Home / Punjab / ਮੁੱਖ ਮੰਤਰੀ ਵੱਲੋਂ ਭਲਾਈ ਸਕੀਮਾਂ ਦਾ ਜਾਇਜ਼ਾ 30,153 ਲਾਭਪਾਤਰੀਆਂ ਨੂੰ 15 ਦਿਨਾਂ ‘ਚ ਮਿਲੇਗੀ 45.22 ਕਰੋੜ ਦੀ ਸ਼ਗਨ ਰਾਸ਼ੀ

ਮੁੱਖ ਮੰਤਰੀ ਵੱਲੋਂ ਭਲਾਈ ਸਕੀਮਾਂ ਦਾ ਜਾਇਜ਼ਾ 30,153 ਲਾਭਪਾਤਰੀਆਂ ਨੂੰ 15 ਦਿਨਾਂ ‘ਚ ਮਿਲੇਗੀ 45.22 ਕਰੋੜ ਦੀ ਸ਼ਗਨ ਰਾਸ਼ੀ

ਚੰਡੀਗੜ੍ਹ, 22 ਜੁਲਾਈ (ਚ.ਨ.ਸ.) : ਪੰਜਾਬ ਸਰਕਾਰ ਨੇ ਹਾਲ ਹੀ ਵਿਚ ਮੰਤਰੀ ਮੰਡਲ ਵੱਲੋਂ ਲਏ ਫੈਸਲੇ ਦੇ ਮੱਦੇਨਜ਼ਰ ਸਾਲ 2009 ਤੋਂ 2015 ਦੇ ਸਮੇਂ ਦੌਰਾਨ ਲੰਬਿਤ 30,153 ਲਾਭਪਾਤਰੀਆਂ ਨੂੰ ਅਗਲੇ 15 ਦਿਨਾਂ ਵਿਚ 45.22 ਕਰੋੜ ਰੁਪਏ ਦੀ ਸ਼ਗਨ ਰਾਸ਼ੀ ਵੰਡਣ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਵਿਚ ਲਿਆ ਗਿਆ। ਸਮਾਜਿਕ ਸੁਰੱਖਿਆ, ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਦੀ ਭਲਾਈ, ਸਿਹਤ ਤੇ ਪਰਿਵਾਰ ਭਲਾਈ, ਕਿਰਤ, ਮੰਡੀ ਬੋਰਡ, ਕਰ ਤੇ ਆਬਕਾਰੀ, ਪੀ.ਡਬਲਯੂ.ਡੀ (ਬੀ.ਐਂਡ.ਆਰ) ਦੇ ਸੀਨੀਅਰ ਅਧਿਕਾਰੀਆਂ ਨਾਲ ਮੁੱਖ ਮੰਤਰੀ ਨਿਵਾਸ ਸਥਾਨ ਉਤੇ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਸ. ਬਾਦਲ ਨੇ ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਦੀ ਭਲਾਈ ਦੇ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ਗਨ ਨਾਲ ਸਬੰਧਤ ਬਾਕੀ ਰਹਿੰਦੇ ਲਗਭਗ 4,000 ਕੇਸਾਂ ਦੀ ਪੜਤਾਲ ਲਈ ਜ਼ਿਲ੍ਹਾ ਸਮਾਜਿਕ ਭਲਾਈ ਅਫਸਰਾਂ ਨੂੰ ਤਾਇਨਾਤ ਕਰਨ ਅਤੇ ਇਸ ਕੰਮ ਨੂੰ ਇੱਕ ਪੰਦਰਵਾੜੇ ਦੌਰਾਨ ਮੁਕੰਮਲ ਕੀਤਾ ਜਾਵੇ ਤਾਂ ਜੋ ਇਸ ਮਕਸਦ ਲਈ ਵਿੱਤ ਵਿਭਾਗ ਤੋਂ ਲੋੜੀਂਦੇ ਫੰਡ ਪ੍ਰਾਪਤ ਕੀਤੇ ਜਾ ਸਕਣ। ਇਸੇ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਸਾਲ 2015-16 ਦੌਰਾਨ ਅਨੁਸੂਚਿਤ ਜਾਤੀ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ ਹੇਠ 2.22 ਲੱਖ ਲਾਭਪਾਤਰੀਆਂ ਨੂੰ 47.77 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸੇ ਤਰ੍ਹਾਂ ਹੀ ਸੂਬਾ ਸਰਕਾਰ ਨੇ ਸਾਲ 2015-16 ਦੌਰਾਨ ਪੋਸਟ ਮੈਟਰਿਕ ਅਨੁਸੂਚਿਤ ਜਾਤੀ ਸਕੀਮ ਹੇਠ ਪਹਿਲਾਂ ਹੀ 143.07 ਕਰੋੜ ਰੁਪਏ ਵੰਡ ਦਿੱਤੇ ਹਨ। ਮੁੱਖ ਮੰਤਰੀ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ 11ਵੀਂ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ
ਨੂੰ ਮਾਈ ਭਾਗੋ ਸਕੀਮ ਦੇ ਹੇਠ 75,000 ਸਾਈਕਲ ਵੰਡਣ ਵਾਸਤੇ ਸਹਿਮਤੀ ਦੇ ਦਿੱਤੀ ਹੈ। ਸਾਈਕਲ ਵੰਡਣ ਦਾ ਕੰਮ 4 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਸਕੀਮ ਉਤੇ 22 ਕਰੋੜ ਰੁਪਏ ਖਰਚ ਆਉਣਗੇ। ਸਕੱਤਰ ਸਮਾਜਿਕ ਸੁਰੱਖਿਆ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਵੱਖ ਵੱਖ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮਾਂ ਹੇਠ ਪੈਨਸ਼ਨਾਂ ਦੀ ਅਦਾਇਗੀ ਬਾਰੇ ਕੋਈ ਵੀ ਮਾਮਲਾ ਬਕਾਇਆ ਨਹੀਂ ਹੈ ਕਿਉਂ ਜੋ ਵਿਭਾਗ ਵੱਲੋਂ ਜੂਨ ਤੱਕ ਤਕਰੀਬਨ 18 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਵੰਡਣ ਲਈ ਫੰਡ ਜਾਰੀ ਕੀਤੇ ਜਾ ਚੁੱਕੇ ਹਨ।
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਸਬੰਧ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਸ. ਬਾਦਲ ਨੂੰ ਦੱਸਿਆ ਕਿ ਇਸ ਸਕੀਮ ਦੇ ਹੇਠ 40,000 ਲਾਭਪਾਤਰੀਆਂ ਨੇ 40 ਕਰੋੜ ਰੁਪਏ ਦੀ ਇਲਾਜ ਦੀ ਮੁਫਤ ਸਹੂਲਤ ਪ੍ਰਾਪਤ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੀਮ ਦੇ ਹੇਠ 215 ਸਰਕਾਰੀ ਅਤੇ 258 ਪ੍ਰਾਈਵੇਟ (ਕੁਲ 473) ਹਸਪਤਾਲਾਂ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਕੀਮ ਦੇ ਹੇਠ ਨੀਲਾ ਕਾਰਡ ਧਾਰਕਾਂ, ਕਿਸਾਨਾਂ, ਵਪਾਰੀਆਂ ਅਤੇ ਉਸਾਰੀ ਕਿਰਤੀਆਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ।
ਪੀ.ਡਬਲਯੂ.ਡੀ (ਬੀ.ਐਂਡ.ਆਰ) ਅਤੇ ਮੰਡੀ ਬੋਰਡ ਵੱਲੋਂ ਸੰਪਰਕ ਸੜਕਾਂ ਦੀ ਮੁਰੰਮਤ ਦੇ ਸਬੰਧ ਵਿਚ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਇਨ੍ਹਾਂ ਦੋਵਾਂ ਏਜੰਸੀਆਂ ਵੱਲੋਂ ਵਿਸ਼ੇਸ਼ ਮੁਰੰਮਤ, ਪੈਚ ਲਾਉਣ ਅਤੇ ਡੀ.ਬੀ. ਫਲੋਰਿੰਗ ਦਾ ਕੰਮ ਕ੍ਰਮਵਾਰ 95 ਫੀਸਦੀ ਅਤੇ 88 ਫੀਸਦੀ ਮੁਕੰਮਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸੜਕਾਂ ਉਤੇ ਤਕਰੀਬਨ 12,000 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਦਾ ਕੰਮ ਕੀਤਾ ਗਿਆ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਮਹਿਕਮੇ ਦੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਵੱਲੋਂ ਪਿੰਡਾਂ ਵਿਚ ਚਾਰ ਲੱਖ ਘਰਾਂ ਵਿਚ ਪਖਾਨੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿਚੋਂ ਇੱਕ ਲੱਖ ਪਖਾਨੇ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਹੋਰ ਇੱਕ ਲੱਖ ਪਖਾਨੇ ਬਣਾਉਣ ਦਾ ਕੰਮ ਅਗਲੇ ਮਹੀਨੇ ਦੇ ਅਖੀਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਨੇ ਬਾਕੀ ਦੋ ਲੱਖ ਪਖਾਨਿਆਂ ਦੀ ਉਸਾਰੀ ਦੀ ਪ੍ਰਕ੍ਰਿਆ ਵੀ ਆਰੰਭ ਦਿੱਤੀ ਹੈ ਜਿਸ ਦਾ ਕੰਮ ਦਸੰਬਰ 2016 ਤੱਕ ਪੂਰਾ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਹਰੇਕ ਘਰ ਵਿਚ ਖਾਸ ਕਰਕੇ ਪਿੰਡਾਂ ਵਿਚ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਠੋਸ ਕਦਮ ਚੁੱਕੇ ਜਾਣ ਕਿਉਂ ਜੋ ਪਾਣੀ ਵਿਚ ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਹੋਣ ਕਾਰਨ ਲੋਕਾਂ ਨੂੰ ਸਾਫ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਵਿਭਾਗ ਦੇ ਸਕੱਤਰ ਨੇ ਸ. ਬਾਦਲ ਨੂੰ ਦੱਸਿਆ ਕਿ ਸੂਬਾ ਭਰ ਵਿਚ 310 ਨਵੀਂਆਂ ਜਲ ਸਪਲਾਈ ਸਕੀਮਾਂ ਅਤੇ ਸੇਮ ਗ੍ਰਸਤ ਇਲਾਕਿਆਂ ਵਿਚ 104 ਸਕੀਮਾਂ ਨੂੰ ਕ੍ਰਮਵਾਰ 237 ਕਰੋੜ ਰੁਪਏ ਅਤੇ 200 ਕਰੋੜ ਰੁਪਏ ਦੀ ਲਾਗਤ ਨਾਲ ਜਨਵਰੀ 2017 ਤੱਕ ਮੁਕੰਮਲ ਕਰ ਲਿਆ ਜਾਵੇਗਾ। ਸ. ਬਾਦਲ ਨੇ ਵਿਭਾਗ ਨੂੰ ਆਖਿਆ ਕਿ ਪੇਂਡੂ ਵਸੋਂ ਦੇ ਲਾਭ ਲਈ 6500 ਪਿੰਡਾਂ ਵਿਚ ਚਲ ਰਹੇ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇ।
ਇਨ੍ਹਾਂ ਭਲਾਈ ਸਕੀਮਾਂ ਦੇ ਹੇਠ ਕੀਤੇ ਗਏ ਕਾਰਜਾਂ ਉਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਹਾਲ ਹੀ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਭਲਾਈ ਸਕੀਮਾਂ ਦੇ ਬਾਰੇ ਕੋਈ ਵੀ ਵੱਡੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਐਨ.ਐਸ. ਕਲਸੀ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਸਿਹਤ ਸ੍ਰੀਮਤੀ ਵਿੰਨੀ ਮਹਾਜਨ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਗਗਨਦੀਪ ਸਿੰਘ ਬਰਾੜ, ਪ੍ਰਮੁੱਖ ਸਕੱਤਰ ਕਿਰਤ ਸ੍ਰੀ ਰੋਸ਼ਨ ਸੁੰਕਾਰੀਆ, ਸਕੱਤਰ ਐਸ.ਸੀ/ਬੀ.ਸੀ ਭਲਾਈ ਸ੍ਰੀ ਕਿਰਪਾ ਸ਼ੰਕਰ ਸਰੋਜ, ਸਕੱਤਰ ਸਿਹਤ ਸ੍ਰੀ ਹੁਸਨ ਲਾਲ, ਸਕੱਤਰ ਸਮਾਜਿਕ ਸੁਰੱਖਿਆ ਸ੍ਰੀ ਅਨੁਰਾਗ ਅਗਰਵਾਲ, ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਏ.ਕੇ. ਸਿਨਹਾ ਤੇ ਵਿਸ਼ੇਸ਼ ਸਕੱਤਰ ਸ੍ਰੀ ਅਭਿਨਵ ਤ੍ਰਿਖਾ, ਸਕੱਤਰ ਮੰਡੀ ਬੋਰਡ ਸ੍ਰੀ ਟੀ.ਪੀ.ਐਸ. ਸਿੱਧੂ, ਕਰ ਤੇ ਆਬਕਾਰੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਓ.ਐਸ.ਡੀ/ਮੁੱਖ ਮੰਤਰੀ ਸ੍ਰੀ ਸੁਧੀਰ ਬਾਬੂ ਮੈਰੀਸੇਟੀ, ਚੀਫ ਇੰਜੀਨੀਅਰ ਮੰਡੀ ਬੋਰਡ ਸ੍ਰੀ ਹਰਪ੍ਰੀਤ ਸਿੰਘ ਬਰਾੜ ਅਤੇ ਪੰਜਾਬ ਕੰਸਟਰਕਸ਼ਨ ਵਰਕਰਜ਼ ਭਲਾਈ ਬੋਰਡ ਦੇ ਡਿਪਟੀ ਸਕੱਤਰ ਸ੍ਰੀ ਐਸ.ਐਸ. ਬੰਦੀ ਮੌਜੂਦ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *