ਨੂੰ ਕਰੜੇ ਹੱਥੀਂ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ਼ ਛੱਜੂ ਝੀਵਰ ਦੇ ਸਿਰ ‘ਤੇ ਛੜੀ ਰੱਖ ਕੇ ਗੀਤਾ ਦੇ ਅਰਥ ਹੀ ਨਹੀਂ ਕਰਵਾਏ ਸਗੋਂ ਮੁਲਕ ਦੇ ਬਾਦਸ਼ਾਹ ਔਰੰਗਜ਼ੇਬ ਦੀ ਘਟਿਆ ਸੋਚ ਨੂੰ ਆਪਣੀ ਬ੍ਰਹਮਬ੍ਰਿਤੀ ਨਾਲ ਪਛਾਣ ਕੇ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ-ਜੋਤ ਸਮਾਉਣ ਵੇਲੇ ਸਿੱਖ ਧਰਮ ਦੇ ਸਾਹਮਣੇ ਆ ਰਹੀਆਂ ਚੁਨੌਤੀਆਂ ਨੂੰ ਦੂਰੰਦੇਸ਼ੀ ਸੋਚ ਨਾਲ ਨਾਪ ਕੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਾ ਬਕਾਲਾ ਵਿਖੇ ਹੋਣ ਦਾ ਇਸ਼ਾਰਾ ਕੀਤਾ ਸੀ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਜੇਕਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ 9ਵੇਂ ਗੁਰੂ ਦੇ ਤੌਰ ਤੇ ਚੋਣ ਨਾ ਕੀਤੀ ਹੁੰਦੀ ਤਾਂ ਅੱਜ ਮੁਲਕ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਜੇਕਰ ਅੱਜ ਮੰਦਰਾਂ ਦੇ ਵਿਚ ਦੀਵੇ ਜੱਗਦੇ ਤੇ ”ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ” ਗੀਤ ਗਾਏ ਜਾਂਦੇ ਹਨ ਤਾਂ ਉਸ ਦਾ ਮੂਲ ਕਾਰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਦੂਰੰਦੇਸ਼ੀ ਸੋਚ ਨਾਲ ਕੌਮ ਦੇ ਭਵਿੱਖ ਦੀ ਅਗਵਾਹੀ ਦਾ ਲਿਆ ਗਿਆ ਫੈਸਲਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹਿੰਦੂਸਤਾਨ ਨੂੰ ਦਰਪੇਸ਼ ਆਈਆਂ ਸਾਰੀ ਔਕੜਾਂ ਦੌਰਾਨ ਸਿੱਖ ਸਭ ਤੋਂ ਅੱਗੇ ਖੜੇ ਰਹੇ ਤੇ ਕੱਦੇ ਵੀ ਦੇਸ਼-ਕੌਮ ਲਈ ਆਪਣਾ ਫਰਜ ਨਿਭਾਉਣ ਤੋਂ ਡੋਲੇ ਨਹੀਂ।  ਪਹਿਲੀ ਵਾਰ ਡੇਰਾਵਾਦ ਦੇ ਖਿਲਾਫ਼ ਮੁਖਰ ਹੋ ਕੇ ਬੋਲਦੇ ਹੋਏ ਜੀ.ਕੇ. ਨੇ ਕਿਹਾ ਕਿ ਡੇਰਾ, ਦੁਕਾਨਾਂ ਤੇ ਤੰਤਰ-ਮੰਤਰ ਸਹਾਰੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਇੱਕ ਗੱਲ ਸਮਝ ਲੈਣ ਕਿ ਮੇਰਾ ਗੁਰੂ ਦੁਖੀਆਂ ਦੇ ਦੁਖ ਕਰਨ ਵੇਲੇ ਕਿਸੇ ਦੀ ਜਾਤ-ਪਾਤ ਨਹੀਂ ਪੁੱਛਦਾ। ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰੀ ਵਜੀਰਾਂ ਵੱਲੋਂ ਵੱਖ-ਵੱਖ ਸਮਾਗਮਾਂ ਵਿਚ ਭਰੀ ਗਈ ਹਾਜ਼ਰੀ ਨੂੰ ਜੀ.ਕੇ. ਨੇ ਕੌਮ ਦੀ ਤਾਕਤ ਦੱਸਿਆ। ਉਨ੍ਹਾਂ ਕਿਹਾ ਕਿ ਕਮੇਟੀ ਨੇ ਸਹੀ ਇਤਿਹਾਸ ਨੂੰ ਸਾਹਮਣੇ ਰੱਖ ਕੇ ਸਰਕਾਰਾਂ ਨੂੰ ਕੌਮੀ ਸਮਾਗਮਾਂ ਵਿਚ ਆਉਣ ਲਈ ਮਜਬੂਰ ਕਰ ਦਿੱਤਾ ਸੀ। ਕੌਮੀ ਰਾਜਧਾਨੀ ਦੀ ਮੁਖ ਇਤਿਹਾਸਿਕ ਯਾਦਗਾਰਾਂ ਲਾਲ ਕਿੱਲਾ ਤੇ ਕੁਤੁੱਬ ਮੀਨਾਰ ਦੇ ਨਾਲ ਜੁੜੇ ਸਿੱਖ ਇਤਿਹਾਸ ਨੂੰ ਸੰਗਤਾਂ ਤਕ ਪਹੁੰਚਾਉਣ ਤੋਂ ਬਾਅਦ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕਮੇਟੀ ਵੱਲੋਂ ਇੰਡੀਆ ਗੇਟ ਲਾੱਨ ਵਿਖੇ ਕੀਰਤਨ ਸਮਾਗਮ ਕਰਾਉਣ ਦੀ ਵੀ ਜੀ.ਕੇ. ਨੇ ਗੱਲ ਕਹੀ।
ਵਿੱਦਿਆ ਨੂੰ ਅੱਜ ਕੌਮ ਦੀ ਲੋੜ ਦੱਸਦੇ ਹੋਏ ਜੀ.ਕੇ. ਨੇ ਕਮੇਟੀ ਦੇ ਸਾਧਨਾ ਅਤੇ ਸਰਕਾਰੀ ਫੀਸ ਮੁਆਫੀ ਸਕੀਮਾਂ ਰਾਹੀਂ ਲੋੜਵੰਦ ਸਿੱਖ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਮਦਦ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਆਂਕੜਿਆਂ ਦੀ ਗੱਲ ਕਰਦੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਬੱਚੇ ਆਪਣੀ 14 ਫੀਸਦੀ ਆਬਾਦੀ ਜਰੀਏ ਸਰਕਾਰੀ ਸਕੀਮਾਂ ਰਾਹੀਂ 9000 ਕਰੋੜ ਰੁਪਏ ਸਾਲਾਨਾਂ ਦਾ ਫਾਇਦਾ ਚੁੱਕ ਰਹੇ ਹਨ। ਪਰ ਬੀਤੇ ਤਿੰਨ ਸਾਲਾਂ ਵਿਚ ਕਮੇਟੀ ਦੀ ਕੋਸ਼ਿਸ਼ਾਂ ਦਾ ਸੱਦਕਾ ਦਿੱਲੀ ਵਿਖੇ 35 ਲੱਖ ਸਾਲਾਨਾ ਤੋਂ ਸ਼ੁਰੂ ਹੋਇਆ ਸਾਡਾ ਸਫ਼ਰ ਬੀਤੇ ਵਰ੍ਹੇ 73 ਕਰੋੜ ਰੁਪਏ ਤੇ ਪੁੱਜ ਗਿਆ ਹੈ। ਸਿੱਖਾਂ ਦੀ ਲਗਭਗ 2 ਫੀਸਦੀ ਆਬਾਦੀ ਹੋਣ ਕਰਕੇ ਜੀ.ਕੇ. ਨੇ ਇਸ ਦੇ ਘੱਟੋ-ਘਟ 1000-1500 ਕਰੋੜ ਰੁਪਏ ਸਾਲਾਨਾਂ ਤਕ ਜਾਣ ਦੀ ਵਕਾਲਤ ਕੀਤੀ।
ਉਨ੍ਹਾਂ ਸਾਫ ਕਿਹਾ ਕਿ ਸਰਕਾਰੀ ਸਕੀਮਾਂ ਦਾ ਪ੍ਰਚਾਰ ਕਰਨਾ ਕਮੇਟੀ ਦਾ ਕੰਮ ਨਹੀਂ ਸੀ ਪਰ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇਣ ਦੀ ਮਜਬੂਰੀ ਲਈ ਕਮੇਟੀ ਨੂੰ ਇਸ ਖੇਤਰ ਵਿਚ ਕਾਰਜ ਕਰਨਾ ਪਿਆ। ”ਬਾਲਾ ਪ੍ਰੀਤਮ ਐਜੂਕੇਸ਼ਨ ਫੰਡ” ਸ਼ੁਰੂ ਕਰਨ ਦੀ ਜੀ.ਕੇ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਬੱਚੇ ਸਰਕਾਰੀ ਸਕੀਮਾਂ ਵਿਚ ਘਟ ਹਾਜ਼ਰੀ ਜਾਂ ਘਟ ਨੰਬਰਾਂ ਦੀਆਂ ਸ਼ਰਤਾਂ ਕਰਕੇ ਫਾਇਦਾ ਚੁੱਕਣ ਤੋਂ ਵਾਂਝੇ ਰਹਿ ਜਾਂਦੇ ਸੀ ਉਨਾਂ ਦੀ ਭਲਾਈ ਲਈ ਸੰਗਤਾਂ ਦੇ ਸਹਿਯੋਗ ਨਾਲ ਇਹ ਫੰਡ ਕਾਇਮ ਕੀਤਾ ਜਾ ਰਿਹਾ ਹੈ। ਜਿਸ ਵਿਚ ਸੰਗਤਾਂ ਆਪਣੀ ਦਸਵੰਧ ਰੂਪੀ ਮਾਇਆ ਦੇ ਕੇ ਕਿਸੇ ਬੱਚੇ ਦਾ ਵਿੱਦਿਅਕ ਖਰਚਾ ਚੁੱਕ ਸਕਦੀਆਂ ਹਨ। ਉਸ ਬੱਚੇ ਦੀ ਸਾਰੀ ਵਿੱਦਿਅਕ ਕਾਰਗੁਜਾਰੀ ਦਾ ਵੇਰਵਾ ਕਮੇਟੀ ਵੱਲੋਂ ਸਮੇਂ-ਸਮੇਂ ਤੇ ਸੰਗਤ ਨੂੰ ਦਿੱਤਾ ਜਾਵੇਗਾ।ਜੀ.ਕੇ. ਨੇ ਸੰਗਤਾਂ ਨੂੰ ਮਹਿੰਗਿਆ ਰੁਮਾਲਿਆਂ ਤੇ ਆਪਣਾ ਦਸਵੰਧ ਨਾ ਖਰਚ ਕਰਨ ਦੀ ਦੁਹਾਈ ਦਿੰਦੇ ਹੋਏ ਉਸ ਪੈਸੇ  ਨੂੰ ਐਜੂਕੇਸ਼ਨ ਫੰਡ ਵਿਚ ਵਰਤਣ ਦਾ ਵੀ ਸੁਝਾਵ ਦਿੱਤਾ।
ਕਿਸੇ ਸਮੇਂ ਸਿੱਖ ਸਮਾਜ ਦਾ ਹਿੱਸਾ ਰਹੀਆਂ ਰੰਗਰੇਟਾ, ਲੁਬਾਣਾ, ਸਿੰਧੀ, ਵਣਜਾਰਾ, ਸਿਕਲੀਘਰ ਬਿਰਾਦਰੀਆਂ ਨੂੰ ਮੁੜ ਤੋਂ ਸਿੱਖ ਸਮਾਜ ਦੇ ਝੰਡੇ ਤਲੇ ਲਿਆਉਣ ਲਈ ਜੀ.ਕੇ. ਨੇ 27 ਅਗਸਤ 2016 ਨੂੰ ਕਮੇਟੀ ਦੇ ਸਹਿਯੋਗ ਨਾਲ ਵੱਡਾ ਪ੍ਰੋਗਰਾਮ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਸਾਬਤ ਸੂਰਤ ਸਰੂਪ ਵਿਚ ਅਮਰੀਕਾ ਦੀ ਯੂਨੀਵਰਸਿਟੀ ‘ਚ ਕਤਲੇਆਮ ਵਿਸ਼ੇ ਤੇ ਖੋਜ ਕਰਕੇ ਆਏ ਗੁਰਦੀਪ ਸਿੰਘ, ਸੁਖਮਨੀ ਸੁਸਾਇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਸਿਧਾਨਾਂ ਅਤੇ ਗੁਰੂ ਹਰਿਕਿਸ਼ਨ ਪਬਲਿਕ ਸਕੂਲਾਂ ਦੇ 12 ਵੀਂ ਜਮਾਤ ਵਿਚ ਅਵੱਲ ਰਹੇ 5 ਵਿਦਿਆਰਥੀਆਂ ਨੂੰ ਸਿਰੋਪਾ ਦੇ ਕੇ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਅਤੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਟੇਜ਼ ਸੱਕਤਰ ਦੀ ਸੇਵਾ ਨਿਭਾਉਂਦੇ ਹੋਏ ਕਮੇਟੀ ਵੱਲੋਂ ਭੱਟ ਸਾਹਿਬਾਨਾਂ ਦੀ ਬਾਣੀ ਅਤੇ ਜੀਵਨ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰੇ ਦੇ ਦੀਵਾਨ ਵਿਚ ਲੜੀਵਾਰ ਕਥਾ ਕਰਾਉਣ ਦੀ ਜਾਣਕਾਰੀ ਦਿੱਤੀ।ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜੱਸੀ, ਕੈਪਟਨ ਇੰਦਰਪ੍ਰੀਤ ਸਿੰਘ ,ਰਵੇਲ ਸਿੰਘ, ਬੀਬੀ ਧੀਰਜ ਕੌਰ, ਦਰਸ਼ਨ ਸਿੰਘ, ਅਕਾਲੀ ਆਗੂ ਤ੍ਰਿਲੋਚਨ ਸਿੰਘ ਢਿੱਲੋਂ ਅਤੇ ਹਰਚਰਣ ਸਿੰਘ ਗੁਲਸ਼ਨ ਇਸ ਮੌਕ ਮੌਜੂਦ ਸਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *