Breaking News
Home / Breaking News / ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ
================
ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਲੀਡਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਬਹੁਤ ਸਾਰੇ ਗਿਲੇ ਕੀਤੇ ਅਤੇ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਉਤੇ ਭਾਜਪਾ ਦੁਆਰਾ ਅਕਾਲੀ ਲੀਡਰਸ਼ਿਪ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਅਮਿਤ ਸ਼ਾਹ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਵਾਅਦਾ ਕੀਤਾ ਕਿ ਅਗਿਓਂ ਅਜਿਹਾ ਨਹੀਂ ਹੋਵੇਗਾ। ਇਸ ਭਰੋਸੇ ਤੋਂ ਬਾਅਦ ਮੀਟਿੰਗ ਉਪਰੰਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਕੋਈ ਮਤਭੇਦ ਨਹੀਂ ਹੈ ਤੇ ਇਹ ਗਠਜੋੜ ਸਥਾਈ ਹੈ। ਸ੍ਰ. ਬਾਦਲ ਨੇ ਕੌਮੀ ਜਮਹੂਰੀ ਗਠਜੋੜ ਦੇ ਦੂਜੇ ਭਾਈਵਾਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਉਂਦੀਆਂ ਲੋਕ ਸਭਾ ਦੇ ਮੱਦੇਨਜ਼ਰ ਇਕਜੁਟ ਹੋ ਜਾਣ ਤਾਂ ਜੋ ਕਾਂਗਰਸ ਦੀ ਅਗਵਾਈ ਵਿੱਚ ਬਣਨ ਵਾਲੇ ਵਿਰੋਧੀ ਫਰੰਟ ਨੂੰ ਲੱਕ ਤੋੜਵੀਂ ਹਾਰ ਦਿੱਤੀ ਜਾਵੇ।
ਅਮਿਤ ਸ਼ਾਹ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੌਮੀ ਜਮਹੂਰੀ ਗਠਜੋੜ ਦੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਗੱਲਬਾਤ ਕਰਨ ਆਏ ਸਨ।  ਮੀਟਿੰਗ ਵਿੱਚ ਪੰਜ ਵਾਰੀ ਮੁੱਖ ਮੰਤਰੀ ਰਹੇ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਸਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਸਨ। ਸੀਨੀਅਰ ਅਕਾਲੀ ਆਗੂ ਸ੍ਰ. ਬਲਵਿੰਦਰ ਸਿੰਘ ਭੁੰਦੜ ਜੋ ਕਿ ਸ੍ਰ. ਬਾਦਲ ਦੇ ਨਜ਼ਦੀਕੀਆਂ ਵਿਚੋਂ ਇੱਕ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 1984 ਦੇ ਸਿੱਖ ਕਤਲੇਆਮ ਦਾ ਸਿੱਖਾਂ ਨੂੰ ਇਨਸਾਫ ਦਿਵਾਉਣਾ ਇਕ ਬਹੁਤ ਵੱਡਾ ਮੁੱਦਾ ਹੈ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣਾ ਵੀ ਵੱਡੀ ਚੁਣੌਤੀ ਹੈ ਪਰ ਭਾਜਪਾ ਨੇ ਅਜਿਹੇ ਗੰਭੀਰ ਮੁੱਦਿਆਂ ਉਤੇ ਅਕਾਲੀ ਲੀਡਰਸ਼ਿਪ ਦੀ ਕਦੀ ਸੁਣਵਾਈ ਹੀ ਨਹੀਂ ਕੀਤੀ।
ਇੱਕ ਹੋਰ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਆਪਣੇ ਗਠਜੋੜ ਭਾਈਵਾਲ ਨਾਲ ਗੱਲਬਾਤ ਕਰਨ ਲਈ ਭਾਜਪਾ ਨੇ ਕਾਫੀ ‘ਦੇਰੀ’ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਹ ਫੈਸਲਾ ਕੀਤਾ ਕਿ ਉਹ ਸਿਰਫ ਅਕਾਲੀ ਲੀਡਰਸ਼ਿਪ ਦੀ ਗੱਲ ਹੀ ਸੁਣਨਗੇ। ਸ੍ਰ. ਮਲੂਕਾ ਜੋ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਉਹ ਸ੍ਰੀ ਸ਼ਾਹ ਦਾ ਸਵਾਗਤ ਕਰਦੇ ਹਨ ਅਤੇ ਆਸ ਕਰਦੇ ਹਾਂ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਗਠਜੋੜ ਵਧੀਆ ਕਾਰਗੁਜ਼ਾਰੀ ਦਿਖਾਵੇਗਾ।
ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਸ੍ਰੀ ਸ਼ਾਹ ਨਾਲ ਮੀਟਿੰਗ ਦੌਰਾਨ ਸਿੱਖਾਂ ਅਤੇ ਪੰਜਾਬ ਨਾਲ ਸਬੰਧਤ ਮੁੱਦੇ ਉਠਾਏ ਗਏ।
ਇਸ ਮੀਟਿੰਗ ਦੌਰਾਨ ਹੋਰ ਵਿਵਾਦਗ੍ਰਸਤ ਮੁੱਦਿਆਂ ਦੇ ਨਾਲ-ਨਾਲ ਅਕਾਲੀ ਲੀਡਰਾਂ ਤੇ ਭਾਜਪਾ ਦੇ ਇੱਕ ਹਿੱਸੇ ਨੇ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਉਤੇ ਵੀ ਆਪਣੇ-ਆਪਣੇ ਢੰਗ ਨਾਲ ਦਾਅਵਾ ਪੇਸ਼ ਕੀਤਾ।
ਅਕਾਲੀ ਲੀਡਰਾਂ ਨੇ ਇਹ ਵੀ ਗਿਲਾ ਕੀਤਾ ਕਿ ਕੇਂਦਰੀ ਕੈਬਨਿਟ ਵਿੱਚ ਅਕਾਲੀ ਦਲ ਨੂੰ ਬਣਦੀ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਭਾਜਪਾ ਨੂੰ ਵੀ ਇਹੀ ਸ਼ਿਕਾਇਤ ਰਹਿੰਦੀ ਸੀ ਕਿ ਅਕਾਲੀ ਦਲ ਵਲੋਂ ਭਾਜਪਾ ਨੂੰ ਵੀ ਸਤਿਕਾਰਯੋਗ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਅਕਾਲੀ ਲੀਡਰਸ਼ਿਪ ਇਕ ਲਈ ਵੀ ਔਖੀ ਹੈ ਕਿ ਕੇਂਦਰ ਦੀ ਸਰਕਾਰ ਦੁਆਰਾ ਕੌਮੀ ਘਟ ਗਿਣਤੀ ਕਮਿਸ਼ਨ ਵਿੱਚ ਅਕਾਲੀ ਦਲ ਦੇ ਕਿਸੇ ਨੁਮਾਇੰਦੇ ਨੂੰ ਨਾ ਤਾਂ ਚੇਅਰਮੈਨ ਬਣਾਇਆ ਹੈ ਅਤੇ ਨਾ ਉਸ ਦਾ ਕੋਈ ਮੈਂਬਰ ਲਗਾਇਆ ਹੈ। ਇਸ ਤੋਂ ਇਲਾਵਾ ਅਕਾਲੀ ਲੀਡਰਸ਼ਿਪ ਨੇ ਭਾਜਪਾ ‘ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਮਹੱਤਵਪੂਰਨ ਮੁੱਦਿਆਂ ਉਤੇ ਕੌਮੀ ਜਮਹੂਰੀ ਗਠਜੋੜ ਦੇ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਨਹੀਂ ਕਰਦੀ।
ਇਥੇ ਇਹ ਵੀ ਵਰਨਣਯੋਗ ਹੈ ਕਿ ਭਾਵੇਂ ਅਕਾਲੀ ਦਲ ਦੀ ਹਰਸਿਮਰਨ ਕੌਰ ਬਾਦਲ ਮੋਦੀ ਕੈਬਨਿਟ ਵਿੱਚ ਮੰਤਰੀ ਹੈ, ਲੰਗਰ ਉਤੇ ਜੀ ਐਸ ਟੀ ਦੇ ਮਾਮਲੇ ਉਤੇ ਕੇਂਦਰ ਸਰਕਾਰ ਨੇ ਉਦੋਂ ਹੀ ਸੁਣਵਾਈ ਕੀਤੀ ਜਦੋਂ ਉਨ੍ਹਾਂ ਨੇ ਅਸਤੀਫਾ ਦੇਣ ਦੀ ਧਮਕੀ ਦਿੱਤੀ। ਦੋ ਸਾਲਾਂ ਬਾਅਦ ਇਸ ਮੰਗ ਨੂੰ ਮੰਨਿਆ ਗਿਆ ਹੈ।
ਅਕਾਲੀ-ਭਾਜਪਾ ਗਠਜੋੜ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਰਲ ਕੇ ਲੜੀਆਂ ਸਨ, ਪਰ ਕਾਰਗੁਜ਼ਾਰੀ ਕਾਫੀ ਮਾੜੀ ਰਹੀ ਸੀ। ਇਹ ਗਠਜੋੜ ਬਹੁਤ ਪੁਰਾਣਾ ਹੈ। ਜਦੋਂ ਭਾਜਪਾ ਹੋਂਦ ਵਿੱਚ ਨਹੀਂ ਆਈ ਸੀ, ਉਦੋਂ ਭਾਰਤੀ ਜਨ ਸੰਘ ਦਾ ਅਕਾਲੀ ਦਲ ਭਾਈਵਾਲ ਰਿਹਾ ਹੈ।
ਸ਼ਾਹ ਨੇ ਪਿਛਲੇ ਕੁਝ ਦਿਨਾਂ ਤੋਂ ਕੌਮੀ ਜਮਹੂਰੀ ਗਠਜੋੜ ਦੇ ਭਾਈਵਾਲਾਂ ਨੂੰ ਮਿਲਣ ਦੀ ਲੜੀ ਆਰੰਭ ਕੀਤੀ ਹੈ। ਬੁੱਧਵਾਰ ਨੂੰ ਉਹ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਨੂੰ ਮਿਲੇ ਸਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *