Breaking News
Home / Breaking News / ਲੁਧਿਆਣਾ ‘ਚ ਕੌਮੀ ਆਫਤ ਰਿਸਪਾਂਸ ਫੋਰਸ ਦੇ ਅਤਿ ਆਧੁਨਿਕ ਕੈਂਪਸ ਦਾ ਨੀਂਹ ਪੱਥਰ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਕਿਸਾਨਾਂ ਦੀ ਸਹਾਇਤਾ ‘ਚ ਵਾਧਾ ਕਰੇਗਾ ਕੇਂਦਰ : ਰਿਜੀਜੂ

ਲੁਧਿਆਣਾ ‘ਚ ਕੌਮੀ ਆਫਤ ਰਿਸਪਾਂਸ ਫੋਰਸ ਦੇ ਅਤਿ ਆਧੁਨਿਕ ਕੈਂਪਸ ਦਾ ਨੀਂਹ ਪੱਥਰ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਕਿਸਾਨਾਂ ਦੀ ਸਹਾਇਤਾ ‘ਚ ਵਾਧਾ ਕਰੇਗਾ ਕੇਂਦਰ : ਰਿਜੀਜੂ

ਲੁਧਿਆਣਾ, 20  ਦਸੰਬਰ (ਚ.ਨ. ਸ.): ਸਨਅਤੀ ਸ਼ਹਿਰ ਲੁਧਿਆਣਾ ਵਿਚ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਕਿਰਨ ਰਿਜੀਜੂ ਅਤੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕੌਮੀ ਆਫਤ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ) ਦੇ ਕੈਂਪਸ ਦਾ ਨੀਂਹ ਪੱਥਰ ਰੱਖਿਆ। ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤੀ ਗਈ 51 ਏਕੜ ਜ਼ਮੀਨ ‘ਤੇ 200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਇਹ ਇਮਾਰਤ 2018 ਵਿਚ ਬਣ ਕੇ ਤਿਆਰ ਹੋ ਜਾਵੇਗੀ।
ਇਸ ਮੌਕੇ ਬੋਲਦਿਆਂ ਸ੍ਰੀ ਕਿਰਨ ਰਿਜੀਜੂ ਨੇ ਕਿਹਾ ਕਿ ਕੌਮੀ ਆਫਤਾਂ ਨਾਲ ਨਜਿੱਠਣ ਲਈ ਇਸ ਵੇਲੇ ਭਾਰਤ ਵਿਸ਼ਵ ਦੇ ਮੋਹਰੀ ਦੇਸ਼ਾਂ ਵਿਚ ਸ਼ੁਮਾਰ ਹੈ ਅਤੇ
ਐਨ.ਡੀ.ਆਰ.ਆਫ ਦੁਨੀਆ ਦੀ ਬਿਹਤਰੀਨ ਅਨੁਸ਼ਾਸ਼ਨੀ ਫੋਰਸਾਂ ਵਿੱਚੋਂ ਇਕ ਹੈ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਮਸ਼ਹੂਰ ਉਦਯੋਗਿਕ ਸ਼ਹਿਰ ਲੁਧਿਆਣਾ, ਜੋ ਕਿ ਪੰਜਾਬ ਦੇ ਕੇਂਦਰ ਵਿਚ ਸਥਿਤ ਹੈ, ਵਿਚ ਐਨ. ਡੀ.ਆਰ.ਐਫ ਦੀ ਸਥਾਪਨਾ ਨਾਲ ਜਿੱਥੇ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇਗਾ ਉੱਥੇ ਹੀ ਇਸ ਕੇਂਦਰ ਦੀ ਸਥਾਪਨਾ ਨਾਲ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਵਰਗੇ ਰਾਜਾਂ ਨੂੰ ਵੀ ਮਦਦ ਮਿਲ ਸਕੇਗੀ। ਸ੍ਰੀ ਰਿਜੀਜੂ ਨੇ ਕਿਹਾ ਕਿ ਕੁਦਰਤੀ ਅਤੇ ਮਨੁੱਖੀ ਗਲਤੀਆਂ ਨਾਲ ਉਪਜੀਆਂ ਆਫਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ ਇਕ ਕਾਰਗਰ ਤੇ ਪ੍ਰਭਾਵਸ਼ਾਲੀ ਫੋਰਸ ਹੈ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਆਈਆਂ ਆਫਤਾਂ ਨੂੰ ਐਨ.ਡੀ.ਆਰ.ਐਫ. ਦੇ ਜਵਾਨਾਂ ਨੇ ਬਹੁਤ ਕਾਰਗਰ ਢੰਗ ਨਾਲ ਨਜਿੱਠ ਕੇ ਬਹੁਤ ਸਾਰੀਆਂ ਸਫਲ ਉਦਾਹਰਣਾਂ ਪੇਸ਼ ਕੀਤੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕੇਂਦਰੀ ਸਹਾਇਤਾ ਵਧਾਉਣ ਬਾਰੇ ਐਨ.ਡੀ.ਏ. ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸ੍ਰੀ ਰਿਜੀਜੂ ਨੇ ਸ. ਬਿਕਰਮ ਸਿੰਘ ਮਜੀਠੀਆ ਨੂੰ ਸੱਦਾ ਦਿੱਤਾ ਕਿ ਉਹ ਇਸ ਸਬੰਧੀ ਇਕ ਵਿਸਥਾਰਤ ਯੋਜਨਾ ਤਿਆਰ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਆ ਕੇ ਮੀਟਿੰਗ ਕਰਨ। ਸ੍ਰੀ ਰਿਜੀਜੂ ਨੇ ਐਨ.ਡੀ.ਆਰ.ਐਫ ਦੀ ਸਥਾਪਤੀ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਸਹਿਯੋਗ ਲਈ ਖਾਸ ਤੌਰ ‘ਤੇ ਸ਼ੁਕਰੀਆ ਅਦਾ ਕੀਤਾ।
ਇਸ ਮੌਕੇ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੁਧਿਆਣਾ ਵਿਚ ਐਨ.ਡੀ.ਆਰ.ਐਫ. ਦਾ ਕੈਂਪਸ ਬਣ ਜਾਣ ਨਾਲ ਪੰਜਾਬ ਦੀ ਸੁਰੱਖਿਆ ਹੋਰ ਮਜ਼ਬੂਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲਾਢੋਵਾਲ ਵਿਖੇ ਬਣ ਰਹੀ ਅਤਿ ਆਧੁਨਿਕ ਇਮਾਰਤ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਮਦਦ ਦੇਵੇਗੀ। ਉਨ੍ਹਾਂ ਐਲਾਨ ਕੀਤਾ ਕਿ ਐਨ.ਡੀ.ਆਰ.ਐਫ. ਤੱਕ ਜਾਂਦੇ ਪਹੁੰਚ ਮਾਰਗਾਂ ਨੂੰ ਸੂਬਾ ਸਰਕਾਰ ਖੁੱਲ੍ਹਾ ਤੇ ਚੌੜਾ ਕਰੇਗੀ। ਸ. ਮਜੀਠੀਆ ਨੇ ਦੱਸਿਆ ਕਿ ਸੂਬਾਈ ਪੱਧਰ ‘ਤੇ ਸੂਬਾ ਸਰਕਾਰ ਐਨ.ਡੀ.ਆਰ.ਐਫ. ਦੀ ਮਦਦ ਨਾਲ ਹੋਰ ਜ਼ਿਆਦਾ ਪੁਲਿਸ ਜਵਾਨਾਂ ਨੂੰ ਵੀ ਵਿਸ਼ੇਸ਼ ਸਿਖਲਾਈ ਦੇਵੇਗੀ ਤਾਂ ਜੋ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸਟੇਟ ਡਿਜਾਸਟਰ ਰਿਸਪਾਂਸ ਫੋਰਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਲੋਕਾਂ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਵਿਸਥਾਰਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਜ਼ਰੂਰੀ ਹੈ ਕਿ ਬੱਚਿਆਂ ਅਤੇ ਨੌਜਵਨਾਂ ਨੂੰ ਪੂਰਣ ਸਿਖ਼ਲਾਈ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਸਿੱਖਿਅਤ ਕੀਤਾ ਜਾਵੇ, ਇਸ ਲਈ ਪੰਜਾਬ ਸਰਕਾਰ ਸਕੂਲੀ ਅਤੇ ਪੰਚਾਇਤ ਪੱਧਰ ‘ਤੇ ਸਿਖ਼ਲਾਈ ਦੇਣ ਲਈ ਵਿਸਥਾਰਤ ਯੋਜਨਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਵਿਚ ਗੈਰ ਸਰਕਾਰੀ ਸੰਗਠਨ, ਨਿੱਜੀ ਅਦਾਰੇ, ਸਮਾਜਿਕ ਸੰਸਥਾਵਾਂ, ਰੈੱਡ ਕਰਾਸ ਸੁਸਾਇਟੀਆਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਕਿਰਨ ਰਿਜੀਜੂ ਦਾ ਲੁਧਿਆਣਾ ਪੁੱਜਣ ‘ਤੇ ਸਵਾਗਤ ਕੀਤਾ ਅਤੇ ਦੱਸਿਆ ਕਿ ਇਕ ਸਨਅਤੀ ਸ਼ਹਿਰ ਹੋਣ ਕਰਕੇ ਅਤੇ ਪੰਜਾਬ ਦੇ ਕੇਂਦਰ ਵਿਚ ਸਥਿਤ ਹੋਣ ਕਰਕੇ ਇੱਥੇ ਐਨ.ਡੀ.ਆਰ.ਐਫ. ਦੀ ਸਥਾਪਤੀ ਪੰਜਾਬ ਅਤੇ ਨਜ਼ਦੀਕੀ ਸੂਬਿਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਇਸ ਮੌਕੇ ਐਨ.ਡੀ.ਆਰ.ਐਫ. ਦੇ ਜਵਾਨਾਂ ਨੇ ਇਕ ਮੌਕ ਡਰਿੱਲ ਵੀ ਪੇਸ਼ ਕੀਤੀ ਜਿਸ ਵਿਚ ਦਿਖਾਇਆ ਗਿਆ ਕਿ ਕੁਦਰਤੀ ਆਫਤਾਂ ਮੌਕੇ ਜਵਾਨ ਅਤਿ ਆਧੁਨਿਕ ਤਕਨੀਕਾਂ ਦੇ ਜ਼ਰੀਏ ਕਿਸ ਤਰੀਕੇ ਨਾਲ ਮਨੁੱਖੀ ਜਾਨਾਂ ਨੂੰ ਬਚਾਉਂਦੇ ਹਨ ਅਤੇ ਹੋਣ ਵਾਲੇ ਨੁਕਸਾਨ ਨੂੰ ਹੇਠਲੇ ਪੱਧਰ ਤੱਕ ਘੱਟ ਕਰਦੇ ਹਨ।
ਸਮਾਗਮ ਨੂੰ ਐੱਨ. ਡੀ. ਆਰ. ਐੱਫ. ਦੇ ਡਾਇਰੈਕਟਰ ਜਨਰਲ ਸ੍ਰੀ ਆਰ. ਕੇ. ਪੰਚਨੰਦਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਸੰਜੀਵ ਕਾਲਰਾ, ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰ. ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਸ੍ਰੀ ਸੁਕੇਸ਼ ਕਾਲੀਆ, 7ਵੀਂ ਬਟਾਲੀਅਨ ਦੇ ਕਮਾਂਡੈਂਟ ਸ੍ਰ. ਜੈਵੀਰ ਸਿੰਘ, ਸ੍ਰ. ਕਰਤਾਰ ਸਿੰਘ ਛੀਨਾ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *