Home / Breaking News / ਬਲਿਊ ਸਟਾਰ ਤੋਂ ਪਹਿਲਾਂ ਬਰਤਾਨਵੀ ਫ਼ੌਜ ਦੇ ਸਲਾਹਕਾਰ ਨੇ ਕੀਤਾ ਸੀ ਪੰਜਾਬ ਦਾ ਦੌਰਾ

ਬਲਿਊ ਸਟਾਰ ਤੋਂ ਪਹਿਲਾਂ ਬਰਤਾਨਵੀ ਫ਼ੌਜ ਦੇ ਸਲਾਹਕਾਰ ਨੇ ਕੀਤਾ ਸੀ ਪੰਜਾਬ ਦਾ ਦੌਰਾ

ਪਟਿਆਲਾ, 12 ਜੁਲਾਈ:ਪਿਛਲੇ ਕੁਝ ਸਮੇਂ ਤੋਂ ਸਾਕਾ ਨੀਲਾ ਤਾਰਾ ਦੇ ਸਬੰਧ ਵਿੱਚ ਉਸ ਸਮੇਂ ਦੀ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਕਾਫੀ ਚਰਚਾ ਛਿੜੀ ਹੋਈ ਹੈ। ਇਸ ਸਬੰਧ ਵਿੱਚ ਸਿੱਖ ਖਾਸ ਤੌਰ ‘ਤੇ ਬਰਤਾਨੀਆ ਦੇ ਸਿੱਖ ਜਾਨਣਾ ਚਾਹੁੰਦੇ ਹਨ ਕਿ ਉਸ ਸਮੇਂ ਦੀ ਸਰਕਾਰ ਨੇ ਸਿੱਖਾਂ ਦਾ ਸੀਨਾ ਛਲਣੀ ਕਰ ਦੇਣ ਵਾਲੀ ਕਾਰਵਾਈ ਲਈ ਭਾਰਤ ਨੂੰ ਕਿਉਂ ਉਕਸਾਇਆ। ਹੁਣ ਹੌਲੀ-ਹੌਲੀ ਕੁਝ ਤੱਥ ਉਦੋਂ ਦੀਆਂ ਗੁਪਤ ਫਾਈਲਾਂ ਵਿੱਚੋਂ ਸਾਹਮਣੇ ਵੀ ਆ ਰਹੇ ਹਨ। ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ 1984 ਵਿੱਚ ਬਰਤਾਨਵੀ ਫੌਜ ਦੇ ਸਲਾਹਕਾਰ ਨੇ ਗੁਪਤ ਰੂਪ ਵਿੱਚ ਪੰਜਾਬ ਦੀ ਯਾਤਰਾ ਵੀ ਕੀਤੀ ਸੀ ਅਤੇ ਉਦੋਂ ਦੇ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਭਾਰਤ ਸਰਕਾਰ ਨੂੰ ਫੌਜੀ ਕਾਰਵਾਈ ਦੇ ਸਬੰਧ ਵਿੱਚ ਸੁਝਾਅ ਦਿੱਤੇ ਜਾ ਸਕਣ। ਇਹ ਸਲਾਹ ਵੀ ਦਿੱਤੀ ਗਈ ਸੀ ਕਿ ਅਚਾਨਕ ਕੀਤੇ ਜਾਣ ਵਾਲੇ ਹਮਲੇ ਸਮੇਂ ਹੈਲੀਕਾਪਟਰ ਦਾ ਪ੍ਰਯੋਗ ਵੀ ਕੀਤਾ ਜਾ ਸਕੇ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਭਾਵੇਂ ਇਹ ਨਹੀਂ ਲਿਖਿਆ ਕਿ ਭਾਰਤ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਉਤੇ ਫੌਜੀ ਕਾਰਵਾਈ ਦੀ ਪਹਿਲਾਂ ਤੋਂ ਹੀ ਤਿਆਰੀ ਕਰ ਰੱਖੀ ਸੀ ਪਰ ਜਿਸ ਪ੍ਰਕਾਰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਦੋਂ ਦੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਵਿਸ਼ਵਾਸ ਵਿੱਚ ਲਿਆ, ਉਸ ਤੋਂ ਪਤਾ ਲੱਗਦਾ ਹੈ ਕਿ ਸ੍ਰੀਮਤੀ ਗਾਂਧੀ ਨੇ ਪੂਰੀ ਤਰ੍ਹਾਂ ਧਾਰ ਲਿਆ ਸੀ ਕਿ ਇਹ ਕਾਰਵਾਈ ਕਰਨੀ ਹੀ ਕਰਨੀ ਹੈ। ਬ੍ਰਿਟੇਨ ਵੱਲੋਂ ਜਾਰੀ ਕੀਤੇ ਗਏ ਆਪਰੇਸ਼ਨ ਬਲਿਊ ਸਟਾਰ ਦੇ ਦਸਤਾਵੇਜ਼ਾਂ ਨਾਲ 1984 ਵਿੱਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ‘ਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਬ੍ਰਿਟੇਨ ਦੇ ਭਾਰਤ ਨਾਲ ਸੰਵੇਦਨਸ਼ੀਲ ਰਿਸ਼ਤਿਆਂ ਦਾ ਖੁਲਾਸਾ ਹੁੰਦਾ ਹੈ।
ਸਿੱਖ ਜਥੇਬੰਦੀਆਂ ਨੂੰ ਆਸ ਸੀ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਬ੍ਰਿਟੇਨ ਦੀ ਇਸ ਹਮਲੇ ਵਿੱਚ ਕਥਿਤ ਸ਼ਮੂਲੀਅਤ ਬਾਰੇ ਹੋਰ ਵਧੇਰੇ ਜਾਣਕਾਰੀ ਉਜਾਗਰ ਹੋਵੇਗੀ।
ਬ੍ਰਿਟੇਨ ਸਰਕਾਰ ਨੇ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਇਨ੍ਹਾਂ ਫਾਈਲਾਂ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਵਿਚੋਂ ਕੁਝ ਦਸਤਾਵੇਜ਼ ਵਾਪਸ ਵੀ ਲੈ ਲਏ ਗਏ। ਪਰ ਹੁਣ ਸਰਕਾਰ ‘ਤੇ ਇਨ੍ਹਾਂ ਨੂੰ ਜਾਰੀ ਕਰਨ ਲਈ ਦਬਾਅ ਪਾਇਆ ਗਿਆ ਸੀ। ਸਿੱਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਹਮਦਰਦ ਬਰਤਾਨੀਆ ਦੇ ਸਿਆਸਤਦਾਨ ਵੀ ਚਾਹੁੰਦੇ ਹਨ ਕਿ ਇਹ ਦਸਤਾਵੇਜ਼ ਜਾਰੀ ਹੋਣੇ ਚਾਹੀਦੇ ਹਨ। ਸਾਕਾ ਨੀਲਾ ਤਾਰਾ ਸਬੰਧੀ ਬਰਤਾਨੀਆ ਦੀ ਭੂਮਿਕਾ ਸਬੰਧੀ ਮੁੱਦਾ 2014 ਤੋਂ ਚਲਦਾ ਆ ਰਿਹਾ ਹੈ ਜਦੋਂ ਸਰਕਾਰੀ ਕਾਗਜ਼ 30 ਸਾਲਾਂ ਦੇ ਨਿਯਮ ਤਹਿਤ ਜਨਤਕ ਕੀਤੇ ਗਏ। ਉਥੇ ਇਹ ਨਿਯਮ ਹੈ ਕਿ 30 ਸਾਲਾਂ ਮਗਰੋਂ ਕਾਗਜ਼ ਜਨਤਕ ਕੀਤੇ ਜਾ ਸਕਦੇ ਹਨ।  ਦਸਤਾਵੇਜ਼ਾਂ ਨਾਲ ਸਾਹਮਣੇ ਆਇਆ ਕਿ ਬ੍ਰਿਟੇਨ ਦੀ ਫੌਜ ਨੇ ਭਾਰਤ ਨੂੰ 1984 ‘ਚ ਦਰਬਾਰ ਸਾਹਿਬ ‘ਤੇ ਹਮਲੇ ਲਈ ਸਲਾਹ ਦਿੱਤੀ ਸੀ। ਇਸ ਨਾਲ ਸਿੱਖ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *