Breaking News
Home / Punjab / ਪੰਜਾਬ ਪਿਲਸ ਵੱਲੋਂ ਬੇਅਦਬੀ ਦੇ ਦੋ ਮਾਮਲੇ ਸੁਲਝਾਉਣ ਦਾ ਦਾਅਵਾ, 2 ਕਾਬੂ

ਪੰਜਾਬ ਪਿਲਸ ਵੱਲੋਂ ਬੇਅਦਬੀ ਦੇ ਦੋ ਮਾਮਲੇ ਸੁਲਝਾਉਣ ਦਾ ਦਾਅਵਾ, 2 ਕਾਬੂ

ਚੰਡੀਗੜ੍ਹ,  16 ਅਗਸਤ, (ਚ.ਨ.ਸ.) : ਪੰਜਾਬ ਪੁਲਿਸ ਨੇ ਪੂਰਨ ਮੁਸ਼ਤੈਦੀ ਨਾਲ ਕੰਮ ਕਰਦਿਆਂ ਰਾਜ ਅੰਦਰ ਧਾਰਮਿਕ ਬੇਅਦਬੀ ਦੇ ਦੋ ਮਾਮਲਿਆਂ ਨੂੰ ਘੰਟਿਆਂ ਵਿਚ ਹੀ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹਨਾਂ ਦੋ ਮਾਮਲਿਆਂ ਵਿਚ ਇਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਹਿਲਾਂ ਚੌਕ ਦੀ ਮਸਜਿਦ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਅਤੇ ਦੂਸਰਾ ਅੰਮ੍ਰਿਤਸਰ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਪਿੰਡ ਬੁਤਾਲਾ ਵਿਖੇ ਪਵਿੱਤਰ ਗੁਟਕਾ ਸਾਹਿਬ ਦਾ ਪੰਨਾ ਪਾੜ੍ਹ ਕੇ ਬੇਅਦਬੀ ਕਰਨ ਨਾਲ ਸਬੰਧਤ ਸੀ। ਸੁਨਾਮ ਨੇੜਲੇ ਪਿੰਡ ਮਹਿਲਾਂ ਚੌਂਕ ਵਿਖੇ ਬੀਤੇ ਦਿਨੀਂ ਇੱਕ ਮਸਜਿਦ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਸੰਗਰੂਰ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ ਗਿਆ। ਇਹ ਖੁਲਾਸਾ ਪਟਿਆਲਾ ਜ਼ੋਨ ਦੇ ਆਈ.ਜੀ ਸ. ਪਰਮਰਾਜ ਸਿੰਘ ਉਮਰਾਨੰਗਲ ਨੇ ਅੱਜ ਪੁਲਿਸ ਲਾਈਨਜ਼ ਸੰਗਰੂਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ
ਕੀਤਾ ਗਿਆ ਵਿਅਕਤੀ ਇਸਰਾਰ ਮੁਹੰਮਦ ਮਸਜਿਦ ਦੇ ਮੌਲਵੀ ਦਾ ਸਾਲਾ ਹੈ ਜਿਸ ਨੇ ਮੌਲਵੀ ਨਾਲ ਨਿੱਜੀ ਰੰਜਿਸ਼ ਦੇ ਚਲਦਿਆਂ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਆਈ.ਜੀ ਸ. ਉਮਰਾਨੰਗਲ ਨੇ ਸ੍ਰ. ਬਲਕਾਰ ਸਿੰਘ ਸਿੱਧੂ ਡੀ.ਆਈ.ਜੀ. ਪਟਿਆਲਾ ਰੇਂਜ, ਸ੍ਰੀ ਪ੍ਰਿਤਪਾਲ ਸਿੰਘ ਥਿੰਦ ਐਸ.ਐਸ.ਪੀ. ਸੰਗਰੂਰ, ਸ਼੍ਰੀ ਗੁਰਪ੍ਰੀਤ ਸਿੰਘ ਐਸ.ਐਸ.ਪੀ ਬਰਨਾਲਾ, ਸ਼੍ਰ ਜਗਤਪ੍ਰੀਤ ਸਿੰਘ ਐਸ.ਪੀ (ਹੈੱਡਕੁਆਟਰ) ,ਸ੍ਰੀ ਜਸਕਿਰਨਜੀਤ ਸਿੰਘ ਤੇਜਾ ਐਸ.ਪੀ.(ਇੰਨਵੈਸਟੀਗੇਸ਼ਨ), ਸ੍ਰੀ ਜਸਵੀਰ ਸਿੰਘ ਡੀ.ਐਸ.ਪੀ ਦਿੜਬਾ ਅਤੇ ਸ੍ਰੀ ਰਾਜਵਿੰਦਰ ਸਿੰਘ ਰੰਧਾਵਾ ਡੀ.ਐਸ.ਪੀ.(ਇੰਨਵੈਸਟੀਗੇਸ਼ਨ) ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 15-08-16 ਨੂੰ ਮੁਹੰਮਦ ਮੁਸਤਫਾ ਪੁੱਤਰ ਮਹਿੰਦੀ ਹਸਨ ਵਾਸੀ ਪਿੰਡ ਖੁਰਦ ਥਾਣਾ ਦਿਹਾਤ ਕੋਤਵਾਲੀ ਸਹਾਰਨਪੁਰ ਹਾਲ ਅਬਾਦ ਮਸਜਿਦ ਪਿੰਡ ਮਹਿਲਾਂ ਚੌਂਕ ਥਾਣਾ ਛਾਜਲੀ ਨੇ ਇਤਲਾਹ ਦਿੱਤੀ ਸੀ ਕਿ ਉਹ ਪਿਛਲੇ ਕਰੀਬ 10 ਸਾਲ ਤੋਂ ਮਸਜਿਦ ਪਿੰਡ ਮਹਿਲਾਂ ਚੌਂਕ ਵਿਖੇ ਮੌਲਵੀ ਹੈ ਅਤੋ ਮਸਜਿਦ ਵਿਖੇ ਪਏ ਪਵਿੱਤਰ ਕੁਰਾਨ ਸਰੀਫ ਦੀ ਬੇਅਦਬੀ ਕਰਕੇ ਕਿਸੀ ਨਾਮਾਲੂਮ ਵਿਅਕਤੀ/ਵਿਅਕਤੀਆਂ ਨੇ ਪਵਿੱਤਰ ਕੁਰਾਨ ਸ਼ਰੀਫ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਰਕੇ ਮਸਜਿਦ ਕੰਪਲੈਕਸ ਵਿੱਚ ਬਣੇ ਬਾਥਰੂਮ ਅਤੇ ਮਸਜਿਦ ਦੀ ਛੱਤ ‘ਤੇ ਸੁੱਟ ਦਿੱਤੇ ਸਨ।
ਆਈ.ਜੀ ਨੇ ਦੱਸਿਆ ਕਿ ਇਹ ਇਤਲਾਹ ਮਿਲਣ ‘ਤੇ ਮੁਕੱਦਮਾ ਨੰਬਰ 102 ਮਿਤੀ 15-8-2016 ਅ/ਧ 295ਏ ਹਿੰ:ਡੰ: ਥਾਣਾ ਛਾਜਲੀ ਅਣਪਛਾਤੇ ਵਿਅਕਤੀ/ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ। ਜਿਸ ਘਟਨਾ ਕਾਰਨ ਮੁਸਲਿਮ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੁਖਾਂਤਕ ਘਟਨਾ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਡੀ.ਆਈ.ਜੀ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦੇ ਕੇ ਮੌਕੇ ‘ਤੇ ਭੇਜਿਆ ਸੀ। ਜਿਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਡੀ.ਆਈ.ਜੀ ਵੱਲੋਂ ਸੁਪਰਵੀਜਨ ਆਪਣੇ ਹੱਥਾਂ ਵਿੱਚ ਲਂੈਦੇ ਹੋਏ ਸਮੇਤ ਐਸ.ਐਸ.ਪੀ ਸੰਗਰੂਰ ਮੌਕੇ ਦਾ ਜਾਇਜਾ ਲਿਆ ਅਤੇ ਦੇਰ ਸ਼ਾਮ ਤੱਕ ਮੌਕੇ ‘ਤੇ ਹਾਜਰ ਰਹਿ ਕੇ ਸ੍ਰੀ ਜਸਵੀਰ ਸਿੰਘ ਉਪ ਕਪਤਾਨ ਪੁਲਿਸ ਦਿੜਬਾ, ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ, ਇੰਸਪੈਕਟਰ ਵਿਜੇ ਕੁਮਾਰ ਮੁੱਖ ਅਫਸਰ ਥਾਣਾ ਛਾਜਲੀ ਅਤੇ ਸ:ਥ: ਕਰਮਜੀਤ ਸਿੰਘ ਇੰਚਾਰਜ ਚੌਂਕੀ ਮਹਿਲਾਂ ਚੌਂਕ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਅਤੇ ਸਪੈਸਲ ਇੰਨਵੈਸਟੀਗੇਸ਼ਨ ਟੀਮ ਨੂੰ ਮੁਕੱਦਮਾ ਦੀ ਤਫਤੀਸ਼ ਕੁੱਝ ਅਹਿਮ ਪਹਿਲੂਆਂ ਬਾਰੇ ਕਰਨ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਨ੍ਹਾਂ ਦਿਸ਼ਾ ਨਿਰਦੇਸਾਂ ਦੇ ਮੁਤਾਬਿਕ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਸਪੈਸਲ ਇੰਨਵੈਸਟੀਗੇਸਨ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਟੀਮ ਮੈਂਬਰ ਸ:ਥ: ਕਰਮਜੀਤ ਸਿੰਘ ਇੰਚਾਰਜ ਚੌਂਕੀ ਮਹਿਲਾਂ ਨੇ ਮੁਖਬਰ ਖਾਸ ਦੀ ਇਤਲਾਹ ਪਰ ਦੋਸੀ ਇਸਰਾਰ ਮੁਹੰਮਦ ਪੁੱਤਰ ਮੁਹੰਮਦ ਇਦਰੀਸ ਕੌਮ ਸੇਖ ਮੁਸਲਮਾਨ ਵਾਸੀ ਨੇੜੇ ਛੋਟੀ ਵੱਡੀ ਮਸੀਤ ਪਿੰਡ ਪਹਾੜਪੁਰ ਥਾਣਾ ਨਾਗਲ ਜਿਲ੍ਹਾ ਸਹਾਰਨਪੁਰ (ਯੂ.ਪੀ.) ਨੂੰ ਬਾ ਹੱਦ ਮਹਿਲਾਂ ਚੌਂਕ ਨਜਦੀਕ ਮੱਲੀ ਢਾਬਾ ਤੋਂ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਦੋਸੀ ਇਸਰਾਰ ਮੁਹੰਮਦ ਨੇ ਆਪਣੇ ਵੱਲੋਂ ਪਵਿੱਤਰ ਕੁਰਾਨ ਸਰੀਫ ਦੀ ਬੇਅਦਬੀ ਦੇ ਕੀਤੇ ਜੁਰਮ ਨੂੰ ਕਬੂਲ ਕੀਤਾ ਅਤੇ ਦੱਸਿਆ ਕਿ ਇਹ ਵਾਰਦਾਤ ਨੂੰ ਉਸਨੇ ਮਿਤੀ 14-08-16 ਨੂੰ ਵਕਤ ਕਰੀਬ 3:00 ਵਜੇ ਦੁਪਿਹਰੇ ਉਸ ਸਮੇਂ ਅੰਜਾਮ ਦਿੱਤਾ ਜਦੋਂ ਮੌਲਵੀ ਮੁਹੰਮਦ ਮੁਸਤਫਾ ਜਾਂ ਉਸਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਹੋਰ ਕੋਈ ਵੀ ਵਿਅਕਤੀ ਮਸਜਿਦ ਵਿੱਚ ਹਾਜਰ ਨਹੀਂ ਸੀ। ਉਨ੍ਹਾਂ ਦੱਸਿਆ ਕਿ  ਇਸਰਾਰ ਮੁਹੰਮਦ ਮੌਲਵੀ ਮੁਹੰਮਦ ਮੁਸਤਫਾ ਦਾ ਸਾਲਾ ਹੈ। ਜੋ ਪਹਿਲਾਂ ਪਿੰਡ ਮਹਿਲਾਂ ਦੀ ਮਸਜਿਦ ਵਿਖੇ ਹੀ ਰਹਿੰਦਾ ਹੁੰਦਾ ਸੀ ਪਰ ਜਿਸਦੇ ਗਲਤ ਸੰਗਤ ਵਿੱਚ ਪੈ ਜਾਣ ਕਰਕੇ ਨਸ਼ਾ ਵਗੈਰਾ ਕਰਨ ਦਾ ਆਦੀ ਹੋ ਜਾਣ ਕਰਕੇ ਇਸਰਾਰ ਮੁਹੰੰਮਦ ਨੂੰ ਉਸਦੀ ਭੈਣ ਮੌਸੀਨਾ ਬੇਗਮ ਅਤੇ ਜੀਜੇ ਮੌਲਵੀ ਮੁਹੰਮਦ ਮੁਸਤਫਾ ਨੇ ਕੁੱਟ ਮਾਰ ਕਰਕੇ ਤਿੰਨ-ਚਾਰ ਮਹੀਨੇ ਪਹਿਲਾਂ ਮਸਜਿਦ ਵਿੱਚੋਂ ਭਜਾ ਦਿੱਤਾ ਸੀ। ਜਿਸ ਕਰਕੇ ਇਸਰਾਰ ਮੁਹੰਮਦ ਨੇ ਆਪਣੀ ਭੈਣ ਮੌਸੀਨਾ ਬੇਗਮ ਅਤੇ ਜੀਜੇ ਮੌਲਵੀ ਮੁਹੰਮਦ ਮੁਸਤਫਾ ਪਾਸੋਂ ਬਦਲਾ ਲੈਣ ਖਾਤਰ ਪਵਿੱਤਰ ਕੁਰਾਨ ਸਰੀਫ ਦੀ ਬੇਅਦਬੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਡੁੰਘਾਈ ਨਾਲ ਜਾਂਚ ਕਰਦੇ ਹੋਏ ਇਸਰਾਰ ਮੁਹੰਮਦ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ।
ਇਸ ਤੋ’ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਪੁਲਿਸ ਥਾਣਾ ਬਿਆਸ ਦੇ ਪਿੰਡ ਬੁਤਾਲਾ ਵਿਖੇ ਪਵਿੱਤਰ ਗੁਟਕਾ ਸਾਹਿਬ ਦਾ ਪੰਨਾ ਪਾੜ੍ਹਨ ਦੇ ਦੋਸ਼ ਵਿਚ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ  ਵਾਸੀ ਸੇਫੱਤਾ ਭੈਣੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਗੁਰਦੇਵ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪੱਤੀ ਪਲਾ ਪਿੰਡ ਬੁਤਾਲਾ ਨੇ ਇਕ ਬਿਆਨ ਦਰਜ ਕਰਵਾਇਆ ਸੀ ਕਿ ਉਹ ਆਪਣੇ ਰਿਸ਼ਤੇਦਾਰ ਬਲਜੀਤ ਸਿੰਘ ਪੁਤਰ ਸਵਰਨ ਸਿੰਘ ਵਾਸੀ ਬੁਤਾਲਾ ਨੂੰ ਮਿਲਣ 15 ਅਗਸਤ ਨੂੰ ਉਸ ਦੇ ਘਰ ਗਿਆ ਸੀ। ਉਸ ਨੇ ਦੋਸ਼ੀ ਲਖਵਿੰਦਰ ਸਿੰਘ ਨੂੰ ਉੱਚੀ ਉੱਚੀ ਬੋਲਦਿਆਂ ਸੁਣਿਆ ਕਿ ਉਸ ਨੇ ਸੁਖਾ ਸਿੰਘ ਤੋ’ ਪੈਸੇ ਲੇਣੇ ਹਨ ਅਤੇ ਉਹ ਗੁਟਕਾ ਸਾਹਿਬ ਦੇ ਪੰਨੇ ਪਾੜ੍ਹ ਕੇ ਸੁਖਾ ਸਿੰਘ ‘ਤੇ ਝੂਠਾ ਦੋਸ਼ ਲਾਵੇਗਾ। ਗੁਰਦੇਵ ਸਿੰਘ ਅਤੇ ਬਲਜੀਤ ਸਿੰਘ ਨੇ ਲਖਵਿੰਦਰ ਸਿੰਘ ਨੂੰ ਅਜਿਹਾ ਕਰਨ ਤੋ’ ਵਰਜਿਆ ਪਰੰਤੂ ਉਸ ਨੇ ਗੁਟਕਾ ਸਾਹਿਬ ਦਾ ਇਕ ਪੰਨਾ ਪਾੜ੍ਹ ਦਿਤਾ । ਇਸ ਸਬੰਧ ਵਿਚ ਮੁਕੱਦਮਾ ਦਰਜ ਕਰਕੇ ਏ ਐਸ ਆਈ ਪ੍ਰਸੋਲਾਲ ਨੇ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *