Home / Punjab / ਹਰਸਿਮਰਤ ਤੇ ਸੁਖਬੀਰ ਬਾਦਲ ਨੇ ਲੁਧਿਆਣਾ ਵਿਖੇ ਰੱਖਿਆ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ

ਹਰਸਿਮਰਤ ਤੇ ਸੁਖਬੀਰ ਬਾਦਲ ਨੇ ਲੁਧਿਆਣਾ ਵਿਖੇ ਰੱਖਿਆ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ

ਲੁਧਿਆਣਾ, 26 ਸਤੰਬਰ (ਜਸਵਿੰਦਰ ਚੀਮਾ): ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਲਾਢੋਵਾਲ ਵਿਖੇ ਮਲਟੀਪ੍ਰੋਡਕਟ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ। ਇਹ ਪੰਜਾਬ ਦਾ ਅਜਿਹਾ ਪਹਿਲਾਂ ਮੈਗਾ ਫੂਡ ਪਾਰਕ ਹੈ ਜਿਸ ਨੂੰ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੁਝਾਅ ਦਿੱਤਾ ਕਿ ਇਸ ਫੂਡ ਪਾਰਕ ਦਾ ਨਾਂ ‘ਗੁਰਕ੍ਰਿਪਾਲ ਮੈਗਾ ਫੂਡ ਪਾਰਕ’ ਰੱਖਿਆ ਜਾਵੇ ਕਿਉਂ ਕਿ ਪੰਜਾਬ ਵਿਚ ਜੋ ਰਿਕਾਰਡਤੋੜ ਤਰੱਕੀ ਹੋਈ ਹੈ ਅਤੇ ਵਿਕਾਸ ਦੀ ਜੋ ਗਤੀ ਚੱਲ ਰਹੀ ਹੈ, ਉਹ ਗੁਰੂ ਦੀ ਕ੍ਰਿਪਾ ਨਾਲ ਹੀ ਹੈ। ਉਨ੍ਹਾਂ ਦੱਸਿਆ ਕਿ ਗੁਰਕ੍ਰਿਪਾਲ ਫੂਡ ਪਾਰਕ ਦੇ ਰੂਪ ‘ਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਤੋਹਫਾ ਦਿਤਾ ਗਿਆ ਹੈ ਅਤੇ ਇਸ ਪਾਰਕ ਦੇ ਸਥਾਪਤ ਹੋਣ ਨਾਲ ਪੰਜਾਬ ਦੇ ਜ਼ਿਲ੍ਹਿਆਂ ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਐਸ ਬੀ ਐਸ ਨਗਰ, ਜਲੰਧਰ, ਮੋਗਾ, ਸੰਗਰੂਰ ਅਤੇ ਬਰਨਾਲਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਲਾਢੋਵਾਲ ਵਿਖੇ ਸਥਾਪਿਤ ਕੀਤੇ ਜਾਣ ਵਾਲੇ ਮੈਗਾ ਫੂਡ ਪਾਰਕ ਸਬੰਧੀ ਜਾਣਕਾਰੀ ਦਿੰਦਿਆਂ  ਸ੍ਰੀਮਤੀ ਬਾਦਲ ਨੇ ਦੱਸਿਆ ਕਿ ਇਹ ਮੈਗਾ ਫੂਡ ਪਾਰਕ 100.20 ਏਕੜ ਦੇ ਰਕਬੇ ਵਿੱਚ 117.61 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ। ਇਸ
ਪਾਰਕ ਵਿੱਚ 500 ਕਿਲੋ ਸਪਾਈਰਲ ਫਰੀਜ਼ਰ, 1000 ਮੀਟ੍ਰਿਕ ਟਨ ਦੀ ਸਮਰੱਥਾ ਵਾਲਾ ਪਿਆਜ ਅਤੇ ਲਸਣ ਦਾ ਕੋਲਡ ਸਟੋਰ, ਇੱਕ 1000 ਮੀਟ੍ਰਿਕ ਟਨ ਵਾਲਾ ਸਬਜ਼ੀਆਂ ਲਈ ਫਰੋਜ਼ਨ ਕੋਲਡ ਸਟੋਰ , 10000 ਮੀਟ੍ਰਿਕ ਟਨ ਡਰਾਈ ਵੇਅਰ ਹਾਊਸ, 10000 ਮੀਟ੍ਰਿਕ ਟਨ ਸਿਲੋਜ਼, 100 ਮੀਟ੍ਰਿਕ ਟਨ ਰਾਈਪਨਿੰਗ ਚੈਂਬਰ, ਇੱਕ ਮੀਟ੍ਰਿਕ ਟਨ ਐਚ ਆਰ ਡੀਹਾਈਡ੍ਰੇਸ਼ਨ/ਏਅਰ ਡਰਾਈਡ, 400 ਮੀਟ੍ਰਿਕ ਕੋਲਡ ਸਟੋਰੇਜ, ਰੀਫਰ ਵੈਨਜ, ਫੂਡ ਇਨਕਿਊਬੇਸ਼ਨ ਸੈਂਟਰ ਅਤੇ ਟੈਸਟਿੰਗ ਲੈਬਾਟਰੀਜ਼ ਦੀ ਸੁਵਿਧਾ ਹੋਵੇਗੀ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਤਿੰਨ ਮੈਗਾ ਫੂਡ ਪਾਰਕ ਪ੍ਰਵਾਨ ਕੀਤੇ ਹਨ। ਇਨ੍ਹਾਂ ਵਿਚੋਂ ਪਹਿਲਾ ਫੂਡ ਪਾਰਕ ਫਾਜ਼ਿਲਕਾ ਵਿਖੇ ਸਥਾਪਿਤ ਕੀਤਾ ਗਿਆ ਹੈ ਜੋ ਕਿ ਕਾਰਜਸ਼ੀਲ  ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਵਲੋਂ ਪ੍ਰਫੁੱਲਿਤ ਕੀਤੇ ਜਾ ਰਹੇ ਦੂਜੇ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਅੱਜ ਲਾਢੋਵਾਲ, ਲੁਧਿਆਣਾ ਵਿਖੇ ਰੱਖਿਆ ਗਿਆ ਹੈ ਅਤੇ ਤੀਜਾ ਫੂਡ ਪਾਰਕ (ਮੈਸਰਜ ਸੁਖਜੀਤ ਮੈਗਾ ਫੂਡ ਪਾਰਕ) ਦੀ ਕਪੂਰਥਲਾ ਵਿਖੇ ਸਥਾਪਤ ਕਰਨ ਦੀ ਪ੍ਰਵਾਨਗੀ ਕੇਂਦਰੀ ਮੰਤਰਾਲੇ ਵਲੋਂ ਦਿੱਤੀ ਜਾ ਚੁੱਕੀ ਹੈ।
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਧੀਨ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਲੋਂ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਪੂਰੇ ਉਤਸ਼ਾਹ ਨਾਲ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀਬਾੜੀ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਸਕੇ ਅਤੇ ‘ਮੇਕ ਇੰਨ ਇੰਡੀਆ’ ਮੁਹਿੰਮ ਨੂੰ ਅੱਗੇ ਵਧਾਉਣ ਲਈ ਇਹ ਵਿਕਾਸ ਦਾ ਇਕ ਜ਼ਰੀਆ ਬਣ ਸਕੇ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਮੁੱਖ ਉਦੇਸ਼ ਇਸ ਖੇਤਰ ਲਈ ਯੋਗ ਢਾਂਚਾ ਸਥਾਪਿਤ ਕਰਨਾ ਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *