Home / Breaking News / ਕੈਨੇਡਾ ਦੀ ਸਿਆਸਤ ‘ਚ ਨਵੀਂ ਪੁਲਾਂਘ ਪੁੱਟਣ ਜਾ ਰਿਹੈ ‘ਸਟਾਈਲਿਸ਼ ਸਿੰਘ’, ਕਾਇਮ ਕਰੇਗਾ ਸਰਦਾਰੀ!

ਕੈਨੇਡਾ ਦੀ ਸਿਆਸਤ ‘ਚ ਨਵੀਂ ਪੁਲਾਂਘ ਪੁੱਟਣ ਜਾ ਰਿਹੈ ‘ਸਟਾਈਲਿਸ਼ ਸਿੰਘ’, ਕਾਇਮ ਕਰੇਗਾ ਸਰਦਾਰੀ!

ਬਰੈਂਪਟਨ, 11 ਮਈ (ਪੱਤਰ ਪ੍ਰੇਰਕ) :  ਸਿਰ ‘ਤੇ ਦਸਤਾਰ, ਖੁੰਢੀਆਂ ਮੁੱਛਾਂ, ਸ਼ਾਨਦਾਰ ਰੌਅਬ ਅਤੇ ਰਾਜਨੀਤੀ ਦੀ ਤਿੱਖੀ ਸਮਝ। ਇਨ੍ਹਾਂ ਗੁਣਾਂ ਦੇ ਮਾਲਕ ਕੈਨੇਡਾ ਦੇ ਸਭ ਤੋਂ ਸਟਾਈਲਿਸ਼ ਵਿਅਕਤੀ ਹੁਣ ਉਥੋਂ ਦੀ ਸਿਆਸਤ ਵਿਚ ਨਵੀਂ ਪੁਲਾਂਘ ਪੁੱਟਣ ਜਾ ਰਹੇ ਹਨ। ਗੱਲ ਹੋ ਰਹੀ ਹੈ ਓਨਟਾਰੀਓ ਤੋਂ ਵਿਧਾਇਕ ਅਤੇ ਕੈਨੇਡਾ ਦੇ ਸਭ ਤੋਂ ਸਟਾਈਲਿਸ਼ ਅਤੇ ਪ੍ਰਭਾਵਸ਼ਾਲੀ ਵਿਅਕਤੀ ਜਗਮੀਤ ਸਿੰਘ ਦੀ ਜੋ ਅਗਲੇ ਹਫਤੇ ਨਿਊ ਡੈਮੋਕ੍ਰੇਟਿਕ ਪਾਰਟੀ ਐੱਨ. ਡੀ. ਪੀ. ਦੀ ਲੀਡਰਸ਼ਿਪ ਲਈ ਉਮੀਦਵਾਰੀ ਪੇਸ਼ ਕਰਨਗੇ। ਸੂਤਰਾਂ ਮੁਤਾਬਕ ਓਨਟਾਰੀਓ ਦੇ ਬਰੈਂਪਟਨ ਦੇ ਬੰਬੇ ਪੈਲੇਸ ਵਿਚ ਸੋਮਵਾਰ ਰਾਤ ਨੂੰ ਉਹ ਇਸ ਦਾ ਐਲਾਨ ਕਰ ਸਕਦੇ ਹਨ। ਇੱਥੇ ਹੀ 2011 ਵਿਚ ਖੇਤਰੀ ਰਾਜਨੀਤੀ ਵਿਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਨੇ ਸਿਆਸੀ ਪਾਰਟੀ ਰੱਖੀ ਸੀ। ਮੰਨਿਆ ਜਾ ਰਿਹਾ ਹੈ ਕਿ ਚੋਣ ਮੁਹਿੰਮ ਦੀ ਅਗਵਾਈ ਟੋਰਾਂਟੋ ਦੇ ਕੌਂਸਲਰ ਦੇ ਐਗਜ਼ੀਕਿਊਟਿਵ ਅਸਿਸਟੈਂਟ ਮਾਈਕਲ ਹੇਅ ਕਰਨਗੇ। ਐੱਨ. ਡੀ. ਪੀ. ਨੇਤਾ ਟੋਮ ਮਲਕੇਅਰ ਦੀ ਥਾਂ ਲੈਣ ਲਈ ਮੈਦਾਨ ਵਿਚ ਚਾਰ ਹੋਰ ਉਮੀਦਵਾਰ ਹਨ, ਜਿਨ੍ਹਾਂ ਵਿਚ ਬੀ. ਸੀ. ਤੋਂ ਐੱਮ. ਪੀ. ਪੀਟਰ ਜੁਲੀਅਨ, ਓਨਟਾਰੀਓ ਤੋਂ ਐੱਮ. ਪੀ. ਚਾਰਲੀ ਅੰਗੁਸ, ਮੈਨੀਟੋਬਾ ਐੱਮ. ਪੀ. ਨਿਕੀ ਐਸ਼ਟਨ ਅਤੇ ਕਿਊਬਿਕ ਐੱਮ. ਪੀ. ਗੇਅ ਕਾਰਟਨ ਸ਼ਾਮਲ ਹਨ। ਇਨ੍ਹਾਂ ‘ਚੋਂ ਚਾਰਲੀ ਅੰਗੁਸ ਕਾਫੀ ਅੱਗੇ ਚੱਲ ਰਹੀ ਹੈ ਪਰ ਜਗਮੀਤ ਦੇ ਇਸ ਦੌੜ ਵਿਚ ਸ਼ਾਮਲ ਹੋਣ ਨਾਲ ਸਾਰੇ ਸਮੀਕਰਣ ਬਦਲ ਜਾਣਗੇ।
ਟਰੂਡੋ ਨੂੰ ਟੱਕਰ ਦੇਣਗੇ ਜਗਮੀਤ
ਜਗਮੀਤ ਕੈਨੇਡਾ ਦੇ ਇਕਲੌਤੇ ਅਜਿਹੇ ਵਿਅਕਤੀ ਹਨ, ਜੋ ਅਗਲੀਆਂ ਪ੍ਰਧਾਨ ਮੰਤਰੀ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ। ਜੇਕਰ ਉਹ ਐੱਨ. ਡੀ. ਪੀ. ਦੇ ਨੇਤਾ ਬਣਦੇ ਹਨ ਤਾਂ ਉਨ੍ਹਾਂ ਦਾ ਮੁਕਾਬਲਾ ਆਮ ਚੋਣਾਂ ਵਿਚ ਸਿੱਧਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਟਰੂਡੋ ਨਾਲ ਹੋਵੇਗਾ ਅਤੇ ਇਹ ਹੁਣ ਤੱਕ ਦਾ
ਸਭ ਤੋਂ ਦਿਲਚਸਪ ਮੁਕਾਬਲਾ ਹੋਵੇਗਾ। ਦੋਵੇਂ ਨੇਤਾ ਨੌਜਵਾਨ ਹਨ, ਨੌਜਵਾਨ ਦੋਹਾਂ ਨੂੰ ਪਸੰਦ ਕਰਦੇ ਹਨ। ਰਾਜਨੀਤੀ ਵਿਚ ਉਨ੍ਹਾਂ ਦੀ ਆਪਣੀ-ਆਪਣੀ ਸਮਝ ਹੈ, ਜੋ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਕ ਉਹ ਵਿਅਕਤੀ ਹੈ, ਜੋ ਪੰਜਾਬੀਆਂ ਅਤੇ ਸਿੱਖਾਂ ‘ਤੇ ਬੇਹੱਦ ਭਰੋਸਾ ਕਰਦਾ ਹੈ ਅਤੇ ਦੂਜਾ ਖੁਦ ਇਕ ਸਿੱਖ ਹੈ। ਇਹ ਮੰਨਿਆ ਜਾਂਦਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਜਗਮੀਤ ਕੈਨੇਡਾ ਦੇ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ ਅਤੇ ਸਿੱਖਾਂ ਲਈ ਉਹ ਪਲ ਬੇਹੱਦ ਮਾਣ ਭਰਿਆ ਹੋਵੇਗਾ।
ਕੈਨੇਡਾ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿਚ ਸ਼ਾਮਲ ਹੈ ਜਗਮੀਤ ਸਿੰਘ
38 ਸਾਲਾ ਜਗਮੀਤ ਕ੍ਰਿਮੀਨਲ ਡਿਫੈਂਸ ਲਾਇਰ (ਅਪਰਾਧਕ ਮਾਮਲਿਆਂ ਦਾ ਵਕੀਲ) ਹਨ। ਉਹ ਐੱਨ. ਡੀ. ਪੀ. ਦੇ ਡਿਪਟੀ ਲੀਡਰ ਹਨ। ਨੌਜਵਾਨਾਂ ਵਿਚ ਉਨ੍ਹਾਂ ਦੀ ਲੋਕਪ੍ਰਿਅਤਾ ਸੱਤਵੇਂ ਆਸਮਾਨ ‘ਤੇ ਹੈ, ਜਿਸ ਕਰਕੇ ਉਨ੍ਹਾਂ ਨੂੰ ‘ਯੂਥ ਆਈਕਾਨ’ ਵੀ ਕਿਹਾ ਜਾਂਦਾ ਹੈ। ਟੋਰਾਂਟੋ ਦੀ ‘ਲਾਈਫ ਮੈਗਜ਼ੀਨ’ ਨੇ ਉਨ੍ਹਾਂ ਨੂੰ 50 ਸਭ ਤੋਂ ਪ੍ਰਭਾਵਿਤ ਸ਼ਖਸੀਅਤਾਂ ਵਿਚ ਥਾਂ ਦਿੱਤੀ ਸੀ ਅਤੇ ਉਹ ‘ਟੋਰਾਂਟੋ ‘ਚ ਬੈਸਟ ਡਰੈਸਡ’ ਹੋਣ ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਉਹ ਇੰਗਲਿਸ਼, ਪੰਜਾਬੀ ਫਰੈਂਚ ਭਾਸ਼ਾ ਵਿਚ ਮਾਹਰ ਹੈ। ਉਹ ਓਨਟਾਰੀਓ ਤੋਂ ਪਹਿਲੇ ਦਸਤਾਰਧਾਰੀ ਐੱਮ. ਪੀ. ਹਨ। ਉਨ੍ਹਾਂ ਦਾ ਜਨਮ ਸਕਾਰਬਰੋ, ਓਨਟਾਰੀਓ ‘ਚ ਹੋਇਆ। ਤਿੰਨ ਬੱਚਿਆਂ ‘ਚੋਂ ਸਭ ਤੋਂ ਵੱਡੇ ਜਗਮੀਤ ਨੇ ਸਕੂਲੀ ਪੜ੍ਹਾਈ ਸੇਂਟ ਜੌਹਨ, ਵਿੰਡਸਰ ਤੋਂ ਹਾਸਲ ਕੀਤੀ। ਸਕੂਲ ਵਿਚ ਉਨ੍ਹਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਤਾਂ ਤਾਈਕਵਾਂਡੋ ਸਿੱਖ ਲਈ। ਹਾਈ ਸਕੂਲ ਰੈਸਲਿੰਗ ਟੀਮ ਦੇ ਕੈਪਟਨ ਬਣੇ ਤਾਂ 2003 ਤੋਂ 2007 ਤੱਕ ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਿਆ। ਆਪਣੇ ਕਈ ਸੂਟ ਉਹ ਖੁਦ ਡਿਜ਼ਾਈਨ ਕਰਦੇ ਹਨ ਅਤੇ ਆਮ ਪੰਜਾਬੀਆਂ ਵਾਂਗ ਭੰਗੜੇ ਦੇ ਸ਼ੌਕੀਨ ਹਨ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *