Home / Breaking News / ਪੰਜਾਬ ਦੇ ਦਰਿਆਵਾਂ ਦੀ ਸਫਾਈ ਲਈ ਕੇਂਦਰ ਨੂੰ ਸੌਂਪਿਆ ਜਾਵੇਗਾ ਪ੍ਰਸਤਾਵ

ਪੰਜਾਬ ਦੇ ਦਰਿਆਵਾਂ ਦੀ ਸਫਾਈ ਲਈ ਕੇਂਦਰ ਨੂੰ ਸੌਂਪਿਆ ਜਾਵੇਗਾ ਪ੍ਰਸਤਾਵ

ਚੰਡੀਗੜ੍ਹ, 10 ਜੁਲਾਈ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜਲ ਸਰੋਤ ਵਿਭਾਗ ਨੇ ਸੂਬੇ ਦੇ ਦਰਿਆਵਾਂ ਦੇ ਪਾਣੀ ਨੂੰ ਸਾਫ ਕਰਨ ਦੇ ਮਕਸਦ ਨਾਲ ਕੇਂਦਰ ਸਰਕਾਰ ਨੂੰ ਭੇਜਣ ਵਾਲੇ ਪ੍ਰਸਤਾਵ ‘ਤੇ ਕਾਰਜ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਨੂੰ ‘ਤੰਦਰੁਸਤ’ ਕਰਨ ਦੇ ਮਿਸ਼ਨ ਤਹਿਤ ਮੁੱਖ ਮੰਤਰੀ ਨੇ ਰਾਜ ਦੇ ਦਰਿਆਵਾਂ ਦਾ ਪਾਣੀ ਪਹਿਲ ਦੇ ਆਧਾਰ ‘ਤੇ ਸਵੱਛ ਕਰਨ ਦਾ ਬੀੜਾ ਚੁੱਕਿਆ ਹੈ। ਉਹ ਦਰਿਆਵਾਂ ਦੇ ਪਾਣੀ ਨੂੰ ਗੰਦਾ ਕੀਤੇ ਜਾਣ ਪ੍ਰਤੀ ਬੇਹੱਦ ਚਿੰਤਤ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖਿਆ ਹੈ ਕਿ ਪੰਜਾਬ ਵੱਲੋਂ ਭੇਜੇ ਜਾਣ ਵਾਲੇ ਪ੍ਰਸਤਾਵ ‘ਤੇ ਸਾਕਾਰਾਤਮਕ ਗੌਰ ਕੀਤੀ ਜਾਵੇ ਅਤੇ ਕੌਮੀ ਦਰਿਆ ਸੰਭਾਲ ਪ੍ਰੋਗਰਾਮ ਤਹਿਤ ਜਾਂ ਅਜਿਹੀ ਕਿਸੇ ਹੋਰ ਸਕੀਮ ਤਹਿਤ ਦਰਿਆਵਾਂ ਦੀ ਸਫਾਈ ਲਈ ਫੰਡ ਮੁਹੱਈਆ ਕਰਵਾਏ ਜਾਣ।
ਮੁੱਖ ਮੰਤਰੀ ਨੇ ਸੂਬੇ ਦੇ ਜਲ ਸਰੋਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਪਰੋਕਤ ਮਕਸਦ ਦੇ ਸੰਦਰਭ ਵਿਚ ਵਿਭਾਗ ਇਕ ਤਜਵੀਜ਼ ਬਣਾ ਕੇ ਕੇਂਦਰੀ ਜਲ ਸਰੋਤ, ਦਰਿਆ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰਾਲੇ ਨੂੰ ਭੇਜੇ। ਜਿਸ ‘ਤੇ ਵਿਭਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਵਿਭਾਗ ਵੱਲੋਂ ਦਰਿਆਈ ਪਾਣੀ ਬਚਾਉਣ ਲਈ ਵੱਡੇ ਪੱਧਰ ‘ਤੇ ਇਕ ਜਨ ਮੁਹਿੰਮ ਜਲਦ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਦਯੋਗਾਂ ਅਤੇ ਸ਼ਹਿਰਾਂ ਦੇ ਅਣਸੋਧੇ ਗੰਦੇ ਪਾਣੀ ਨੂੰ ਸਤਲੁਜ ਅਤੇ ਬਿਆਸ ਦਰਿਆਵਾਂ ਵਿਚ ਸੁੱਟਣ ਤੋਂ ਰੋਕਣ ਲਈ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਗੰਦੇ ਪਾਣੀ ਨੂੰ ਸੋਧ ਕੇ ਇਸ ਦੀ ਵਰਤੋਂ ਸਿੰਚਾਈ ਲਈ ਕਰਨ ਹਿੱਤ ਵੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਉਕਤ ਪ੍ਰਸਤਾਵ ਛੇਤੀ ਭੇਜਣ ਲਈ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।  ਜਲ ਸਰੋਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕੁਝ ਹਿੱਸਿਆ ਵਿਚ ਧਰਤੀ ਹੇਠਲਾਂ ਪਾਣੀ ਪੀਣਯੋਗ ਨਹੀਂ ਅਤੇ ਲੋਕ ਹਾਲੇ ਵੀ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ‘ਤੇ ਨਿਰਭਰ ਕਰਦੇ ਹਨ।  ਕਾਬਿਲੇਗੌਰ ਹੈ ਕਿ ਪਾਣੀਆਂ ਦੇ ਗੰਧਲੇਪਣ ਕਾਰਣ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਹੋ ਰਹੀਆਂ ਹਨ ਅਤੇ ਇਹ ਸਮੱਸਿਆ ਪੰਜਾਬ ਦੇ ਦੱਖਣ-ਪੱਛਮੀ ਖਿੱਤੇ ਵਿਚ ਕਾਫੀ ਗੰਭੀਰ ਹੈ। ਸ਼ਹਿਰਾਂ ਦੇ ਬਿਨਾਂ ਸੋਧੇ ਪਾਣੀ ਅਤੇ ਸਨਅਤੀ ਗੰਦ-ਮੰਦ ਨੂੰ ਦਰਿਆਵਾਂ ਵਿਚ ਸੁੱਟੇ ਜਾਣ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਦਰਿਆਵਾਂ ਨੂੰ ਗੰਧਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕੁਦਰਤ ਦੀ ਇਸ ਅਨਮੋਲ ਨਿਆਮਤ ਨੂੰ ਇਸ ਤਰ੍ਹਾਂ ਗੰਦਾ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਦਰਿਆਈ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪਾਣੀਆਂ ਨੂੰ ਗੰਧਲਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਪਾਣੀਆਂ ਨੂੰ ਬਚਾਉਣ ਲਈ ਸੂਬਾ ਸਰਕਾਰ ਦੀ ਮਦਦ ਕੀਤੀ ਜਾਵੇ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *