Home / India / ਪਟਨਾ ਸਾਹਿਬ ਵਿਖੇ ਕੌਮਾਂਤਰੀ ਸਿੱਖ ਸੰਮੇਲਨ ਸਮਾਜਿਕ ਅਲਾਮਤਾਂ ਦੇ ਖ਼ਾਤਮੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ : ਬਾਦਲ

ਪਟਨਾ ਸਾਹਿਬ ਵਿਖੇ ਕੌਮਾਂਤਰੀ ਸਿੱਖ ਸੰਮੇਲਨ ਸਮਾਜਿਕ ਅਲਾਮਤਾਂ ਦੇ ਖ਼ਾਤਮੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ : ਬਾਦਲ

ਸੰਮੇਲਨ ਦਾ ਉਦੇਸ਼ ਦੁਨੀਆਂ ‘ਚ ਪਿਆਰ-ਸਦਭਾਵਨਾ ਦਾ ਸੰਦੇਸ਼ ਫੈਲਾਉਣਾ: ਨਿਤੀਸ਼

ਪਟਨਾ ਸਾਹਿਬ (ਬਿਹਾਰ), 22 ਸਤੰਬਰ (ਚ.ਨ.ਸ.): ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਮੁਲਕ ਵਿੱਚ ਜਾਤ-ਪਾਤ, ਊਚ-ਨੀਚ ਸਮੇਤ ਹੋਰ ਸਮਾਜਿਕ ਅਲਾਮਤਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁਲਕ ਵਾਸੀਆਂ ਨੂੰ ਅਜਿਹੀਆਂ ਬੁਰਾਈਆਂ ਦੇ ਖਾਤਮੇ ਲਈ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਰਾਬਰੀ, ਮਾਨਵਤਾ ਤੇ ਧਰਮ ਨਿਰਪੱਖਤਾ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ ਹੈ।  ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਦੀ ਲੜੀ ਵਜੋਂ ਅੱਜ ਦੁਨੀਆਂ ਭਰ ਤੋਂ ਪਹੁੰਚੀਆਂ ਸਿੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਦੀ ਮੌਜੂਦਗੀ ਵਿੱਚ ਤਿੰਨ ਰੋਜ਼ਾ ਕੌਮਾਂਤਰੀ ਸਿੱਖ ਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਜੀਵਨ ਤੇ ਵਿਚਾਰਧਾਰਾ ਨਾ ਸਿਰਫ ਦੇਸ਼ ਨੂੰ ਇਕਜੁਟ ਕਰ ਸਕਦੀ ਹੈ ਸਗੋਂ ਭਾਰਤ ਨੂੰ ਵਿਸ਼ਵ ਦਾ ਮੋਹਰੀ ਮੁਲਕ ਬਣਾਉਣ ਵਿੱਚ ਵੀ ਸਹਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ‘ਤ ਚੱਲ ਕੇ ਹੀ ਜਾਤ-ਪਾਤ ਤੇ ਸਮਾਜਿਕ ਨਾ-ਬਰਾਬਰੀ ਵਰਗੀਆਂ ਬੁਰਾਈਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਕੌਮਾਂਤਰੀ ਸਿੱਖ ਸੰਮੇਲਨ ਦੀ ਸਫਲ ਸ਼ੁਰੂਆਤ ਲਈ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਜਿਹੇ ਉੱਦਮ ਮੁਲਕ ਵਿੱਚ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨਿਰਪੱਖਤਾ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਕਾਇਮ
ਰੱਖਣ ਲਈ ਮਹਾਨ ਯੋਗਦਾਨ ਪਾਇਆ ਅਤੇ ਇੱਥੋਂ ਤੱਕ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਦੀ ਖਾਤਰ ਆਪਣਾ ਸਰਬੰਸ ਕੁਰਬਾਨ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਵਿੱਚ ਸਿੱਖ ਧਰਮ ਸਮਾਜਵਾਦ ਤੇ ਧਰਮ ਨਿਰਪੱਖਤਾ ਦੇ ਸੱਚੇ ਮਾਡਲ ਦਾ ਪਾਸਾਰ ਕਰਦਾ ਹੈ। ਸ. ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਲਈ ਸਮਾਜਵਾਦ ਤੇ ਧਰਮ ਨਿਰਪੱਖਤਾ ਦੇ ਚਾਨਣ ਮੁਨਾਰੇ ਹਨ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖਤਾ ਦੇ ਸੰਕਲਪ ਵਜੋਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਨੀਂਹ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਨੇ ਰੱਖੀ ਸੀ ਅਤੇ ਇਸ ਦੇ ਚਾਰ ਦਰਵਾਜ਼ੇ ਮਾਨਵਤਾ ਦੀ ਬਰਾਬਰੀ ਨੂੰ ਦਰਸਾਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਆਪਣੇ ਮਹਾਨ ਸਿੱਖ ਗੁਰੂਆਂ ਦੀ ਕੁਰਬਾਨੀ ਤੇ ਬਹਾਦਰੀ ਦੀ ਵਿਰਾਸਤ ‘ਤੇ ਸਦਾ ਹੀ ਪਹਿਰਾ ਦਿੱਤਾ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਜਬਰ-ਜ਼ੁਲਮ, ਦਮਨ ਅਤੇ ਅਨਿਆਂ ਖਿਲਾਫ ਡਟਣ ਦੀ ਸਿੱਖਿਆ ਦਿੱਤੀ ਸੀ। ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਵੱਲੋਂ ਪਾਏ ਲਾਮਿਸਾਲ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੀ ਆਬਾਦੀ ਦਾ ਦੋ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਪੰਜਾਬ ਨੇ ਆਜ਼ਾਦੀ ਸੰਘਰਸ਼ ਵਿੱਚ 80 ਫੀਸਦੀ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਗੌਰਵਮਈ ਹੈ ਕਿ ਕੂਕਾ ਲਹਿਰ, ਗਦਰ ਲਹਿਰ, ਕਾਮਾਗਾਟਾਮਾਰੂ, ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਵਰਗੀਆਂ ਲਹਿਰਾਂ ਪੰਜਾਬੀਆਂ ਦੀ ਸੂਰਬੀਰਤਾਂ ਤੇ ਵਤਨਪ੍ਰਸਤੀ ਦੀ ਸ਼ਾਹਦੀ ਭਰਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਪਟਨਾ ਸਾਹਿਬ ਇਸ ਪਵਿੱਤਰ ਤੇ ਇਤਿਹਾਸਕ ਮੌਕੇ ਕੇਂਦਰੀ ਧੁਰੇ ਵਜੋਂ ਉੱਭਰੇਗਾ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ‘ਤੇ ਲੱਖਾਂ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ‘ਤੇ ਮਨਾਉਣ ਦੀ ਇੱਛਾ ਰੱਖਦੇ ਹਨ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਬਿਹਾਰ ਦੀ ਸਰਕਾਰ ਤੇ ਲੋਕ ਲੱਖਾਂ ਲੋਕਾਂ ਦੀਆਂ ਇਛਾਵਾਂ ‘ਤੇ ਖਰੇ ਉੱਤਰਨਗੇ ਜਿਨ੍ਹਾਂ ਦੀ ਜ਼ਿੰਦਗੀ ਦਾ ਇਹ ਯਾਦਗਾਰੀ ਦਿਨ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਤੇ ਸਰਕਾਰ ਇਸ ਪਵਿੱਤਰ ਤੇ ਇਤਿਹਾਸਕ ਪਲ ਦਾ ਹਿੱਸਾ ਬਣਨ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ। ਸ. ਬਾਦਲ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਉਹ ਹਰੇਕ ਤਰ੍ਹਾਂ ਦਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ,”ਪੰਜਾਬ ਵਾਸੀਆਂ ਵੱਲੋਂ ਮੈਂ ਬਿਹਾਰ ਸਰਕਾਰ ਤੇ ਲੋਕਾਂ ਨੂੰ ਪੂਰਾ ਸਹਿਯੋਗ ਤੇ ਮਦਦ ਦੀ ਪੇਸ਼ਕਸ਼ ਕਰਦਾ ਹਾਂ।”
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਦੁਨੀਆ ਭਰ ਵਿੱਚ ਧਾਰਮਿਕ ਉਤਸ਼ਾਹ, ਸ਼ਰਧਾ ਤੇ ਸਮਰਪਣ ਭਾਵਨਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਕ ਭਰ ਵਿੱਚ ਸੈਮੀਨਾਰ ਕਰਵਾਏ ਜਾਣਗੇ ਅਤੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੂੰ ਇਸ ਵਿੱਚ ਸ਼ਾਮਲ ਹੋÎਣ ਦਾ ਸੱਦਾ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੀ ਤਰਫੋਂ ਸ੍ਰੀ ਨਿਤਿਸ਼ ਕੁਮਾਰ ਨੂੰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਦੀ ਉਸਾਰੀ ਲਈ 10 ਕਰੋੜ ਦਾ ਚੈੱਕ ਸੌਂਪਿਆ।
ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਇਸ ਸੰਮੇਲਨ ਦਾ ਉਦੇਸ਼ ਮੁਲਕ ਵਿੱਚ ਪਿਆਰ, ਭਾਈਚਾਰਕ ਸਾਂਝ, ਸਦਭਾਵਨਾ ਦਾ ਸੁਨੇਹਾ ਫੈਲਾਉਣਾ ਹੈ।  ਉਨ੍ਹਾਂ ਕਿਹਾ ਕਿ ਸਾਲ 1966 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿੰਨ ਸੌ ਸਾਲਾ ਪ੍ਰਕਾਸ਼ ਪੁਰਬ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਗੌਰਵ ਹੈ ਕਿ 350ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ ਜੋ ਗੁਰੂ ਸਾਹਿਬ ਦੀ ਮਿਹਰ ਸਦਕਾ ਹੀ ਸੰਭਵ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕੌਮਾਂਤਰੀ ਸਿੱਖ ਸੰਮੇਲਨ ਵਿੱਚ ਗੁਰੂ ਸਾਹਿਬ ਜੀ ਦੇ ਸਮੁੱਚੇ ਜੀਵਨ ਤੇ ਫਿਲਾਸਫੀ ਬਾਰੇ ਵਿਚਾਰ-ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਪਟਨਾ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ  ਸਾਲ 2017 ਵਿੱਚ ਸਮੁੱਚੀ ਸਿੱਖ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਦੀਆਂ ਪੁਰਾਣੀ ਗੁਲਾਮੀ ਦੀਆਂ ਜੰਜੀਰਾਂ ਤੋੜਣ ਦਾ ਪ੍ਰਣ ਕੀਤਾ ਸੀ ਅਤੇ ਇਸ ਦੀ ਖਾਤਰ  ਉਨ੍ਹਾਂ ਨੇ ਆਪਣਾ ਸਰਬੰਸ ਤੱਕ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੀ ਲੋਕਾਈ ਨੂੰ ਮਾਨਵਤਾ ਪ੍ਰਤੀ ਪ੍ਰੇਮ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸਿੱਖਾਂ ਦੀ ਮਹਾਨ ਤੇ ਗੌਰਵਮਈ ਵਿਰਾਸਤ ਦੀ ਸੰਭਾਲ ਕਰਨ ਅਤੇ ਸਹੀ ਮਾਅਨਿਆਂ ਵਿੱਚ ਹਲੀਮੀ ਰਾਜ ਕਾਇਮ ਕਰਨ ਦੇ ਸਦਕਾ ਪੰਜ ਤਖ਼ਤ ਸਾਹਿਬਾਨ ਵੱਲੋਂ ਸਰਦਾਰ ਬਾਦਲ ਨੂੰ ‘ਫਖ਼ਰ-ਏ-ਕੌਮ’ ਅਤੇ ‘ਪੰਥ ਰਤਨ’ ਦੇ ਖਿਤਾਬ ਦਿੱਤੇ ਗਏ। ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਵੱਲੋਂ ਗੁਰੂ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ।
ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ੍ਰੀ ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਸਿੱਖਾਂ ਨੇ ਦੁਨੀਆ ਭਰ ਵਿੱਚ ਆਪਣੀ ਪਹਿਚਾਣ ਬਣਾਈ। ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਬਿਹਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਨੂੰ ਇਤਿਹਾਸਕ ਨਗਰਾਂ ਵਜੋਂ ਵਿਕਸਤ ਕੀਤਾ ਜਾਵੇ।
ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਜੋ ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਸੁਫਨਾ ਲਿਆ ਸੀ, ਉਸ ਨੂੰ ਬਿਹਾਰ ਸਰਕਾਰ ਨੇ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਸਿੱਖ ਵਿਰਾਸਤ ਨੂੰ ਸੰਭਾਲਣ ਵਿੱਚ ਪੰਜਾਬ ਵਿੱਚ ਯਾਦਗਾਰਾਂ ਬਣਾਈਆਂ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨਿਰਪੱਖਤਾ ਅਤੇ ਮਾਨਵਤਾ ਦੀ ਰਾਖੀ ਕਰਦਿਆਂ ਸਮੁੱਚਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਦੱਬੇ-ਕੁਚਲੇ ਤੇ ਮਜ਼ਲੂਮਾਂ ਲੋਕਾਂ  ਨੂੰ ਜਬਰ-ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਸ਼ਕਤੀ ਦਿੱਤੀ।
ਬਿਹਾਰ ਦੇ ਉਪ ਮੁੱਖ ਮੰਤਰੀ ਸ੍ਰੀ ਤੇਜੱਸਵ ਯਾਦਵ ਨੇ ਆਖਿਆ ਕਿ ਇਹ ਬਿਹਾਰ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਿੱਖ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਹੈ ਅਤੇ ਗੁਰੂ ਸਾਹਿਬ ਦਾ 350ਵਾਂ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਉਣ ਨੂੰ ਬਿਹਾਰ ਵਾਸੀ ਆਪਣਾ ਫਰਜ਼ ਸਮਝਦੇ ਹਨ।
ਇਸ ਮੌਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਆਏ ਨੁਮਾਇੰਦੇ ਸ੍ਰੀ ਮਹਿੰਦਰ ਸਿੰਘ ਨੇ ਉਨ੍ਹਾਂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਗੁਰੂ ਨਾਨਕ ਮਿਸ਼ਨ ਨਿਸ਼ਕਾਮ ਸੇਵਕ ਜਥਾ ਦੇ ਮੁਖੀ ਭਾਈ ਮਹਿੰਦਰ ਸਿੰਘ ਵੱਲੋਂ ਆਏ ਨੁਮਾਇੰਦੇ ਭਾਈ ਗੁਰਚਰਨ ਸਿੰਘ ਚੰਦਨ, ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢਾਲਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਤਰਲੋਚਨ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ ਤੇ ਸਿੱਖਿਆਵਾਂ ‘ਤੇ ਅਧਾਰਿਤ ਇਕ ਕਿਤਾਬ ਜਾਰੀ ਕੀਤੀ ਗਈ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਬਾਇਲ ਐਪ ਵੀ ਜਾਰੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਸ. ਬਾਦਲ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।
ਇਸ ਮੌਕੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ., ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸਕੱਤਰ ਤਾਲਮੇਲ ਸ੍ਰੀ ਕੇ.ਏ.ਪੀ. ਸਿਨਹਾ, ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ੍ਰੀ ਕੇ. ਸ਼ਿਵਾ ਪ੍ਰਸਾਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਸੈਰ ਸਪਾਟਾ ਬਿਹਾਰ ਸਰਕਾਰ ਸ੍ਰੀਮਤੀ ਹਰਜੋਤ ਕੌਰ ਭਮਰਾ ਹਾਜ਼ਰ ਸਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *