Home / Breaking News / ਟਰੂਡੋ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਟਰੂਡੋ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 21 ਫਰਵਰੀ (ਗੁਰਦਿਆਲ ਸਿੰਘ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁੱਧਵਾਰ ਨੂੰ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਪਹਿਲਾਂ ਉਨ੍ਹਾਂ ਨੇ ਕੜਾਹ ਪ੍ਰਸ਼ਾਦ ਲਿਆ ਅਤੇ ਸਖਤ ਸੁਰੱਖਿਆ ਦਰਮਿਆਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ। ਟਰੂਡੋ ਕੁੜਤਾ-ਪਜਾਮਾ ਅਤੇ ਸਿਰ ‘ਤੇ ਕੇਸਰੀ ਪਟਕਾ ਬੰਨ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ, ਉਨ੍ਹਾਂ ਦੀ ਪਤਨੀ ਸੋਫੀ ਨੇ ਸੂਟ ਪਹਿਨਿਆ ਸੀ। ਜਦੋਂ ਟਰੂਡੋ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਦਾਖਲ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੇ ਦੱਸ ਦੇਈਏ ਕਿ ਜਦੋਂ ਟਰੂਡੋ ਪਰਿਵਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਤਾਂ ਸਭ ਕੁਝ ਆਮ ਵਾਂਗ ਸੀ, ਸ਼ਰਧਾਲੂਆਂ ਦੀ ਵੱਡੀ ਭੀੜ ਉਸ ਸਮੇਂ ਉੱਥੇ ਮੌਜੂਦ ਸੀ। ਪੂਰੀ ਸੁਰੱਖਿਆ ਵਿਵਸਥਾ ਨਾਲ ਟਰੂਡੋ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਰੂਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਸੁਨਹਿਰੀ ਰੰਗ ਦੀ ਕਿਰਪਾਨ, ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮਾਡਲ ਅਤੇ ਹੋਰ ਧਾਰਮਿਕ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਟਰੂਡੋ, ਉਨ੍ਹਾਂ ਦੀ ਪਤਨੀ ਸੋਫੀ ਅਤੇ ਬੱਚਿਆਂ ਅਤੇ ਕੈਨੇਡੀਅਨ ਸਿੱਖ ਮੰਤਰੀਆਂ ਨੂੰ ਵੀ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
“ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਿਮੰਦਰ ਸਾਹਿਬ ਦੀ ਵਿਜ਼ੀਟਰ ਬੁੱਕ ‘ਤੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਲਿਖਿਆ ਕਿ ਦਰਬਾਰ ਸਾਹਿਬ ਨੇ ਮੈਨੂੰ ਕ੍ਰਿਪਾ ਤੇ ਨਿਮਰਤਾ ਨਾਲ ਭਰ ਦਿੱਤਾ ਹੈ। ਅੱਜ ਆਪਣੇ ਪਰਿਵਾਰ ਤੇ ਕੈਬਨਿਟ ਦੇ ਕੁਝ ਮੰਤਰੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਸਨ।
ਟਰੂਡੋ ਨੇ ਸ੍ਰੀ ਦਰਬਾਰ ਸਾਹਿਬ ‘ਚ ਕੀਤੀ ਲੰਗਰ ਦੀ ਸੇਵਾ : ਇਸ ਦੌਰਾਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਮ ਸੰਗਤਾਂ ਵਾਂਗ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਲੰਗਰ ਦੀ ਸੇਵਾ ਕੀਤੀ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ, ਨਵਦੀਪ ਬੈਂਸ ਅਤੇ ਕ੍ਰਿਸਟੀ ਡੰਕਨ ਨੇ ਵੀ ਲੰਗਰ ‘ਚ ਸੇਵਾ ਕੀਤੀ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਟੂਰਿਜ਼ਮ, ਸੱਭਿਆਚਾਰਕ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕੁੱਝ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਟਰੂਡੋ ਦੇ ਸਵਾਗਤ ਲਈ ਪੂਰੇ ਅੰਮ੍ਰਿਤਸਰ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਟਰੂਡੋ ਦੇ ਸਵਾਗਤ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੈੱਡ ਕਾਰਪੇਟ ਵਿਛਾਏ ਗਏ ਸਨ। 2000 ਪੁਲਿਸ ਮੁਲਾਜ਼ਮ ਅਤੇ ਵਿਸ਼ੇਸ਼ ਕਮਾਂਡੋ ਦਸਤਾ ਤਾਇਨਾਤ ਕੀਤਾ ਗਿਆ। ਕੈਨੇਡਾ ਦੀ ਟੀਮ ਵੀ ਦੋ ਵਾਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਜਸਟਿਨ ਟਰੂਡੋ ਕੈਨੇਡਾ ਦੇ ਤੀਸਰੇ ਪ੍ਰਧਾਨ ਮੰਤਰੀ ਹਨ ਜੋ ਸ੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋ ਰਹੇ ਹਨ। ਉਨ੍ਹਾਂ ਤੋਂ ਪਹਿਲਾਂ 2003 ‘ਚ ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰਿਟੀਨ ਅਤੇ 2013 ‘ਚ ਸਟੀਫਨ ਹਾਰਪਰ ਵੀ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕ ਚੁੱਕੇ ਹਨ। ਟਰੂਡੋ ਦੇ ਪੰਜਾਬ ਦੌਰੇ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਰਹੀਆਂ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *