Breaking News
Home / Breaking News / ਤੁਰਕੀ ‘ਚ ਤਖ਼ਤਾ ਪਲਟਣ ਦੀ ਨਾਕਾਮ ਕੋਸ਼ਿਸ਼

ਤੁਰਕੀ ‘ਚ ਤਖ਼ਤਾ ਪਲਟਣ ਦੀ ਨਾਕਾਮ ਕੋਸ਼ਿਸ਼

250 ਲੋਕਾਂ ਦੀ ਮੌਤ, ਸਥਿਤੀ ਕੰਟਰੋਲ ਹੇਠ, ਭਾਰਤੀਆਂ ਨੂੰ ਘਰੋਂ ਨਾ ਨਿਕਲਣ ਦੀ ਸਲਾਹ

ਅੰਕਾਰਾ, 16 ਜੁਲਾਈ (ਚ.ਨ.ਸ.) : ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤਈਪ ਅਰਦੋਗਨ ਨੇ ਸ਼ਨੀਵਾਰ ਨੂੰ ਦੇਸ਼ ‘ਤੇ ਆਪਣੇ ਕੰਟਰੋਲ ਦਾ ਐਲਾਨ ਕੀਤਾ। ਰਾਸ਼ਟਰਪਤੀ ਦੇ ਵਫ਼ਾਦਾਰ ਮਿਲਟਰੀ ਅਤੇ ਪੁਲਿਸ ਬਲਾਂ ਨੇ ਤਖ਼ਤਾ ਪਲਟਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਤੁਰਕੀ ਵਿਚ ਫੌਜ ਦੇ ਕੁਝ ਆਸੰਤੁਸ਼ਟ ਧੜਿਆਂ ਨੇ ਸ਼ੁੱਕਰਵਾਰ ਰਾਤ ਨੂੰ ਧਮਾਕੇ, ਹਵਾਈ ਹਮਲੇ ਅਤੇ ਬੰਦੂਕਾਂ ਚਲਾਉਂਦੇ ਹੋਏ ਦੇਸ਼ ‘ਤੇ ਆਪਣੇ ਕੰਟਰੋਲ ਦਾ ਐਲਾਨ ਕਰ ਦਿੱਤਾ। ਰਾਸ਼ਟਰਪਤੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਤੁਰਕੀ ਵਿਚ ਇਸ ਸਿਆਸੀ ਸੰਕਟ ਦੌਰਾਨ ਰਾਸ਼ਟਰਪਤੀ ਦੀ ਅਲੋਚਨਾ ਕੀਤੀ ਜਾ ਰਹੀ ਹੈ। ਅਲੋਚਕਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਉਥੇ ਤਾਨਾਸ਼ਾਹ ਦੀ ਤਰ੍ਹਾ ਸ਼ਾਸਨ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਵਿਰੋਧੀ ਧਿਰ ਨੂੰ ਬਿਲਕੁਲ ਜਗ੍ਹਾ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਮੀਡੀਆ ਨੂੰ ਆਜ਼ਾਦੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਖਣ ਪੁਰਬੀ ਤੁਰਕੀ ਵਿਚ ਕੁਰਦਿਸ਼ ਵਿਦਰੋਹ ‘ਤੇ ਦਮਨਕਾਰੀ ਕਾਰਵਾਈ ਕੀਤੀ ਜਾ ਰਹੀ ਹੈ। ਤੁਰਕੀ ਫੌਜ ਦੇ ਨਵੇਂ ਨਿਯੁਕਤ ਕਾਰਜਵਾਹਕ ਫੌਜ ਮੁਖੀ ਜਨਰਲ ਓਮਿਤ ਦੰਦਾਰ ਨੇ ਕਿਹਾ ਕਿ 250  ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ‘ਚ 41 ਪੁਲਿਸ ਅਫ਼ਸਰ 47 ਨਾਗਰਿਕ ਅਤੇ 104 ਤਖ਼ਤਾ ਪਲਟਾਉਣ ਦੀ ਰਣਨੀਤੀ ਤਿਆਰ ਕਰਨ ਵਾਲੇ ਹਨ।
3,000 ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਬਿਨਾਲੀ ਯਿਲਦੀਰਿਮ ਨੇ ਕਿਹਾ ਕਿ ਇਹ ਅਮਰੀਕਾ ਦੇ ਮੁਸਲਿਮ ਮੌਲਵੀ ਫਤੇਹਉੱਲ੍ਹਾ ਗੁਲੇਨ ਦੇ ਚੇਲਿਆਂ ਵੱਲੋਂ ਸਰਕਾਰ ਖਿਲਾਫ ਬਗਾਵਤ ਕਰਨ ਦੀ ਸਿਰਫ ਇਕ ਕੋਸ਼ਿਸ਼ ਸੀ। ਹਾਲਾਂਕਿ ਗੁਲੇਨ ਨਾਲ ਜੁੜੇ ਸੰਗਠਨ ਨੇ ਇਸ ‘ਚ ਹੱਥ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਤੁਰਕੀ ਦੇ ਪ੍ਰਧਾਨ ਮੰਤਰੀ ਬਿਨਾਲੀ ਯਿਲਦੀਰਿਮ ਨੇ ਸੁਰੱਖਿਆ ਬਲਾਂ ਨੂੰ ਕਿਹਾ ਹੈ ਕਿ ਫੌਜ ਦਾ ਮੁਕਾਬਲਾ ਕਰਨ ਲਈ ਸਖਤ ਕਦਮ ਚੁੱਕੇ ਜਾਣ। ਪੂਰੇ ਦੇਸ਼ ‘ਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸਾਰੇ ਹਵਾਈ ਅੱਡਿਆਂ ਸਮੇਤ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਇਕ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਦੀ ਰਾਜਧਾਨੀ ਅੰਕਾਰਾ ‘ਚ ਫੌਜ ਦੇ ਹੈਲੀਕਾਪਟਰਾਂ ਨੇ ਗੋਲੀਬਾਰੀ ਕੀਤੀ। ਇਸ ਦੇ ਇਲਾਵਾ ਅੰਕਾਰਾ ‘ਚ ਭਾਰੀ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਗਈਆਂ ਹਨ। ਇੱਥੋਂ ਦੀ ਇਕ ਮੀਡੀਆ ਇਮਾਰਤ ‘ਚ ਧਮਾਕਾ ਕੀਤਾ ਗਿਆ ਹੈ। ਤੁਰਕੀ ਦੇ ਰਸ਼ਟਰਪਤੀ ਨੇ ਕਿਹਾ ਕਿ ਤਖਤਾਪਲਟ ਦੀ ਕੋਸ਼ਿਸ਼ ਕਰਨ ਵਾਲੇ ਕਦੇ ਵੀ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਨੂੰ ਸਹਿਯੋਗ ਦੇਣ ਲਈ ਸੜਕਾਂ ‘ਤੇ ਉਤਰਨ, ਜਿਸ ਤੋਂ ਬਾਅਦ ਭਾਰੀ ਗਿਣਤੀ ‘ਚ ਲੋਕਾਂ ਨੇ ਸੜਕਾਂ ‘ਤੇ ਆ ਕੇ ਪ੍ਰਦਰਸ਼ਨ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਦੱਸਿਆ ਕਿ ਅੰਕਾਰਾ ‘ਚ ਭਾਰਤੀ ਦੂਤਘਰ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਥਿਤੀ ਸਹੀ ਹੋਣ ਤੱਕ ਘਰਾਂ ਦੇ ਅੰਦਰ ਰਹਿਣ ਅਤੇ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਭਾਰਤੀ ਨਾਗਰਿਕਾਂ ਲਈ ਅੰਕਾਰਾ ‘ਚ ਐਮਰਜੈਂਸੀ ਨੰਬਰ +905303142203 ਜਦੋਂ ਕਿ ਇਸਤਾਂਬੁਲ ‘ਚ ਐਮਰਜੈਂਸੀ ਨੰਬਰ +905305671095 ਜਾਰੀ ਕੀਤੇ ਹਨ। ਤੁਰਕੀ ‘ਚ ਤਖਤਾਪਲਟ ਦੀ ਕੋਸ਼ਿਸ਼ ਕਰਨ ਵਾਲੇ ਫੌਜੀਆਂ ‘ਚੋਂ 50 ਨੇ ਇਸਤਾਂਬੁਲ ਦੇ ਬੋਸਫੋਰਸ ਪੁੱਲ ਕੋਲ ਅੱਜ ਆਤਮ ਸਮਰਪਣ ਕਰ ਦਿੱਤਾ। ਇਕ ਚਸ਼ਮਦੀਦ ਮੁਤਾਬਕ ਇਸਤਾਂਬੁਲ ਦੇ ਸੈਂਟਰਲ ਤਕਸੀਸ ਚੌਕ ਕੋਲ ਸੁਰੱਖਿਆ ਪੁਲਿਸ ਨੇ ਵੀ ਬਾਗੀਆਂ ਨੂੰ ਘੇਰ ਲਿਆ ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਹੋਰ ਬਾਗੀ ਫੌਜੀਆਂ ਨੇ ਆਤਮ ਸਮਰਪਣ ਕਰ ਦਿੱਤਾ। ਇਸ ਪੂਰੇ ਘਟਨਾ ਚੱਕਰ ‘ਚ ਮੌਜੂਦਾ ਫੌਜ ਮੁਖੀ ਦਾ ਕੁਝ ਪਤਾ ਨਹੀਂ ਹੈ, ਜਿਸ ਤੋਂ ਬਾਅਦ ਉਮੀਤ ਦੁਨਦਾਰ ਨੂੰ ਨਵਾਂ ਕਾਰਜਕਾਰੀ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *