Breaking News
Home / Breaking News / ਵਖਤੋਂ ਖੂੰਝੀ ਡੂਮਣੀ ਗਾਵੇ ਆਲ ਬਤਾਲ

ਵਖਤੋਂ ਖੂੰਝੀ ਡੂਮਣੀ ਗਾਵੇ ਆਲ ਬਤਾਲ

ਦਰਸ਼ਨ ਸਿੰਘ ਦਰਸ਼ਕ
==================
ਆਮ ਆਦਮੀ ਪਾਰਟੀ ਹਾਲੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਸਦਮੇ ਵਿਚੋਂ ਬਾਹਰ ਨਹੀਂ ਨਿਕਲੀ ਸੀ ਕਿ ਉਸ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਦੀ ਜ਼ਿਮਨੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸੀਟ ਜਰਨੈਲ ਸਿੰਘ ਦੇ ਪੰਜਾਬ ਵਿੱਚ ਚੋਣ ਲੜਨ ਕਾਰਨ ਖਾਲੀ ਹੋ ਗਈ ਸੀ ਅਤੇ ਇਥੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਨਿੰਦਰ ਸਿੰਘ ਸਿਰਸਾ ਨੇ ਜਿੱਤ ਹਾਸਲ ਕੀਤੀ। ਰਹਿੰਦੀ ਖੂੰਹਦੀ ਕਸਰ ਐਮ ਸੀ ਡੀ ਚੋਣਾਂ ਵਿੱਚ ਨਿਕਲ ਗਈ ਜਿਥੇ ਤਿੰਨੋਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਹੈਟ੍ਰਿਕ ਮਾਰੀ। ਆਮ ਆਦਮੀ ਪਾਰਟੀ ਨੂੰ ਆਸ ਸੀ ਕਿ ਨਿਗਮ ਚੋਣਾਂ ਵਿੱਚ ਉਹ ਵਧੀਆ ਕਾਰਗੁਜ਼ਾਰੀ ਦਿਖਾਏਗੀ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਵੋਟਰਾਂ ਨੇ ਇਸ ਪਾਰਟੀ ਨੂੰ ਇਤਿਹਾਸਕ ਬਹੁਮਤ ਨਾਲ ਜਿਤਾਇਆ ਸੀ। ਭਾਵੇਂ ਆਪ ਦੇ ਲੀਡਰ ਇਨ੍ਹਾਂ ਹਾਰਾਂ ਦਾ ਠੀਕਰਾ ਈ ਵੀ ਐਮ ਦੇ ਸਿਰ ਭੰਨ੍ਹ ਰਹੇ ਹਨ ਪਰ ਨਾਲ-ਨਾਲ ਅਸਤੀਫਿਆਂ ਦਾ ਦੌਰ ਵੀ ਜਾਰੀ ਹੋ ਗਿਆ ਹੈ। ਸੰਜੇ ਸਿੰਘ ਜੋ ਪੰਜਾਬ ਦੇ ਇੰਚਾਰਜ ਸਨ ਅਤੇ ਉਨ੍ਹਾਂ ਦੇ ਨਾਲ ਦੁਰਗੇਸ਼ ਪਾਠਕ ਜੋ ਉਪ ਇੰਚਾਰਜ ਸਨ, ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਪੰਜਾਬ ਚੋਣਾਂ ਦੀ ਹਾਰ ਤੋਂ ਬਾਅਦ ਪੰਜਾਬ ਦੇ ‘ਆਪ’ ਲੀਡਰਾਂ ਵਿੱਚ ਬਗਾਵਤ ਕੀਤੇ ਜਾਣ ਦੀਆਂ ਸਰਗਰਮੀਆਂ ਤਾਂ ਕੁਝ ਸਮੇਂ ਤੋਂ ਸ਼ੁਰੂ ਹੋ ਗਈਆਂ ਸਨ ਪਰ ਭਗਵੰਤ ਮਾਨ ਜਿਸ ਨੇ ਪੰਜਾਬ ਚੋਣਾਂ ਦੌਰਾਨ 500 ਦੇ ਕਰੀਬ ਰੈਲੀਆਂ ਜਾਂ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ, ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਪਸ਼ਟ ਕਿਹਾ ਹੈ ਕਿ ‘ਪਾਰਟੀ ਨੇ ਉਸ ਦੀ ਕਦਰ ਨਹੀਂ ਕੀਤੀ।’  ਉਸ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਟਿੱਕਟਾਂ ਦੀ ਵੰਡ ਵਿੱਚ ਵੀ ਉਸ ਦੀ ਸਲਾਹ ਨਹੀਂ ਲਈ ਗਈ। ਉਸ ਨੇ ਆਪਣੀ ਗੱਲਬਾਤ ਵਿੱਚ ਇਹੀ ਪ੍ਰਭਾਵ ਦਿੱਤਾ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਇਸ ਲਈ ਲੋਕਾਂ ਨੇ ਇਸ ਪਾਰਟੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਇਲਾਵਾ ਸਿੱਖ ਗਰਮ ਖਿਆਲੀਆਂ ਨਾਲ ਭਾਈਵਾਲੀ ਪਾਉਣੀ ਵੀ ਨੁਕਸਾਨਦੇਹ ਸਾਬਤ ਹੋਈ ਜਿਸ ਨਾਲ ਹਿੰਦੂ ਵੋਟਰ ਉਸ ਤੋਂ ਦੂਰ ਚਲਿਆ ਗਿਆ। ਭਗਵੰਤ ਮਾਨ ਦਾ ਜਵਾਬ ਦਿੰਦਿਆਂ ਹੋਇਆਂ ਐਚ ਐਸ ਫੂਲਕਾ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਜਗਮੀਤ ਸਿੰਘ ਬਰਾੜ, ਪ੍ਰਗਟ ਸਿੰਘ ਵਰਗੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਇਸ ਲਈ ਨਹੀਂ ਆਉਣ ਦਿੱਤਾ ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਸੀ ਕਿ ਜੇਕਰ ਇਹ ਲੀਡਰ ਪਾਰਟੀ ਵਿੱਚ ਆ ਗਏ ਤਾਂ ਉਨ੍ਹਾਂ ਦੀ ਮੁੱਖ ਮੰਤਰੀ ਦੀ ਦਾਅਵੇਦਾਰੀ ਖਤਮ ਹੋ ਜਾਵੇਗੀ। ਫੂਲਕਾ ਦੇ ਬਿਆਨ ਤੋਂ ਇਹੀ ਪ੍ਰਭਾਵ ਮਿਲਦਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਚਿਹਰੇ ਦਾ ਦਾਅਵੇਦਾਰ ਸੀ। ਭਗਵੰਤ ਮਾਨ ਨੇ ਜਨਤਕ ਤੌਰ ‘ਤੇ ਆਪਣੀ ਇੱਛਾ ਜਾਹਿਰ ਕੀਤੀ ਸੀ ਕਿ ਜੇਕਰ ਪਾਰਟੀ ਉਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਦੀ ਹੈ ਤਾਂ ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਤਿਆਰ ਹੈ। ਫੂਲਕਾ ਦੀ ਬੋਲੀ ਬੋਲਦੇ ਹੋਏ ਜਰਨੈਲ ਸਿੰਘ ਨੇ ਵੀ ਭਗਵੰਤ ਮਾਨ ਨੂੰ ਲੰਮੇ ਹੱਥੀਂ ਲਿਆ ਹੈ ਅਤੇ ਕਿਹਾ ਹੈ ਕਿ ਲੰਬੀ ਤੋਂ ਚੋਣ ਲੜਨ ਲਈ ਉਸ ਨੂੰ ਮਾਨ ਨੇ ਹੀ ਉਕਸਾਇਆ ਸੀ ਅਤੇ ਨਾਲ-ਨਾਲ ਇਹ ਗੰਭੀਰ ਦੋਸ਼ ਵੀ ਲਗਾਇਆ ਹੈ ਕਿ ਮਾਨ ਦੀ ਸ਼ਰਾਬ ਦਾ ਮੁੱਦਾ ਵਿਧਾਨ ਸਭਾ ਚੋਣਾਂ ਵਿਚ ਵਿਰੋਧੀਆਂ ਲਈ ਬਿਆਨਬਾਜ਼ੀ ਦਾ ਹਥਿਆਰ ਬਣਿਆ।
ਹੁਣ ਜਿਹੜੇ ਹਾਲਾਤ ਹਨ ਉਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਸ ਸਮੇਂ ਉਸ ਸਥਿਤੀ ਵਿੱਚ ਨਹੀਂ ਹੈ ਕਿ ਹਾਰ ਲਈ ਸਾਰੇ ਲੀਡਰ ਸਾਂਝੀ ਜ਼ਿੰਮੇਵਾਰੀ ਲੈ ਸਕਣ। ਕੇਜਰੀਵਾਲ ਇਸ ਸਮੇਂ ਹਾਰਾਂ ਲਈ ਈ ਵੀ ਐਮ  ‘ਤੇ ਦੋਸ਼ ਲਗਾ ਰਹੇ ਹਨ ਜਦਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਕਹਿਣਾ ਹੈ ਕਿ ਮਸ਼ੀਨਾਂ ਵਿੱਚ ਕੋਈ ਨੁਕਸ ਨਹੀਂ, ਜੇਕਰ ਨੁਕਸ ਹੈ ਤਾਂ ਪਾਰਟੀ ਲੀਡਰਸ਼ਿਪ ਵਿੱਚ ਹੈ। ਮਾਨ ਦੇ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਹ ਨਾ ਤਾਂ ਜ਼ਿਮਨੀ ਚੋਣ ਵਿੱਚ ਪ੍ਰਚਾਰ ਲਈ ਪੁੱਜੇ ਅਤੇ ਨਾ ਹੀ ਐਮ ਸੀ ਡੀ ਚੋਣਾਂ ਵਿੱਚ ਚੁਟਕਲੇਬਾਜ਼ੀ ਕੀਤੀ। ਇਕ ਚੈਨਲ ਨੇ ਮਾਨ ਦੀ ਕੋਠੀ ਦਾ ਨਜ਼ਾਰਾ ਦਿਖਾਇਆ ਜਿਥੇ ਸ਼ੀਸ਼ਿਆਂ ‘ਤੇ ਲੱਗੇ ਸਟਿਕਰਾਂ ਨੂੰ ਵੀ ਗੁੱਸੇ ਨਾਲ ਉਤਾਰਿਆ ਹੋਇਆ ਦਿਖਾਇਆ ਗਿਆ ਹੈ।
ਇਹ ਗੁੱਸਾ ਸਿਰਫ ਭਗਵੰਤ ਮਾਨ ਵਿੱਚ ਹੀ ਨਹੀਂ ਹੈ ਬਲਕਿ ਆਮ ਆਦਮੀ ਪਾਰਟੀ ਦੇ ਸਮੂਹ ਸਮਰਥਕਾਂ, ਲੀਡਰਾਂ ਅਤੇ ਕਾਰਕੁੰਨਾਂ ਵਿੱਚ ਵੀ ਹੈ ਕਿਉਂਕਿ ਪੰਜਾਬ ਦੀ ਜਿੱਤ ਇਕ ਅਜਿਹਾ ਸ਼ਾਨਦਾਰ ਮੌਕਾ ਸੀ ਕਿ ਇਥੋਂ ਦੀ ਜਿੱਤ ਨਾਲ ਹੋਰਨਾਂ ਸੂਬਿਆਂ ਵਿੱਚ ਪਾਰਟੀ ਦੀ ਸਫਲਤਾ ਦਾ ਰਾਹ ਪੱਧਰਾ ਹੁੰਦਾ ਸੀ। ਇਥੋਂ ਦੀ ਹਾਰ ਨੇ ਹੋਰਾਂ ਨੂੰ ਜਨਮ ਦੇ ਦਿੱਤਾ ਹੈ ਅਤੇ ਪਾਰਟੀ ਅੰਦਰ ਖਹਿਬਾਜ਼ੀ ਦਾ ਨਵਾਂ ਦੌਰ ਆਰੰਭ ਹੋ ਗਿਆ ਹੈ। ਲੋਕ ਸਭਾ ਚੋਣਾਂ ਤੋਂ ਦੋ ਪੰਜਾਬ ਵਿੱਚ ਆਪ ਦੇ ਦੋ ਧੜੇ ਬਣੇ। ਇਕ ਪਾਸੇ ਸੁੱਚਾ ਸਿੰਘ ਛੋਟੇਪੁਰ ਤੇ ਦੂਜੇ ਪਾਸੇ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ। ਅੱਗਿਓਂ ਗਾਂਧੀ ਧੜਾ ਅਲੱਗ, ਖਾਲਸਾ ਧੜਾ ਅਲੱਗ, ਛੋਟੇਪੁਰ ਅਲੱਗ ਤੇ ਆਮ ਆਦਮੀ ਪਾਰਟੀ ਅਲੱਗ। ਹੁਣ ਆਪ ਅੰਦਰਲੀ ਧੜੇਬਾਜ਼ੀ ਹੋਰ ਜ਼ਿਆਦਾ ਤਿੱਖੀ ਹੋ ਗਈ ਹੈ ਜਦਕਿ ਲੋੜ ਇਸ ਗੱਲ ਦੀ ਹੈ ਕਿ ਪਾਰਟੀ ਦੀ ਸਾਰੀ ਲੀਡਰਸ਼ਿਪ ਇਕੱਠੀ ਬੈਠੇ ਅਤੇ ਹਾਰ ਦੇ ਕਾਰਨਾਂ ਦਾ ਮੰਥਨ ਕਰੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਇਕਾਈ ਨੂੰ ਖ਼ੁਦਮੁਖਤਿਆਰੀ ਦੀ ਲੋੜ ਹੈ। ਜੇਕਰ ਸੰਜੇ ਸਿੰਘ ਜਾਂ ਦੁਰਗੇਸ਼ ਪਾਠਕ ਵਰਗਿਆਂ ਨੂੰ ਪੰਜਾਬ ਦੇ ਲੀਡਰਾਂ ਦੇ ਸਿਰ ‘ਤੇ ਬੈਠਾਇਆ ਜਾਵੇਗਾ ਤਾਂ ਇਸ ਨਾਲ ਕੋਈ ਵੀ ਲੀਡਰ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝੇਗਾ ਕਿਉਂਕਿ ਕੇਂਦਰੀ ਲੀਡਰਸ਼ਿਪ ਇਹ ਪ੍ਰਭਾਵ ਦਿੰਦੀ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਪੰਜਾਬ ਦਾ ਇੰਚਾਰਜ ਲਗਾਇਆ ਗਿਆ ਹੈ ਉਹ ਸਭ ਤੋਂ ‘ਸਿਆਣੇ’ ਹਨ, ਉਨ੍ਹਾਂ ਅੱਗੇ ਕੋਈ ਨਹੀਂ ਬੋਲ ਸਕਦਾ। ਜਿਹੜਾ ਬੋਲਣ ਦੀ ਜੁਅਰਤ ਕਰੇਗਾ ਉਸ ਨੂੰ ਛੋਟੇਪੁਰ ਵਾਂਗ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਕੇਜਰੀਵਾਲ ਭਾਵੇਂ ਖ਼ੁਦ ਸਿਆਣੇ ਵੀ ਹੋਣ ਪਰ ਉਨ੍ਹਾਂ ਨੂੰ ਖ਼ੁਦ ਵੀ ਮੰਥਨ ਕਰਨ ਦੀ ਲੋੜ ਹੈ ਕਿਉਂਕਿ ਉਹ ਪਾਰਟੀ ਵਿੱਚ ਆਪਣੇ ਤੋਂ ਸਿਆਣੇ ਬੰਦੇ ਨੂੰ ਰਹਿਣ ਨਹੀਂ ਦਿੰਦੇ। ਇਸ ਲਈ ਹਾਰਾਂ ਲਈ ਬਹਾਨੇ ਲੱਭਣ ਦੀ ਥਾਂ ‘ਤੇ ਆਪਣੀਆਂ ਗਲਤੀਆਂ ਨੂੰ ਕਬੂਲਣਾ ਚਾਹੀਦਾ ਹੈ ਅਤੇ ਇਹ ਵੀ ਸਮਝਣਾ ਚਾਹੀਦਾ ਹੈ ਕਿ ਵਿਰੋਧੀ ਵੀ ਅਕਲ ਤੇ ਦਿਮਾਗ ਰੱਖਦਾ ਹੈ। ਜ਼ਿਆਦਾ ਅਕਲਮੰਦੀ ਨੇ ਜਿਥੇ ਇਕ ਸਮੇਂ ਪ੍ਰਸਿੱਧੀ ਦਿਵਾਈ ਸੀ, ਉਸੇ ਪ੍ਰਸਿਧੀ ਇਸ ਪਾਰਟੀ ਦੇ ਲੀਡਰਾਂ ਦਾ ਦਿਮਾਗ ਸਤਵੇਂ ਅਸਮਾਨ ਉਤੇ ਪਹੁੰਚਾ ਦਿੱਤਾ ਸੀ। ਉਹ ਸਮੇਂ ਅਨੁਸਾਰ ਠਰੰ੍ਹਮੇ ਅਤੇ ਸੰਜਮ ਨਾਲ ਨਹੀਂ ਚੱਲ ਸਕੇ। ਉਨ੍ਹਾਂ ਨੂੰ ਲੱਗਿਆ ਕਿ ਬੱਸ ਬਿਨਾਂ ਗੱਲ ਤੋਂ ਵਿਰੋਧ ਕਰੀ ਚੱਲੋ ਅਤੇ ਮੀਡੀਏ ਨੂੰ ਵੀ ਗਾਲ੍ਹਾਂ ਕੱਢੋ। ਇਹੀ ਕਾਰਨ ਹੈ ਕਿ ਹੁਣ ਪਾਰਟੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਹਾਲ ਦੀ ਘੜੀ ਪਾਰਟੀ ਦੀ ਹਾਲਤ ‘ਵਖਤੋਂ ਖੂੰਝੀ ਡੂਮਣੀ ਗਾਵੇ ਆਲ ਬਤਾਲ’ ਵਾਲੀ ਬਣ ਗਈ ਹੈ।
ਮੋਬਾ. 9855508918

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *