Breaking News
Home / India / ਰਾਜ ਸਭਾ ਦੀਆਂ 27 ਸੀਟਾਂ ਲਈ ਪਈਆਂ ਵੋਟਾਂ ਯੂ.ਪੀ. ‘ਚ ਸਪਾ ਦੇ ਸਾਰੇ 7 ਉਮੀਦਵਾਰ ਰਹੇ ਜੇਤੂ

ਰਾਜ ਸਭਾ ਦੀਆਂ 27 ਸੀਟਾਂ ਲਈ ਪਈਆਂ ਵੋਟਾਂ ਯੂ.ਪੀ. ‘ਚ ਸਪਾ ਦੇ ਸਾਰੇ 7 ਉਮੀਦਵਾਰ ਰਹੇ ਜੇਤੂ

ਯੂ.ਪੀ. ‘ਚ ਕਪਿਲ ਸਿੱਬਲ, ਹਰਿਆਣਾ ‘ਚ ਸੁਭਾਸ਼ ਚੰਦਰਾ ਰਹੇ ਸਫ਼ਲ
ਨਵੀਂ ਦਿੱਲੀ, 11 ਜੂਨ (ਚ.ਨ.ਸ.) : ਰਾਜ ਸਭਾ ਦੀਆਂ 27 ਸੀਟਾਂ ਲਈ ਦੇਸ਼ ਦੇ 7 ਸੂਬੇ ਜਿਨ੍ਹਾਂ ‘ਚ ਉੱਤਰ ਪ੍ਰਦੇਸ਼ ਸਮੇਤ ਉਤਰਾਖੰਡ, ਹਰਿਆਣਾ, ਰਾਜਸਥਾਨ, ਝਾਰਖੰਡ, ਮੱਧ ਪ੍ਰਦੇਸ਼, ਕਰਨਾਟਕਾ ਸ਼ਾਮਲ ਹਨ  ‘ਚ ਸ਼ਨੀਵਾਰ ਨੂੰ ਵੋਟਾਂ ਪਈਆਂ। ਇਨ੍ਹਾਂ ਚੋਣਾਂ ‘ਚ ਪਹਿਲੀ ਵਾਰ ‘ਨੋਟਾ’ ਦੀ ਵਰਤੋਂ ਕੀਤੀ ਗਈ। ਉੱਤਰ ਪ੍ਰਦੇਸ਼ ਦੀਆਂ ਕੁੱਲ 11 ਸੀਟਾਂ ‘ਤੇ ਹੋਈਆਂ ਚੋਣਾਂ ‘ਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਇਥੇ ਸਮਾਜਵਾਦੀ ਪਾਰਟੀ ਦੇ ਸਾਰੇ 7 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਜਿਨ੍ਹਾਂ ‘ਚ ਸੁਰਿੰਦਰ ਨਾਗਰ, ਅਮਰ ਸਿੰਘ, ਰੇਵਤੀ ਰਮਨ ਸਿੰਘ, ਬੇਨੀ ਪ੍ਰਸ਼ਾਦ ਵਰਮਾ, ਸੁਖਰਾਮ ਸਿੰਘ ਯਾਦਵ, ਸੰਜੇ ਸੇਠ, ਵਿਸ਼ੰਭਰ ਪ੍ਰਸ਼ਾਦ ਨਿਸ਼ਾਦ ਸ਼ਾਮ ਹਨ। ਇਥੋਂ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਵੀ ਬਸਪਾ ਦੀ ਹਮਾਇਤ ਨਾਲ ਜਿੱਤਣ ‘ਚ ਕਾਮਯਾਬ ਰਹੇ। ਜਿਨ੍ਹਾਂ ਦਾ ਮੁਕਾਬਲਾ ਭਾਜਪਾ ਤੋਂ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਪ੍ਰੀਤੀ ਮਹਾਪਾਤਰਾ ਨਾਲ ਸੀ।  ਇਸ ਦੇ ਨਾਲ ਹੀ ਬੀ.ਐਸ.ਪੀ. ਦੇ ਦੋ ਉਮੀਦਵਾਰ ਸਤੀਸ਼ ਮਿਸ਼ਰ ਅਤੇ ਅਸ਼ੋਕ ਸਿਧਾਰਥ ਅਤੇ ਭਾਜਪਾ ਦਾ ਇਕਲੌਤਾ ਉਮੀਦਵਾਰ ਸ਼ਿਵ ਪ੍ਰਤਾਪ ਸ਼ੁਕਲ ਜੇਤੂ ਰਿਹਾ। ਹਰਿਆਣਾ ‘ਚ ਵੀ ਇਕ ਦਿਲਚਸਪ ਮੁਕਾਬਲੇ ‘ਚ ਭਾਜਪਾ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰਾ ਨੂੰ ਵੀ ਜਿੱਤ ਮਿਲੀ। ਉਨ੍ਹਾਂ ਨੇ ਕਾਂਗਰਸ ਅਤੇ ਆਈ.ਐਨ.ਐਲ.ਡੀ.  ਤੋਂ ਸਮਰਥਨ ਪ੍ਰਾਪਤ ਉਮੀਦਵਾਰ ਆਰ.ਕੇ. ਆਨੰਦ ਨੂੰ ਹਰਾਇਆ। ਇਸ ਦੇ ਨਾਲ ਹੀ ਭਾਜਪਾ ਦੇ ਉਮੀਦਵਾਰ ਚੌਧਰੀ ਬਰਿੰਦਰ ਸਿੰਘ ਨੇ ਵੀ ਚੋਣ ਜਿੱਤ ਲਈ। ਸੁਭਾਸ਼ ਚੰਦਰਾ ਨੂੰ 15 ਜਦ ਕਿ ਚੌਧਰੀ ਬਰਿੰਦਰ ਨੂੰ 40 ਵੋਟਾਂ ਹਾਸਲ ਹੋਈਆਂ। ਚੰਦਰਾ ਕਾਂਗਰਸ ਦੀ ਗ਼ਲਤੀ ਨਾਲ ਜਿੱਤ ਪ੍ਰਾਪਤ ਕਰਨ ‘ਚ ਕਾਮਯਾਬ ਹੋਏ ਕਿਉਂਕਿ 14 ਕਾਂਗਰਸੀ ਵਿਧਾਇਕਾਂ ਦੀਆਂ ਵੋਟਾਂ ਰੱਦ ਹੋਈਆਂ ਹਨ। ਕਾਂਗਰਸ ਦੀ ਨਜ਼ਰ ਉੱਤਰ ਪ੍ਰਦੇਸ਼ ‘ਤੇ ਟਿੱਕੀ ਹੋਈ ਸੀ ਜਿਥੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਮਾਇਆਵਤੀ ਦੇ ਸਮਰਥਨ ਨਾਲ ਚੋਣ ਮੈਦਾਨ ‘ਚ ਸਨ। ਭਾਜਪਾ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਪ੍ਰੀਤੀ ਮਹਾਪਾਤਰਾ ਦੇ ਮੈਦਾਨ ਵਿਚ
ਆ ਜਾਣ ਤੋਂ ਬਾਅਦ ਕਪਿੱਲ ਸਿੱਬਲ ਦੀ ਲੜਾਈ ਮੁਸ਼ਕਿਲ ਹੋ ਗਈ ਸੀ ਹਾਲਾਂਕਿ ਸਿੱਬਲ ਨੇ ਇਸ ਮੁਸ਼ਕਿਲ ਲੜਾਈ ‘ਚ ਬਾਜ਼ੀ ਮਾਰਦਿਆਂ ਮਹਾਪਾਤਰਾ ਨੂੰ ਹਰਾ ਦਿੱਤਾ।
ਰਾਜਸਥਾਨ ਸੂਬੇ ਦੀਆਂ 4 ਸੀਟਾਂ ਲਈ 5 ਉਮੀਦਵਾਰ ਮੈਦਾਨ ‘ਚ ਸਨ। ਭਾਜਪਾ ਦੇ ਕੇਂਦਰੀ ਮੰਤਰੀ ਐਮ.ਵੈਂਕਈਆ ਨਾਇਡੂ, ਉਪ ਪ੍ਰਧਾਨ ਓਮ ਪ੍ਰਕਾਸ਼ ਮਾਥੁਰ, ਆਰ.ਬੀ.ਆਈ. ਦੇ ਸਾਬਕਾ ਅਧਿਕਾਰੀ ਰਾਮ ਕੁਮਾਰ ਸ਼ਰਮਾ ਅਤੇ ਡੂੰਗਰਪੁਰ ਸ਼ਾਹੀ ਪਰਿਵਾਰ ਦੇ ਮੈਂਬਰ ਹਰਸ਼ਵਰਧਨ ਸਿੰਘ ਚੋਣ ਜਿੱਤ ਗਏ। ਜਦ ਕਿ ਕਾਂਗਰਸ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਕਮਲ ਮੋਰਾਰਕਾ ਹਾਰ ਗਏ।

ਉੱਤਰਾਖੰਡ ‘ਚ ਕਾਂਗਰਸ ਦੇ ਪ੍ਰਦੀਪ ਟਮਟਾ ਜੇਤੂ ਰਹੇ ਉਨ੍ਹਾਂ ਨੇ ਆਪਣੇ ਵਿਰੋਧੀ ਭਾਜਪਾ ਤੋਂ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਅਨਿਲ ਗੋਇਲ ਨੂੰ 6 ਵੋਟਾਂ ਨਾਲ ਹਰਾਇਆ।
ਝਾਰਖੰਡ ਦੀਆਂ ਦੋਵਾਂ ਸੀਟਾਂ ‘ਤੇ ਭਾਜਪਾ ਜੇਤੂ ਰਹੀ। ਉਸ ਦੇ ਦੋਵੇਂ ਉਮੀਦਵਾਰ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਅਤੇ ਮਹੇਸ਼ ਪੋਦਾਰ ਜੇਤੂ ਰਹੇ।
ਮੱਧ ਪ੍ਰਦੇਸ਼ ਦੀਆਂ ਤਿੰਨ ਸੀਟਾਂ ਲਈ 4 ਉਮੀਦਵਾਰ ਮੈਦਾਨ ‘ਚ ਸਨ। ਕਾਂਗਰਸ ਦੀ ਹਮਾਇਤ ਪ੍ਰਾਪਤ ਵਿਵੇਕ ਤਨਖਾ ਜੇਤੂ ਰਹੇ। ਜਦ ਕਿ ਭਾਜਪਾ ਦੇ ਐਮ.ਜੇ. ਅਕਬਰ ਅਤੇ ਅਨਿਲ ਮਾਧਵ ਦਵੇ ਵੀ ਚੁਣੇ ਗਏ।
ਕਰਨਾਟਕਾ ‘ਚ 4 ਸੀਟਾਂ ਲਈ ਪਈਆਂ ਵੋਟਾਂ ‘ਚ ਭਾਜਪਾ ਦੀ ਨਿਰਮਲਾ ਸੀਤਾਰਮਨ, ਕਾਂਗਰਸ ਦੇ ਜੈ ਰਾਮ ਰਮੇਸ਼, ਆਸਕਰ ਫਰਨਾਂਡਿਜ਼ ਅਤੇ ਕੇ.ਸੀ. ਰਾਮ ਮੂਰਤੀ ਰਾਜ ਸਭਾ ਲਈ ਚੁਣੇ ਗਏ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *