Home / Delhi / ਗੁ. ਬੰਗਲਾ ਸਾਹਿਬ ਵਿਖੇ ਗੁ. ਗਿਆਨ ਗੋਦੜੀ ਮੁਹਿੰਮ ਤਹਿਤ ਸਮਾਗਮ

ਗੁ. ਬੰਗਲਾ ਸਾਹਿਬ ਵਿਖੇ ਗੁ. ਗਿਆਨ ਗੋਦੜੀ ਮੁਹਿੰਮ ਤਹਿਤ ਸਮਾਗਮ

ਜੀ.ਕੇ. ਨੇ ਹਰ ਪਾਸੋਂ ਮਿਲ ਰਹੇ ਸਮਰਥਨ ਨੂੰ ‘ਆਵਾਜ਼-ਏ-ਖ਼ਲਕ’ ਦੇ ਤੌਰ ‘ਤੇ ਕੀਤਾ ਪਰਿਭਾਸ਼ਿਤ

ਨਵੀਂ ਦਿੱਲੀ, 14 ਮਈ (ਚ.ਨ.ਸ): ਗੁਰਦੁਆਰਾ ਗਿਆਨ ਗੋਦੜੀ ਦੀ ਮੁੜ੍ਹ ਉਸਾਰੀ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਤਹਿਤ ਅੱਜ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਹਜ਼ਾਰਾਂ ਗੁਰਦੁਆਰਿਆਂ ‘ਚ ਜਪੁਜੀ ਸਾਹਿਬ ਦੇ ਪਾਠ ਉਪਰੰਤ ਹਰਿ ਕੀ ਪੌੜੀ ਹਰਿਦੁਆਰ ਵਿਖੇ ਗੁਰਦੁਆਰਾ ਸਾਹਿਬ ਮੁੜ੍ਹ ਬਣਨ ਲਈ ਅਰਦਾਸ ਕੀਤੀ। ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਜਪੁਜੀ ਸਾਹਿਬ ਜੀ ਦੇ ਪਾਠ ਦੀ ਇਤਿਹਾਸਿਕ ਗੁਰਦੁਆਰਿਆਂ ਦੇ ਨਾਲ ਹੀ ਸਿੰਘ ਸਭਾਵਾਂ ਵਿਚ ਵੀ ਸ਼ੁਰੂਆਤ ਹੋਈ।  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਆਰੰਭੀ ਗਈ ਇਸ ਮੁਹਿੰਮ ਤਹਿਤ ਮੁੱਖ ਸਮਾਗਮ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਏ। ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ”ਸਰਬ ਧਰਮ ਸੰਸਦ” ਦੇ ਆਗੂਆਂ ਨੇ ਸ਼ਮੂਲੀਅਤ ਕਰਦੇ ਹੋਏ ਹਰਿਦੁਆਰ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਹੱਕ ‘ਚ ਸਮਰਥਨ ਦੇਣ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਕਾਰਸੇਵਾ ਹੱਥੀ ਕਰਨ ਦੀ ਗੱਲ ਕਹੀ।   ਅਰਦਾਸ ਉਪਰੰਤ ਹੋਏ ਪੰਥਕ ਵਿਚਾਰਾਂ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਭਾਜਪਾ ਦੇ ਕੌਮੀ ਸਕੱਤਰ ਆਰ.ਪੀ.ਸਿੰਘ, ਜੈਨ ਸਮਾਜ ਤੋਂ ਡਾ. ਲੋਕੇਸ਼ ਮੁਨੀ, ਆਲ ਇੰਡੀਆ ਇਮਾਮ ਸਭਾ ਦੇ ਪ੍ਰਧਾਨ ਡਾ. ਉਮਰ ਅਹਿਮਦ ਇਲਿਆਸੀ, ਹਿੰਦੂ ਸਮਾਜ ਤੋਂ ਗੌਸਵਾਮੀ ਸੁਸ਼ੀਲ ਜੀ ਮਹਾਰਾਜ, ਯਹੂਦੀ ਸਮਾਜ ਤੋਂ ਮਾਲੇਂਕਰ, ਬ੍ਰਹਮਕੁਮਾਰੀ ਸਮਾਜ ਤੋਂ ਦੀਦੀ ਆਸ਼ੂ ਜੀ ਅਤੇ ਵਿਵੇਕ ਮੁਨੀ ਨੇ ਆਪਣੇ ਵਿਚਾਰ ਰੱਖੇ। ਜੀ.ਕੇ. ਨੇ ਅੱਜ ਦੇ ਦਿਹਾੜੇ ਨੂੰ ਇਤਿਹਾਸਿਕ ਦੱਸਦੇ ਹੋਏ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਹਰ ਪਾਸੋਂ ਮਿਲ ਰਹੇ ਸਮਰਥਨ ਨੂੰ ”ਆਵਾਜ਼-ਏ-ਖ਼ਲਕ” ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਕਿਹਾ ਕਿ ਕੁਝ ਸਾਡੇ ਲੋਕ ਏਜੰਸੀਆਂ ਦੇ ਨਾਲ ਮਿਲ ਕੇ
ਇਸ ਮੁਹਿੰਮ ਨੂੰ ਖਰਾਬ ਕਰਨ ਦੀ ਸਾਜ਼ਿਸ਼ ਵਿਚ ਲੱਗੇ ਹੋਏ ਹਨ। ਪਰ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਹਰਿ ਕੀ ਪੌੜੀ ‘ਤੇ ਥਾਂ ਮਿਲਣ ਤੋਂ ਪਹਿਲਾਂ ਕਿਸੇ ਹੋਰ ਥਾਂ ‘ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਨਹੀਂ ਕੀਤੀ ਜਾਵੇਗੀ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਥੇ ਦੀ ਸਥਾਨਕ ਸੰਗਤ ਸੰਭਾਲੇਗੀ। ਜੀ.ਕੇ. ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਬਿਨਾਂ ਕ੍ਰਿਪਾਨ ਚੁੱਕੇ ਮੁਹਿੰਮ ਦੇ ਕਾਮਯਾਬ ਨਾ ਹੋਣ ਦੇ ਹਵਾਲੇ ਮਿਲਦੇ ਹਨ ਪਰ ਇਸ ਮੁਹਿੰਮ ਨੇ ਸ਼ਾਂਤਮਈ ਤਰੀਕੇ ਨਾਲ ਜਿਸ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿਚ ਥਾਂ ਬਣਾਈ ਹੈ ਉਸਦੀ ਮਿਸਾਲ ਨਹੀਂ ਮਿਲਦੀ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *