Breaking News
Home / Punjab / ਪਠਾਨਕੋਟ ਵਿਧਾਨ ਸਭਾ ਹਲਕੇ ‘ਚ ਸੰਗਤ ਦਰਸ਼ਨ ਕੈਪਟਨ ਯੂ.ਪੀ.ਏ. ਸਰਕਾਰ ਸਮੇਂ ਉਠਾਉਂਦੇ ਕਰਜ਼ੇ ਮੁਆਫ਼ੀ ਦਾ ਮਾਮਲਾ : ਬਾਦਲ

ਪਠਾਨਕੋਟ ਵਿਧਾਨ ਸਭਾ ਹਲਕੇ ‘ਚ ਸੰਗਤ ਦਰਸ਼ਨ ਕੈਪਟਨ ਯੂ.ਪੀ.ਏ. ਸਰਕਾਰ ਸਮੇਂ ਉਠਾਉਂਦੇ ਕਰਜ਼ੇ ਮੁਆਫ਼ੀ ਦਾ ਮਾਮਲਾ : ਬਾਦਲ

ਨੌਸ਼ੇਰਾ ਨਾਲ ਬੰਦਾ (ਪਠਾਨਕੋਟ), 21 ਅਕਤੂਬਰ (ਚ.ਨ.ਸ.): ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਕੀਤੇ ਐਲਾਨ ਨੂੰ ਸਿਰਫ ਚੋਣ ਸਟੰਟ ਦਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਆਗੂ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਕੇਂਦਰ ਅਤੇ ਸੂਬੇ ਵਿਚ ਕਾਂਗਰਸ ਦੇ ਸੱਤਾ ਵਿਚ ਹੋਣ ਮੌਕੇ ਇਸ ਮੁੱਦੇ ‘ਤੇ ਚੁੱਪ ਕਿਉਂ ਵੱਟੀ ਰੱਖੀ।
ਅੱਜ ਪਠਾਨਕੋਟ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਸੂਬੇ ਵਿਚ ਸੱਤਾ ‘ਚ ਆਉਣ ਦੀਆਂ ਝੂਠੀਆਂ ਉਮੀਦਾਂ ਦੇ ਹੇਠ ਇਸ ਮੁੱਦੇ ‘ਤੇ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਜੇ ਕੈਪਟਨ ਇਸ ਮਾਮਲੇ ਬਾਰੇ ਸੱਚੀ-ਮੁੱਚੀ ਗੰਭੀਰ ਸੀ ਤਾਂ ਉਸ ਨੂੰ ਇਹ ਮੁੱਦਾ ਯੂ.ਪੀ.ਏ-1 ਦੇ ਕਾਰਜਕਾਲ ਦੌਰਾਨ ਉਠਾ ਕੇ ਹਲ ਕਰਵਾਉਣਾ ਚਾਹੀਦਾ ਸੀ ਜਦੋਂ ਉਹ ਸੂਬੇ ਦਾ ਮੁਖੀ ਸੀ। ਸ. ਬਾਦਲ ਨੇ ਕਿਹਾ ਕਿ ਕੈਪਟਨ ਕੋਲ ਨਾ ਤਾਂ ਇਸ ਮੁੱਦੇ ਨੂੰ ਹੱਲ ਕਰਵਾਉਣ ਲਈ ਕੋਈ ਸੋਚ ਹੈ ਅਤੇ ਨਾ ਹੀ ਉਸ ਦੀ ਇੱਛਾ ਸ਼ਕਤੀ ਹੈ। ਉਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਮੁੱਦਾ ਉਠਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚਾ ਸੂਬਾ ਇਸ ਲੋਕ ਸਭਾ ਮੈਂਬਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਹੁੰਦੇ ਹੋਏ ਅਖਤਿਆਰ ਕੀਤੇ ਕਿਸਾਨ ਵਿਰੋਧੀ ਪੈਂਤੜੇ ਨੂੰ ਜਾਣਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਮੁਆਫ ਕੀਤੇ ਟਿਊਬਵੈਲਾਂ ਦੀ ਬਿੱਲ ਮੁੱਖ ਮੰਤਰੀ ਹੁੰਦੇ ਹੋਏ ਕਿਸਾਨਾਂ ‘ਤੇ ਥੋਪ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਉਸ ਪਾਰਟੀ ਦੀ ਅਗਵਾਈ ਕਰ ਰਿਹਾ ਹੈ ਜਿਹੜੀ ਸੂਬੇ ਵਿਚ ਕਿਸਾਨਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਕੰਮ ਕਰਨ ਵਿਚ ਵਿਸ਼ਵਾਸ ਰਖਦੀ ਹੈ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਝੂਠੇ ਅਤੇ ਖੋਖਲੇ ਲਾਰਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ

ਹਰ ਮੋਰਚੇ ‘ਤੇ ਵੱਡੀ ਪੱਧਰ ‘ਤੇ ਕੰਮ ਕੀਤੇ ਹਨ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਸੁਪਨੇ ਦਿਖਾ ਰਹੀਆਂ ਹਨ। ਸ. ਬਾਦਲ ਨੇ ਉਮੀਦ ਪ੍ਰਗਟ ਕੀਤੀ ਕਿ ਸੂਬੇ ਦੇ ਲੋਕ ਸੂਬੇ ਦੇ ਚੌਤਰਫੇ ਵਿਕਾਸ ਲਈ ਗਠਜੋੜ ਨੂੰ ਸਮਰਥਨ ਦੇਣਗੇ।
ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਸਰਵੇਖਣਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਰਵੇਖਣਾਂ ਦੀ ਕੋਈ ਵੀ ਭਰੋਸੇਯੋਗਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਲ 2012 ਦੀਆਂ ਚੋਣਾਂ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਜਿੱਤ ਦੀ ਕਿਸੇ ਨੇ ਵੀ ਭਵਿੱਖਵਾਣੀ ਨਹੀਂ ਸੀ ਕੀਤੀ ਜਦਕਿ ਲੋਕਾਂ ਨੇ ਗੱਠਜੋੜ ਨੂੰ ਫਤਵਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਸਾਰੇ ਸਰਵੇ ਗਲਤ ਸਾਬਤ ਹੋ ਜਾਣਗੇ ਅਤੇ ਸੂਬੇ ਦੇ ਲੋਕ ਗਠਜੋੜ ਦੀਆਂ ਵਿਕਾਸਪੱਖੀ ਅਤੇ ਲੋਕਪੱਖੀ ਨੀਤੀਆਂ ਦਾ ਸਮਰਥਨ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿੱਕਟਾਂ ਵੇਚਣ ਦੇ ਆਮ ਆਦਮੀ ਪਾਰਟੀ ਦੀ ਸੂਬਾ ਲੀਡਰਸ਼ਿਪ ਵੱਲੋਂ ਲਾਏ ਦੋਸ਼ਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਆਪ ਗਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਸਾਰੇ ਗਲਤ ਹੀ ਲਗਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਹਰੇਕ ਵਿਅਕਤੀ ਇਹ ਜਾਣਦਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀਆਂ ਟਿਕਟਾਂ ਵੇਚੀਆਂ ਹਨ ਜਿਸ ਦੇ ਕਾਰਨ ਪਾਰਟੀ ਦੇ ਕਾਡਰ ਵਿਚ ਵੱਡੀ ਪੱਧਰ ‘ਤੇ ਬੇਚੈਨੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ‘ਤੇ ਝੂਠੇ ਦੋਸ਼ ਲਾ ਕੇ ਆਪਣੇ ਗੁਨਾਹਾਂ ਨੂੰ ਛਿਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨੌਸ਼ੇਰਾ ਨਾਲ ਬੰਦਾ ਅਤੇ ਫੁਲੜਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਤੇ ਦੂਰਦ੍ਰਿਸ਼ਟੀ ਵਾਲੀ ਲੀਡਰਸ਼ਿਪ ਹੇਠ ਐਨ.ਡੀ.ਏ ਸਰਕਾਰ ਘੱਟੋ-ਘੱਟ 25 ਸਾਲ ਦੇਸ਼ ਦੀ ਸੇਵਾ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਐਨ.ਡੀ.ਏ ਸਰਕਾਰ ਕੋਲੋਂ ਲਾਭ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਮੁੜ ਜਿਤਾਉਣਗੇ ਤਾਂ ਜੋ ਵਿਕਾਸ ਪ੍ਰਾਜੈਕਟਾਂ ਲਈ ਸੂਬੇ ਵਾਸਤੇ ਵੱਡਾ ਹਿੱਸਾ ਪ੍ਰਾਪਤ ਕੀਤਾ ਜਾ ਸਕੇ। ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਸਰਜਿਕਲ ਹਮਲੇ ਕਰਨ ਲਈ ਸ੍ਰੀ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਲੱਖਣ ਪਹਿਲਕਦਮੀ ਨਾਲ ਦੇਸ਼ ਵਾਸੀਆਂ ਵਿਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਸ ਵਿਲੱਖਣ, ਹੌਸਲਾ ਭਰਪੂਰ ਅਤੇ ਫੈਸਲਾਕੁੰਨ ਕਾਰਵਾਈ ਦਾ ਦੁਨੀਆਂ ਭਰ ਵਿਚ ਕੋਈ ਮੇਲ ਨਹੀਂ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਵਿਚ ਸ੍ਰੀ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਦੂਰ ਦ੍ਰਿਸ਼ਟੀ ਵਾਲੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਐਨ.ਡੀ.ਏ ਸਰਕਾਰ ਦੇ ਥੋੜੇ ਜਿਹੇ ਸਮੇਂ ਵਿਚ ਹੀ ਪੰਜਾਬ ਨੂੰ ਵੱਡਾ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਨੂੰ ਬਹੁਤ ਸਾਰੇ ਅਹਿਮ ਪ੍ਰਾਜੈਕਟ ਦਿੱਤੇ ਹਨ ਜਿਨ੍ਹਾਂ ਨੇ ਅੱਗੇ ਵਿਕਾਸ ਨੂੰ ਗਤੀ ਦਿੱਤੀ ਹੈ। ਸ. ਬਾਦਲ ਨੇ ਏਮਜ਼, ਆਈ.ਆਈ.ਐਮ ਅਤੇ ਪੋਸਟ ਗ੍ਰੈਜੂਏਟ ਹੌਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਇੰਸਟੀਚਿਊਟ ਸਣੇ ਅਨੇਕਾਂ ਪ੍ਰਾਜੈਕਟ ਦੇਣ ਲਈ ਐਨ.ਡੀ.ਏ ਸਰਕਾਰ ਦੀ ਪ੍ਰਸੰਸਾ ਕੀਤੀ।
ਬੀਤੇ ਸਮੇਂ ਦੌਰਾਨ ਕਾਂਗਰਸ ਦੀ ਸੂਬੇ ਪ੍ਰਤੀ ਘਟੀਆ ਪਹੁੰਚ ਦੀ ਲੋਕਾਂ ਨੂੰ ਯਾਦ ਦਿਵਾਉਂਦੇ ਹੋਏ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਸਮਾਜਿਕ, ਸਿਆਸੀ, ਆਰਥਿਕ ਅਤੇ ਧਾਰਮਿਕ ਤੌਰ ‘ਤੇ ਵੱਡੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀਆਂ ਕਾਂਗਰਸ ਸਰਕਾਰਾਂ ਨੇ ਸੂਬੇ ਨੂੰ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਅਤੇ ਦਰਿਆਈ ਪਾਣੀਆਂ ਦਾ ਬਣਦਾ ਹਿੱਸਾ ਦੇਣ ਤੋਂ ਲਗਾਤਾਰ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਰਾਹੀਂ ਗੁਆਂਢੀ ਸੂਬੇ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਕੇ ਸੂਬੇ ਨੂੰ ਪਾਣੀਆਂ ਤੋਂ ਵਾਂਝੇ ਕਰਨ ਦੀ ਡੂੰਘੀ ਸਾਜਿਸ਼ ਰਚੀ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸ੍ਰੀ ਅਸ਼ਵਨੀ ਸ਼ਰਮਾ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ ਸ੍ਰੀ ਏ.ਕੇ. ਮਿੱਤਲ, ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਐਸ.ਐਸ.ਪੀ ਸ੍ਰੀ ਰਾਕੇਸ਼ ਕੌਸ਼ਲ ਹਾਜ਼ਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *