Home / Punjab / ਬਦਨੌਰ ਨੇ ਪੰਜਾਬ ਦੇ 35ਵੇਂ ਰਾਜਪਾਲ ਵਜੋਂ ਚੁੱਕੀ ਸਹੁੰ ਬਾਦਲ ਸਮੇਤ ਕਈ ਸ਼ਖ਼ਸੀਅਤਾਂ ਵੱਲੋਂ ਸਮਾਗਮ ‘ਚ ਸ਼ਿਰਕਤ

ਬਦਨੌਰ ਨੇ ਪੰਜਾਬ ਦੇ 35ਵੇਂ ਰਾਜਪਾਲ ਵਜੋਂ ਚੁੱਕੀ ਸਹੁੰ ਬਾਦਲ ਸਮੇਤ ਕਈ ਸ਼ਖ਼ਸੀਅਤਾਂ ਵੱਲੋਂ ਸਮਾਗਮ ‘ਚ ਸ਼ਿਰਕਤ

ਚੰਡੀਗੜ੍ਹ, 22 ਅਗਸਤ, (ਚ.ਨ.ਸ.) : ਸ੍ਰੀ.ਵੀ.ਪੀ.ਸਿੰਘ ਬਦਨੌਰ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਜੋਂ ਸਹੁੰ ਚੁੱਕੀ। ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਸਮੇਤ ਕਈ ਉਘੀਆ ਹਸਤੀਆਂ ਦੀ ਹਾਜ਼ਰੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ.ਜੇ.ਵਜ਼ੀਫਦਾਰ ਨੇ ਸ੍ਰੀ ਵੀ.ਪੀ.ਸਿੰਘ ਬਦਨੌਰ ਨੂੰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਨੇ ਸਹੁੰ ਪੱਤਰ ‘ਤੇ ਦਸਤਖਤ ਕੀਤੇ ਜਿਨ੍ਹਾਂ ‘ਤੇ ਬਾਅਦ ਵਿਚ ਚੀਫ ਜਸਟਿਸ ਨੇ ਕਾਊਂਟਰ ਹਸਤਾਖਰ ਕੀਤੇ। ਇਸ ਤੋਂ ਬਾਅਦ ਸ੍ਰੀ ਬਦਨੌਰ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਸੰਭਾਲਿਆ।
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਾਮਜ਼ਦ ਰਾਜਪਾਲ ਵੱਜੋਂ ਸ੍ਰੀ ਬਦਨੌਰ ਸਹੁੰ ਚੁੱਕ ਦੀ ਰਸਮ ਲਈ ਵਿਸ਼ੇਸ਼ ਸਜਾਏ ਪੰਡਾਲ ਵਿਚ ਪੁੱਜੇ। ਉਨ੍ਹਾਂ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ.ਜੇ.ਵਜ਼ੀਫਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਸਨ। ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਸਹੁੰ ਚੁੱਕ ਸਮਾਗਮ ਦੀ ਰਸਮ ਸ਼ੁਰੂ ਕਰਨ ਦੀ ਇਜਾਜ਼ਤ ਲੈ ਕੇ ਸ੍ਰੀ. ਵੀ.ਪੀ.ਸਿੰਘ ਬਦਨੌਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਵਾਧੂ ਚਾਰਜ ਵੱਜੋਂ ਨਿਯੁਕਤੀ ਦੇ ਵਾਰੰਟ ਪੜ੍ਹ ਕੇ ਸੁਣਾਏ। ਸਮਾਗਮ ਦੇ ਅੰਤ ਵਿਚ ਮੁੱਖ ਸਕੱਤਰ ਨੇ ਨਵੇਂ ਰਾਜਪਾਲ ਸ੍ਰੀ ਬਦਨੌਰ ਦੀ ਆਗਿਆ ਨਾਲ ਸਮਾਗਮ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਨਵੇਂ ਰਾਜਪਾਲ ਨੇ ਪੀਏਪੀ ਦੀ ਵਿਸ਼ੇਸ਼ ਟੁਕੜੀ ਤੋਂ ਸਲਾਮੀ ਅਤੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਇਸ ਮੌਕੇ ਪੰਜਾਬਪੁਲਿਸ ਦੇ ਬੈਂਡ ਵੱਲੋਂ ਕੌਮੀ ਧੁਨ ਵਜਾਈ ਗਈ।ਸਹੁੰ ਚੁੱਕ ਸਮਾਗਮ ਉਪਰੰਤ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ,
ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ੍ਰੀਮਤੀ ਮੇਨਕਾ ਗਾਂਧੀ ਤੇ ਸ੍ਰੀ ਰਾਜੀਵ ਪ੍ਰਤਾਪ ਰੂਡੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ ਤੇ ਸ੍ਰੀ ਨਰੇਸ਼ ਗੁਜਰਾਲ, ਲੋਕ ਸਭਾ ਮੈਂਬਰ ਸ੍ਰੀ ਵਿਨੋਦ ਖੰਨਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸ੍ਰੀਮਤੀ ਕਿਰਨ ਖੇਰ, ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਸ. ਬਿਕਰਮ ਸਿੰਘ ਮਜੀਠੀਆ, ਜਥੇਦਾਰ ਤੋਤਾ ਸਿੰਘ, ਸ. ਸੁਰਜੀਤ ਸਿੰਘ ਰੱਖੜਾ, ਡਾ.ਦਲਜੀਤ ਸਿੰਘ ਚੀਮਾ ਤੇ ਸ੍ਰੀ ਅਨਿਲ ਜੋਸ਼ੀ, ਸਾਬਕਾ ਕੇਂਦਰੀ ਮੰਤਰੀ ਸ੍ਰੀ ਵਾਈ.ਸੀ. ਚੌਧਰੀ ਤੇ ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ ਨੇ ਨਵੇ ਰਾਜਪਾਲ ਸ੍ਰੀ ਬਦਨੌਰ ਨੂੰ ਵਧਾਈ ਦਿੱਤੀ।
ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਤੇ ਸੇਵਾ ਮੁਕਤ ਜੱਜ, ਚੰਡੀਗੜ੍ਹ ਪ੍ਰਸਾਸ਼ਨ ਦੇ ਸਲਾਹਕਾਰ ਸ੍ਰੀ ਪਰਮਿਲ ਰਾਏ, ਰਾਜਪਾਲ ਦੇ ਪ੍ਰਮੁੱਖ ਸਕੱਤਰ ਸ੍ਰੀ ਐਮ.ਪੀ. ਸਿੰਘ, ਪੰਜਾਬ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ, ਪੰਜਾਬ ਅਤੇ ਯੂ.ਟੀ. ਦੇ ਸੀਨੀਅਰ ਸਿਵਲ ਤੇ ਪੁਲਿਸ ਦੇ ਅਧਿਕਾਰੀ, ਵੱਖ-ਵੱਖ ਯੂਨੀਵਰਸਿਟੀਆਂ ਦੇ ਉਪ ਕੁਲਪਤੀ ਅਤੇ ਸ੍ਰੀ ਬਦਨੌਰ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *