Breaking News
Home / Breaking News / ਪਟਿਆਲਾ ਗੁੜ ਮੰਡੀ ਦੇ ਨਾਮੀ ਵਪਾਰੀ ਦੀ ਸਕੂਲ ਜਾਂਦੀ ਬੱਚੀ ਅਗ਼ਵਾ ਪੁਲਿਸ ਨੇ 5 ਘੰਟਿਆਂ ‘ਚ ਕੀਤੀ ਬਰਾਮਦ

ਪਟਿਆਲਾ ਗੁੜ ਮੰਡੀ ਦੇ ਨਾਮੀ ਵਪਾਰੀ ਦੀ ਸਕੂਲ ਜਾਂਦੀ ਬੱਚੀ ਅਗ਼ਵਾ ਪੁਲਿਸ ਨੇ 5 ਘੰਟਿਆਂ ‘ਚ ਕੀਤੀ ਬਰਾਮਦ

ਪਟਿਆਲਾ, 4 ਮਈ (ਵਿਨੋਦ ਸ਼ਰਮਾ) : ਸ਼ਹਿਰ ਦੇ ਗੁੜ ਮੰਡੀ ਦੇ ਨਾਮੀ ਵਪਾਰੀ ਦੀ ਬੱਚੀ ਨੂੰ ਅੱਜ ਸਵੇਰੇ ਸਕੂਲ ਜਾਂਦੇ ਸਮੇਂ ਅਣਪਛਾਤੇ ਕਾਰ ਸਵਾਰ ਅਗਵਾਕਾਰਾਂ ਨੇ ਸਾਈਂ ਮਾਰਕੀਟ ਕੋਲੋਂ ਬੱਘੀ ਵਿਚੋਂ ਅਗਵਾ ਕਰ ਲਿਆ ਸੀ। ਬੱਚੀ ਸਾਨਵੀ ਗੁਪਤਾ ਉਰਫ ਸਨਾ ਪੁੱਤਰੀ ਅਮਿਤ ਗੁਪਤਾ ਵਾਸੀ ਮਿਸਰੀ ਬਜ਼ਾਰ ਪਟਿਆਲਾ ਜੋ ਰੋਜ਼ਾਨਾ ਦੀ ਤਰ੍ਹਾਂ ਆਪਣੀ ਰਾਜ ਕੁਮਾਰ ਦੀ ਬੱਘੀ ਵਿਚ ਬ੍ਰਿਟਿਸ਼ ਕੋ-ਐਡ ਸਕੂਲ ਜਾ ਰਹੀ ਸੀ ਤਾਂ ਉਸੇ ਸਮੇਂ ਵਰਨਾ ਕਾਰ ਵਿਚ ਸਵਾਰ ਅਗਵਾਕਾਰਾਂ ਨੇ ਬੱਚੀ ਨੂੰ ਬੱਘੀ ਦੇ ਪਿੱਛੋਂ ਹੀ ਅਗਵਾ ਕਰ ਲਿਆ। ਬੱਚੀ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰਾਂ ਵਿਚ ਹਲਚਲ ਮੱਚ ਗਈ ਅਤੇ ਅਗਵਾਕਾਰ ਬੱਚੀ ਨੂੰ ਲੈ ਕੇ ਫਰਾਰ ਹੋ ਗਏ ਸਨ। ਸੂਚਨਾ ਮਿਲਦੇ ਹੀ ਪੁਲਿਸ ਵੀ ਹਰਕਤ ਵਿਚ ਆ ਗਈ ਅਤੇ ਸ਼ਹਿਰ ਦੇ ਅੰਦਰਲੇ ਅਤੇ ਬਾਹਰਲੇ
ਖੇਤਰਾਂ ਵਿਚ ਚੈਕਿੰਗ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਪੁਲਿਸ ਦੇ  ਅਧਿਕਾਰੀ ਅਤੇ ਕਰਮਚਾਰੀ ਸਿਵਲ ਕੱਪੜਿਆਂ ਵਿਚ ਸ਼ਹਿਰ ਦੇ ਅੰਦਰ ਘੁੰਮਦੇ ਦੇਖੇ ਗਏ। ਅਗਵਾਕਾਰਾਂ ਨੇ ਅਗਵਾ ਕੀਤੀ ਬੱਚੀ ਦੇ ਪਿਤਾ ਦੇ ਫੋਨ ‘ਤੇ ਫੋਨ ਕਰਕੇ 50 ਲੱਖ ਦੀ ਫਿਰੌਤੀ ਬੱਚੀ ਨੂੰ ਛੱਡਣ ਬਦਲੇ ਮੰਗੀ। ਬੱਚੀ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਬੱਚੀ ਦੇ ਪਿਤਾ ਨਾਲ ਸੰਪਰਕ ਜਾਰੀ ਰੱਖਿਆ, ਜਿਵੇਂ-ਜਿਵੇਂ ਅਗਵਾਕਾਰ ਬੱਚੀ ਦੇ ਪਿਤਾ ਨੂੰ ਫੋਨ ਕਰਦੇ ਸਨ ਤਾਂ ਪੁਲਿਸ ਉਸ ਦੀ ਸੂਚਨਾ ਲੈਂਦੀ ਰਹੀ। ਆਖਿਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅਗਵਾਕਾਰ ਬੱਚੀ ਸਾਨਵੀ ਗੁਪਤਾ ਨੂੰ ਪਿੰਡ ਸੂਲਰ ਦੇ ਨਜ਼ਦੀਕ ਪੈਂਦੇ ਬਾਬਾ ਮੁਨੀ ਦਾ ਡੇਰਾ ਨੇੜੇ ਨਵਜੀਵਨੀ ਸਕੂਲ ਕੋਲ ਬੰਨੀ ਹੋਈ ਨੂੰ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਬੱਚੀ ਨੂੰ ਬਰਾਮਦ ਕਰਨ ਤੋਂ ਬਾਅਦ ਉਸ ਦੇ  ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ਵਿਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ, ਐਸ.ਪੀ ਸਿਟੀ ਦਲਜੀਤ ਸਿੰਘ ਰਾਣਾ, ਐਸ.ਪੀ ਵਿਰਕ, ਐਸ.ਪੀ ਰਾਜਪੁਰਾ ਰਜਿੰਦਰ ਸਿੰਘ ਸੋਹਲ, ਡੀ.ਐਸ.ਪੀ ਸਿਟੀ-1 ਹਰਪਾਲ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਤੋਂ ਇਲਾਵਾ
ਹੋਰ ਪੁਲਿਸ ਦੇ ਸੀਨੀਅਰ ਅਧਿਕਾਰੀ ਅਗਵਾ ਹੋਈ ਬੱਚੀ ਦੇ ਘਰ ਪਹੁੰਚੇ ਅਤੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਬੱਚੀ ਨੂੰ ਉਸ ਦੇ ਪਿਤਾ ਅਮਿਤ ਗੁਪਤਾ ਨੂੰ ਸੌਂਪ ਦਿੱਤਾ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ ਉਮਰਾਨੰਗਲ ਨੇ ਕਿਹਾ ਕਿ ਬੱਚੀ ਨੂੰ ਸਵੇਰੇ ਸਕੂਲ ਜਾਂਦੇ ਸਮੇਂ ਅਗਵਾ ਕੀਤਾ ਗਿਆ ਸੀ ਅਤੇ ਅਗਵਾਕਾਰਾਂ ਨੇ ਬੱਚੀ ਨੂੰ ਛੱਡਣ ਬਦਲੇ ਬੱਚੀ ਦੇ ਪਿਤਾ ਨੂੰ ਫੋਨ ਕਰਕੇ 50 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਬਰਾਮਦ ਕਰਨ ਲਈ ਪੂਰੇ ਸ਼ਹਿਰ ਵਿਚ 4-5 ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬੱਚੀ ਦੇ ਪਿਤਾ ਦੇ ਨਾਲ ਮਿੰਟ-ਮਿੰਟ ਦਾ ਸੰਪਰਕ ਬਣਾ ਕੇ ਰੱਖਿਆ ਹੋਇਆ ਸੀ। ਅਗਵਾਕਾਰ ਜੋ ਵੀ ਬੱਚੀ ਦੇ ਪਿਤਾ ਨਾਲ ਗੱਲ ਕਰਦੇ ਸਨ,
ਉਸ ਦੀ ਜਾਣਕਾਰੀ ਪੁਲਿਸ ਫੋਨ ਕਰਕੇ ਲੈਂਦੀ ਸੀ। ਬੱਚੀ ਦੇ ਪਿਤਾ ਅਮਿਤ ਗੁਪਤਾ ਨੇ ਬੱਚੀ ਮਿਲਣ ਤੋਂ ਬਾਅਦ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਅਗਵਾਕਾਰਾਂ ਨੇ ਉਨ੍ਹਾਂ ਨੂੰ ਕਿੰਨੀ ਵਾਰ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਨੇ ਉਨ੍ਹਾਂ ਨੂੰ 2-3 ਵਾਰ ਫੋਨ ਕੀਤਾ ਸੀ। ਬੱਚੀ ਦੇ ਸਹੀ ਸਲਾਮਤ ਮਿਲਣ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਸਵੇਰ ਤੋਂ
ਲੈ ਕੇ ਬਾਅਦ ਦੁਪਹਿਰ ਤੱਕ ਬੱਚੀ ਦੇ ਪਰਿਵਾਰਕ ਮੈਂਬਰਾਂ ਵਿਚ ਬੇਚੈਨੀ ਫੈਲੀ ਹੋਈ ਸੀ। ਅੱਜ ਬੱਚੀ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਵਿਧਾਇਕ ਸ੍ਰੀਮਤੀ ਪ੍ਰਨੀਤ ਕੌਰ ਅਤੇ ਵਿਧਾਇਕ ਬ੍ਰਹਮ ਮਹਿੰਦਰਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਅਤੇ ਵਪਾਰੀ ਵਰਗ ਦੇ ਨੇਤਾ ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਕਰਨ ਲਈ ਪਹੁੰਚੇ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *