Home / Breaking News / ਸਾਧਵੀ ਜਿਣਸੀ ਸ਼ੋਸ਼ਣ ਦਾ ਮਾਮਲਾ ਡੇਰਾ ਸਿਰਸਾ ਮੁਖੀ ‘ਤੇ ਫ਼ੈਸਲਾ ਅੱਜ

ਸਾਧਵੀ ਜਿਣਸੀ ਸ਼ੋਸ਼ਣ ਦਾ ਮਾਮਲਾ ਡੇਰਾ ਸਿਰਸਾ ਮੁਖੀ ‘ਤੇ ਫ਼ੈਸਲਾ ਅੱਜ

ਚੰਡੀਗੜ੍ਹ, 24 ਅਗਸਤ (ਚੜ੍ਹਦੀਕਲਾ ਬਿਊਰੋ) : ਸਾਧਵੀ ਯੌਨ ਸ਼ੋਸ਼ਣ ‘ਚ ਘਿਰੇ ਡੇਰਾ ਸਿਰਸਾ ਮੁਖੀ ਰਾਮ ਰਹੀਮ ‘ਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਆਵੇਗਾ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਹਰਿਆਣਾ ਦੇ ਸਿਰਸਾ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜ਼ਰੂਰਤ ਪੈਣ ‘ਤੇ ਪ੍ਰਭਾਵਿਤ ਸ਼ਹਿਰਾਂ ਜਾਂ ਇਲਾਕਿਆਂ ਵਿਚ ਕਰਫਿਊ ਲਗਾਇਆ ਜਾ ਸਕਦਾ ਹੈ। ਜਿਸ ਦੀ ਇਜਾਜ਼ਤ ਡੀ.ਜੀ.ਪੀ. ਨੂੰ ਦੇ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਹਾਈਕੋਰਟ ਨੇ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਰਾਮ ਰਹੀਮ ਦੇ ਵਕੀਲ ਨੂੰ ਕਿਹਾ ਸੀ ਕਿ ਡੇਰਾ ਸਮਰਥਕਾਂ ਨੂੰ ਪੰਚਕੁਲਾ ਤੋਂ ਵਾਪਸ ਜਾਣ ਲਈ ਕਿਹਾ ਜਾਵੇ। ਇਸ ਮਾਮਲੇ ਨੂੰ ਦੇਖਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਇੰਟਰਨੈੱਟ, ਡਾਟਾ ਸਰਵਿਸ ਸੇਵਾ 72 ਘੰਟਿਆਂ ਲਈ ਬੰਦ ਕਰ ਦਿੱਤੀ ਗਈ ਹੈ।  ਇਸ ਦੇ ਨਾਲ ਹੀ  ਫੈਸਲੇ ਨੂੰ ਲੈ ਕੇ ਉੱਤਰ ਰੇਲਵੇ ਨੇ ਅੱਜ 6 ਟਰੇਨਾਂ ਅਤੇ ਸ਼ੁੱਕਰਵਾਰ ਦੇ ਲਈ ਪੰਜਾਬ ਵੱਲ ਜਾਣ ਵਾਲੀਆਂ 22 ਟਰੇਨਾਂ ਰੱਦ ਕੀਤੀਆਂ ਹਨ।  ਪੰਚਕੂਲਾ ‘ਚ ਲੱਖਾਂ ਦੀ ਗਿਣਤੀ ‘ਚ ਡੇਰਾ ਪ੍ਰੇਮੀਆਂ ਦੇ ਪੁੱਜਣ ਕਾਰਨ ਹਰਿਆਣਾ ਪੰਜਾਬ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਉਥੇ ਹੀ 24 ਅਗਸਤ ਦੁਪਹਿਰ 3.30 ਵਜੇ ਤੋਂ 26 ਅਗਸਤ ਸਵੇਰੇ 10 ਵਜੇ ਤੱਕ ਪੰਚਕੂਲਾ ਨਗਰ ਨਿਗਮ ਦੀ ਸੀਮਾ ‘ਚ ਆਉਣ ਵਾਲੇ ਇਲਾਕਿਆਂ ‘ਚ ਸ਼ਰਾਬ ਦੇ ਸਾਰੇ ਠੇਕਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਕਾਫੀ ਸਮੇਂ ਤੋਂ ਕਿਆਸ ਲਗਾਇਆ ਜਾ ਰਿਹਾ ਸੀ ਕਿ ਡੇਰਾ ਮੁੱਖੀ ਅਦਾਲਤ ‘ਚ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਪਿਛਲੀਆਂ ਦੋ ਪੇਸ਼ੀਆਂ ਦੌਰਾਨ ਬਿਮਾਰ ਹੋਣ ਦਾ ਕਾਰਨ ਦੱਸ ਕੇ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ ਸਨ। ਹੁਣ ਇਸ ਕਿਆਸ ਤੋਂ ਪੜਦਾ ਚੁੱਕਦੇ ਹੋਏ ਬਾਬਾ ਰਾਮ ਰਹੀਮ ਦਾ ਦੇਸ਼ ਵਾਸੀਆਂ ਅਤੇ ਸਰਕਾਰ ਦੇ ਨਾਂ ਸੰਦੇਸ਼ ਆਇਆ ਹੈ ਕਿ ਉਹ ਅਦਾਲਤ ‘ਚ ਜ਼ਰੂਰ ਪੇਸ਼ ਹੋਣਗੇ। ਇਸ ਦੇ ਨਾਲ ਗੁੱਸੇ ਦੀ ਅੱਗ ‘ਚ ਭੱਖ ਰਹੇ ਆਪਣੇ ਸਮਰਥਕਾਂ ਦੇ ਨਾਂ ਡੇਰਾ ਮੁਖੀ ਨੇ ਸੰਦੇਸ਼ ਭੇਜਿਆ ਹੈ। ਉਨ੍ਹਾਂ ਆਪਣੇ ਸਮਰਥਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸ਼ਾਂਤੀ ਬਣਾ ਕੇ ਰੱਖਣ। ਸੋ ਜਿਹੜੇ ਵੀ ਬਾਬਾ ਜੀ ਦੇ ਸੱਚੇ ਸਮਰਥਕ ਹਨ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬਾਬਾ ਜੀ ਦੇ ਸੰਦੇਸ਼ ਨੂੰ ਹੁਕਮ ਮੰਨਦੇ ਹੋਏ ਸ਼ਾਂਤੀ ਰੱਖਣ ਅਤੇ ਕਾਨੂੰਨ ਨੂੰ ਆਪਣੇ ਹੱਥ ‘ਚ ਨਾ ਲੈਣ। ਉਨ੍ਹਾਂ ਕਿਹਾ ਕਿ ਮੇਰੀ ਪਿੱਠ ‘ਚ ਦਰਦ ਹੈ ਪਰ ਮੈਂ ਕਾਨੂੰਨ ਦਾ ਸਨਮਾਨ ਕਰਦਾ ਹਾਂ। ਮੈਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ ਸਮਰਥਕ ਸ਼ਾਂਤੀ ਬਣਾਏ ਰੱਖਣ।
ਡੇਰਾ ਮੁਖੀ ਨੂੰ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਸਮਰਥਕ ਹਿੰਸਕ ਹੋ ਸਕਦੇ ਹਨ। ਅਜਿਹੇ ਹਾਲਾਤ ਨਾਲ ਨਿੱਬੜਨ ਲਈ ਸੁਰੱਖਿਆ ਬੰਦੋਬਸਤ ਸਖ਼ਤ ਕਰ ਦਿੱਤੇ ਹਨ। ਇਸੇ ਦੌਰਾਨ, ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਹਾਲਾਤ ਬੇਕਾਬੂ ਹੁੰਦੇ ਵਿਖਾਈ ਦਿੱਤੇ ਤਾਂ ‘ਪੈਲੇਟ ਗੰਨ’ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੱਲ੍ਹ ਇਸ ਮਾਮਲੇ ਵਿੱਚ ਦੋਸ਼ੀ ਰਾਮ ਰਹੀਮ ਨੇ ਅਦਾਲਤ ਵਿੱਚ ਪੇਸ਼ ਹੋਣਾ ਹੈ। ਇਸ ਲਈ ਲੱਖਾਂ ਸਮਰਥਕ ਪੰਚਕੂਲਾ ਦੇ ਪਾਰਕ ਤੇ ਫੁਟਪਾਥਾਂ ‘ਤੇ ਡੇਰਾ ਲਾਈ ਬੈਠੇ ਹਨ।
ਅੱਜ ਪੰਚਕੂਲਾ ‘ਚ ਇਕੱਠੇ ਹੋਏ ਡੇਰਾ ਪ੍ਰੇਮੀ ਪੰਚਕੂਲਾ ਪੁਲਿਸ ਦੇ ਇੰਤਜ਼ਾਮਾਂ ਨੂੰ ਫੇਲ੍ਹ ਕਰਦੇ ਹੋਏ ਰੇਲਵੇ ਸਟੇਸ਼ਨ ‘ਤੇ ਬੈਰੀਕੇਟਸ ਤੋੜ ਕੇ ਸੈਕਟਰ-6 ਵਿਚ ਪੁੱਜ ਗਏ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *