Breaking News
Home / Breaking News / ਭਾਰਤ ਤੇ ਸਿੰਗਾਪੁਰ ‘ਚ ਹੋਈ ਸਿੱਖਾਂ ਦੀ ਪ੍ਰਸ਼ੰਸਾ

ਭਾਰਤ ਤੇ ਸਿੰਗਾਪੁਰ ‘ਚ ਹੋਈ ਸਿੱਖਾਂ ਦੀ ਪ੍ਰਸ਼ੰਸਾ

ਪਟਿਆਲਾ, , 1 ਜਨਵਰੀ (ਚੜ੍ਹਦੀਕਲਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਜੋ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ, ‘ਚ ਉਚੇਚੇ ਤੌਰ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਿੱਖ ਕੌਮ ਉਨ੍ਹਾਂ ਦਾ 350ਵਾਂ ਜਨਮ ਦਿਨ ਮਨਾ ਰਹੀ ਹੈ। ਉਹ ਖ਼ੁਦ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਦੱਸਿਆ ਕਿ ਉਹ ਗੁਰੂ ਸਾਹਿਬ ਦੇ 350ਵੇਂ ਜਨਮ ਦਿਹਾੜੇ ਉਤੇ ਪਟਨਾ ਸਾਹਿਬ ਵਿਖੇ ਗਏ ਸਨ ਅਤੇ ਉਨ੍ਹਾਂ ਨੂੰ ਆਪਣੇ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਜੋ ਫਲਸਫਾ ਹੈ, ਉਹ ਅੱਜ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ।
ਇਹ ਪਹਿਲਾਂ ਮੌਕਾ ਜਦੋਂ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ ਜਨਤਕ ਤੌਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਮਹੱਤਤਾ ਬਾਰੇ ਦੱਸਿਆ ਹੈ। ਉਨ੍ਹਾਂ ਵਲੋਂ ਦਿੱਤਾ ਗਿਆ ਇਹ ਸੁਨੇਹਾ ਸਾਰੇ ਭਾਰਤ ਵਿੱਚ ਹੀ ਨਹੀਂ ਪੁੱਜਿਆ ਬਲਕਿ ਇਹ ਪੂਰੀ ਦੁਨੀਆਂ ਤੱਕ ਪੁੱਜਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਮਾਤਾ ਗੁਜਰ ਕੌਰ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਸੀ। ਇਸ ਸਬੰਧ ਵਿੱਚ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਤਾ ਪੇਸ਼ ਕੀਤਾ ਸੀ ਅਤੇ ਸੰਸਦ ਦੇ ਬਾਕੀ ਮੈਂਬਰਾਂ ਨੇ ਪਾਰਟੀਬਾਜ਼ੀ ਤੋਂ ਪਾਸੇ ਹੱਟ ਕੇ ਇਸ ਮਤੇ ਦੀ ਤਾਇਦ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਜੋ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੀਵਨ ਅਤੇ ਸਿਧਾਂਤ ਸਭ ਲਈ ਪ੍ਰੇਰਣਾ ਸਰੋਤ ਹਨ, ਉਸ ਨੂੰ ਵਿਦੇਸ਼ਾਂ ਵਿੱਚ ਬੈਠੇ ਸਿੱਖ ਜ਼ਿਆਦਾ ਅਪਣਾ ਰਹੇ ਹਨ ਅਤੇ ਜਿਥੇ ਗੁਰੂ ਸਾਹਿਬ ਜਨਮੇ, ਜਿਥੇ ਖਾਲਸਾ ਦਾ ਜਨਮ ਹੋਇਆ ਅਤੇ ਜਿਥੇ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਇਸ ਨੂੰ ਵਧਣ-ਫੁੱਲਣ ਦੀ ਧਰਤੀ ਤਿਆਰ ਕੀਤੀ, ਉਥੇ ਬਹੁਤ ਸਾਰੇ ਸਿੱਖ ਸਿੱਖੀ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਤੋਂ ਵਿਸਰ ਰਹੇ ਹਨ। ਅੱਜ ਜਦੋਂ ਅਖਬਾਰਾਂ ਜਾਂ ਮੀਡੀਏ ਵੱਲ ਝਾਤ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਜਿਸ ਮੁਲਕ ਵਿੱਚ ਵਿੱਚ ਜਾਂਦੇ ਹਨ ਉਥੋਂ ਦੀ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਕੈਨੇਡਾ ਅਤੇ ਅਮਰੀਕਾ ਵਿੱਚ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਉਥੋਂ ਦੇ ਹਾਕਮ ਵੀ ਰੱਜ ਕੇ ਪ੍ਰਸ਼ੰਸਾ ਕਰਦੇ ਹਨ। ਕੈਨੇਡਾ ਵਿੱਚ ਤਾਂ ਕੇਂਦਰੀ ਕੈਬਨਿਟ ਵਿੱਚ ਸਿੱਖ ਮੰਤਰੀ ਬਣੇ ਹੋਏ ਹਨ। ਅਮਰੀਕੀ ਸਿਆਸਤ ਵਿੱਚ ਵੀ ਉਹ ਹੁਣ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਿੰਗਾਪੁਰ ਜੋ ਕਿ ਪੂਰਬੀ ਮੁਲਕ ਹੈ, ਦੇ ਉਪ ਪ੍ਰਧਾਨ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਵੀ ਕਿਹਾ ਹੈ ਕਿ ਇਸ ਮੁਲਕ ਦੇ ਵਿਕਾਸ ਵਿੱਚ ਸਿੱਖਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਸਿੱਖ ਦੀ ਇਹ ਪ੍ਰਸ਼ੰਸਾ 57. 28 ਕਰੋੜ ਰੁਪਏ ਦੀ ਲਾਗਤ ਨਾਲ ਸਿੰਗਾਪੁਰ ਖਾਲਸਾ ਐਸੀਏਸ਼ਨ (ਐਸ ਕੇ ਏ) ਕਲੱਬ ਦੀ ਦੁਬਾਰਾ ਬਣੀ ਇਮਾਰਤ ਦਾ ਉਦਘਾਟਨ ਸਮੇਂ ਕੀਤੀ। ਐਸ ਕੇ ਏ ਦੀ ਸਥਾਪਨਾ 1931 ਤੋਂ ਕ੍ਰਿਕਟ, ਹਾਕੀ ਅਤੇ ਫੁਟਬਾਲ ਦੇ ਛੋਟੇ ਕਲੱਬ ਦੇ ਰੂਪ ਵਿੱਚ ਹੋਈ ਸੀ। ਹੁਣ ਇਸ ਦੀ ਵਰਤੋਂ 70 ਫੀਸਦੀ ਗੈਰ ਸਿੱਖ ਵੀ ਸਮਾਗਮਾਂ ਅਤੇ ਮੀਟਿੰਗਾਂ ਲਈ ਕਰਦੇ ਹਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *