Breaking News
Home / Breaking News / ਨਵਾਂ ਸਿੱਖ ਚੀਫ਼ ਕਰ ਸਕਦੈ ਕੈਨੇਡਾ ਪੁਲਿਸ ‘ਚ ‘ਵੱਡੇ ਸੁਧਾਰ’

ਨਵਾਂ ਸਿੱਖ ਚੀਫ਼ ਕਰ ਸਕਦੈ ਕੈਨੇਡਾ ਪੁਲਿਸ ‘ਚ ‘ਵੱਡੇ ਸੁਧਾਰ’

ਟੋਰਾਂਟੋ, 4 ਮਈ (ਚ.ਨ.ਸ.) :ਪੀਲ ਦੇ ਇਲਾਕੇ ਦੀ ਪੁਲਿਸ ਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਹਨ। ਇਸ ਸਾਲ ਜਨਵਰੀ ਮਹੀਨੇ ਵਿੱਚ ਪੀਲ ਪੁਲਿਸ ਸਰਵਿਸਿਜ਼ ਬੋਰਡ, ਜੋ ਕਿ ਬਰੈਂਪਟਨ-ਮਿਸੀਸਾਗਾ-ਕੈਲੇਡਨ ਦੇ ਸ਼ਹਿਰਾਂ ਦੀ ਪੁਲਿਸ ਦੀ ਕਾਰਗ਼ੁਜ਼ਾਰੀ ‘ਤੇ ਨਜ਼ਰ ਰੱਖਦਾ ਹੈ, ਨੇ ਆਪਣਾ ਨਵਾਂ ਚੇਅਰਪਰਸਨ ਚੁਣਿਆ ਜੋ ਕਿ ਇੱਕ ਸਿੱਖ ਹੈ। ਸ੍ਰ. ਅਮਰੀਕ ਸਿੰਘ ਆਹਲੂਵਾਲੀਆ ਨੇ ਆਪਣਾ ਅਹੁਦਾ ਸੰਭਾਲਣ ਤੋਂ ਫ਼ੌਰਨ ਬਾਅਦ ਪੀਲ ਰੀਜਨ ਦੇ ਪੁਲਿਸ ਪ੍ਰਮੁੱਖ ਸ਼੍ਰੀਮਤੀ ਜੈਨੀਫ਼ਰ ਐਵਨਜ਼ ਵਲੋਂ ਨਿਯੁਕਤ ਕੀਤੇ ਗਏ ਕਮਿਸ਼ਨ ਦੀ ਉਸ ਰਿਪੋਰਟ ਨੂੰ ਸਿਰਿਓਂ ਖ਼ਾਰਿਜ ਕਰ ਦਿੱਤਾ ਜਿਸ ਵਿੱਚ ਜੈਨੀਫ਼ਰ ਦੀ ‘ਕਾਰਡਿੰਗ’ ਦੀ ਨੀਤੀ ਦੀ ਪ੍ਰੋੜ੍ਹਤਾ ਕੀਤੀ ਗਈ ਸੀ। ਕਾਰਡਿੰਗ ਪੁਲਿਸ ਦੀ ਉਹ ਪ੍ਰਣਾਲੀ ਹੈ ਜਿਸ ਤਹਿਤ ਉਹ ਆਪਣੇ ਸ਼ਹਿਰੀਆਂ ਬਾਰੇ ਖ਼ੁਫ਼ੀਆ ਬੈਕਗਰਾਊਂਡ ਜਾਣਕਾਰੀ ਹਾਸਿਲ ਕਰਨ ਲਈ ਬਿਨਾ ਕਿਸੇ ਕਾਰਨ ਜਾਂ ਜੁਰਮ ਦੇ ਉਨ੍ਹਾਂ ਨੂੰ ਸੜਕਾਂ ‘ਤੇ ਰੋਕ ਕੇ ਉਨ੍ਹਾਂ ਤੋਂ ਸ਼ਨਾਖ਼ਤ ਦੇ ਨਾਲ ਨਾਲ ਉਨ੍ਹਾਂ ਬਾਰੇ ਹੋਰ ਜਾਣਕਾਰੀ ਇਕੱਤਰ ਕਰ ਕੇ ਆਪਣੇ ਡੈਟਾਬੇਸ ਵਿੱਚ ਸਟੋਰ ਕਰ ਸਕਦੀ ਹੈ। ਇਸ ਸਾਲ ਅਪ੍ਰੈਲ ਮਹੀਨੇ ਵਿੱਚ ਪੀਲ ਪੁਲਿਸ ਬੋਰਡ ਨੇ ਆਪਣੇ ਐਗਜ਼ੈਕਟਿਵ ਡਾਇਰੈਕਟਰ ਨੂੰ ਵੀ ਫ਼ਾਇਰ ਕਰ ਦਿੱਤਾ ਸੀ ਅਤੇ ਇਹ ਉਹੀ ਬੰਦਾ ਸੀ ਜਿਸ ਦਾ ਪਿਛਲੇ 25 ਸਾਲਾਂ ਤੋਂ ਪੀਲ ਪੁਲਿਸ ਬੋਰਡ ਦੇ ਸਾਰੇ ਵੱਡੇ ਫ਼ੈਸਲਿਆਂ ਵਿੱਚ ਦਖ਼ਲ ਰਿਹਾ ਹੈ।
ਪਰ ਹੁਣ ਘੱਟ ਗਿਣਤੀ ਭਾਈਚਾਰਿਆਂ ਦੇ ਲੀਡਰਾਂ ਦਾ ਇਹ ਖ਼ਿਆਲ ਹੈ ਕਿ ਵਕਤ ਆ ਚੁੱਕਾ ਹੈ ਕਿ ਪੀਲ ਪੁਲਿਸ ਬੋਰਡ ਦਾ ਨਵਾਂ ਪ੍ਰਮੁੱਖ ਅਮਰੀਕ ਸਿੰਘ ਆਹਲੂਵਾਲੀਆ ਆਪਣੇ ਉਸ ਵਾਅਦੇ ਨੂੰ ਪੂਰਾ ਕਰੇ ਜਿਹੜਾ ਉਸ ਨੇ ਆਪਣਾ ਅਹੁਦਾ ਸੰਭਾਲਣ ਵਾਲੇ ਦਿਨ ਕੀਤਾ ਸੀ: ਪੀਲ ਪੁਲਿਸ ਨੂੰ ਵਿਸ਼ਵ ਦੀਆਂ ਬਾਕੀ ਦੀਆਂ ਪੁਲਿਸ ਫ਼ੋਰਸਿਜ਼ ਲਈ ਇੱਕ ‘ਮੌਡਲ ਪੁਲਿਸ ਫ਼ੋਰਸ’ ਬਣਾਉਣਾ। ਬੋਰਡ ਦੀਆਂ ਦੋ ਸ਼ਕਤੀਸ਼ਾਲੀ ਮੈਂਬਰਜ਼, ਬਰੈਂਪਟਨ ਦੀ ਮੇਅਰ ਲਿੰਡਾ ਜੈੱਫ਼ਰੀ ਅਤੇ ਉਸ ਦੀ ਮਿਸੀਸਾਗਾ ਵਿਚਲੀ ਹਮਰੁਤਬਾ ਬੌਨੀ ਕਰੌਂਬੀ, ਵੀ ਪੀਲ ਪੁਲਿਸ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਦੀਆਂ ਇੱਛੁਕ ਹਨ। ਪਰ ਇਹ ਇੰਨਾ ਆਸਾਨ ਨਹੀਂ ਹੋਣ ਵਾਲਾ। ਪੀਲ ਪੁਲਿਸ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰੀ ਰਹੀ ਹੈ, ਜਿਨ੍ਹਾਂ ਵਿੱਚ ਉਸ ਦੇ ਇੱਕ ਦਰਜਨ ਤੋਂ ਵੀ ਵੱਧ ਪੁਲਿਸ ਅਫ਼ਸਰਾਂ ‘ਤੇ ਦੁਰਾਚਾਰ ਦੇ ਕੇਸ, ਪੁਲਿਸ ਵਿਭਾਗ ਵਿੱਚ ਸੰਸਥਾਤਮਕ ਨਸਲਵਾਦ ਦੇ ਦੋਸ਼ ਅਤੇ ਪੁਲਿਸ ਅਫ਼ਸਰਾਂ ਦੀ ਭਰੋਸੇਯੋਗਤਾ ਨੂੰ ਲੈ ਕੇ ਹੀ ਕਈ ਜੱਜ ਸਾਹਿਬਾਨ ਵਲੋਂ ਦਰਜ ਕਰਵਾਈਆਂ ਗਈਆਂ ਗੰਭੀਰ ਚਿੰਤਾਵਾਂ ਸ਼ਾਮਿਲ ਸਨ। ਇਸ ਦੌਰਾਨ, ਐਵਨਜ਼ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਸ ਨਵੇਂ ਬੋਰਡ ਅਤੇ ਉਸ ਵਲੋਂ ਤਜਵੀਜ਼ ਕੀਤੀਆਂ ਗਈਆਂ ਕੁਝ ਤਬਦੀਲੀਆਂ ਨਾਲ ਨਿਰਬਾਹ ਕਰ ਸਕਦੀ ਹੈ। “ਮੈਂ ਇਸ ਨਵੇਂ ਬੋਰਡ ਅਤੇ ਨਵੀਂ ਚੇਅਰ ਨੂੰ ਲੈ ਕੇ ਬਹੁਤ ਖ਼ੁਸ਼ ਹਾਂ,” ਕਹਿਣਾ ਸੀ ਬਲੈਕ ਕਮਿਊਨਿਟੀ ਐਕਸ਼ਨ ਨੈੱਟਵਰਕ ਔਫ਼ ਪੀਲ ਦੀ ਪ੍ਰੋਗਰੈਮਿੰਗ ਡਾਇਰੈਕਟਰ ਸੌਫ਼ੀਆ ਬਰਾਊਨ ਰਾਮਜ਼ੀ ਦਾ ਜੋ ਕਿ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਕਈ ਪੁਲਿਸ ਪ੍ਰਮੁੱਖਾਂ ਨੂੰ ਮਿਲ ਕੇ ਕੰਮ ਕਰ ਚੁੱਕੀ ਹੈ। “ਇਸ ਬੋਰਡ ਦੇ ਕੰਮਕਾਜ ਦੀ ਅਣਗਹਿਲੀ ਸਾਡੀ ਪ੍ਰਸ਼ਾਸਨਿਕ ਅਣਗਹਿਲੀ
ਹੀ ਕਹੀ ਜਾ ਸਕਦੀ ਹੈ। ਬੋਰਡ ਦੇ ਲੋਕ ਜਨਤਾ ਲਈ ਕੰਮ ਕਰਦੇ ਹਨ। ਅਤੇ ਹੁਣ, ਆਖ਼ਿਰਕਾਰ, ਬੋਰਡ ਨੇ ਦਲੇਰ ਫ਼ੈਸਲੇ ਲੈਣ ਦਾ ਮਨ ਬਣਾ ਲਿਆ ਲਗਦੈ। ਦੇਖੋ ਨਾ, ਅਜਿਹਾ ਬੋਰਡ ਕਿਸ ਕੰਮ ਦਾ ਜਿਹੜਾ ਉਨ੍ਹਾਂ ਲੋਕਾਂ ਦੀ ਹੀ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਜਿਨ੍ਹਾਂ ਦੀ ਖ਼ਿਦਮਤ ਲਈ ਉਸ ਨੂੰ ਬਣਾਇਆ ਗਿਆ ਹੈ?” ਉਸ ਨੇ ਅੱਗੇ ਕਿਹਾ ਕਿ ਐਵਨਜ਼ ਵਲੋਂ ‘ਕਾਰਡਿੰਗ’ ਦੀ ਵਿਵਾਦਗ੍ਰਸਤ ਨੀਤੀ, ਜਿਸ ਨੂੰ ਪੀਲ ਦੇ ਇਲਾਕੇ ਵਿੱਚ ਸੜਕੀ ਨਾਕੇ ਵੀ ਕਿਹਾ ਜਾਂਦੈ, ਨੂੰ ਲੈ ਕੇ ਬੋਰਡ ਮੈਂਬਰਾਂ ਨਾਲ ਆਏ ਦਿਨ ਸਿੰਗ ਫ਼ਸਾਉਣੇ ਐਂਵੇਂ ਵਾਧੂ ਦੀ ਸਿਰ ਖਪਾਈ ਸੀ।” ਪਿਛਲੀ ਜੂਨ ਵਿੱਚ ਮੇਅਰ ਕਰੌਂਬੀ ਤੇ ਜੈੱਫ਼ਰੀ ਨੇ ਕਾਰਡਿੰਗ ਦੀ ਨੀਤੀ ਨੂੰ ਲੈ ਕੇ ਪੁਲਿਸ ਚੀਫ਼ ਐਵਨਜ਼ ਨੂੰ ਇੱਕ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ ਜਿਸ ਨੂੰ ਉਹ ਹੁਣ ਤਕ ਨਜ਼ਰਅੰਦਾਜ਼ ਕਰਦੀ ਆਈ ਹੈ। ਫ਼ਿਰ ਸਤੰਬਰ ਮਹੀਨੇ ਵਿੱਚ ਜਦੋਂ ਬੋਰਡ ਨੇ ਰਲ਼ ਕੇ ਵੋਟਿੰਗ ਕਰ ਕੇ ਪੁਲਿਸ ਚੀਫ਼ ਨੂੰ ਕਾਰਡਿੰਗ ਬੰਦ ਕਰਨ ਦੀ ਬੇਨਤੀ ਕੀਤੀ ਤਾਂ ਵੀ ਐਵਨਜ਼ ਨੇ ਇਹ ਕਹਿੰਦਿਆਂ ਸਪੱਸ਼ਟ ਇਨਕਾਰ ਕਰ ਦਿੱਤਾ ਕਿ ਇਹ ਨਾਕੇ ਸਾਡੀ ਪੁਲਿਸਿੰਗ ਦੀ ਸਫ਼ਲਤਾ ਦਾ ਇੱਕ ਵੱਡਾ ਹਿੱਸਾ ਹਨ।
ਬਰਾਊਨ ਰਾਮਜ਼ੀ ਨੇ ਕਿਹਾ ਕਿ ਬੋਰਡ ਦੇ ਲੰਬੇ ਸਮੇਂ ਤੋਂ ਡਾਇਰੈਕਟਰ ਰਹੇ ਫ਼ਰੈਡ ਬਾਇਰੋ, ਜੋ ਕਿ ਕਾਰਡਿੰਗ ਦੇ ਮਾਮਲੇ ਵਿੱਚ ਐਵਨਜ਼ ਦੀ ਹਮਾਇਤ ਕਰਦਾ ਸੀ, ਨੂੰ ਫ਼ਾਇਰ ਕਰਨ ਦਾ ਫ਼ੈਸਲਾ ਵੀ ਬੋਰਡ ਦਾ ਇੱਕ ਤਗੜਾ ਫ਼ੈਸਲਾ ਅਤੇ ਵੱਡਾ ਕਦਮ ਸੀ। “ਇਹ ਕਦਮ ਦਿਖਾਉਂਦੈ ਕਿ ਇਹ ਨਵਾਂ ਬੋਰਡ ਸਿਰਫ਼ ਇੱਕ ਕਾਗ਼ਜ਼ੀ ਬੋਰਡ ਨਹੀਂ, ਇਹ ਕੰਮ ਕਰਨ ਆਇਐ,” ਰਾਮਜ਼ੀ ਨੇ ਕਿਹਾ। ਕਈ ਹੋਰ ਕਮਿਊਨਿਟੀ ਲੀਡਰਾਂ, ਜਿਨ੍ਹਾਂ ਨਾਲ ਸਟਾਰ ਨੇ ਗੱਲਬਾਤ ਕੀਤੀ, ਵਾਂਗ ਹੀ ਰਾਮਜ਼ੀ ਵੀ ਚਾਹੁੰਦੀ ਹੈ ਕਿ ਪੁਲਿਸ ਕਰਮਚਾਰੀ ਉਨ੍ਹਾਂ ਭਾਈਚਾਰਿਆਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣ ਜਿਨ੍ਹਾਂ ਦੀ ਸੇਵਾ ਲਈ ਉਨ੍ਹਾਂ ਨੂੰ ਪੁਲਿਸ ਵਿੱਚ ਭਰਤੀ ਕੀਤਾ ਗਿਆ ਹੈ।
ਉਸ ਨੂੰ, ਇਨ੍ਹਾਂ ਫ਼ਾਲਤੂ ਦੇ ਨਾਕਿਆਂ ‘ਤੇ ਆਉਣ ਵਾਲੇ ਖ਼ਰਚੇ ਅਤੇ ਇਨ੍ਹਾਂ ਕਾਰਨ ਭਾਈਚਾਰਿਆਂ ਵਿੱਚ ਪੁਲਿਸ ਦੀ ਘਟਣ ਵਾਲੀ ਸਾਖ਼, ਦੋਹਾਂ ਦੀ ਚਿੰਤਾ ਹੈ। “ਕਾਫ਼ੀ ਲੰਬੇ ਅਰਸੇ ਤੋਂ ਸਥਾਨਕ ਭਾਈਚਾਰਿਆਂ ਅਤੇ ਪੁਲਿਸ ਦਰਮਿਆਨ ਭਰੋਸੇ ਦੀ ਘਾਟ ਰਹੀ ਹੈ। ਇਹ ਪੁਲਿਸਿੰਗ ਦੇ ਕਾਰਜ ਲਈ ਚੰਗੀ ਅਲਾਮਤ ਨਹੀਂ, ਅਤੇ ਇੱਥੇ ਵਸਦੇ ਭਾਈਚਾਰਿਆਂ ਲਈ ਵੀ ਇਹ ਚੰਗੀ ਗੱਲ ਨਹੀਂ,” ਰਾਮਜ਼ੀ ਨੇ ਕਿਹਾ।
ਬਰੈਂਪਟਨ ਦੀ ਰਹਿਣ ਵਾਲੀ ਪੈਟੀ ਐਨ ਟ੍ਰੇਨੌਰ, ਜੋ ਕਿ ਚੰਗੀ ਪੁਲਿਸਿੰਗ ਦੀ ਹਮਾਇਤਣ ਹੈ, ਦਾ ਕਹਿਣਾ ਸੀ, “ਮੇਰਾ ਤਾਂ ਖ਼ਿਆਲ ਹੈ ਕਿ ਉਨ੍ਹਾਂ ਨੂੰ ਮੌਜੂਦਾ ਪੁਲਿਸ ਚੀਫ਼ ਬਦਲਣੀ ਹੀ ਪੈਣੀ ਹੈ। ਪੁਲਿਸ ਚੀਫ਼ ਐਵਨਜ਼ ਅਤੇ ਉਸ ਦੇ ਕੁਝ ਸੀਨੀਅਰ ਅਫ਼ਸਰਾਂ ਵਿੱਚ ਆਕੜ ਹੈ … ਇੱਕ ਤਰ੍ਹਾਂ ਦੀ ਗ਼ੁਸਤਾਖ਼ ਜਿਹੀ ਆਕੜ। ਉਹ ਨਾ ਤਾਂ ਕਿਸੇ ਦੀ ਸੁਣਦੇ ਨੇ ਤੇ ਨਾ ਹੀ ਕੋਈ ਗੱਲ ਸਮਝਦੇ ਨੇ।” ਇਸ ਸਾਲ ਜਨਵਰੀ ਮਹੀਨੇ ਵਿੱਚ ਪੁਲਿਸ ਬੋਰਡ ਵਿੱਚ ਨਿਯੁਕਤ ਹੋਣ ਤੋਂ ਬਾਅਦ ਆਹਲੂਵਾਲੀਆ ਨੇ ਸਟਾਰ ਨਾਲ ਇੱਕ ਗੱਲਬਾਤ ਵਿੱਚ ਕਿਹਾ ਸੀ ਕਿ ਉਸ ਦਾ ਟੀਚਾ ਵੀ ਉਹੀ ਹੈ ਜੋ ਪੁਲਿਸ ਚੀਫ਼ ਐਵਨਜ਼ ਦਾ ਹੈ। “ਅਸੀਂ ਸਾਰੇ ਇੱਕੋ ਚੀਜ਼ ਹੀ ਤਾਂ ਚਾਹੁੰਦੇ ਹਾਂ,” ਆਹਲੂਵਾਲੀਆ ਦਾ ਕਹਿਣਾ ਸੀ। “… ਪਰ ਕਈ ਵਾਰ ਸਾਡੇ ਪੰਧ ਅਤੇ ਢੰਗ ਅੱਡੋ ਅੱਡ ਹੋ ਜਾਂਦੇ ਨੇ!”
ਐਵਨਜ਼ ਉਸ ਵਕਤ ਟਿਪਣੀ ਲਈ ਉਪਲੱਬਧ ਨਹੀਂ ਸੀ।
ਪੁਲਿਸ ਬੋਰਡ ਤੋਂ ਫ਼ਾਇਰ ਕੀਤੇ ਗਏ ਐਗਜ਼ੈਕਟਿਵ ਡਾਇਰੈਕਟਰ ਬਾਇਰੋ ਨੂੰ ਐਵਨਜ਼ ਦੇ ਕੱਟੜ ਸਮੱਰਥਕਾਂ ‘ਚੋਂ ਇੱਕ ਸਮਝਿਆ ਜਾਂਦਾ ਸੀ। ਬਾਇਰੋ ਦੀ ਬਰਖ਼ਾਸਤਗੀ ਤੋਂ ਬਾਅਦ, ਲੌਰੀ ਵਿਲੀਅਮਸਨ, ਜਿਸ ਵਿਅਕਤੀ ਦੀ ਜਗ੍ਹਾ ਆਹਲੂਵਾਲੀਆ ਨੇ ਬੋਰਡ ਦੇ ਚੇਅਰਪਰਸਨ ਦੇ ਤੌਰ ‘ਤੇ ਸੰਭਾਲੀ, ਨੇ ਆਪਣੇ ਖ਼ੁਦ ਦੇ ਵੀ ਕਈ ਸਖ਼ਤ ਬਿਆਨ ਮੀਡੀਆ ਵਿੱਚ ਦਾਗ਼ੇ ਹਨ। “ਪਹਿਲਾਂ ਉਨ੍ਹਾਂ ਨੇ ਰਲ਼ ਕੇ ਇੱਕ ਬੁੱਢੇ, ਗੋਰੇ ਬੰਦੇ ਨੂੰ ਹਟਾਇਆ,” ਵਿਲੀਅਮਸਨ ਨੇ ਚੇਅਰਪਰਸਨ ਦੇ ਪਦ ਤੋਂ ਆਪਣੇ ਹਟਾਏ ਜਾਣ ਵੱਲ ਸੰਕੇਤ ਕਰਦਿਆਂ ਟੋਰੌਂਟੋ ਸੰਨ ਨੂੰ ਕਿਹਾ। ਉਸ ਨੇ ਅੱਗੇ ਕਿਹਾ ਕਿ ਫ਼ਿਰ ਬਾਇਰੋ ਦੀ ਫ਼ਾਇਰਿੰਗ ਦਾ ਸੁਣ ਕੇ ਤਾਂ ਉਹ “ਹੱਕਾ ਬੱਕਾ” ਹੀ ਰਹਿ ਗਿਆ। “ਮੈਨੂੰ ਚਿੰਤਾ ਹੈ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਕਿਤੇ ਪੁਲਿਸ ਚੀਫ਼ ਐਵਨਜ਼ ਹੀ ਨਾ ਹੋਵੇ,” ਵਿਲੀਅਮਸਨ ਨੇ ਕਿਹਾ। ਉਸ ਨੇ ਅੰਤ ਵਿੱਚ ਕਿਹਾ ਕਿ ਚੇਅਰ ‘ਤੇ ਮੇਰੀ ਰੀਇਲੈਕਸ਼ਨ ਨਾ ਹੋਣ ਪਿੱਛੇ ਕਾਰਡਿੰਗ ਦੇ ਹੱਕ ਵਿੱਚ ਮੇਰੇ ਵਲੋਂ ਲਿਆ ਗਿਆ ਸਟੈਂਡ ਹੋ ਸਕਦਾ ਹੈ। ਵਿਲੀਅਮਸਨ, ਜੋ ਕਿ ਇੱਕ ਸਾਬਕਾ ਕਾਰ ਡੀਲਰ ਅਤੇ ਮਿਸੀਸਾਗਾ ਦੀ ਸਾਬਕਾ ‘ਚਰਚਿਤ’ ਮੇਅਰ ਹੇਜ਼ਲ ਮੈਕੈਲੀਅਨ ਦਾ ਗੂੜ੍ਹਾ ਮਿੱਤਰ ਹੈ, ਤੋਂ ਟੋਰੌਂਟੋ ਸਟਾਰ ਕੋਈ ਵੀ ਟਿੱਪਣੀ ਹਾਸਿਲ ਕਰਨ ਵਿੱਚ ਨਾਕਾਮਯਾਬ ਰਿਹਾ। ਐਵਨਜ਼ ਨੇ ਵੀ ਵਿਲੀਅਮਸਨ ਦੀਆਂ ਟਿੱਪਣੀਆਂ ਬਾਰੇ ਕੁਝ ਵੀ ਕਹਿਣ ਤੋਂ ਤਾਂ ਇਨਕਾਰ ਕਰ ਦਿੱਤਾ, ਪਰ ਸਟਾਰ ਨੇ ਪੁਲਿਸ ਪ੍ਰਮੁੱਖ ਵਲੋਂ ਸਮੁੱਚੀ ਫ਼ੋਰਸ ਨੂੰ ਭੇਜੀ ਗਈ ਇੱਕ ਅੰਦਰੂਨੀ ਈਮੇਲ ਪ੍ਰਾਪਤ ਕਰ ਲਈ ਹੈ ਜੋ ਕਿ ਉਸ ਦਿਨ ਹੀ ਲਿਖੀ ਗਈ ਸੀ ਜਿਸ ਦਿਨ ਵਿਲੀਅਮਸਨ ਦੀਆਂ ਟਿੱਪਣੀਆਂ ਪ੍ਰਕਾਸ਼ਿਤ ਹੋਈਆਂ ਸਨ: “ਹਾਲੀਆ ਮੀਡੀਆ ਕਵਰੇਜ ਦੀ ਰੌਸ਼ਨੀ ਵਿੱਚ, ਮੈਂ ਸਭ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਬੇਸ਼ੱਕ ਪੁਲਿਸ ਸਰਵਿਸਿਜ਼ ਬੋਰਡ ਦੇ ਦਫ਼ਤਰ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ, ਮੈਂ ਚੇਅਰ ਆਹਲੂਵਾਲੀਆ ਨਾਲ ਕੰਮ ਕਰ ਰਹੀ ਹਾਂ … ਕਿਰਪਾ ਕਰ ਕੇ ਬਾਹਰ ਉਡ ਰਹੀਆਂ ਅਫ਼ਵਾਹਾਂ ਅਤੇ / ਜਾਂ ਮੀਡੀਆ ਵਿੱਚ ਉਛਾਲੀਆਂ ਜਾ ਰਹੀਆਂ ਕਹਾਣੀਆਂ ਨੂੰ ਅਦਾਰੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਿਲਕੁਲ ਵੀ ਪ੍ਰਭਾਵਿਤ ਨਾ ਕਰਨ ਦੇਣਾ।”
ਆਹਲੂਵਾਲੀਆ ਦਾ ਕਹਿਣਾ ਸੀ ਕਿ ਬਾਇਰੋ ਦੀ ਬਰਖ਼ਾਸਤਗੀ ਪੁਲਿਸ ਫ਼ੋਰਸ ਨੂੰ ਨਵੀਂ ਦਿਸ਼ਾ ਵਿੱਚ ਲਿਜਾਉਣ ਵੱਲ ਇੱਕ ਸਾਕਾਰਾਤਮਕ ਕਦਮ ਸਮਝਿਆ ਜਾਣਾ ਚਾਹੀਦਾ ਹੈ। ਸ੍ਰ. ਅਮਰੀਕ ਸਿੰਘ ਆਹਲੂਵਾਲੀਆ ਇਸ ਮੌਕੇ ‘ਤੇ ਫ਼ੋਰਸ ਵਿੱਚ ਐਵਨਜ਼ ਦੇ ਭਵਿੱਖ ਨੂੰ ਲੈ ਕੇ ਕੋਈ ਵੀ ਕਿਆਸ ਆਰਾਈ ਨਹੀਂ ਸਨ ਕਰਨਾ ਚਾਹੁੰਦੇ। ਐਵਨਜ਼ ਦਾ ਕੌਨਟ੍ਰੈਕਟ ਅਗਲੇ ਸਾਲ ਖ਼ਤਮ ਹੋ ਰਿਹਾ ਹੈ। ਸ੍ਰ. ਆਹਲੂਵਾਲੀਆ ਨੇ ਸਟਾਰ ਨੂੰ ਦੱਸਿਆ, “ਅਸੀਂ ਸਟਾਫ਼ਿੰਗ ਦੀ ਸ਼ੁਰੂਆਤ ਕਰ ਲਈ ਹੈ। ਇਹ ਨੇੜਲੇ ਭਵਿੱਖ ਵਿੱਚ ਮੁਕੰਮਲ ਕਰ ਲਈ ਜਾਵੇਗੀ।” ਉਸ ਨੇ ਕਿਹਾ ਕਿ ਚੁਣੌਤੀਆਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਬੋਰਡ ਜੂਨ ਮਹੀਨੇ ਵਿੱਚ ਪੁਲਿਸ ਚੀਫ਼ ਸ੍ਰੀਮਤੀ ਐਵਨਜ਼ ਅਤੇ ਸੀਨੀਅਰ ਮੈਨੇਜਮੈਂਟ ਨਾਲ ਮਿਲ ਕੇ ਪੁਲਿਸਿੰਗ ਪ੍ਰਣਾਲੀ ਵਿੱਚ ਫ਼ੌਰਨ ਲਿਆਏ ਜਾ ਸਕਣ ਵਾਲੇ ਸੁਧਾਰਾਂ ਬਾਰੇ ਮਸ਼ਵਰਾ ਕਰੇਗਾ।
ਦੋਹੇਂ ਸ਼ਹਿਰਾਂ ਦੇ ਮੇਅਰਜ਼, ਜੈੱਫ਼ਰੀ ਅਤੇ ਕਰੌਂਬੀ, ਆਪਣੇ ਟੀਚਿਆਂ ਨੂੰ ਲੈ ਕੇ ਵਧੇਰੇ ਸਪੱਸ਼ਟ ਸਨ। “ਸਾਨੂੰ ਇਹ ਸੁਨਿਸ਼ਚਿਤ ਕਰਨ ਲਈ ਆਪਣੇ ਯਤਨ ਜਾਰੀ ਰੱਖਣੇ ਪੈਣੇ ਹਨ ਕਿ ਪੀਲ ਦੇ ਇਲਾਕੇ ਵਿੱਚ ਵਸਦੇ ਵੱਖੋ ਵੱਖਰੇ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਨੂੰ ਪੁਲਿਸ ਵੀ ਅਜਿਹੀ ਮਿਲੇ ਜਿਹੜੀ ਉਨ੍ਹਾਂ ਦੇ ਭਾਈਚਾਰਿਆਂ ਦੀ ਨੁਮਾਇੰਦਗੀ ਕਰਦੀ ਹੋਵੇ,” ਕਰੌਂਬੀ ਦਾ ਕਹਿਣਾ ਸੀ। ਉਸ ਦਾ ਇਹ ਵੀ ਕਹਿਣਾ ਸੀ ਕਿ ਉਹ ਆਪਣਾ ਵਧੇਰੇ ਧਿਆਨ ਟੈਕਨੌਲੋਜੀ ਰਾਹੀਂ ਪੁਲਿਸਿੰਗ ਨੂੰ ਆਧੁਨਿਕ ਬਣਾਉਣ ਵੱਲ ਕੇਂਦ੍ਰਿਤ ਕਰਨਾ ਚਾਹੁੰਦੀ ਹੈ, ਅਤੇ ਉਹ ਇਹ ਵੀ ਚਾਹੇਗੀ ਕਿ ਪੁਲਿਸ ਬੋਰਡ ਭਵਿੱਖ ਵਿੱਚ ਰਾਜ ਨੂੰ ਵਧੇਰੇ ਜਵਾਬਦੇਹ ਹੋਣ। ਉਸ ਨੇ ਕਿਹਾ ਕਿ ਪ੍ਰੌਵਿੰਸਿਜ਼ ਨੂੰ ਵੀ ਇਹ ਦੇਖਣਾ ਚਾਹੀਦੈ ਕਿ ਉਹ ਕਿਨ੍ਹਾਂ ਬੰਦਿਆਂ ਨੂੰ ਆਪਣੇ ਪੁਲਿਸ ਬੋਰਡਜ਼ ‘ਤੇ ਨਿਯੁਕਤ ਕਰਦੇ ਹਨ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਿਰਫ਼ ਕਾਬਿਲ ਲੋਕ ਹੀ ਇਨ੍ਹਾਂ ਅਹੁਦਿਆਂ ਤਕ ਪਹੁੰਚ ਸਕਣ। ਮੇਅਰ ਲਿੰਡਾ ਜੈੱਫ਼ਰੀ ਦਾ ਕਹਿਣਾ ਸੀ ਕਿ ਬੋਰਡ ਦੀ ਨਵੀਂ ਚੇਅਰ, ਸ੍ਰ. ਅਮਰੀਕ ਸਿੰਘ ਆਹਲੂਵਾਲੀਆ, ਦੀ ਨਿਯੁਕਤੀ ਉਹ ਤਬਦੀਲੀਆਂ ਲਿਆਉਣ ਵਿੱਚ ਸਾਡੀ ਮਦਦ ਕਰੇਗੀ ਜਿਨ੍ਹਾਂ ਦੀ ਕਈ ਸਾਲਾਂ ਤੋਂ ਪੁਲਿਸ ਮਹਿਕਮੇ ਨੂੰ ਲੋੜ ਸੀ। “ਮੇਰੇ ਖ਼ਿਆਲ ਵਿੱਚ ਅਸੀਂ ਕਾਰਡਿੰਗ ਅਤੇ ਹੋਰ ਕਈ ਵਿਵਾਦਿਤ ਮਾਮਲਿਆਂ ਵਿੱਚ ਵੀ ਇਹ ਗੱਲਾਂ ਸੁਣੀਆਂ ਹਨ। ਸਾਨੂੰ ਇਸ ਗੱਲ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਦਰਕਾਰ ਹੈ ਕਿ ਸਾਡੀ ਪੁਲਿਸ ਆਪਣੀਆਂ ਸ਼ਿਕਾਇਤਾਂ ਨਾਲ ਕਿਵੇਂ ਨਜਿੱਠਦੀ ਹੈ ਅਤੇ ਕਾਰਡਿੰਗ ਦੇ ਮਾਮਲੇ ਵਿੱਚ ਵੀ ਇਹ ਪੁੱਛਣ ਦੀ ਲੋੜ ਹੈ ਕਿ ਕੀ ਸਾਡੀ ਪੁਲਿਸ ਕੋਲ ਲੋਕਾਂ ਨੂੰ ਸੜਕਾਂ ‘ਤੇ ਰੋਕਣ ਪਿੱਛੇ ਕੋਈ ਜਾਇਜ਼ ਕਾਰਨ ਹੈ ਵੀ ਜਾਂ ਨਹੀਂ।”
ਸਤੰਬਰ ਵਿੱਚ, ਜਦੋਂ ਸਟਾਰ ਵਲੋਂ ਫ਼ਰੀਡਮ ਔਫ਼ ਇਨਫ਼ਰਮੇਸ਼ਨ ਕਾਨੂੰਨਾਂ ਅਧੀਨ ਪ੍ਰਾਪਤ ਕੀਤਾ ਡੈਟਾ ਰਿਲੀਜ਼ ਕੀਤਾ ਗਿਆ ਤਾਂ ਇਹ ਤੱਥ ਸਾਹਮਣੇ ਆਇਆ ਸੀ ਕਿ ਪੀਲ ਦੇ ਇਲਾਕੇ ਵਿੱਚ ਪੁਲਿਸ ਵਲੋਂ ਕਾਰਡਿੰਗ ਦੌਰਾਨ ਰੰਗਦਾਰ ਵਿਅਕਤੀਆਂ ਨੂੰ ਰੋਕੇ ਜਾਣ ਦੀ ਸੰਭਾਵਨਾ ਗੋਰਿਆਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ ਤਾਂ ਉਸ ਵਕਤ ਵੀ ਐਵਨਜ਼ ਨੂੰ ਇਹ ਪੁੱਛਿਆ ਗਿਆ ਸੀ ਕਿ ਕਿਉਂ ਉਸ ਦੀ ਫ਼ੋਰਸ ਇੱਕ ਹੀ ਨਸਲੀ ਗੁੱਟ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ। ਐਵਨਜ਼ ਦਾ ਜਵਾਬ ਉਸ ਵਕਤ ਇਹ ਸੀ ਕਿ ਉਸ ਨੂੰ ਅਜਿਹੇ ਕਿਸੇ ਰੁਝਾਨ ਬਾਰੇ ਕੋਈ ਇਲਮ ਨਹੀਂ, ਪਰ ਉਹ ਇਸ ਬਾਰੇ ਪਤਾ ਜ਼ਰੂਰ ਲਗਾਏਗੀ। ਸਟਾਰ ਨੇ ਐਵਨਜ਼ ਨੂੰ ਫ਼ਿਰ ਪਿੱਛਲੇ ਹਫ਼ਤੇ ਵੀ ਇਹੋ ਸਵਾਲ ਮੁੜ ਪੁੱਛਿਆ। ਅਤੇ ਪਿੱਛਲੇ ਹੀ ਹਫ਼ਤੇ, ਐਵਨਜ਼ ਨੇ ਆਪਣੀ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਜਿਸ ਵਿੱਚ ਉਸ ਨੇ ਆਪਣੀ ਫ਼ੋਰਸ ਦੀ ਤਾਰੀਫ਼ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਉਸ ਦੀ ਪੀਲ ਪੁਲਿਸ ਹੀ ਓਨਟੈਰੀਓ ਰਾਜ ਦੀ ਇਕਲੌਤੀ ਅਜਿਹੀ ਪੁਲਿਸ ਫ਼ੋਰਸ ਹੈ ਜਿਹੜੀ ਸੜਕੀ ਨਾਕਿਆਂ ਨੂੰ ਲੈ ਕੇ ਨਵੇਂ ਪ੍ਰੋਵਿੰਸ਼ੀਅਲ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ।
ਜੈੱਫ਼ਰੀ ਨੇ ਕਿਹਾ ਕਿ ਉਸ ਨੂੰ ਹਾਲੇ ਦੇਖਣਾ ਪਵੇਗਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨਾਲ ਪੀਲ ਪੁਲਿਸ ਦੀ ਸ਼ਿਕਾਇਤਾਂ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਕਿੰਨਾ ਕੁ ਸੁਧਾਰ ਆਇਆ ਹੈ। “ਸੁਧਾਰਾਂ ਤੋਂ ਬਾਅਦ ਹੀ ਜਨਤਾ ਦਾ ਪੁਲਿਸ ਵਿੱਚ ਵਿਸ਼ਵਾਸ ਮੁੜ ਬਹਾਲ ਹੋਵੇਗਾ।” ਉਸ ਨੇ ਇਹ ਵੀ ਕਿਹਾ ਕਿ ਉਹ ਬਜਟ ਦੀ ਕਮੀ ਦੇ ਮਾਮਲੇ ਨੂੰ ਵੀ ਸੰਬੋਧਿਤ ਹੋਣਾ ਚਾਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਉਨ੍ਹਾਂ ਦੀ ਪੁਲਿਸ ਫ਼ੋਰਸ ਉਨ੍ਹਾਂ ਭਾਈਚਾਰਿਆਂ ਦੀ ਨੁਮਾਇੰਦਗੀ ਕਰੇ ਜਿਨ੍ਹਾਂ ਦੀ ਸੇਵਾ ਲਈ ਉਸ ਨੂੰ ਹਾਇਰ ਕੀਤਾ ਜਾਂਦੈ ਅਤੇ ਇਹੋ ਚੀਜ਼ ਪੁਲਿਸ ਸਰਵਿਸਿਜ਼ ਐਕਟ ਵਿੱਚ ਵੀ ਦਰਜ ਹੈ। 2010 ਦੇ ਡੈਟੇ ਅਨੁਸਾਰ ਬਰੈਂਪਟਨ ਅਤੇ ਮਿਸੀਸਾਗਾ ਦੇ ਦੋਹਾਂ ਸ਼ਹਿਰਾਂ ਦੀ ਕੁੱਲ ਵਸੋਂ ਦਾ 60 ਪ੍ਰਤੀਸ਼ਤ ਘੱਟ ਗਿਣਤੀ ਭਾਈਚਾਰੇ ਸਨ, ਪਰ ਉਨ੍ਹਾਂ ਦੇ ਭਾਈਚਾਰਿਆਂ ਦੇ ਕੇਵਲ 13 ਪ੍ਰਤੀਸ਼ਤ ਲੋਕ ਹੀ ਪੁਲਿਸ ਫ਼ੋਰਸ ਵਿੱਚ ਸਨ। ਰਣਜੀਤ ਖਟਕੜ, ਜੋ ਕਿ ਪੀਲ ਕੋਐਲੀਸ਼ਨ ਅਗੇਂਸਟ ਰੈਡੀਕਲਾਈਜ਼ਡ ਡਿਸਕ੍ਰਿਮੀਨੇਸ਼ਨ ਨਾਲ ਕੰਮ ਕਰਦੀ ਹੈ, ਦਾ ਕਹਿਣਾ ਸੀ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਸਾਡੀਆਂ ਪੁਲਿਸ ਫ਼ੋਰਸਿਜ਼ ਉਨ੍ਹਾਂ ਭਾਈਚਾਰਿਆਂ ਦੀਆਂ ਲੋੜਾਂ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰਨ ਜਿਨ੍ਹਾਂ ਦੀ ਸੇਵਾ ਲਈ ਉਨ੍ਹਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਅਤੇ ਇਸੇ ਵਿੱਚ ਹੀ ਫ਼ੋਰਸਿਜ਼ ਅਤੇ ਸਾਡੇ ਭਾਈਚਾਰਿਆਂ ਦੀ ਭਲਾਈ ਹੈ।
“ਇਸ ਬਾਰੇ ਤਾਂ ਕੋਈ ਸਵਾਲ ਹੀ ਨਹੀਂ ਉਠਦਾ ਕਿ ਸਾਡੀ ਪੁਲਿਸ ਚੀਫ਼ ਨੂੰ ਮੁੜ ਸੋਚਣਾ ਪੈਣੈ ਕਿ ਉਸ ਨੇ ਇਸ ਇਲਾਕੇ ਵਿੱਚ ਕੰਮਕਾਰ ਕਿਵੇਂ ਕਰਨੈ। ਇਸ ਵਕਤ ਪੀਲ ਦੇ ਇਲਾਕੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਅਤੇ ਅਦਾਰੇ ਨੇ ਜਿਹੜੇ ਪੀਲ ਪੁਲਿਸ ਦੇ ਕੰਮਕਾਰ ਅਤੇ ਉਸ ਦੇ ਢੰਗ ਤਰੀਕਿਆਂ ‘ਤੇ ਨੇੜਲੀ ਨਜ਼ਰ ਰੱਖੀ ਬੈਠੇ ਹਨ। ਸਥਾਨਕ ਭਾਈਚਾਰੇ ਤਬਦੀਲੀ ਮੰਗਦੇ ਨੇ, ਨਵਾਂ ਬੋਰਡ ਤਬਦੀਲੀਆਂ ਮੰਗਦੈ, ਪ੍ਰੌਵਿੰਸ ਨੇ ਕਾਰਡਿੰਗ ‘ਤੇ ਪਾਬੰਦੀ ਦੀ ਮੰਗ ਕੀਤੀ ਹੋਈ ਹੈ ਅਤੇ ਉਹ ਆਪਣੇ ਪੁਲਿਸ ਐਕਟ ‘ਤੇ ਵੀ ਨਜ਼ਰਸਾਨੀ ਕਰ ਰਿਹੈ,” ਰਣਜੀਤ ਦਾ ਕਹਿਣਾ ਸੀ। “ਸੋ, ਦੇਖਦੇ ਹਾਂ ਕਿ ਚੀਫ਼ ਆਪਣੇ ਪੁਰਾਣੇ ਤੌਰ ਤਰੀਕਿਆਂ ‘ਤੇ ਹੀ ਚਲਦੀ ਰਹੇਗੀ ਜਾਂ ਫ਼ਿਰ ਉਹ ਉਸ ਤਬਦੀਲੀ ਦਾ ਹਿੱਸਾ ਬਣਨਾ ਚਾਹੇਗੀ ਜਿਹੜੀ ਕਿ ਬੱਸ ਆਉਣ ਹੀ ਵਾਲੀ ਹੈ, ਬੇਸ਼ੱਕ ਉਸ ਨੂੰ ਪਸੰਦ ਹੋਵੇ ਜਾਂ ਨਾ!”

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *