Breaking News
Home / India / ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ : ਮੋਦੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ : ਮੋਦੀ

ਪਟਨਾ ਸਾਹਿਬ, 5 ਜਨਵਰੀ (ਚ.ਨ.ਸ.) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਅੱਜ ਗਾਂਧੀ ਮੈਦਾਨ ਦੇ ਮੁੱਖ ਪੰਡਾਲ ‘ਚ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਸਾਏ ਰਸਤੇ ‘ਤੇ ਚੱਲ ਕੇ ਹੀ ਦੇਸ਼ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਸਕਦਾ ਹੈ ਅਤੇ ਸਰਵਪੱਖੀ ਵਿਕਾਸ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਗੁਰੂ ਸਾਹਿਬ ਵਲੋਂ ਹਰ ਖੇਤਰ ‘ਚ ਪਾਏ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਨੇ 42 ਸਾਲ ਦੀ ਉਮਰ ‘ਚ ਜੋ ਕਾਰਨਾਮੇ ਕਰ ਦਿਖਾਏ, ਉਨ੍ਹਾਂ ਦੀ ਕਿਤੇ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਗੁਰੂ ਸਾਹਿਬ ਵਲੋਂ ਦਰਸਾਏ ਬਹਾਦਰੀ, ਧੀਰਜ, ਤਿਆਗ, ਕੁਰਬਾਨੀ ਅਤੇ ਸਾਂਝੀਵਾਲਤਾ ਦੇ ਰਸਤੇ ‘ਤੇ ਚੱਲਣ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਅੱਗੇ ਵਧ ਸਕੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। ਉਨ੍ਹਾਂ ਜ਼ੁਲਮ, ਬੁਰਾਈਆਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਰੁੱਧ ਲੜਾਈ ਲੜੀ। ਗੁਰੂ ਸਾਹਿਬ ਚਾਹੁੰਦੇ ਸਨ ਕਿ ਸਾਰੇ ਮਨੁੱਖਾਂ ‘ਚ ਬਰਾਬਰੀ ਅਤੇ ਸਾਂਝੀਵਾਲਤਾ ਕਾਇਮ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਪੁਰਬ ਤੋਂ ਸਾਨੂੰ ਮਾਨਵਤਾ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਵੱਡਾ ਸੰਦੇਸ਼ ਮਿਲਦਾ ਹੈ। ਗੁਰੂ ਜੀ ਨੇ ਇੱਕੋ ਵੇਲੇ ਪਿਆਰ, ਤਿਆਗ ਅਤੇ ਕੁਰਬਾਨੀ ਦੀ ਮਿਸਾਲ ਪੇਸ਼ ਕੀਤੀ। ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਸਿਰਫ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ, ਸਗੋਂ ਆਪਣੇ ਮਾਤਾ ਜੀ ਅਤੇ ਬੱਚਿਆਂ ਦੀ ਸ਼ਹਾਦਤ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਪੂਰੇ ਭਾਰਤ ਨੂੰ ਜੋੜਨ ਦਾ ਯਤਨ ਕੀਤਾ। ਖਾਲਸਾ ਪੰਥ ਲਈ ਜੋ ਨਿਯਮ ਗੁਰੂ ਸਾਹਿਬ ਨੇ ਤੈਅ ਕੀਤੇ ਸਨ, ਉਨ੍ਹਾਂ ਨਿਯਮਾਂ ‘ਚ ਖੁਦ ਨੂੰ ਵੀ ਬੰਨ੍ਹਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਕਾਰਜ ਇਹ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦੇ ਦਿੱਤਾ, ਜੋ ਕਿ ਰਹਿੰਦੀ ਦੁਨੀਆ ਤੱਕ ਮਾਨਵਤਾ ਨੂੰ ਪ੍ਰੇਰਨਾ ਦਿੰਦਾ ਰਹੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਜਰਾਤ ਦਾ ਗੁਰੂ ਘਰ ਨਾਲ ਗੂੜ੍ਹਾ ਸਬੰਧ ਹੈ ਕਿਉਂਕਿ ਪੰਜ ਪਿਆਰਿਆਂ ‘ਚ ਇਕ ਗੁਜਰਾਤ ਦੇ ਦੁਆਰਕਾ ਦਾ ਵਾਸੀ ਵੀ ਸੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਨਿਤਿਸ਼ ਕੁਮਾਰ ਵਲੋਂ 350 ਸਾਲਾ ਸਮਾਗਮਾਂ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬਿਹਾਰ ਦੀ ਧਰਤੀ ਤੋਂ ਸਾਨੂੰ ਹਮੇਸ਼ਾ ਪ੍ਰੇਰਨਾ ਮਿਲਦੀ ਰਹੇਗੀ ਕਿਉਂਕਿ ਇੱਥੇ
ਗੁਰੂ ਸਾਹਿਬ ਦਾ ਜਨਮ ਹੋਇਆ ਸੀ। ਇਸ ਧਰਤੀ ਨੇ ਬਾਬੂ ਰਾਜਿੰਦਰ ਪ੍ਰਸਾਦ ਅਤੇ ਜੈ ਪ੍ਰਕਾਸ਼ ਨਾਰਾਇਣ ਵਰਗੀਆਂ ਸ਼ਖਸੀਅਤਾਂ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਨਿਤਿਸ਼ ਕੁਮਾਰ ਨੇ ਬਿਹਾਰ ਵਿੱਚ ਸ਼ਰਾਬਬੰਦੀ ਲਾਗੂ ਕਰਕੇ ਪੂਰੇ ਦੇਸ਼ ਸਾਹਮਣੇ ਇਕ ਸੰਦੇਸ਼ ਰੱਖਿਆ ਹੈ ਕਿ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਮੁਕੰਮਲ ਨਸ਼ਾਬੰਦੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕ੍ਰਾਂਤੀ ਦਾ ਕੋਈ ਵੀ ਕੰਮ ਬਹੁਤ ਔਖਾ ਹੁੰਦਾ ਹੈ ਪਰ ਇਸ ਵਾਸਤੇ ਕਿਸੇ ਨਾ ਕਿਸੇ ਨੂੰ ਮੁੱਢ ਬੰਨ੍ਹਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੂਰੀ ਬਿਹਾਰ ਸਰਕਾਰ ਅਤੇ ਇੱਥੋਂ ਦਾ ਪ੍ਰਸ਼ਾਸਨ ਪ੍ਰਬੰਧਾਂ ਲਈ ਵਧਾਈ ਦਾ ਪਾਤਰ ਹੈ। ਪ੍ਰਕਾਸ਼ ਪੁਰਬ ਸਮਾਗਮਾਂ ‘ਚ ਜੁੜੀ ਵੱਡੀ ਸੰਗਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀ ‘ਚ ਸੰਬੋਧਨ ਕੀਤਾ ਅਤੇ ਕਿਹਾ, ‘ਸਾਧ-ਸੰਗਤ ਜੀ, ਮੈਂ ਤੁਹਾਨੂੰ ਪ੍ਰਕਾਸ਼ ਪੁਰਬ ਸਮਾਗਮਾਂ ‘ਤੇ ‘ਜੀ ਆਇਆਂ’ ਆਖਦਾ ਹਾ, ਮੈਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਵੀ ਦਿੰਦਾ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *