Home / Punjab / ਸੁਖਬੀਰ ਵੱਲੋਂ ਨਵੀਂ ਆਟਾ-ਦਾਲ ਸਕੀਮ ਦੀ ਸ਼ੁਰੂਆਤ ਤੀਜੀ ਵਾਰ ਸਰਕਾਰ ਬਣਨ ‘ਤੇ ਪੰਜਾਬ ਨੂੰ ਮਾਡਲ ਸੂਬਾ ਬਣਾਉਣ ਦਾ ਐਲਾਨ

ਸੁਖਬੀਰ ਵੱਲੋਂ ਨਵੀਂ ਆਟਾ-ਦਾਲ ਸਕੀਮ ਦੀ ਸ਼ੁਰੂਆਤ ਤੀਜੀ ਵਾਰ ਸਰਕਾਰ ਬਣਨ ‘ਤੇ ਪੰਜਾਬ ਨੂੰ ਮਾਡਲ ਸੂਬਾ ਬਣਾਉਣ ਦਾ ਐਲਾਨ

ਬਰਨਾਲਾ, 18 ਜੁਲਾਈ (ਰਾਕੇਸ਼ ਕੁਮਾਰ ਗੋਇਲ):ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਲੰਗਰ ਸੇਵਾ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਸਾਫ ਭਾਂਡੇ ਮਾਂਜਣ ਦੀ ਨਿੰਦਾ ਕਰਦਿਆਂ ਕਿਹਾ ਕਿ ਅਸਲ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਮਰਿਆਦਾ ਦਾ ਕੁਝ ਪਤਾ ਨਹੀਂ ਹੈ ਅਤੇ ‘ਆਪ’ ਨਾਸਤਿਕ ਆਗੂਆਂ ਦਾ ਇਕ ਅਜਿਹਾ ਟੋਲਾ ਹੈ ਜੋ ਕਿਸੇ ਧਰਮ ਦਾ ਸਤਿਕਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਡਰਾਮੇਬਾਜ਼ੀ ਵਿਚ ਉਸਤਾਦ ਹੈ ਅਤੇ ਲੋਕ ਦਿਖਾਵੇ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਪ੍ਰਾਪਤੀ ਦੇ ਸੁਪਨੇ ਵੇਖ ਰਿਹਾ ਹੈ। ਇੱਥੇ ਨਵੀਂ ਆਟਾ-ਦਾਲ ਸਕੀਮ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਛਬੀਲ ਢਾਹ ਕੇ ਅਤੇ ਫਾਲਤੂ ਜਿਹੇ ਯੂਥ ਮਨੋਰਥ ਪੱਤਰ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ‘ਤੇ ਝਾੜੂ ਛਾਪ ਕੇ ਕੇਜਰੀਵਾਲ ਨੇ ਵਿਸ਼ਵ ਦੇ ਸਮੂਹ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ।
ਇਸ ਤੋਂ ਪਹਿਲਾਂ ਸਮਾਗਮ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਡੀ ਖਾਸੀਅਤ ਝੂਠ ਬੋਲਣਾ ਹੈ ਅਤੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਉਸ ਨੇ ਜੋ-ਜੋ ਵਾਅਦੇ ਅਤੇ ਪ੍ਰਣ ਕੀਤਾ ਸੀ ਉਨ੍ਹਾਂ ਵਿਚੋਂ ਕਿਸੇ ‘ਤੇ ਵੀ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ‘ਆਪ’ ਦੇ ਦਿੱਲੀ ਵਿਚ ਵਿਧਾਇਕ ਦੇਸ਼ ‘ਚ ਸਭ ਤੋਂ ਜ਼ਿਆਦਾ ਤਨਖਾਹਾਂ ਲੈਣ ਦੇ ਨਾਲ-ਨਾਲ ਸਭ ਸਰਕਾਰੀ ਸਹੂਲਤਾਂ ਲੈ ਰਹੇ ਹਨ ਜਦਕਿ ਦਿੱਲੀ ਵਿਚ ਵਿਕਾਸ ਦੀ ਥਾਂ ‘ਆਪ’ ਵਾਲਿਆਂ ਨੇ ਵਿਨਾਸ਼ ਕਰਕੇ ਰੱਖ ਦਿੱਤਾ ਹੈ। ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਪੰਜ ਸਾਲਾਂ ਰਾਜ ਦੌਰਾਨ ਇਨ੍ਹਾਂ ਨੇ ਪੰਜਾਬ ਨੂੰ ਇਕ ਵੀ ਯਾਦਗਾਰ ਨਿਸ਼ਾਨੀ ਨਹੀਂ ਦਿੱਤੀ ਅਤੇ ਨਾ ਹੀ ਕੋਈ ਵਿਕਾਸ ਕਰਵਾਇਆ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀਆਂ ਦੀ ਨਿਰਾਸ਼ਾ ਦਾ ਇਹ ਆਲਮ ਹੈ ਕਿ ਹੁਣ ਸਾਰੇ ਕਾਂਗਰਸੀ ਆਗੂ
ਪਾਰਟੀ ਛੱਡ ਕੇ ਜਾਣ ਨੂੰ ਫਿਰਦੇ ਹਨ ਕਿਉਂ ਕਿ ਪੰਜਾਬੀਆਂ ਨੇ ਇਸ ਪਾਰਟੀ ਨੂੰ ਬੁਰੀ ਤਰ•ਾਂ ਨਾਕਾਰ ਦਿੱਤਾ ਹੈ। ਪੰਜਾਬ ਵਿਚ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਰੱਕੀ ਉਦੋਂ ਹੀ ਹੋਈ ਹੈ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਬਿਜਲੀ, ਸੜਕਾਂ, ਬੁਨਿਆਦੀ ਢਾਂਚੇ ਅਤੇ ਹੋਰ ਖੇਤਰਾਂ ਵਿਚ ਰਿਕਾਰਡ ਤਰੱਕੀ ਹੋਈ ਹੈ ਅਤੇ ਭਲਾਈ ਸਕੀਮਾਂ ਜਿਵੇਂ ਆਟਾ-ਦਾਲ ਸਕੀਮ, ਮੁਫਤ ਬਿਜਲੀ, ਸਿਹਤ ਬੀਮਾ ਕਾਰਡ ਅਤੇ ਐਸ.ਸੀ. ਪਰਿਵਾਰਾਂ ਨੂੰ 200 ਮੁਫਤ ਬਿਜਲੀ ਯੂਨਿਟ, ਲੜਕੀਆਂ ਨੂੰ ਮੁਫਤ ਸਾਈਕਲ ਵੰਡਣ ਤੋਂ ਇਲਾਵਾ ਗਰੀਬਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੇ ਪੰਜਾਬ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਅਸਲ ਵਿਚ ਪੰਜਾਬ ਵਾਸੀਆਂ ਦੀ ਸੇਵਾ ਕਰ ਰਹੀ ਹੈ ਅਤੇ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਲੋਕਾਂ ਦੀ ਅਸਲ ਨੁਮਾਇੰਦਾ ਸਰਕਾਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਤ ਸਮੇਂ ਬਾਅਦ ਕੇਂਦਰ ਅਤੇ ਪੰਜਾਬ ਵਿਚ ਇਕ ਰਾਏ ਰੱਖਣ ਵਾਲੀ ਪਾਰਟੀ ਦੀਆਂ ਸਰਕਾਰਾਂ ਹਨ ਇਸ ਲਈ ਵਿਕਾਸ ਦੀ ਲੜੀ ਨੂੰ ਨਾ ਤੋੜਦੇ ਹੋਏ 2017 ਦੀਆਂ ਚੋਣਾਂ ਵਿਚ ਵੀ ਅਕਾਲੀ-ਭਾਜਪਾ ਗੱਠਜੋੜ ਨੂੰ ਜਿਤਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ ਅਤੇ ਪੰਜਾਬ ਵਿਚ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਹੈ ਇਸ ਲਈ ਸੂਬਾ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖ ਰਿਹਾ ਹੈ। ਇਕ ਅਹਿਮ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜਲਦ ਹੀ ਇਕ ਨਵੀਂ ਐਕਸਪ੍ਰੈਸ ਸੜਕ ਨਵੀਂ-ਦਿੱਲੀ ਤੋਂ ਅੰਮ੍ਰਿਤਸਰ ਵਾਇਆ ਬਰਨਾਲਾ-ਮੋਗਾ ਬਣਨ ਜਾ ਰਹੀ ਹੈ ਜੋ ਕਿ ਬਰਨਾਲਾ ਸਮੇਤ ਮਾਲਵੇ ਨੂੰ ਤਰੱਕੀ ਦੇ ਨਵੇਂ ਧੁਰੇ ਵੱਜੋਂ ਸਥਾਪਿਤ ਕਰੇਗੀ।
ਇਸ ਮੌਕੇ ਉਨ੍ਹਾਂ ਰਾਜ ਪੱਧਰੀ ਨਵੀਂ ਆਟਾ-ਦਾਲ ਸਕੀਮ ਦੀ ਸ਼ੁਰੂਆਤ ਕਰਦਿਆਂ ਲਾਭਪਾਤਰੀਆਂ ਨੂੰ ਨੀਲੇ ਕਾਰਡ ਵੰਡੇ। ਸ. ਬਾਦਲ ਨੇ ਕਿਹਾ ਕਿ ਬਰਨਾਲਾ ਵਿਚ ਪਹਿਲਾਂ ਤੋਂ ਹੀ ਬਣੇ ਹੋਏ 60000 ਕਾਰਡਾਂ ਤੋਂ ਇਲਾਵਾ ਹੁਣ 13000 ਹੋਰ ਨਵੇਂ ਕਾਰਡ ਵੰਡੇ ਜਾ ਰਹੇ ਹਨ। ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਨਵੀਂ ਆਟਾ-ਦਾਲ ਸਕੀਮ ਤਹਿਤ ਪੰਜਾਬ ਸਰਕਾਰ ਸੱਤ ਲੱਖ ਹੋਰ ਲਾਭਪਾਤਰੀ ਪਰਿਵਾਰਾਂ ਨੂੰ ਸ਼ਾਮਲ ਕਰ ਰਹੀ ਹੈ ਜਦਕਿ 28 ਲੱਖ ਲਾਭਪਾਤਰੀ ਪਰਿਵਾਰ ਪਹਿਲਾਂ ਹੀ ਇਸ ਸਕੀਮ ਦਾ ਫਾਇਦਾ ਚੁੱਕ ਰਹੇ ਹਨ। ਇਸ ਨਾਲ ਹੁਣ ਆਟਾ-ਦਾਲ ਸਕੀਮ ਦੇ ਕੁੱਲ ਲਾਭਪਾਤਰੀਆਂ ਦੀ ਗਿਣਤੀ 1.41 ਕਰੋੜ ਹੋ ਜਾਵੇਗੀ ਜੋ ਕਿ ਸੂਬੇ ਦੀ ਤਕਰੀਬਨ ਅੱਧੀ ਅਬਾਦੀ ਬਣਦੀ ਹੈ।
ਕਾਬਿਲੇਗੌਰ ਹੈ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦੇ ਚੁੱਕੇ ਹਨ ਕਿ ਆਟਾ-ਦਾਲ ਸਕੀਮ ਦੇ ਸਾਰੇ ਲਾਭਪਾਤਰੀਆਂ ਨੂੰ ਇਸ ਮਹੀਨੇ ਦੇ ਅੰਤ ਤੱਕ ਨੀਲੇ ਕਾਰਡ ਵੰਡ ਦਿੱਤੇ ਜਾਣ। ਇਸ ਸਕੀਮ ਤਹਿਤ ਜਿਨ•ਾਂ ਪਰਿਵਾਰਾਂ ਦੀ ਸਾਲਾਨਾ ਆਮਦਨ 60000 ਰੁਪਏ ਹੈ ਉਨ੍ਹਾਂ ਨੂੰ ਆਟਾ 2 ਰੁਪਏ ਕਿਲੋ ਅਤੇ ਦਾਲ 30 ਰੁਪਏ ਕਿਲੋ ਦੇ ਹਿਸਾਬ ਨਾਲ ਵੰਡੀ ਜਾਂਦੀ ਹੈ।  2016-17 ਦੀ ਸਾਲਾਨਾ ਯੋਜਨਾ ਵਿਚ ਇਸ ਸਕੀਮ ਤਹਿਤ 700 ਕਰੋੜ ਰੁਪਏ ਪਹਿਲਾਂ ਹੀ ਰਾਖਵੇਂ ਰੱਖੇ ਜਾ ਚੁੱਕੇ ਹਨ ਅਤੇ ਇਸ ਸਾਲ ਅੰਦਾਜ਼ਨ 870000 ਮੀਟਰਿਕ ਟਨ ਆਟਾ ਅਤੇ 65000 ਮੀਟਰਿਕ ਟਨ ਦਾਲ ਦੀ ਵੰਡ ਕੀਤੀ ਜਾਵੇਗੀ।
ਇਸ ਮੌਕੇ ਹੋਰਨਾ ਤੋ ਇਲਾਵਾ ਉੱਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ, ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ, ਐਸ ਐਸ ਪੀ ਗੁਰਪ੍ਰੀਤ ਸਿੰਘ ਤੂਰ, ਗੁਰਪ੍ਰੀਤ ਸਿੰਘ ਬਣਾਂਵਾਲੀ ਜ਼ਿਲ•ਾ ਕੋਆਰਡੀਨੇਟਰ, ਕੁਲਵੰਤ ਸਿੰਘ ਕੰਤਾ ਉਪ ਚੇਅਰਮੈਨ ਪੇਡਾ, ਸੰਜੀਵ ਸ਼ੌਰੀ ਜ਼ਿਲ•ਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸਹਿਰੀ, ਪਰਮਜੀਤ ਸਿੰਘ ਖਾਲਸਾ ਜ਼ਿਲ•ਾ ਪ੍ਰਧਾਨ ਦਿਹਾਤੀ, ਭੋਲਾ ਸਿੰਘ ਵਿਰਕ, ਗੁਰਮੀਤ ਸਿੰਘ ਬਾਵਾ ਜ਼ਿਲ•ਾ ਪ੍ਰਧਾਨ ਭਾਜਪਾ, ਧੀਰਜ ਕੁਮਾਰ ਦੱਧਾਹੁਰ ਸੂਬਾ ਕੋਆਰਡੀਨੇਟਰ, ਯਾਦਵਿੰਦਰ ਸਿੰਘ ਸੰਟੀ ਜ਼ਿਲ•ਾ ਜਰਨਲ ਸਕੱਤਰ ਭਾਜਪਾ, ਰਾਜੀਵ ਲੂਬੀ, ਇੰਜ. ਗੁਰਜਿੰਦਰ ਸਿੰਘ ਸਿੱਧੂ, ਰਮਿੰਦਰ ਸਿੰਘ ਰੰਮੀ ਢਿੱਲੋ, ਇੰਦਰਪਾਲ ਸਿੰਘ ਚਹਿਲ, ਸੁਰਿੰੰਦਰ ਸਿੰਘ ਆਹਲੂਵਾਲੀਆਂ, ਬੀਬੀ ਪਰਮਜੀਤ ਕੌਰ, ਜਤਿੰਦਰ ਜਿੰਮੀ, ਮੱਖਣ ਸਿੰਘ ਧਨੋਲਾ, ਗੁਰਜਿੰਦਰ ਗਿੰਦੀ, ਮਨੂੰ ਜਿੰਦਲ, ਰਾਜੀਵ ਕੁਮਾਰ, ਹਰਪਾਲਇੰਦਰ ਰਾਹੀ, ਜਰਨੈਲ ਸਿੰਘ ਭੋਤਨਾ, ਸੁਖਵੰਤ ਸਿੰਘ ਧਨੌਲਾ, ਪਰਵੀਨ ਬਾਂਸਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜ਼ਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *