Breaking News
Home / Breaking News / ਰੇਤ ਸਕੈਂਡਲ: ਪੰਜਾਬ ਦੀ ਕਾਂਗਰਸ ਸਰਕਾਰ ਨਵੇਂ ਵਿਵਾਦਾਂ ‘ਚ ਘਿਰੀ ਜਸਟਿਸ ਨਾਰੰਗ ਦੇ ਰਾਣਾ ਪਰਿਵਾਰ ਨਾਲ ਨਿੱਜੀ ਸਬੰਧ: ਖਹਿਰਾ

ਰੇਤ ਸਕੈਂਡਲ: ਪੰਜਾਬ ਦੀ ਕਾਂਗਰਸ ਸਰਕਾਰ ਨਵੇਂ ਵਿਵਾਦਾਂ ‘ਚ ਘਿਰੀ ਜਸਟਿਸ ਨਾਰੰਗ ਦੇ ਰਾਣਾ ਪਰਿਵਾਰ ਨਾਲ ਨਿੱਜੀ ਸਬੰਧ: ਖਹਿਰਾ

ਸਤਿੰਦਰ ਬੈਂਸ
===============
ਚੰਡੀਗੜ੍ਹ, 30 ਮਈ: ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਵੱਲੋਂ ਕਥਿਤ ਤੌਰ ‘ਤੇ ਆਪਣੇ ਮੁਲਾਜ਼ਮਾਂ ਦੇ ਨਾਮ ‘ਤੇ ਰੇਤੇ ਦੀ ਖੱਡਾਂ ਖਰੀਦਣ ਦੇ ਸਕੈਂਡਲ ਦੀ ਜਾਂਚ ਕਰਨ ਲਈ ਨਿਯੁਕਤ ਕੀਤੇ ਜਸਟਿਸ ਜੇ.ਐਸ. ਨਾਰੰਗ (ਰਿਟਾ.) ਦੀ ਨਿਯੁਕਤੀ ਵਿਵਾਦਾਂ ਵਿਚ ਘਿਰ ਗਈ ਹੈ।
ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਸਨਸਨੀਖੇਜ ਪ੍ਰਗਟਾਵਾ ਕੀਤਾ ਹੈ ਕਿ ਜਸਟਿਸ ਨਾਰੰਗ ਦੇ ਰਾਣਾ ਗੁਰਜੀਤ ਸਿੰਘ ਨਾਲ ਪਰਿਵਾਰਕ ਸਬੰਧ ਹਨ ਅਤੇ ਉਨ੍ਹਾਂ ਦਾ ਬੇਟਾ ਰਾਣਾ ਪਰਿਵਾਰ ਦਾ ਨਿੱਜੀ ਵਕੀਲ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਅਦਾਲਤ ਵਿਚ ਪੈਰਵਾਈ ਕਰਦਾ ਹੈ।
ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨੇ ਜਸਟਿਸ ਨਾਰੰਗ ਦੇ ਬੇਟੇ ਏ.ਐਸ. ਨਾਰੰਗ ਨੂੰ ਹਾਈਕੋਰਟ ਵਿਚ ਆਪਣੇ ਕੇਸ ਲੜਨ ਲਈ ਭਾੜੇ ‘ਤੇ ਲਿਆ ਹੋਇਆ ਹੈ। ਖਹਿਰਾ ਨੇ ਇਸ ਸਬੰਧੀ ਸਬੂਤ ਪੇਸ਼ ਕਰਦਿਆਂ ਕਿਹਾ ਕਿ ਬੀਤੀ ਤਿੰਨ ਮਈ ਨੂੰ ਜਸਟਿਸ ਜੇ.ਐਸ.ਨਾਰੰਗ ਦੇ ਪੁੱਤਰ ਏ.ਐਸ. ਨਾਰੰਗ ਰਾਣਾ ਪਰਿਵਾਰ ਦੇ ਇਕ ਮੈਂਬਰ ਦੀ ਜ਼ਮਾਨਤ ਦੇ ਸਿਲਸਿਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਹੋਏ।
ਉਨ੍ਹਾਂ ਨੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਪ੍ਰਭਦੀਪ ਸਿੰਘ ਦੀ ਇਕ ਕੇਸ ਵਿਚ ਜ਼ਮਾਨਤ ਲਈ ਮਾਣਯੋਗ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਅਦਾਲਤ ਵਿਚ ਪੈਰਵਾਈ ਕੀਤੀ ਸੀ। ਇਸ ਕੇਸ ਦਾ ਰਜਿਸਟ੍ਰੇਸ਼ਨ ਨੰਬਰ : 12355-2017 ਹੈ। ਇਹ ਕੇਸ ਥਾਣਾ ਮੁੱਲਾਂਪੁਰ (ਮੋਹਾਲੀ) ਨਾਲ ਸਬੰਧਿਤ ਹੈ ਜਿਥੇ 15 ਦਸੰਬਰ 2016 ਨੂੰ ਪ੍ਰਭਦੀਪ ਵਿਰੁੱਧ ਧਾਰਾ 420/455/467/171/120-ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ ਹੋਇਆ ਸੀ। ਖਹਿਰਾ ਨੇ ਕਿਹਾ ਕਿ ਜਸਟਿਸ ਨਾਰੰਗ, ਰਾਣਾ ਗੁਰਜੀਤ ਸਿੰਘ ਵਿਰੁੱਧ ਨਿਰਪੱਖ ਜਾਂਚ ਨਹੀਂ ਕਰ ਸਕਦੇ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਜ਼ੁਡੀਸ਼ੀਅਲ ਕਮਿਸ਼ਨ ਦੀ ਸਥਾਪਨਾ ਕੇਵਲ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ ਲਈ ਕੀਤੀ ਗਈ ਹੈ। ਉਨ੍ਹਾਂ ਜਸਟਿਸ ਨਾਰੰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਇਸ ਜਾਂਚ ਕਮਿਸ਼ਨ ਤੋਂ ਵੱਖ ਹੋ ਜਾਣ ਤਾਂ ਜੋ ਇਨਸਾਫ਼ ਹੋ ਸਕੇ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *