Home / Breaking News / ਦਮਦਮੀ ਟਕਸਾਲ ਵੱਲੋਂ ਮਹਿਤਾ ਚੌਕ ਵਿਖੇ ਘੱਲੂਘਾਰੇ ਸਬੰਧੀ ਸ਼ਹੀਦੀ ਸਮਾਗਮ

ਦਮਦਮੀ ਟਕਸਾਲ ਵੱਲੋਂ ਮਹਿਤਾ ਚੌਕ ਵਿਖੇ ਘੱਲੂਘਾਰੇ ਸਬੰਧੀ ਸ਼ਹੀਦੀ ਸਮਾਗਮ

ਮਹਿਤਾ ( ਅੰਮ੍ਰਿਤਸਰ), 6 ਜੂਨ (ਗੁਰਦਿਆਲ ਸਿੰਘ) :  ਦਮਦਮੀ ਟਕਸਾਲ ਵੱਲੋਂ ਮਹਿਤਾ ਚੌਕ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ 33ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲੱਖਾਂ ਦੀ ਗਿਣਤੀ ‘ਚ ਆਪ ਮੁਹਾਰੇ ਪਹੁੰਚੀ ਸੰਗਤ ਦੇ ਸੈਲਾਬ ਕਾਰਨ ਸ਼ਹੀਦੀ ਸਮਾਗਮ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ ਵੀ ਫਿੱਕੇ ਪੈ ਗਏ ਨਜ਼ਰ ਆਏ। ਵਿਸ਼ਾਲ ਸ਼ਹੀਦੀ ਸਮਾਗਮ ਦੀ ਸਫਲਤਾ ਨੇ ਨਿਰਸੰਦੇਹ ਦਮਦਮੀ ਟਕਸਾਲ ਨੂੰ ਪੰਥ ਦੇ ਕੇਂਦਰੀ ਧੁਰੇ ਵਜੋਂ ਸਥਾਪਤੀ ‘ਤੇ ਮੋਹਰ ਲਗਾ ਦਿੱਤੀ ਹੈ। ਦਮਦਮੀ ਟਕਸਾਲ ਵੱਲੋਂ ਸ਼ਹੀਦੀ ਸਮਾਗਮ ਸੰਬੰਧੀ ਢਾਈ ਮਹੀਨਿਆਂ ਤੋਂ ਵੱਖ ਵੱਖ ਪਿੰਡਾਂ ਵਿੱਚ ਆਰੰਭ ਕੀਤੇ ਗਏ ਦੀਵਾਨਾਂ ਅਤੇ 1 ਤੋਂ 5 ਜੂਨ ਤਕ ਚੌਕ ਮਹਿਤਾ ਵਿਖੇ ਕਰਾਏ ਗਏ ਲੜੀਵਾਰ ਸਮਾਗਮਾਂ ਦੀ ਸਫਲਤਾ ਨੇ ਦਮਦਮੀ
ਟਕਸਾਲ ਵੱਲੋਂ ਧਾਰਮਿਕ ਖੇਤਰ ਵਿੱਚ ਪੈਰ ਪਸਾਰ ਰਹੇ ਹੋਣ ਦਾ ਸਬੂਤ ਦਿੱਤਾ ਹੈ, ਉੱਥੇ ਹੀ ਹਸਪਤਾਲ, ਸਕੂਲ, ਕਾਲਜ ਅਤੇ ਅਕੈਡਮੀਆਂ ਰਾਹੀਂ ਲੋਕ ਭਲਾਈ ਦੇ ਕਾਰਜਾਂ ਨਾਲ ਜਥੇਬੰਦੀ ਅੱਗੇ ਵਧ ਰਹੀ ਹੈ।
ਅੱਜ ਦਾ ਵਿਸ਼ਾਲ ਸ਼ਹੀਦੀ ਸਮਾਗਮ ਵੈਰਾਗਮਈ ਅਤੇ ਗਰਮਜੋਸ਼ੀ ਦਾ ਸੰਗਮ ਸੀ ਜਿੱਥੇ ਬੁਲਾਰਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਚੁਨੌਤੀਆਂ ਅਤੇ ਪੰਥ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਪਛਾੜਨ ਲਈ ਇੱਕਜੁੱਟ ਹੋਣ ਦੀਆਂ ਸੁਰਾਂ ਤੇਜ ਕੀਤੀਆਂ।ਉੱਥੇ ਹੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਵੱਲੋਂ ਧਰਮ ਪ੍ਰਚਾਰ ਅਤੇ ਕੌਮ ਦੇ ਹਿਤਾਂ ਲਈ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਸਾਰਾ ਸਮਾਂ ਮੁੱਖ ਪੰਡਾਲ ਜੈਕਾਰਿਆਂ ਨਾਲ ਗੂੰਜਦਾ ਰਿਹਾ ਅਤੇ ਨੌਜਵਾਨਾਂ ਦਾ ਜੋਸ਼ ਦੇਖਿਆਂ ਹੀ ਬਣਦਾ ਸੀ।
ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਪੰਥਕ ਕਾਰਜ ਲਈ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਈ ਹੈ। ਉਨ੍ਹਾਂ ਕਿਹਾ ਕਿ ਕਲਗੀਧਰ ਦੇ ਇਨ੍ਹਾਂ ਸਪੁੱਤਰਾਂ ਨੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰਵੀ ਸਦੀ ‘ਚ ਸਗੋਂ ਵੀਹਵੀਂ ਸਦੀ ਅਤੇ ਅੱਜ ਵੀ ਜ਼ਾਲਮ ਹਕੂਮਤਾਂ ਦੇ ਜਬਰ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਮੂੰਹ ਤੋੜਵਾਂ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਨ।ਉਨ੍ਹਾਂ ਕਿਹਾ ਕਿ ਸੰਤਾਂ ਦੀ ਕੁਰਬਾਨੀ ਤੇ ਸਿੰਘਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਦੇਸ਼ ਵਿਦੇਸ਼ ‘ਚ ਸਿੱਖ ਅੱਜ ਰਾਜਭਾਗ ਦੇ ਹਿੱਸੇਦਾਰ ਬਣੇ ਹੋਏ ਹਨ। ਉਹਨਾਂ ਦੁਨੀਆ ਭਰ ‘ਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦਿਆਂ ਸਿੱਖ ਕੌਮ ਦੇ ਕੇਂਦਰੀ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਸ੍ਰੀ ਦਰਬਾਰ ਸਾਹਿਬ, ਪਵਿੱਤਰ ਸਰੋਵਰ, ਧੁਰ ਕੀ ਬਾਣੀ ਅਤੇ ਗੁਰੂ ਕਾਲ ਤੋਂ ਚਲੀ ਆ ਰਹੀ ਪੁਰਾਤਨ ਪਰੰਪਰਾ ਪ੍ਰਤੀ ਵੱਡੇ ਸ਼ੰਕੇ ਪੈਦਾ ਕਰਨ ਦੇ ਸਿੱਖੀ ਦੇ ਭੇਸ ਵਿੱਚ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਘੜੇ ਜਾ ਰਹੇ ਮਨਸੂਬਿਆਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ। ਉਹਨਾਂ ਆਈਆਂ ਸੰਗਤਾਂ ਮਹਾਂਪੁਰਸ਼ਾਂ ਅਤੇ ਰਾਜਸੀ ਆਗੂਆਂ ਦਾ ਧੰਨਵਾਦ ਕੀਤਾ।
ਵਿਸ਼ਾਲ ਸ਼ਹੀਦੀ ਸਮਾਗਮ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਅੱਠ ਮਤੇ ਪਾਸ ਕੀਤੇ ਗਏ। ਪਾਸ ਕੀਤੇ ਗਏ ਪਹਿਲੇ ਮਤੇ ਵਿੱਚ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਲਈ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਬੇਸਮੈਂਟ ਨੂੰ ਸ਼ਹੀਦੀ ਗੈਲਰੀ ਵਜੋਂ ਸਥਾਪਿਤ ਕਰਨ ਲਈ ਸ਼੍ਰੋਮਣੀ ਕਮੇਟੀ ਤੋਂ ਪੁਰਜ਼ੋਰ ਮੰਗ ਕੀਤੀ ਗਈ।
ਦੂਜੇ ਮਤੇ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗੁਰਮਤਿ ਰਹਿਤ ਮਰਿਆਦਾ ਅਤੇ ਪਰੰਪਰਾ ‘ਤੇ ਚਟਾਨ ਵਾਂਗ ਇੱਕਜੁੱਟ ਹੋ ਕੇ ਖੜੇ ਹੋਣ ਦਾ ਪ੍ਰਣ ਲਿਆ ਗਿਆ।
ਤੀਜੇ ਮਤੇ ‘ਚ ਘੱਲੂਘਾਰੇ ਦੌਰਾਨ ਜੋਧਪੁਰ ਅਤੇ ਹੋਰਨਾਂ ਜੇਲ੍ਹਾਂ ‘ਚ ਕੈਦ ਰਹੇ ਸਿੱਖਾਂ ਅਤੇ ਧਰਮੀ ਫੌਜੀਆਂ ਨੂੰ ਬਣਦਾ ਇਨਸਾਫ਼ ਦੇਣ, ਸਿੱਖਾਂ ਦੀ ਬਣਾਈ ਗਈ ਕਾਲੀ ਸੂਚੀ ਨੂੰ ਖਤਮ ਕਰਨ, ਸੰਘਰਸ਼ ਦੌਰਾਨ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਸਿੱਖ ਕੈਦ ਹੋਏ ਕੈਦੀ ਜੋ ਕਿ ਹੱਦ ਤੋਂ ਵਧ ਸਜਾ ਭੁਗਤ ਚੁੱਕੇ ਹਨ ਅਤੇ ਬਿਰਧ ਹੋ ਚੁੱਕੇ ਹਨ ਉਹਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਗਈ।
ਚੌਥੇ ਮਤੇ ਰਾਹੀਂ ਸੰਯੁਕਤ ਰਾਸ਼ਟਰ ਵੱਲੋਂ ਵਿਸਾਖੀ ਨੂੰ ਖ਼ਾਲਸਾ ਦਿਹਾੜੇ ਵੱਜੋ ਮਾਨਤਾ ਦੇਣ, ਅਮਰੀਕੀ ਕਾਂਗਰਸ ਵੱਲੋਂ ਖ਼ਾਲਸਾ ਪੰਥ ਦੇ ਸਾਜਣਾ ਦਿਵਸ ਵਿਸਾਖੀ ਨੂੰ ”ਸਿੱਖ ਨੈਸ਼ਨਲ ਡੇਅ” ਵਜੋਂ ਮਾਨਤਾ ਦੇਣ ਅਤੇ ਅਮਰੀਕੀ ਸੂਬਾ ਇੰਡੀਆਨਾ ਵੱਲੋਂ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਕੈਨੇਡਾ ਵੱਲੋਂ ਵਿਸਾਖੀ ‘ਤੇ ਸਿੱਖੀ ਚਿੰਨ੍ਹਾਂ ਵਾਲੇ ਸਿੱਕੇ ਜਾਰੀ ਕਰਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕੈਨੇਡਾ ਦੇ ਸੂਬਾ ਉਂਟਾਰਿਓ ਦੀ ਸੰਸਦ ਵੱਲੋਂ ਸਿੱਖ ਨਸਲਕੁਸ਼ੀ ਬਾਰੇ ਹਾਅ ਦਾ ਨਾਅਰਾ ਮਾਰਨ ਲਈ ਧੰਨਵਾਦ ਕੀਤਾ ਗਿਆ। ਯੂ. ਕੇ. ਦੀਆਂ ਚੋਣਾਂ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਵੀ ਸ਼ਾਮਿਲ ਕੀਤੇ ਜਾਣ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਅਤੇ ਦਸਤਾਰ ‘ਤੇ ਕੋਈ ਰੋਕ ਨਾ ਹੋਣ ਦੇ ਐਲਾਨ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਹੀ ਸੰਗਤ ਇਟਲੀ ਵਿੱਚ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ ‘ਤੇ ਮੁੜ ਵਿਚਾਰ ਕਰਨ ਲਈ ਇਟਲੀ ਸਰਕਾਰ ਨੂੰ ਅਪੀਲ ਕਰਦਿਆਂ ਕੇਂਦਰ ਸਰਕਾਰ ਤੋਂ ਉਕਤ ਮਾਮਲੇ ‘ਚ ਦਖਲ ਦੇਣ ਦੀ ਮੰਗ ਰੱਖੀ ਗਈ ਹੈ।
ਪੰਜਵੇਂ ਮਤੇ ‘ਚ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਣ ਕਾਰਨ ਸਿੱਖ ਕੌਮ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਹੋਣ ਦੀ ਗਲ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਵਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਯੂ ਪੀ ਸਰਕਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁਰਾਣੇ ਸਰੂਪਾਂ ਦਾ ਸਤਿਕਾਰ ਨਾ ਕਰ ਸਕਣ ਵਾਲੇ ਕੁੱਝ ਧਾਰਮਿਕ ਡੇਰਿਆਂ ਵਿੱਚੋਂ ਪਾਵਨ ਪੁਰਾਣੇ ਸਰੂਪ ਆਦਿ ਨੂੰ ਗੁਰ ਅਸਥਾਨਾਂ ਵਿੱਚ ਸਥਾਪਿਤ ਕਰਨ, ਉੱਤਰਾਖੰਡ ਸਰਕਾਰ ਤੋਂ ਹਰਿਦੁਆਰ ਦੇ ਹਰ ਕੀ ਪੌੜੀ ਵਿਖੇ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਨੂੰ ਮੂਲ ਅਸਥਾਨ ‘ਤੇ ਮੁੜ ਸਥਾਪਿਤ ਕਰਨ, ਮੱਧ ਪ੍ਰਦੇਸ਼ ਸਰਕਾਰ ਵੱਲੋਂ ਸਿਕਲੀਗਰ ਭਾਈਚਾਰੇ ਉੱਤੇ ਅਣਮਨੁੱਖੀ ਅੱਤਿਆਚਾਰ ਕਰਨ ਦੀ ਵੀ ਨਿਖੇਧੀ ਕਰਦਿਆਂ ਸਿਕਲੀਗਰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੰਡੇਮਾਨ ਨਿਕੋਬਾਰ ਦੀਪ ਦੇ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਢੁਕਵੇਂ ਪ੍ਰਬੰਧ ਦੀ ਸਰਕਾਰ ਤੋਂ ਮੰਗ ਕੀਤੀ ਗਈ ।
ਅੱਜ ਦੇ ਵਿਸ਼ਾਲ ਇਕੱਠ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਆਏ ਅਚਾਨਕ ਤੇਜੀ ਉੱਤੇ ਗਹਿਰੀ ਚਿੰਤਾ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਬੇਅਦਬੀ ਦੇ ਮਾਮਲਿਆਂ ‘ਚ ਦੋਸ਼ੀਆਂ ਨੂੰ ਤਿੰਨ ਸਾਲ ਤੋਂ ਲੈ ਕੇ ਉਮਰ ਕੈਦ ਤਕ ਦੀ ਸਖ਼ਤ ਸਜਾ ਦੇਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਲ ‘ਤੇ ਮੁੜ ਵਿਚਾਰ ਕਰ ਕੇ ਲਾਗੂ ਕਰਨ ਦੀ ਮੰਗ ਕੀਤੀ।
ਸੱਤਵੇਂ ਮਤੇ ਵਿੱਚ ਸਿੱਖ ਕੌਮ ‘ਤੇ ਕੀਤੇ ਗਏ ਹਮਲੇ ਅਤੇ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਉਕਤ ਕੇਸਾਂ ਨੂੰ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਪ੍ਰਣਾਲੀ ਤਕ ਲੈ ਕੇ ਜਾਣ ਪ੍ਰਤੀ ਸੰਭਾਵਨਾਵਾਂ ਤਲਾਸ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ।
ਅੱਠਵੇਂ ਮਤੇ ਰਾਹੀਂ ਵਿਸ਼ਾਲ ਇਕੱਠ ਨੇ ਘੱਲੂਘਾਰੇ ਦੌਰਾਨ ਫੌਜ ਵੱਲੋਂ ਉਠਾਈ ਗਈ ਸਿੱਖ ਰੈਫਰੰਸ ਲਾਇਬਰੇਰੀ ‘ਚ ਮੌਜੂਦ ਹੱਥ ਲਿਖਤਾਂ ਦਾ ਅਨਮੋਲ ਖ਼ਜ਼ਾਨਾ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਤੀਰ ਅਤੇ ਤਿੰਨ ਫੁੱਟੀ ਵੱਡੀ ਸ੍ਰੀ ਸਾਹਿਬ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸੀਨਾ ਬਸੀਨਾ ਚਲੀਆਂ ਆ ਰਹੀਆਂ ਗੁਰਬਾਣੀ ਦੇ ਅਰਥਾਂ ਵਾਲੀਆਂ ਕਥਾ ਦੀਆਂ ਕੈਸੇਟਾਂ ਅਤੇ ਦਮਦਮੀ ਟਕਸਾਲ ਦਾ ਹੋਰ ਸਾਹਿੱਤ ਨੂੰ ਤੁਰੰਤ ਸਿੱਖ ਕੌਮ ਅਤੇ ਦਮਦਮੀ ਟਕਸਾਲ ਨੂੰ ਵਾਪਸ ਕਰਨ ਦੀ ਮੰਗ ਕੀਤੀ।
ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਸਾਬਕਾ ਪੁਲੀਸ ਮੁਖੀ ਕੇ ਪੀ ਐੱਸ ਗਿੱਲ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮਾਰਨ ਵਾਲਾ ਜਲਾਦ ( ਬੁੱਚੜ) ਕਰਾਰ ਦਿੰਦਿਆਂ ਕਿਹਾ ਕਿ ਹਕੂਮਤ ਨੇ ਗਿੱਲ ਨੂੰ ਪੰਜਾਬ ਵਿੱਚ ਸਿੱਖਾਂ ਨੂੰ ਮਰਵਾਉਣ ਲਈ ਥਾਪੜਾ ਦਿੱਤਾ ਸੀ, ਜਦੋਂ ਕਿ ਉਹ ਆਸਾਮ ਵਿੱਚ ਇੱਕ ਮਹੀਨਾ ਵੀ ਨਹੀਂ ਕੱਟ ਸਕਿਆ ਉਸੇ ਤਰਾਂ ਜੰਮੂ ਕਸ਼ਮੀਰ ਅਤੇ ਛਤੀਸਗੜ ‘ਚੋਂ ਬਦਰੰਗ ਲਿਫਾਫੇ ਵਾਂਗ ਮੁੜਿਆ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹਨ ਅਤੇ ਉਹ ਕੌਮਾਂ ਸਦਾ ਜਿਊਂਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਨ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਜਥੇਬੰਦੀ ਹੈ , ਜੋ ਧਰਮ ਪ੍ਰਚਾਰ ਦੇ ਨਾਲ ਦੁਸ਼ਮਣਾਂ ਦੇ ਨਾਸ਼ ਲਈ ਵੀ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦੇ ਹਨ। ਉਹਨਾਂ ਅੱਜ ਪਾਸ ਕੀਤੇ ਗਏ ਮਤਿਆਂ ਦੀ ਪ੍ਰੋੜ੍ਹਤਾ ਕਰਦਿਆਂ ਬਾਣੀ, ਬਾਣੇ ਅਤੇ ਪਰੰਪਰਾ ‘ਤੇ ਕਿੰਤੂ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸਦਾ ਦਿੱਤਾ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਸਮਾਗਮ ਦੀ ਸਫਲਤਾ ਲਈ ਉਹਨਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਵਧਾਈ ਦਿੱਤੀ।ਉਹਨਾਂ ਅੱਜ ਦੇ ਸਮਾਗਮ ਵੱਲੋਂ ਪਾਸ ਕੀਤੇ ਗਏ ਮਤਿਆਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਜੋ ਵੀ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਕਾਰਜਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਸਾਕਾਰ ਕੀਤੇ ਜਾਣਗੇ। ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਮੌਕੇ ਹੁਲੜਬਾਜੀ ਕਰਨ ਵਾਲਿਆਂ ਨੂੰ ਆੜੇ ਹੱਥੀ  ਲੈਂਦਿਆਂ ਕਿਹਾ ਕਿ ਸੰਘਰਸ਼ ਤੋਂ ਪਹਿਲਾਂ ਦੁਸ਼ਮਣ ਦੀ ਸ਼ਨਾਖ਼ਤ ਜ਼ਰੂਰੀ ਹੈ, ਉਹਨਾਂ ਪੰਥ ਦੇ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ‘ਤੇ ਆਉਣ ਵਾਲੀਆਂ ਪੀੜੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।
ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਨੌਜਵਾਨ ਪੀੜੀ ਵੱਲੋਂ ਗੁਰੂ ਪਰੰਪਰਾ, ਬਾਣੀ ਅਤੇ ਬਾਣੇ ਨਾਲੋਂ ਟੁੱਟਣ ‘ਤੇ ਗਹਿਰੀ ਚਿੰਤਾ ਜਤਾਈ।
ਦਿਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਮੇਂ ਦੀ ਹਕੂਮਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤਾਂ ਢਹਿ ਢੇਰੀ ਕਰ ਦਿੱਤਾ ਪਰ ਉਹ ਸੋਚ ਨੂੰ ਨਹੀਂ ਢਾਹ ਸਕੇ। ਉਹਨਾਂ ਕਿਹਾ ਕਿ ਜੂਨ 84 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਗਿਣੀ ਮਿਥੀ ਸਾਜ਼ਿਸ਼ ਅਤੇ ਸਿਆਸਤ ਤੋਂ ਪ੍ਰੇਰਿਤ ਸੀ।ਉਹਨਾਂ ਕਿਹਾ ਕਿ ਸਿੱਖਾਂ ਨੇ ਆਜ਼ਾਦੀ ਲਈ 80% ਕੁਰਬਾਨੀਆਂ ਕੀਤੀਆਂ ਹਨ,ਪਰ ਪੰਥ ਨੂੰ ਬਣਦਾ ਹੱਕ ਅੱਜ ਤਕ ਨਹੀਂ ਦਿੱਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੰਗਤ ਨੂੰ ਗੁਰੂ ਵੇਲੇ ਬਣਨ ਲਈ ਪ੍ਰੇਰਿਆ।
ਇਸ ਵਾਰ ਬੀਬੀ ਪ੍ਰਕਾਸ਼ ਕੌਰ ਚੱਢਾ (ਦਿਲੀ) ਦੀਆਂ ਗੁਰਧਾਮਾਂ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਦਿਆ ਦਮਦਮੀ ਟਕਸਾਲ ਵੱਲੋਂ ਉਹਨਾਂ ਨੂੰ ਸੇਵਾ ਰਤਨ ਐਵਾਰਡ ਨਾਲ ਸਨਮਾਨਿਆ ਗਿਆ, ਜਿਸ ਨੂੰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸ: ਮਨਜੀਤ ਸਿੰਘ ਜੀ ਕੇ ਨੇ ਹਾਸਲ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂਬੇਲਾਂਵਾਲੇ, ਭਾਈ ਈਸ਼ਰ ਸਿੰਘ ਸਪੁਤਰ ਸੰਤ ਜਰਨੈਲ ਸਿੰਘ, ਬਾਬਾ ਸੁਰਜੀਤ ਸਿੰਘ ਸੋਧੀ, ਭਾਈ ਅਜਾਇਬ ਸਿੰਘ ਅਭਿਆਸੀ,  ਬਾਬਾ ਨਾਗਰ ਸਿੰਘ ਹਰੀਆਂ ਬੇਲਾਂਵਾਲੇ, ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ, ਸੰਤ ਬਾਬਾ ਕਸ਼ਮੀਰ ਸਿੰਘ ਅਲੋਹਰਾਂ ਨਾਭਾ,   ਬਾਬਾ ਮੇਜਰ ਸਿੰਘ ਵਾਂ, ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ ਰਾਗੀ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਮੇਜਰ ਸਿੰਘ, ਭਈ ਗੁਰਚਰਨ ਸਿੰਘ ਗਰੇਵਾਲ, ਭਾਈ ਲਖਬੀਰ ਸਿੰਘ ਸੇਖੋਂ, ਪਰਮਜੀਤ ਸਿੰਘ ਰਾਣਾ ਦਿਲੀ, ਅਵਤਾਰ ਸਿੰਘ ਹਿਤ ਦਿਲੀ, ਭਗਤ ਮਿਲਖਾ ਸਿੰਘ, ਭਗਵੰਤ ਸਿੰਘ ਸਿਆਲਕਾ, ਜੈਪਾਲ ਸਿੰਘ ਮੰਡੀਆਂ, ਗੁਰਿੰਦਰ ਪਾਲ ਸਿੰਘ ਗੋਰਾ, ਸਤਵਿੰਦਰ ਟੌਹੜਾ, ਬਲਜੀਤ ਸਿੰਘ ਜਲਾਲ ਉਸਮਾਂ, ਗੁਰਬਚਨ ਸਿੰਘ ਕਰਮੂਵਾਲਾ, ਮੰਗਵਿੰਦਰ ਸਿੰਘ ਖਾਪੜਖੇੜੀ, ਜਸਬੀਰ ਧਰਮਪੁਰਾ, ਬਿਕਰਮਜੀਤ ਸਿੰਘ ਕੋਟਲਾ, ਬੀਬੀ ਰਣਜੀਤ ਕੌਰ ਮਹਿਤ ਪੁਰ, ਦਰਸ਼ਨ ਸਿੰਘ ਮੋਰਾਂਵਾਲੀ, ਡਾ: ਦਲਬੀਰ ਸਿੰਘ ਵੇਰਕਾ,  ਪਰਵਿੰਦਰਪਾਲ ਸਿੰਘ ਬੁੱਟਰ, ਭਾਈ ਰਣਧੀਰ ਸਿੰਘ ਰਾੜਾ ਸਾਹਿਬ, ਸੰਤ ਚਰਨਜੀਤ ਸਿੰਘ ਜੱਸੋਵਾਲ, ਬੁਲਾਰਾ ਟਕਸਾਲ, ਭੁਪਿੰਦਰ ਸਿੰਘ ਸ਼ੇਖੂਪੁਰ, ਕੈਪਟਨ ਬਲਬੀਰ ਸਿੰਘ ਬਾਠ, ਤਰਲੋਕ ਸਿੰਘ ਬਾਠ, ਬਾਬਾ ਸੁਖਚੈਨ ਸਿੰਘ ਘ ਸੰਤ ਬਾਬਾ ਲੱਖਾ ਸਿੰਘ ਰਾਮਥੰਮਨ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਸੰਤ ਰੌਸ਼ਨ ਸਿੰਘ ਸੰਤ ਆਸ਼ਰਮ, ਜਥੇ ਰਘਬੀਰ ਸਿੰਘ ਤਰਨਾ ਦਲ ਖਿਆਲਾ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲ, ਬਾਬਾ ਮਨਮੋਹਨ ਸਿੰਘ ਗੁੰਮ ਟਸਰ, ਬਾਬਾ ਰਣਜੀਤ ਸਿੰਘ ਮਿਸਲ ਸ਼ਹੀਦਾਂ, ਬਾਬਾ ਕੁਲਦੀਪ ਸਿੰਘ ਪਾਉਂਟਾ ਸਾਹਿਬ, ਸੰਤ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਬਾਬਾ ਹਰਬੰਸ ਸਿੰਘ, ਗਿਆਨੀ ਬਲਜਿੰਦਰ ਸਿੰਘ, ਸੰਤ ਬਾਬਾ ਰਜਿੰਦਰ ਸਿੰਘ ਆਗਰਾ, ਬਾਬਾ ਬੰਤਾ ਸਿੰਘ ਮੁੰਡਾ ਪਿੰਡਵਾਲੇ, ਮਹੰਤ ਕਸ਼ਮੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਮਹੰਤ ਸੰਤੋਖ ਸਿੰਘ ਦਿਆਲਪੁਰ ਮਿਰਜਾ, ਮਹੰਤ ਹਰਕੀਰਤ ਸਿੰਘ ਪਟਿਆਲਾ, ਮਹੰਤ ਰਵੀ ਸ਼ੇਰ ਸਿੰਘ ਨੈਨੀਤਾਲ, ਸੰਤ ਗੁਰਮੀਤ ਸਿੰਘ ਬਖਵਾਲਾ, ਜਥੇ ਦਰਸ਼ਨ ਸਿੰਘ ਟਾਹਲਾ ਸਾਹਿਬ,  ਬਾਬਾ ਪ੍ਰੀਤਮ ਸਿੰਘ ਡੇਰਾ ਭਗਤਾਂ, ਜਥੇ; ਬਾਬਾ ਸਤਨਾਮ ਸਿੰਘ ਜਫਰਵਾਲ, ਸੰਤ ਬਾਬਾ ਸਾਧੂ ਸਿੰਘ, ਮਾਤਾ ਪਿਆਰ ਕੋਰ, ਭਾਈ ਸਰਵਨ ਸਿੰਘ ਭਗਤਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਵਰਿਆਮ ਸਿੰਘ, ਭਾਈ ਰਣਧੀਰ ਸਿੰਘ ਢਿਲੋਂ ਕੈਨੇਡਾ, ਸਰਬਜੀਤ ਸਿੰਘ ਕੈਨੇਡਾ, ਭਾਈ ਸਤਵੰਤ ਸਿੰਘ ਸਪੁੱਤਰ ਸ਼ਹੀਦ ਭਾਈ ਕੇਹਰ ਸਿੰਘ, ਭਾਈ ਰਘਬੀਰ ਸਿੰਘ ਇੰਗਲੈਂਡ, ਪਰਮਿੰਦਰ ਸਿੰਘ ਡੇਹਰਾਦੂਨ ਭਤੀਜਾ ਬਾਬਾ ਠਾਕੁਰ ਸਿੰਘ ਜੀ, ਬਾਬਾ ਅਜਮੇਰ ਸਿੰਘ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਸੁਲਤਾਨ ਸਿੰਘ ਅਰਦਾਸੀਆ, ਭਾਈ ਰੇਸ਼ਮ ਸਿੰਘ ਇੰਗਲੈਂਡ, ਬਾਬਾ ਨਾਨਕ ਸਿੰਘ ਨਾਨਕ ਸਰ ਭੁੱਚੋ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਕਰਨੈਲ ਸਿੰਘ ਕਾਰਸੇਵਾ ਹਜ਼ੂਰ ਸਾਹਿਬ, ਬਾਬਾ ਬਲਕਾਰ ਸਿੰਘ ਭਾਗੋਕੇ, ਬਾਬਾ ਸੁਖਾ ਸਿੰਘ ਖਿਆਲਾ, ਬਾਬਾ ਸੁਖਵਿੰਦਰ ਸਿੰਘ ਮਾਲੂਵਾਲ, ਬਾਬਾ ਦਿਲਬਾਗ ਸਿੰਘ ਕਾਰਸੇਵਾ, ਬਾਬਾ ਉਦੈ ਸਿੰਘ ਠਟਾ, ਬਾਬਾ ਜਵੰਦ ਸਿੰਘ ਜੀ, ਸੰਤ ਕਰਤਾਰ ਸਿੰਘ ਜੋਧੇਵਾਲੇ, ਬਾਬਾ ਅਮਰੀਕ ਸਿੰਘ ਕਾਰਸੇਵਾ, ਦਿਦਾਰ ਸਿੰਘ ਮਲਕ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਸਵਰਨ ਜੀਤ ਸਿੰਘ ਤਰਨਾ ਦਲ ਦੋਆਬਾ, ਭਾਈ ਗੁਰਪ੍ਰੀਤ ਸਿੰਘ, ਭਾਈ ਪ੍ਰਨਾਮ ਸਿੰਘ, ਬਾਬਾ ਅਜੀਤ ਸਿੰਘ ਤਰਨਾ ਦਲ,  ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ, ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *