Breaking News
Home / Politics / ਨੌਕਰੀ ਘਪਲੇ ਦਾ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ : ਬਾਦਲ

ਨੌਕਰੀ ਘਪਲੇ ਦਾ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ : ਬਾਦਲ

ਵਿਰੋਧੀ ਪਾਰਟੀਆਂ ਪੰਜਾਬ ਦਾ ਅਮਨ ਕਾਨੂੰਨ ਕਰ ਰਹੀਆਂ ਨੇ ਭੰਗ
ਮਲੋਟ, 28 ਮਈ (ਆਰਤੀ ਕਮਲ) : ਨੌਕਰੀ ਘਪਲਿਆਂ ਦੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਭਾਵੇਂ ਅਕਾਲੀ ਆਗੂ ਜਾਂ ਕੋਈ ਵੀ ਹੋਰ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਵੱਲੋਂ ਮਲੋਟ ਦੇ ਇਕ ਨਗਰ ਕੌਂਸਲਰ ਖਿਲਾਫ ਵਿਜੀਲੈਂਸ ਟੀਮ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ । ਪੱਤਰਕਾਰਾਂ ਨੇ ਪੁੱਛਿਆ ਕਿ ਲੱਖਾਂ ਰੁਪਏ ਲੈ ਕੇ ਨੌਕਰੀ ਦਵਾਉਣ ਦੇ ਮਾਮਲੇ ਵਿਚ ਹੋਰ ਵੀ ਸੀਨੀਅਰ ਅਕਾਲੀ ਆਗੂਆਂ ਦਾ ਨਾਮ ਆ ਰਿਹਾ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਚਾਹੇ ਜਥੇਦਾਰ ਜਾਂ ਕੋਈ ਵੀ ਹੋਵੇ ਅਗਰ ਦੋਸ਼ੀ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ । ਸੂਬੇ ਵਿਚ ਵੱਧ ਰਹੀਆਂ ਵਾਰਦਾਤਾਂ ਬਾਰੇ ਉਹਨਾਂ ਕਿਹਾ ਕਿ ਬੀਤੇ ਦਿਨਾਂ ਵਿੱਚ ਜੋ ਵਾਰਦਾਤਾਂ ਹੋਈਆਂ ਹਨ, ਉਹ ਆਪਸੀ ਰੰਜਸ਼ ਦਾ ਨਤੀਜਾ ਹਨ ਅਤੇ ਇਸ ਪਿਛੇ ਵਿਰੋਧੀ ਪਾਰਟੀਆਂ ਦਾ ਵੀ ਹੱਥ ਹੋਣ ਦੀ ਵੱਡੀ ਸੰਭਾਵਨਾ ਹੈ । ਇਹ ਵਿਰੋਧੀ ਪਾਰਟੀਆਂ ਪੰਜਾਬ ਦੇ ਅਮਨ ਕਨੂੰਨ ਨੂੰ ਭੰਗ ਕਰਨ ‘ਤੇ ਤੁਲੀਆਂ ਹੋਈਆ ਹਨ । ਉਹਨਾਂ ਕਿਹਾ ਕਿ ਅਮਨ ਕਾਨੂੰਨ ਬਹਾਲ ਰੱਖਣ ਲਈ ਹਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਬੜੀ ਸਖਤੀ ਨਾਲ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦਿੱਤਾ ਜਾਵੇ ਅਤੇ ਗਲਤ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੂਸਰੇ ਰਾਜਾਂ ਨਾਲੋਂ ਤਰੱਕੀ ਵਿੱਚ ਮੋਹਰੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕਈ ਉਦਯੋਗ ਖੜ੍ਹੇ ਕੀਤੇ ਜਾ ਰਹੇ ਹਨ। ਸੜਕਾਂ ਤੇ ਪਿੰਡਾਂ ਦੀਆਂ ਗਲੀਆਂ ਸਮੇਤ  ਹੋਰ ਵਿਕਾਸ ਦੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਹਰ ਪਿੰਡ ਵਿੱਚ ਨਵੇਂ ਸੁਵਿਧਾ ਕੇਂਦਰ ਖੋਲ੍ਹ ਕੇ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚਾਉਣ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ । ਬੀਤੇ ਕੱਲ੍ਹ ਕਾਂਗਰਸੀਆਂ ਵੱਲੋਂ ਚੂੜੀਆਂ ਭੇਟ ਕਰਨ ਦੇ ਕੀਤੇ ਗਏ ਪ੍ਰੋਗਰਾਮ ਸਬੰਧੀ ਪੁੱਛੇ ਗਏ
ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਹਸਾਉਂਦਿਆਂ ਕਿਹਾ ਕਿ ਉਹ ਕਿਹੜਾ ਸਾਨੂੰ ਸੋਨੇ ਦੀਆਂ ਚੂੜੀਆਂ ਭੇਟ ਕਰਕੇ ਗਏ ਹਨ । ਇਸ ਦੇ ਨਾਲ ਹੀ ਉਨਾਂ ਕਿਹਾ ਕਿ ਕਾਂਗਰਸ ਪੂਰੇ ਦੇਸ਼ ਵਿੱਚ ਖਤਮ ਹੋ ਚੁੱਕੀ ਪਾਰਟੀ ਹੈ ਤੇ ਪੰਜਾਬ ਵਿੱਚ ਹੱਥ ਪੈਰ ਮਾਰ ਕੇ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਸੱਭ ਜਾਣਦੀ ਹੈ ਕਿ ਕਾਂਗਰਸ ਕਿਸੇ ਦਾ ਕੁਝ ਵੀ ਨਹੀ ਸਵਾਰ ਸਕਦੀ  ਅਤੇ ਕੇਵਲ ਕੁਝ ਲੀਡਰ ਡਰਾਮੇ ਬਾਜੀ ਕਰਨ ਤੇ ਉੱਤਰੇ ਹੋਏ ਹਨ । ਇਸ ਸਮੇ ਉਨ੍ਹਾਂ ਦੇ ਨਾਲ ਸੁਮੀਤ ਜਾਰੰਗਲ ਡਿਪਟੀ ਕਮਿਸਨਰ ਸ੍ਰੀ ਮੁਕਤਸਰ ਸਾਹਿਬ, ਐਸ.ਐਸ.ਪੀ ਗੁਰਪ੍ਰੀਤ ਸਿੰਘ ਗਿੱਲ ਸ੍ਰੀ ਮੁਕਤਸਰ ਸਾਹਿਬ, ਡੀ.ਐਸ.ਪੀ. ਮਲੋਟ ਮਨਵਿੰਦਰਬੀਰ ਸਿੰਘ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜ੍ਹਾ, ਜਥੇਦਾਰ ਦਿਆਲ ਸਿੰਘ ਕੋਲਿਆਵਾਲੀ, ਅਵਤਾਰ ਸਿੰਘ ਬਨਵਾਲਾ ਪੀ.ਏ, ਗੁਰਬਖਸੀਸ ਸਿੰਘ ਵਿੱਕੀ ਮਿੱਡੂਖੇੜ੍ਹਾ, ਬਲਕਰਨ ਸਿੰਘ ਬੱਲਾ ਪੀ.ਏ., ਡਾਕਟਰ ਫਤਿਹ ਸਿੰਘ ਮਾਨ ਪੀ.ਏ.,  ਮਨਜੀਤ ਸਿੰਘ ਲਾਲਬਾਈ, ਰਣਜੋਧ ਸਿੰਘ ਲੰਬੀ, ਹਰਮੇਸ ਸਿੰਘ ਖੁੱਡੀਆ ਡਾਇਰੈਕਟਰ, ਮਨੂੰ ਤੱਪਾਖੇੜ੍ਹਾ, ਖੁਸਵਿੰਦਰ ਸਿੰਘ ਵਿੱਕੀ ਸਰਪੰਚ ਚੰਨੂੰ ਆਦਿ ਹਾਜਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *