Breaking News
Home / Breaking News / ਬਾਦਲ ਵੱਲੋਂ ਇਕੋ ਛੱਤ ‘ਤੇ ਸਥਾਪਿਤ ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਦੇਸ਼ ਨੂੰ ਸਮਰਪਿਤ

ਬਾਦਲ ਵੱਲੋਂ ਇਕੋ ਛੱਤ ‘ਤੇ ਸਥਾਪਿਤ ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਦੇਸ਼ ਨੂੰ ਸਮਰਪਿਤ

ਬਿਆਸ (ਅੰਮ੍ਰਿਤਸਰ) 17 ਮਈ (ਚ.ਨ.ਸ.) :  ਸੂਬੇ ਵਿਚ ਵਾਤਾਵਰਣ ਪੱਖੀ ਸੂਰਜੀ ਊਰਜਾ ਪ੍ਰਾਜੈਕਟ ਦੀ ਸਥਾਪਨਾ ‘ਤੇ ਮਾਣ ਮਹਿਸੂਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਵਲੋਂ ਅੱਜ ਇਥੇ ਡੇਰਾ ਬਾਬਾ ਜੈਮਲ ਸਿੰਘ ਵਿਖੇ 11.5 ਮੈਗਾਵਾਟ ਦੀ ਸਮਰੱਥਾ ਵਾਲਾ  ਇਕੋ ਛੱਤ ‘ਤੇ ਸਥਾਪਿਤ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ।
ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਨਵੀਂ ਤੇ ਨਵਿਆਉਣਯੋਗ ਸ੍ਰੋਤਾਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ 82 ਏਕੜ ਵਿਚ ਫੈਲੇ ਤੇ 139 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਵੱਕਾਰੀ ਪ੍ਰੋਜੈਕਟ, ਜੋ ਕਿ ਦੇਸ਼ ਦਾ ਇਕੋ ਕੈਂਪਸ ਅੰਦਰ ਸਥਾਪਿਤ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਵੀ ਹੈ , ਦਾ ਉਦਘਾਟਨ ਕੀਤਾ।  19.5 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਵਾਲੇ ਇਸ ਪ੍ਰੋਜੈਕਟ ਦੀ ਸਥਾਪਨਾ ਰਾਧਾ ਸੁਆਮੀ ਸਤਿਸੰਗ ਬਿਆਸ ਐਜੂਕੇਸ਼ਨਲ ਐਂਡ ਇਨਵਾਇਰਮੈਂਟਲ ਸੁਸਾਇਟੀ ਵਲੋਂ ਪੰਜਾਬ ਊਰਜਾ ਵਿਕਾਸ ਏਜੰਸੀ ਦੀ ਤਕਨੀਕੀ ਸਹਾਇਤਾ ਨਾਲ ਸਥਾਪਿਤ ਕੀਤਾ ਗਿਆ ਹੈ। ਸ. ਬਾਦਲ ਨੇ ਪੇਡਾ ਵਲੋਂ ਪੰਜਾਬ ਵਿਚ ਸੂਰਜੀ ਊਰਜਾ ਕਾਂ੍ਰਤੀ ਲਿਆਉਣ ਲਈ  ਕੀਤੇ ਜਾ ਰਹੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਦੇ ਉਤਪਦਾਨ ਵਿਚ ਪੰਜਾਬ ਦੇ ਅਹਿਮ ਯੋਗਦਾਨ ਦੀ ਮਿਸਾਲ ਇਸ ਗੱਲ ‘ਤੋਂ ਹੀ ਮਿਲ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਰੀਇਨਵੈਸਟ-2015 ਦੌਰਾਨ  ਸੂਰਜੀ ਊਰਜਾ ਦੇ ਖੇਤਰ ਵਿਚ ਵਾਧਾ ਕਰਨ ਲਈ ਸਰਬਉੱਤਮ ਪ੍ਰਦਰਸ਼ਨ ਲਈ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।
ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਡੇਰਾ ਬਿਆਸ ਦੇ ਵਾਸੀਆਂ ਨੂੰ ਸਾਫ ਸੁਥਰੀ ਊਰਜਾ ਪ੍ਰਦਾਨ ਕਰਨ ਲਈ ਕੀਤੀ ਇਸ ਮਹੱਤਵਪੂਰਨ ਪਹਿਲ ਦੀ ਸ਼ਲਾਘਾ ਕਰਦਿਆਂ
ਮੁੱਖ ਮੰਤਰੀ ਨੇ ਆਸ ਜਤਾਈ ਹੈ ਕਿ ਇਹ ਪ੍ਰੋਜੈਕਟ ਦੇਸ਼ ਵਿਚ ਵੱਡੀਆਂ ਇਮਾਰਤਾਂ ਅਤੇ ਹੋਰਨਾਂ ਛੱਤਾਂ ‘ਤੇ ਸੋਲਰ ਪਾਵਰ ਪਲਾਂਟ ਲਗਾਉਣ ਲਈ ਮਾਰਗ ਦਰਸ਼ਕ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਵਿੱਖ ਵਿਚ ਸੂਬੇ ਨੂੰ ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿਚ ਮੋਹਰੀ ਰਾਜ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ।
ਇਸ ਮੌਕੇ ਪੰਜਾਬ ਦੇ ਗੈਰ ਰਵਾਇਤੀ ਊਰਜਾ ਤੇ ਮਾਲ ਮੰਤਰੀ ਸ.ਬਿਕਰਮ ਸਿੰਘ ਮਜੀਠੀਆ ਨੇ ਪੰਜਾਬੀਆਂ ਦੀ ਤਰਫੋਂ ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਦੇ ਸਤਿਕਾਰਯੋਗ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਡੇਰੇ ਅੰਦਰ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਊਰਜਾ ਪਲਾਂਟ ਸਥਾਪਿਤ ਕਰਕੇ ਕੁਦਰਤ ਨਾਲ ਸਮਤੋਲ ਵਾਲਾ ਜੀਵਨ ਜਿਊਣ ਦਾ ਨਵਾਂ ਰਾਹ ਵਿਖਾਇਆ ਗਿਆ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਛੱਤ ਉੱਪਰ ਸੂਰਜੀ ਊਰਜਾ ਪਲਾਂਟ ਦੀ  ਇਸ ਆਧੁਨਿਕ ਤਕਨੀਕ ਦਾ ਕਾਮਯਾਬ ਪ੍ਰਦਰਸ਼ਨ ਹੋਣ ਨਾਲ ਹੁਣ ਪੰਜਾਬ ਅੰਦਰ ਅਜਿਹੇ ਹੋਰ ਪਲਾਂਟ ਲਾਏ ਜਾਣ ਦਾ ਰਾਹ ਖੁੱਲੇਗਾ। ਉਨ੍ਹਾਂ ਬਾਬਾ ਜੀ ਦਾ ਪ੍ਰਾਜੈਕਟ ਲਈ ਨਿੱਜੀ ਤੌਰ ‘ਤੇ ਕੀਤੇ ਗਏ ਯਤਨਾਂ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਯਤਨਾਂ ਨਾਲ ਹੀ ਪੰਜਾਬ ਵਿਸ਼ਵ ਦੇ ਨਕਸ਼ੇ ‘ਤੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੋ ਕਿ ਹਰੀ ਕ੍ਰਾਂਤੀ ਦਾ ਜਨਮਦਾਤੇ ਵਜੋਂ ਜਾਣਿਆ ਜਾਂਦਾ ਹੈ ਹੁਣ ਸੂਰਜੀ ਊਰਜਾ ਕਾਂ੍ਰਤੀ ਦੀ ਅਗਵਾਈ ਕਰੇਗਾ। ਇਸ ਤੋਂ ਇਲਾਵਾ ਡੇਰਾ ਬਿਆਸ ਵਿਚ ਵਾਤਾਵਰਣ ਪੱਖੀ ਸੋਲਰ ਪਲਾਂਟ ਸਥਾਪਿਤ ਕਰਕੇ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਦਿਖਾਏ ਰਾਹ ਲਈ ਵੀ ਬਾਬਾ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਸ. ਮਜੀਠੀਆ ਨੇ ਕਿਹਾ ਕਿ ਸਾਫ਼ ਸੁਥਰੀ ਊਰਜਾ ਦੇ ਤੇਜ਼ੀ ਨਾਲ ਵੱਧ ਫੁੱਲ ਰਹੇ ਖੇਤਰ ਵਿਚ ਪੰਜਾਬ ਨੇ ਵੱਡੀਆਂ ਮੱਲਾਂ ਮਾਰੀਆਂ ਹਨ । ਉਨ੍ਹਾਂ ਕਿਹਾ ਕਿ ਅਤਿ ਆਧੁਨਿਕ ਤਕਨੀਕ ਨਾਲ ਸਥਾਪਿਤ ਇਹ ਸੋਲਰ ਪ੍ਰੋਜੈਕਟ ਕਈ ਪੱਖਾਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ਵਿਚ ਸਹਾਈ ਹੋਵੇਗਾ ਕਿਉ ਜੋ ਇਸ ਨਾਲ ਅਗਲੇ 25 ਸਾਲਾਂ ਦੌਰਾਨ 4 ਲੱਖ ਟਨ ਕਾਰਬਨ ਡਾਈਆਕਸਾਈਡ ਘੱਟ ਉਤਪਨ ਹੋਵੇਗੀ ਜੋ ਕਿ 2 ਲੱਖ ਪੌਦੇ ਲਗਾਉਣ ਦੇ ਬਰਾਬਰ ਹੈ। ਆਪਣੀ ਤਰ੍ਹਾਂ ਦਾ ਇਹ ਵਿਲੱਖਣ ਪ੍ਰੋਜੈਕਟ ਲਗਭਗ 8000 ਘਰਾਂ ਨੂੰ ਬਿਜਲੀ ਪ੍ਰਦਾਨ ਕਰੇਗਾ । ਇਸ ਤੋਂ ਇਲਾਵਾ ਇਹ ਪ੍ਰੋਜੈਕਟ ਵਾਤਾਵਰਣ ਪੱਖੀ ਸੋਲਰ ਪਾਵਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਵੀ ਵੱਡੀ ਭੂਮਿਕਾ ਨਿਭਾਏਗਾ ਕਿਉਕਿ ਡੇਰਾ ਬਿਆਸ ਵਿਚ ਹਰ ਸਾਲ 50 ਲੱਖ ਤੋਂ ਵੱਧ ਲੋਕ ਆਉਂਦੇ ਹਨ।

ਸ.ਮਜੀਠੀਆ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 2022 ਤੱਕ ਗੈਰ ਰਵਾਇਤੀ ਊਰਜਾ ਸਾਧਨਾਂ ਤੋਂ 40000 ਮੈਗਾਵਾਟ ਊਰਜਾ ਉਤਪਾਦਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਅਤੇ ਪੰਜਾਬ ਦਾ ਇਹ ਪ੍ਰੋਜੈਕਟ ਹੋਰਨਾਂ ਰਾਜਾਂ ਨੂੰ ਵੀ ਛੱਤਾਂ ‘ਤੇ ਲੱਗਣ ਵਾਲੇ ਅਜਿਹੇ ਪ੍ਰੋਜੈਕਟਾਂ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਸੂਰਜੀ ਊਰਜਾ ਕ੍ਰਾਂਤੀ ਲਿਆਉਣ ਵਿਚ ਪੇਡਾ ਵਲੋਂ ਵੱਡੇ ਯਤਨ ਕੀਤੇ ਗਏ ਹਨ ਅਤੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਰਵਰੀ 2012 ਵਿਚ ਪੰਜਾਬ ਵਿਚ ਗੈਰ ਰਵਾਇਤੀ ਊਰਜਾ ਸਾਧਨਾਂ ਤੋਂ ਕੇਵਲ 9 ਮੈਗਾਵਾਟ ਊਰਜਾ ਉਤਪਾਦਨ ਹੁੰਦਾ ਸੀ ਜੋ ਕਿ ਹੁਣ 470 ਮੈਗਾਵਾਟ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਗੈਰ ਰਵਾਇਤੀ ਊਰਜਾ ਸਾਧਨਾਂ ਤੋਂ ਕੁੱਲ ਪੈਦਾਵਾਰ 1080 ਮੈਗਾਵਾਟ ਊਰਜਾ ਦਾ ਉਤਪਾਦਨ ਹੋਵੇਗਾ ਜੋ ਕਿ 115 ਫੀਸਦੀ ਦਾ ਵਾਧਾ ਹੈ। ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਨਿਵੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2012 ਦੌਰਾਨ ਜਿੱਥੇ ਕੁੱਲ ਨਿਵੇਸ਼ ਕੇਵਲ 82 ਕਰੋੜ ਰੁਪੈ ਸੀ ਹੁਣ ਉਹ 8000 ਕਰੋੜ ਰੁਪੈ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਤੱਕ ਪੰਜਾਬ 2552 ਮੈਗਾਵਾਟ ਗੈਰ ਰਵਾਇਤੀ ਊਰਜਾ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕਰ ਲਵੇਗਾ।
ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਵਾਧੇ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਬਾਰੇ ਸ.ਮਜੀਠੀਆ ਨੇ ਦੱਸਿਆ ਕਿ ਸਾਲ 2016 ਦੌਰਾਨ ਗੈਰ ਰਵਾਇਤੀ ਊਰਜਾ ਸਾਧਨਾਂ ਤੋਂ 1080 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ । ਇਸ ਵਿਚੋਂ  63 ਮੈਗਾਵਾਟ ਬਾਇਓਮਾਸ ਸਾਧਨਾਂ ਤੋਂ , 410.50 ਮੈਗਾਵਾਟ ਕੋ ਜਨਰੇਸ਼ਨ ਤੋਂ, 470 ਮੈਗਾਵਾਟ ਸੋਲਰ ਊਰਜਾ ਤੋਂ, 135.5 ਮੈਗਾਵਾਟ ਹਾਈਡਰੋ ਸਾਧਨਾਂ ਤੋਂ ਅਤੇ 1 ਮੈਗਾਵਾਟ ਠੋਸ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ 12000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ ਸਿੱਧੇ ਤੌਰ ‘ਤੇ 12500 ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਉਨ੍ਹਾਂ ਇਹ  ਵੀ ਦੱਸਿਆ ਕਿ ਕੇਂਦਰੀ ਗੈਰ ਰਵਾਇਤੀ ਊਰਜਾ ਮੰਤਰਾਲੇ ਵਲੋਂ ਸਾਲ 2014-15 ਦੌਰਾਨ ਛੱਤਾਂ ‘ਤੇ ਲੱਗੇ ਸੂਰਜੀ ਊਰਜਾ ਪਲਾਂਟਾਂ ਵਲੋਂ ਉਤਪਾਦਿਤ ਬਿਜਲੀ ਨੂੰ ਗਰਿੱਡਾਂ ਨਾਲ ਜੋੜਨ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਵੀ ਐਵਾਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੀਨਿਊਏਬਲ ਐਨਰਜੀ ਪ੍ਰਮੋਸ਼ਨ ਐਸੋਸੀÂੈਸ਼ਨ ਆਫ ਇੰਡੀਆ ਵਲੋਂ ਵੀ ਪੰਜਾਬ ਨੂੰ  ‘ਸਰੇਸ਼ਠਤਾ ਰਾਸ਼ਟਰੀਯ ਸੌਰਯਾ ਊਰਜਾ ਰਾਜਯ ਪੁਰਸਕਾਰ-2015’ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਮੁੱਖ ਤੌਰ ‘ਤੇ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੀਆਂਵਿੰਡ , ਵਿਧਾਇਕ ਸ੍ਰ.ਬਲਜੀਤ ਸਿੰਘ ਜਲਾਲਉਸਮਾ, ਜੈਨਕੋ ਦੇ ਚੇਅਰਮੈਨ ਸ੍ਰ.ਜਗਤਾਰ ਸਿੰਘ ਰਾਜੇਆਣਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ.ਸੰਧੂ, ਗੈਰ ਰਵਾਇਤੀ ਊਰਜਾ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਿਧ ਤਿਵਾੜੀ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ.ਅਮਰਪਾਲ ਸਿੰਘ,ਪੇਡਾ ਦੇ ਡਾਇਰੈਕਟਰ ਸ੍ਰ.ਬਲੌਰ ਸਿੰਘ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੂਣ ਰੂਜ਼ਮ ਹਾਜ਼ਰ ਸਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *