Breaking News
Home / India / ਕਸ਼ਮੀਰ ‘ਚ ਤਣਾਓ ਬਰਕਰਾਰ, ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ 18 ਹੋਈ

ਕਸ਼ਮੀਰ ‘ਚ ਤਣਾਓ ਬਰਕਰਾਰ, ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ 18 ਹੋਈ

ਗ੍ਰਹਿ ਮੰਤਰੀ ਵੱਲੋਂ ਦਿੱਲੀ ‘ਚ ਉੱਚ ਪੱਧਰੀ ਬੈਠਕ

ਸ੍ਰੀਨਗਰ, 10 ਜੁਲਾਈ (ਚ.ਨ.ਸ.) : ਹਿਜ਼ਬੁਲ ਮੁਜਾਹਿਦੀਨ ਦੇ  ਪੋਸਟਰ ਵਿਚ ਨਜ਼ਰ ਆਉਣ ਵਾਲੇ ਬੁਰਹਾਨ ਵਾਨੀ ਦੇ ਮਾਰੇ ਜਾਣ ਦਾ ਵਿਰੋਧ ਕਰ ਰਹੇ ਪੁਲਵਾਮਾ ਦੇ ਸਥਾਨਕ ਲੋਕਾਂ ਅਤੇ ਸਰੁੱਖਿਆ ਬਲਾਂ ‘ਚ ਤਾਜ਼ਾ ਝੜੱਪਾਂ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਨਾਲ ਇਸ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਹੁਣ ਤੱਕ ਇਨ੍ਹਾਂ ਘਟਨਾਵਾਂ ਵਿਚ 200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ  ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿਚ ਆਪਣੇ ਨਿਵਾਸ ਸਥਾਨ ‘ਤੇ ਉੱਚ ਪੱਧਰੀ ਮੀਟਿੰਗ ਕੀਤੀ। ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਗੱਲਬਾਤ ਕਰਕੇ ਜੰਮੂ-ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਲਈ। ਮਹਿਬੂਬਾ ਨੇ ਸੂਬੇ ਦੇ ਹਾਲਾਤ ਬਾਰੇ ਅੱਜ ਕੈਬਨਿਟ ਦੀ ਮੀਟਿੰਗ ਕੀਤੀ। ਉੱਧਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੁਆਰਾ ਜੰਮੂ ਕਸ਼ਮੀਰ ਦੀ ਸਥਿਤੀ ਦੀ ਸਮੀਖਿਆ ਦੌਰਾਨ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਨੇ ਕਿਹਾ ਕਿ ਕਸ਼ਮੀਰ ਵਾਦੀ ਵਿਚ ਸਥਿਤੀ ਕੰਟਰੋਲ ਹੇਠ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਪੁਲਗਾਮਾ ਦੇ ਮੇਵਾ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜੱਪਾਂ ਵਿਚ 18 ਸਾਲਾਂ ਦਾ ਇਕ ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਇਰਫ਼ਾਨ ਅਹਿਮਦ ਮਲਿਕ ਨੂੰ ਇਥੋਂ ਦੇ ਐਸ.ਐਮ.ਐਚ.ਐਸ. ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕੱਲ੍ਹ ਦੀਆਂ ਹਿੰਸਕ ਝੜਪਾਂ ਵਿਚ ਜ਼ਖ਼ਮੀ ਹੋਏ 4 ਵਿਅਕਤੀਆਂ ਨੇ ਰਾਤੀ ਦਮ ਤੋੜ ਦਿੱਤਾ। ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦੱਖਣੀ ਜ਼ਿਲ੍ਹੇ ਪੁਲਵਾਮਾ, ਅਨੰਤਨਾਗ ਅਤੇ ਪੁਲਗਾਮ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਹੁਣ ਤੱਕ ਮਿਲੀ ਪੁਖਤਾ ਜਾਣਕਾਰੀ ਅਨੁਸਾਰ 96 ਸੁਰੱਖਿਆ ਕਰਮਚਾਰੀਆਂ ਸਣੇ 200 ਤੋਂ ਜ਼ਿਆਦਾ ਲੋਕ ਪੂਰੇ ਦਿਨ ਹੋਈਆਂ ਝੜੱਪਾਂ ਦੌਰਾਨ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਭੀੜ ਨੇ ਤਿੰਨ ਪੁਲਿਸ ਥਾਣਿਆਂ, 3 ਨਾਗਰਿਕ ਪ੍ਰਸ਼ਾਸਨ ਦਫ਼ਤਰਾਂ, ਪੀ.ਡੀ.ਪੀ. ਵਿਧਾਇਕ ਦੇ ਘਰ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਭਾਜਪਾ ਦੇ ਦਫ਼ਤਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਕਸ਼ਮੀਰ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿਚ ਦੂਜੇ ਦਿਨ ਵੀ ਕਰਫਿਊ ਲਗਾ ਰਿਹਾ। ਝੜੱਪਾਂ ਦੌਰਾਨ ਹੋਈਆਂ ਮੌਤਾਂ ਦਾ ਵਿਰੋਧ ਕਰਨ ਲਈ ਵੱਖਵਾਦੀ ਗਰੁੱਪਾਂ ਵੱਲੋਂ ਬੁਲਾਏ ਗਏ ਬੰਦ ਕਾਰਨ ਘਾਟੀ ਵਿਚ ਆਮ ਜਨ ਜੀਵਨ ਠੱਪ ਹੋ ਗਿਆ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *