Home / India / ਨਿਵੇਸ਼ ਪੱਖੋਂ ਪੰਜਾਬ ਸਭ ਤੋਂ ਵਧੀਆ ਸੂਬਾ : ਸੁਖਬੀਰ ਬਾਦਲ

ਨਿਵੇਸ਼ ਪੱਖੋਂ ਪੰਜਾਬ ਸਭ ਤੋਂ ਵਧੀਆ ਸੂਬਾ : ਸੁਖਬੀਰ ਬਾਦਲ

ਦੁਬਈ ‘ਚ ਦਿੱਤੀ ਪੇਸ਼ਕਾਰੀ, ਆਈ.ਬੀ.ਪੀ.ਸੀ ਦੁਬਈ, ਪੀ.ਬੀ.ਆਈ.ਪੀ. ਅਤੇ ਸੀ.ਆਈ.ਆਈ. ਵਿਚਕਾਰ ਸਮਝੌਤਾ ਸਹੀਬੱਧ
ਦੁਬਈ, 16 ਸਤੰਬਰ (ਚ.ਨ.ਸ.) : ਪੰਜਾਬ ਵਿਚ ਸਨਅਤ ਅਤੇ ਉੱਦਮਸ਼ੀਲਤਾ ਦੀ ਭਾਵਨਾ ਬਾਰੇ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਤੇ ਯੂਏਈ ਵਿਚਕਾਰ ਵਪਾਰ ਅਤੇ ਵਣਜ ਵਿਚ ਹੋਰ ਵਾਧਾ ਕਰਨ ‘ਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਹੈ ਕਿ ਪੰਜਾਬ ਅਤੇ ਯੂਏਈ ਵਿਚਕਾਰ ਵਪਾਰਕ ਸਬੰਧਾਂ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਇਆ ਜਾਵੇਗਾ।   ਮੋਹਾਲੀ ਤੋਂ ਸ਼ਾਰਜਾਹ ਪਹੁੰਚੀ ਸਿੱਧੀ ਉਡਾਣ ਤੋਂ ਅਗਲੇ ਦਿਨ ਨਿਵੇਸ਼ ਸਬੰਧੀ ਕਰਵਾਏ ਇਕ ਸੈਮੀਨਾਰ ਵਿਚ ਬੋਲਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨਿਵੇਸ਼ ਪੱਖੋਂ ਪੰਜਾਬ ਸਭ ਤੋਂ ਉੱਤਮ ਸੂਬਿਆਂ ਵਿਚ ਸ਼ੁਮਾਰ ਹੈ। ਉਨ੍ਹਾਂ ਨਾਲ ਗਿਆ ਇਕ ਉੱਚ ਪੱਧਰੀ ਵਫਦ ਵੀ ਇਸ ਮੌਕੇ ਹਾਜ਼ਰ ਸੀ। ਇਸ ਦੌਰਾਨ  ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕਾਊਂਸਲ (ਆਈਬੀਪੀਸੀ), ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਪੀਬੀਆਈਪੀ) ਅਤੇ ਕਨਫੈਡਰੇਸ਼ਨ ਇੰਡੀਅਨ ਇੰਡਸਟਰੀ (ਸੀਆਈਆਈ) ਵਿਚਕਾਰ ਇਕ ਸਮਝੌਤਾ ਵੀ ਸਹੀਬੱਧ ਕੀਤਾ ਗਿਆ ਜਿਸ ਅਨੁਸਾਰ ਵਪਾਰ, ਨਿਵੇਸ਼, ਸਿੱਖਿਆ ਅਤੇ ਜੀਵਨ ਸ਼ੈਲੀ ਉਦਯੋਗ ‘ਤੇ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਸੀ ਸਹਿਯੋਗ ਵੀ ਮਜ਼ਬੂਤ ਕੀਤਾ ਜਾਵੇਗਾ।   ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰੇ ਦਾ ਉਨ੍ਹਾਂ ਦਾ ਮੁੱਖ ਮੰਤਵ ਦੁਬਈ ਦੇ ਨਿਵੇਸ਼ਕਾਰਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ ਕਿਉਂ ਕਿ ਨਿਵੇਸ਼ ਕਰਨ ਲਈ ਇਸ ਵੇਲੇ ਪੰਜਾਬ ਦੇਸ਼ ਦੇ ਸਰਵੋਤਮ ਸੂਬਿਆਂ ਵਿਚ ਅੱਵਲ ਹੈ। ਭਾਰਤ-ਦੁਬਈ ਸਬੰਧਾਂ ਬਾਰੇ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਯੂਏਈ ਵਿਚ 27 ਫੀਸਦੀ ਵੱਸੋਂ ਭਾਰਤੀ ਹੈ ਅਤੇ ਇਨ੍ਹਾਂ ਵਿਚੋਂ ਵੀ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਦੀ ਮਜ਼ਬੂਤੀ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।  ਉਨ੍ਹਾਂ ਪੰਜਾਬ ਵਿਚ ਨਿਵੇਸ਼ ਕਰਨ ਲਈ ਆਪਣੇ ਸੂਬੇ ਦਾ ਮਜ਼ਬੂਤ ਪੱਖ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਕਈ ਅਹਿਮ ਪ੍ਰਜੈਕਟ ਸ਼ੁਰੂ ਕਰਵਾਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਤਰ੍ਹਾਂ ਦੀਆਂ ਰਿਆਇਤਾਂ ਤੇ ਸਹੂਲਤਾਂ ਨਿਵੇਸ਼ਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿਚ ਆਈ.ਟੀ. ਸਿਟੀ ਸਥਾਪਿਤ ਕੀਤੀ ਗਈ ਹੈ ਜਿਸ ਵਿਚ ਕਈ ਨਾਮੀਂ ਕੰਪਨੀਆਂ ਨੇ ਕੰਮ ਸ਼ੁਰੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਜੂ ਸਿਟੀ ਅਤੇ ਮੈਡੀ ਸਿਟੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਮੇਂ ਮੋਹਾਲੀ ਸੂਬੇ ਦੇ ਆਰਥਿਕ ਧੁਰੇ ਵੱਜੋਂ ਸਥਾਪਿਤ ਹੋ ਚੁੱਕਾ ਹੈ ਅਤੇ ਪੰਜਾਬ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ।  ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਤੱਥਾਂ ਸਹਿਤ ਪੱਖ ਪੇਸ਼ ਕਰਦਿਆਂ ਦੱਸਿਆ ਕਿ ਨਿਵੇਸ਼ ਸਬੰਧੀ ਸਾਰੇ ਕੰਮਾਂ ਦੀ ਦੇਖਰੇਖ ਲਈ ਇਕ ਨੋਡਲ ਏਜੰਸੀ ‘ਇਨਵੈਸਟ ਪੰਜਾਬ’ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ ਇਕੋ ਛੱਤ ਹੇਠਾਂ ਇਕ ਹੀ ਅਫਸਰ ਵੱਲੋਂ ਵੱਖ-ਵੱਖ 23 ਵਿਭਾਗਾਂ ਦੀਆਂ ਸਾਰੀਆਂ ਮਨਜ਼ੂਰੀਆਂ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਦਿੱਕਤਾਂ ਤੋਂ
ਜਾਰੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਉਦਯੋਗਾਂ ਨੂੰ ਸਭ ਤੋਂ ਸਸਤੀ 4.99 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾਂਦੀ ਹੈ ਅਤੇ ਪੰਜਾਬ ਵਿਚ ਦੋ ਕੌਮਾਂਤਰੀ ਅਤੇ 3 ਘਰੇਲੂ ਹਵਾਈ ਅੱਡੇ ਹਨ ਅਤੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਵਾਲਾ ਸੜਕੀ ਆਵਾਜਾਈ ਢਾਂਚਾ ਵੀ ਮੌਜੂਦ ਹੈ।
ਪੰਜਾਬ ਵਿਚ ਵਿਕਾਸ ਸਬੰਧੀ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਵਿਚ ਅਜਿਹਾ ਢਾਂਚਾ ਵਿਕਸਿਤ ਕੀਤਾ ਹੈ ਕਿ ਵਪਾਰਕ ਮੰਤਵਾਂ ਲਈ ਸਰਕਾਰੀ ਜ਼ਮੀਨ ਦੀ ਅਲਾਟਮੈਂਟ 20 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਕਰ ਦਿੱਤੀ ਜਾਂਦੀ ਹੈ ਅਤੇ ਇਸ ਜ਼ਮੀਨ ‘ਤੇ ਪ੍ਰਦੂਸ਼ਣ, ਬਿਜਲੀ, ਜੰਗਲਾਤ, ਲੈਂਡ ਯੂਜ, ਪਾਣੀ ਅਤੇ ਸੀਵਰੇਜ ਸਬੰਧੀ ਸਭ ਮਨਜ਼ੂਰੀਆਂ ਪਹਿਲਾਂ ਹੀ ਮਿਲੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਮਿਆਂ ਦੀ ਕੋਈ ਘਾਟ ਨਹੀਂ ਅਤੇ ਨਾ ਤਾਂ ਹੜਤਾਲਾਂ ਹੁੰਦੀਆਂ ਹਨ ਅਤੇ ਨਾ ਹੀ ਸਰਕਾਰੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਲਫੀਆ ਤਸਦੀਕੀ ਬਿਆਨਾਂ ਦੇ ਆਧਾਰ ‘ਤੇ ਸਨਅਤਾਂ ਨੂੰ ਕੰਮ ਕਰਨ ਦੀ ਆਜ਼ਾਦੀ ਹੈ ਅਤੇ ਬਹੁਤ ਸਾਰੇ ਕੰਮਾਂ ਵਿਚ ਪੰਜਾਬ ਪਹਿਲੇ ਸਥਾਨ ‘ਤੇ ਹੈ ਜਿਵੇਂ ਕਿ ਖੇਡਾਂ ਦਾ ਸਮਾਨ, ਸਿਲਾਈ ਮਸ਼ੀਨਾਂ, ਸ਼ਹਿਦ ਦੀ ਪੈਦਾਵਾਰ, ਹੈਂਡ ਟੂਲ, ਹੌਜ਼ਰੀ, ਵੂਲਨ, ਧਾਗੇ, ਮਸ਼ਰੂਮ ਦੀ ਪੈਦਾਵਾਰ ਵਿਚ ਸੂਬਾ ਅੱਵਲ ਹੈ। ਇਸ ਤੋਂ ਇਲਾਵਾ ਭਾਰਤ ਦੇ ਕੇਂਦਰੀ ਪੂਲ ਵਿਚ ਪੰਜਾਬ 40 ਫੀਸਦੀ ਅਨਾਜ ਦਿੰਦਾ ਹੈ ਜਦਕਿ ਸੂਬੇ ਦੀ ਆਬਾਦੀ ਦੇਸ਼ ਦੀ ਜਨਸੰਖਿਆ ਦਾ ਸਿਰਫ ਡੇਢ ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਦੀ ਪੈਦਾਵਾਰ ਵਿਚ ਪੰਜਾਬ ਦੇਸ਼ ਦੇ ਦੋ ਬਿਹਤਰੀਨ ਸੂਬਿਆਂ ਵਿਚ ਸ਼ੁਮਾਰ ਹੈ ਅਤੇ ਅਜਿਹੇ ਹੋਰ ਬਹੁਤ ਸਾਰੇ ਕਾਰਕ ਹਨ ਜਿਨ੍ਹਾਂ ਕਰਕੇ ਪੰਜਾਬ ਦੁਨੀਆਂ ਦੇ ਵਪਾਰਕ ਨਕਸ਼ੇ ‘ਤੇ ਖਾਸ ਸਥਾਨ ਰੱਖਦਾ ਹੈ।
ਇਸ ਮੌਕੇ ‘ਇਨਵੈਸਟ ਪੰਜਾਬ’ ਦੇ ਸੀਈਓ ਅਨਿਰੁੱਧ ਤਿਵਾੜੀ ਨੇ ਡੈਲੀਗੇਟਾਂ ਨੂੰ ਵਿਸਥਾਰ ਸਹਿਤ ਦਿੱਤੀ ਪੇਸ਼ਕਾਰੀ ਦੌਰਾਨ ਪੰਜਾਬ ਵਿਚ ਨਿਵੇਸ਼ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਨਜ਼ਦੀਕ ਇਕ ਹਾਈ ਟੈੱਕ ਸਾਈਕਲ ਵੈਲੀ ਸਥਾਪਿਤ ਕੀਤੀ ਗਈ ਹੈ ਜਦਕਿ ਰਾਜਪੁਰਾ ਕੋਲ 200 ਏਕੜ ਵਿਚ ਇਕ ਉਦਯੋਗਿਕ ਕਲਸਟਰ ਬਣਾਇਆ ਗਿਆ ਹੈ। ਉਨ੍ਹਾਂ ਫੂਡ ਪ੍ਰੋਸੈਸਿੰਗ ਖੇਤਰ ਵਿਚ ਸੂਬਾ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਵਿਚ ਆਈਟੀਸੀ ਦੀ ਸਹਾਇਤਾ ਨਾਲ ਇਕ ਫੂਡ ਪ੍ਰੋਸੈਸਿੰਗ ਕਲਸਟਰ ਬਣਾਇਆ ਗਿਆ ਹੈ ਅਤੇ ਲੁਧਿਆਣਾ ਵਿਚ ਵੀ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਮੈਗਾ ਫੂਡ ਪ੍ਰੋਸੈਸਿੰਗ ਪਾਰਕ ਸਥਾਪਿਤ ਕੀਤਾ ਗਿਆ ਹੈ। ਮੌਜੂਦਾ ਦੌਰ ਵਿਚ ਆਈ.ਟੀ. ਖੇਤਰ ਦੀ ਮਹੱਤਤਾ ਨੂੰ ਸਮਝਦਿਆਂ ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ ਪੰਜਾਬ ਕਾਫੀ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ।
ਇਸ ਮੌਕੇ ਪੰਜਾਬ ਦੇ ਕਈ ਮੰਤਰੀਆਂ ਤੇ ਆਗੂਆਂ ਤੋਂ ਇਲਾਵਾ ਉੱਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਐਸ ਔਜਲਾ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਪੰਜਾਬ ਸਰਕਾਰ ਦੇ ਸਨਅਤੀ ਸਲਾਹਕਾਰ ਅਤੇ ਉਪ ਚੇਅਰਮੈਨ ਤੇ ਐਮਡੀ ਨਾਹਰ ਇੰਡਸਟਰੀਜ਼ ਐਂਟਰਪ੍ਰਾਈਜਜ਼ ਲਿਮਟਿਡ ਕਮਲ ਓਸਵਾਲ, ਉਪ ਚੇਅਰਮੈਨ ਸੀਆਈਆਈ ਪੰਜਾਬ ਰਾਜ ਕੌਂਸਲ ਤੇ ਐਮਡੀ ਅਜੂਨੀ ਬਾਇਓਟੈੱਕ ਲਿਮਟਿਡ ਗੁਰਮੀਤ ਸਿੰਘ ਭਾਟੀਆ, ਪ੍ਰਧਾਨ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕਾਊਂਸਲ ਦੁਬਈ, ਆਬੂ ਧਾਬੀ ਵਿਚ ਭਾਰਤੀ ਰਾਜਦੂਤ ਨੀਟਾ ਭੂਸ਼ਣ, ਸਾਬਕਾ ਚੇਅਰਪਰਸਨ ਸੀਆਈਆਈ ਪੰਜਾਬ ਰਾਜ ਕੌਂਸਲ ਅਤੇ ਡਾਇਰੈਕਟਰ ਜੀਡੀਪੀਏ ਫਾਸਟਨਰਜ਼ ਲਿਮਟਿਡ, ਮੈਂਬਰ ਸੀਆਈਆਈ ਉੱਤਰੀ ਰਾਜ ਅਤੇ ਜਾਇੰਟ ਐਮਡੀ ਵਰਧਮਾਨ ਟੈਕਸਟਾਈਲ ਲਿਮਟਿਡ ਸਚਿਤ ਜੈਨ, ਕੌਂਸਲ ਜਨਰਲ ਆਫ ਇੰਡੀਆ, ਦੁਬਈ ਅਨੁਰਾਗ ਭੂਸ਼ਣ ਅਤੇ ਦੁਬਈ ਦੇ ਹੋਰ ਸਨਅਤਕਾਰ ਹਾਜ਼ਰ ਸਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *