Breaking News
Home / Punjab / ਚੋਣਾਂ ਦੌਰਾਨ ਲੀਡਰਾਂ ‘ਤੇ ਅਤਿਵਾਦੀ ਹਮਲਿਆਂ ਦੇ ਸ਼ੰਕੇ ਕੇਂਦਰ ਨੇ ਹਿੰਦੂ ਲੀਡਰਾਂ ਦੀ ਸੁਰੱਖਿਆ ਵਧਾਈ

ਚੋਣਾਂ ਦੌਰਾਨ ਲੀਡਰਾਂ ‘ਤੇ ਅਤਿਵਾਦੀ ਹਮਲਿਆਂ ਦੇ ਸ਼ੰਕੇ ਕੇਂਦਰ ਨੇ ਹਿੰਦੂ ਲੀਡਰਾਂ ਦੀ ਸੁਰੱਖਿਆ ਵਧਾਈ

ਪਟਿਆਲਾ, 20  ਦਸੰਬਰ (ਚ.ਨ.ਸ.):ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਸ ਗੱਲ ਦੇ ਸ਼ੰਕੇ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗੁਆਂਢੀ ਮੁਲਕ ਪਾਕਿਸਤਾਨ ਅਤਿਵਾਦੀ ਸਰਗਰਮੀਆਂ ਵਧਾ ਸਕਦਾ ਹੈ ਅਤੇ ਕਈ ਲੀਡਰਾਂ ਨੂੰ ਆਪਣਾ ਨਿਸ਼ਾਨਾ ਵੀ ਬਣਾ ਸਕਦਾ ਹੈ। ਇਸ ਕਾਰਨ ਕੇਂਦਰ ਸਰਕਾਰ ਨੇ ਕਈ ਲੀਡਰਾਂ ਖਾਸ ਕਰਕੇ ਹਿੰਦੂ ਲੀਡਰਾਂ ਦੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਸੈਂਟਰਲ ਇੰਡਸਟਰੀ ਫੋਰਸ ਨੂੰ ਹੁਕਮ ਦਿੱਤੇ ਹਨ ਕਿ ਪੰਜਾਬ ਦੇ ਆਰ ਐਸ ਐਸ ਸੰਘ ਨਾਲ ਸਬੰਧਤ ਲੀਡਰਾਂ ਨੂੰ ‘ਐਕਸ’ ਕੈਟਾਗਿਰੀ ਦੀ ਸੁਰੱਖਿਆ ਮੁਹੱਈਆ ਕਰਵਾਏ। ਸੈਂਟਰਲ ਇੰਡਸਟਰੀ ਫੋਰਸ ਦੁਆਰਾ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ। ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਹੈ ਕਿ ਲੁਧਿਆਣਾ ਦੇ ਰਾਜੇਸ਼ਵਰ ਦਾਸ, ਅੰਮ੍ਰਿਤਸਰ ਦੇ ਪ੍ਰਮੋਦ, ਜਲੰਧਰ ਦੇ ਰਾਮਗੋਪਾਲ ਅਤੇ ਜਲੰਧਰ ਦੇ ਹੀ ਕੁਲਦੀਪ ਜੀ ਭਗਤ ‘ਤੇ ਅਤਿਵਾਦੀ ਹਮਲੇ ਹੋ ਸਕਦੇ ਹਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਜਲੰਧਰ ਵਿੱਚ ਆਰ ਐਸ ਐਸ ਦੇ ਲੀਡਰ ਜਗਦੀਸ਼ ਗਗਨੇਜਾ ਦਾ ਪਿਛਲੇ ਸਮੇਂ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਪਿਛੇ ਖਾਲਿਸਤਾਨੀ ਤੱਤਾਂ ਦਾ ਹੱਥ ਹੋ ਸਕਦਾ ਹੈ। ਗਗਨੇਜਾ ਪੰਜਾਬ ਵਿੱਚ ਆਰ ਐਸ ਐਸ ਦਾ ਇਕ ਪ੍ਰਮੁੱਖ ਲੀਡਰ ਸੀ। ਗਗਨੇਜਾ ਨੇ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸੇ ਪ੍ਰਕਾਰ ਇਸ ਤੋਂ ਪਹਿਲਾਂ ਖੰਨਾ ਵਿਖੇ ਸ਼ਿਵ ਸੈਨਾ ਦੇ ਇਕ ਲੀਡਰ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਇਸੇ ਕਾਰਨ ਆਰ ਐਸ ਐਸ ਦੇ ਲੀਡਰਾਂ ਨੂੰ ਕਿਹਾ ਵੀ ਗਿਆ ਹੈ ਕਿ ਉਹ ਚੋਣਾਂ ਦੇ ਮੱਦੇਨਜ਼ਰ ਚੌਕਸ ਵੀ ਰਹਿਣ। ਨਾਭਾ ਜੇਲ੍ਹ ਕਾਂਡ ਤੋਂ ਬਾਅਦ ਜਿਸ ਪ੍ਰਕਾਰ ਦੋ ਖਾਲਿਸਤਾਨੀ ਖਾੜਕੂ ਨੱਸਣ ਵਿੱਚ ਕਾਮਯਾਬ ਹੋ ਗਏ ਸਨ ਇਸ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਘਟਨਾਚੱਕਰ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਹੱਥ ਹੋ ਸਕਦਾ ਹੈ। ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਤਾਂ ਇਹ ਕਹਿ ਵੀ ਚੁੱਕੇ ਹਨ ਕਿ ਇਸ ਪਿਛੇ ਵਿਦੇਸ਼ੀ ਹੋਣ ਹੋਣ ਦਾ ਸ਼ੱਕ ਹੈ। ਭਾਵੇਂ ਇਕ ਖਾੜਕੂ ਹਰਮਿੰਦਰ ਸਿੰਘ ਮਿੰਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਕਸ਼ਮੀਰ ਸਿੰਘ ਹਾਲੇ ਵੀ ਫਰਾਰ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਵੀ ਖਾੜਕੂ ਅੰਸਰਾਂ ਨੂੰ ਲਾਮਬੰਦ ਨਾ ਕਰ ਰਿਹਾ ਹੋਵੇ।
ਇਸ ਸਬੰਧ ਵਿੱਚ ਕੇਂਦਰ ਸਰਕਾਰ ਦੁਆਰਾ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਕੱਟੜਪੰਥੀਆਂ ਉਤੇ ਵੀ ਧਿਆਨ ਰੱਖ ਰਹੀ ਹੈ। ਇਸ ਸਬੰਧ ਵਿੱਚ ਕੈਨੇਡਾ ਸਰਕਾਰ ਨਾਲ ਵੀ ਸੰਪਰਕ ਸਾਧਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਸਿੱਖ ਕੱਟੜਪੰਥੀ ਅੰਸਰ ਕੈਨੇਡਾ ਵਿੱਚ ਸਰਗਰਮ ਹਨ। ਸਰਕਾਰ ਨੂੰ ਇਸ ਗੱਲ ਦੇ ਸ਼ੰਕੇ ਹਨ ਕਿ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਤੋਂ ਇਹ ਗਰਮ ਖਿਆਲੀ ਆਪਣੀਆਂ ਸਰਗਰਮੀਆਂ ਚਲਾ ਕੇ ਪੰਜਾਬ ਵਿੱਚ ਵਿਚਰ ਰਹੇ ਖਾੜਕੂ ਅੰਸਰਾਂ ਨੂੰ ਉਤਸ਼ਾਹਿਤ ਕਰ ਸਕਦੇ ਹਨ। ਉਂਝ ਕੈਨੇਡਾ ਸਰਕਾਰ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਧਰਤੀ ਨੂੰ ਹਿੰਸਕ ਕਾਰਵਾਈਆਂ ਲਈ ਨਹੀਂ ਵਰਤਣ ਦੇਵੇਗੀ ਪਰ ਜੇਕਰ ਕੋਈ ਸ਼ਾਂਤਮਈ ਢੰਗ ਨਾਲ ਆਪਣੀਆਂ ਸਰਗਰਮੀਆਂ ਚਲਾਉਂਦਾ ਹੈ, ਉਸ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਕੈਨੇਡਾ ਦਾ ਸੰਵਿਧਾਨ ਕਿਸੇ ਦੇ ਆਵਾਜ਼ ਦੇ ਹੱਕ ਨੂੰ ਨਹੀਂ ਰੋਕ ਸਕਦਾ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *