Breaking News
Home / Punjab / ਸ਼ੱਕੀ ਹਾਲਤਾਂ ‘ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

ਸ਼ੱਕੀ ਹਾਲਤਾਂ ‘ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

ਮਹਿਰਾਜ, 18 ਅਪ੍ਰੈਲ (ਪਾਲੀ ਮਹਿਰਾਜ/ਜਗਸੀਰ ਸਿੰਘ ਭੁੱਲਰ) : ਪਿੰਡ ਮਹਿਰਾਜ ਸਥਿਤ ਕੋਠੇ ਮੱਲੁਆਣਾ ਵਿਖੇ ਆਪਣੇ ਖੇਤ ਵਿੱਚ ਬਣੇ ਘਰ ਵਿਚ ਰਹਿ ਰਹੇ ਪਤੀ-ਪਤਨੀ ਦਾ ਸੋਮਵਾਰ ਦੇਰ ਰਾਤ ਸਿਰ ਵਿੱਚ ਭਾਰੀ ਚੀਜ਼ ਮਾਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਭਾਵੇਂ ਕਿ ਕਤਲ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀ ਚੱਲ ਸਕਿਆ ਪ੍ਰੰਤੂ ਕਤਲ ਦੌਰਾਨ ਕਿਸੇ ਪ੍ਰਕਾਰ ਦੀ ਲੁੱਟ ਖਸੁੱਟ ਨਾ ਹੋਣ ਕਾਰਨ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ। ਮੌਕੇ ‘ਤੇ ਪਹੁੰਚੇ ਐਸ.ਐਸ.ਪੀ  ਬਠਿੰਡਾ ਨਵੀਨ ਸਿੰਗਲਾ ਦੀ ਅਗਵਾਈ ਵਿਚ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਦੇ ਅਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਹਰਪਾਲ ਸਿੰਘ (46) ਪੁੱਤਰ ਗੁਰਨਾਮ ਸਿੰਘ ਅਤੇ ਉਸਦੀ ਪਤਨੀ ਗੁਰਮੇਲ ਕੌਰ (45) ਪਿੰਡ ਮਹਿਰਾਜ ਸਥਿਤ ਕੋਠੇ ਮੱਲੁਆਣਾ ਵਿਖੇ ਆਪਣੇ ਖੇਤ ‘ਚ ਬਣੇ  ਹੋਏ ਘਰ ਵਿੱਚ ਇਕੱਲੇ ਰਹਿੰਦੇ ਸਨ। ਹਰਪਾਲ ਸਿੰਘ ਦੇ ਆਪਣੇ ਕੋਈ ਅੋਲਾਦ ਨਹੀਂ ਸੀ। ਹਰਪਾਲ ਸਿੰਘ ਦੇ ਘਰ ਦੇ ਨਾਲ ਹੀ  ਉਸਦੇ ਵੱਡੇ ਭਰਾ ਜਗਰਾਜ ਸਿੰਘ ਦਾ ਘਰ ਸੀ। ਜੁਗਰਾਜ ਸਿੰਘ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਆਪਣੇ ਚਾਚਾ ਹਰਪਾਲ ਸਿੰਘ ਦੇ ਘਰੋਂ ਪੀਣ ਲਈ ਪਾਣੀ ਲੈ ਕੇ ਜਾਂਦਾ ਸੀ। ਰੋਜਾਨਾ ਦੀ ਤਰ੍ਹਾਂ ਮੰਗਲਵਾਰ ਸਵੇਰ ਸਾਢੇ ਸੱਤ ਵਜੇ ਦੇ ਕਰੀਬ ਉਸਨੇ ਪਾਣੀ ਲੈਣ ਲਈ ਆਪਣੇ ਚਾਚਾ ਦੇ ਘਰ ਦਾ ਦਰਵਾਜ਼ਾ ਖੜਕਾਇਆ ਪ੍ਰੰਤੂ ਅੰਦਰੋਂ ਕੋਈ ਅਵਾਜ਼ ਨਹੀਂ ਆਈ। ਇਸ ਦੋਰਾਨ ਉਹ ਆਪਣੀ ਪਤਨੀ ਦੇ ਨਾਲ ਘਰ ਦੀ ਛੱਤ ਉਪਰਂੋ ਆਪਣੇ ਚਾਚਾ ਦੇ ਘਰ ਗਿਆ। ਇਸ ਦੌਰਾਨ ਉਸਦੇ ਘਰ ਦੇ ਮੁੱਖ ਗੇਟ ਨੂੰ ਅੰਦਰੋ ਕੁੰਡਾ ਲੱਗਾ ਹੋਇਆ ਸੀ ਜਦਕਿ ਖੇਤਾਂ ਵਿੱਚ ਨਿਕਲਣ ਵਾਲਾ ਛੋਟਾ ਗੇਟ ਖੁੱਲ੍ਹਾ ਪਿਆ ਸੀ। ਬਲਜੀਤ ਨੇ ਦੱਸਿਆ ਕਿ ਉਸ ਵੱਲੋਂ ਇਸ ਦੀ ਸੂਚਨਾ ਆਪਣੇ ਪਿਤਾ ਜੁਗਰਾਜ ਸਿੰਘ ਨੂੰ ਦਿੱਤੀ ਗਈ ਜਿਹਨਾਂ ਵੱਲੋਂ ਹਰਪਾਲ ਸਿੰਘ ਨੂੰ ਕਈ ਵਾਰ ਫੋਨ ਕਰਨ ਤੇ ਉਧਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਦੌਰਾਨ ਉਹਨਾਂ ਵੱਲੋਂ ਆਪਣੇ ਚਾਚਾ ਹਰਪਾਲ ਸਿੰਘ ਦੇ ਘਰ ਆ ਕੇ ਜਦੋਂ ਕਮਰੇ ‘ਚ ਜਾ ਕੇ ਦੇਖਿਆ ਤਾਂ ਅੰਦਰ ਬੈਡ ਉਪਰ ਉਸਦੀ ਚਾਚੀ ਗੁਰਮੇਲ ਕੌਰ ਦੀ ਲਾਸ਼ ਪਈ ਸੀ ਜਦਕਿ ਕੋਲ ਹੀ ਪਏ ਮੰਜੇ ਉਪਰ ਹਰਪਾਲ ਸਿੰਘ ਗੰਭੀਰ ਹਾਲਤ ‘ਚ ਤੜਫ ਰਿਹਾ ਸੀ । ਇਹ ਵੇਖਕੇ ਉਹਨਾ ਵੱਲੋ ਰੋਲਾ ਪਾਇਆ ਗਿਆ ਅਤੇ ਨੇੜਲੇ
ਖੇਤਾ ‘ਚ ਕੰਮ ਕਰ ਰਹੇ ਲੋਕਾ ਦੀ ਸਹਾਇਤਾ ਨਾਲ ਹਰਪਾਲ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਿਥੇ ਕੁਝ ਸਮੇ ਬਾਦ ਉਸਦੀ ਵੀ ਮੌਤ ਹੋ ਗਈ। ਉਧਰ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਤੇ ਐਸ.ਐਸ.ਪੀ ਬਠਿੰਡਾ ਨਵੀਨ ਸਿੰਗਲਾ, ਐਸ.ਪੀ ਬਠਿੰਡਾ ਵਿਨੋਦ ਚੋਧਰੀ ਅਤੇ ਡੀ.ਐਸ.ਪੀ ਰਾਮਪੁਰਾ ਫੂਲ ਜਸਵਿੰਦਰ ਚਹਿਲ ਦੀ ਅਗਵਾਈ ‘ਚ ਸੀ.ਆਈ.ਏ ਸਟਾਫ ਬਠਿੰਡਾ, ਸੁਕੈਅਡ ਡਾਗ ਅਤੇ ਫਿੰਗਰ ਪ੍ਰਿੰਟ ਐਕਸਪਰਟ ਦੀ ਮਦਦ ਨਾਲ ਪੁਲਿਸ ਥਾਣਾ ਰਾਮਪੁਰਾ ਸਿਟੀ ਦੀ ਟੀਮ ਵਲੋਂ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਰਪਾਲ ਸਿੰਘ ਦੇ ਕੋਈ ਅੋਲਾਦ ਨਾ ਹੋਣ ਕਾਰਨ ਉਸਦੀ ਸਾਲੀ ਦਾ ਲੜਕਾ ਨਿੰਦਰ ਸਿੰਘ ਪਿਛਲੇ ਤਕਰੀਬਨ ਇੱਕ ਸਾਲ ਤੋਂ ਉਹਨਾਂ ਕੋਲ ਰਹਿਕੇ ਖੇਤੀ ਬਾੜੀ ਦੇ ਕੰਮ ‘ਚ ਹੱਥ ਵਟਾ ਰਿਹਾ ਸੀ। ਤਕਰੀਬਨ ਤਿੰਨ ਚਾਰ ਦਿਨ ਪਹਿਲਾ ਉਹ ਕਿਸੇ ਕੰਮ ਆਪਣੇ ਪਿੰੰਡ ਵਾਪਿਸ ਗਿਆ ਹੋਇਆ ਸੀ। ਜਿਸ ਕਾਰਨ ਘਟਨਾ ਵਾਲੀ ਰਾਤ ਹਰਪਾਲ ਸਿੰਘ ਤੇ ਉਸਦੀ ਪਤਨੀ ਘਰ ਚ, ਇਕੱਲੇ ਸਨ। ਉਹਨਾਂ ਕਿਹਾ ਕਿ ਇਸੇ ਗੱਲ ਦਾ ਫਾਇਦਾ ਉਠਾਕੇ ਅਣਪਛਾਤੇ ਵਿਅਕਤੀ ਵੱਲੋ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *